ਪ੍ਰਧਾਨ ਮੰਤਰੀ ਦਫਤਰ
ਸੈਮੀਕੋਨ ਇੰਡੀਆ ਕਾਨਫ਼ਰੰਸ 2022 ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ
Posted On:
29 APR 2022 11:41AM by PIB Chandigarh
ਨਮਸਕਾਰ!
ਨਮਸਕਾਰ ਬੈਂਗਲੁਰੂ!
ਨਮਸਕਾਰ ਸੈਮੀ ਕੌਨ ਇੰਡੀਆ!
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰ ਉਦਯੋਗ ਦੇ ਲੀਡਰ; ਨਿਵੇਸ਼ਕ; ਅਕਾਦਮਿਕ, ਡਿਪਲੋਮੈਟਿਕ ਕੋਰ ਦੇ ਮੈਂਬਰ, ਅਤੇ ਮਿੱਤਰੋ,
ਉਦਘਾਟਨੀ ਸੈਮੀ-ਕੌਨ ਇੰਡੀਆ ਕਾਨਫ਼ਰੰਸ ਵਿੱਚ ਤੁਹਾਡਾ ਸਭਨਾਂ ਦਾ ਸੁਆਗਤ ਕਰਦਿਆਂ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਅਜਿਹੀ ਕਾਨਫ਼ਰੰਸ ਭਾਰਤ ਵਿੱਚ ਹੋ ਰਹੀ ਹੈ। ਆਖ਼ਰਕਾਰ, ਸੈਮੀ-ਕੰਡਕਟਰ ਦੁਨੀਆ ਵਿੱਚ ਸਾਡੀ ਕਲਪਨਾ ਤੋਂ ਕਿੱਤੇ ਵੱਧ ਤਰੀਕਿਆਂ ਨਾਲ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਗਲੋਬਲ ਸੈਮੀ-ਕੰਡਕਟਰ ਸਪਲਾਈ ਚੇਨਾਂ ਵਿੱਚ ਭਾਰਤ ਨੂੰ ਇੱਕ ਪ੍ਰਮੁੱਖ ਭਾਈਵਾਲ ਵਜੋਂ ਸਥਾਪਿਤ ਕਰਨਾ ਸਾਡਾ ਸਮੂਹਿਕ ਉਦੇਸ਼ ਹੈ। ਅਸੀਂ ਹਾਈ-ਟੈਕ, ਉੱਚ ਗੁਣਵੱਤਾ ਅਤੇ ਉੱਚ ਭਰੋਸੇਯੋਗਤਾ ਦੇ ਸਿਧਾਂਤ ਦੇ ਅਧਾਰ 'ਤੇ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੁੰਦੇ ਹਾਂ।
ਮਿੱਤਰੋ,
ਮੈਂ ਸੈਮੀ-ਕੰਡਕਟਰ ਟੈਕਨੋਲੋਜੀਆਂ ਲਈ ਭਾਰਤ ਦੇ ਇੱਕ ਆਕਰਸ਼ਕ ਨਿਵੇਸ਼ ਸਥਾਨ ਹੋਣ ਦੇ ਛੇ ਕਾਰਨ ਦੇਖਦਾ ਹਾਂ। ਪਹਿਲਾ, ਅਸੀਂ 1.3 ਅਰਬ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਡਿਜੀਟਲ ਬੁਨਿਆਦੀ ਢਾਂਚਾ ਬਣਾ ਰਹੇ ਹਾਂ। ਤੁਸੀਂ ਸਭਨਾਂ ਨੇ ਭਾਰਤ ਦੇ ਵਿੱਤੀ ਸਮਾਵੇਸ਼, ਬੈਂਕਿੰਗ ਅਤੇ ਡਿਜੀਟਲ ਭੁਗਤਾਨ ਕ੍ਰਾਂਤੀ ਬਾਰੇ ਸੁਣਿਆ ਹੋਵੇਗਾ। ਯੂਪੀਆਈ ਅੱਜ ਦੁਨੀਆ ਦਾ ਸਭ ਤੋਂ ਦਕਸ਼ ਭੁਗਤਾਨ ਬੁਨਿਆਦੀ ਢਾਂਚਾ ਹੈ। ਅਸੀਂ ਸਿਹਤ ਅਤੇ ਕਲਿਆਣ ਤੋਂ ਲੈ ਕੇ ਸਮਾਵੇਸ਼ ਅਤੇ ਸਸ਼ਕਤੀਕਰਣ ਤੱਕ ਪ੍ਰਸ਼ਾਸਨ ਦੇ ਸਾਰੇ ਸੈਕਟਰਾਂ ਵਿੱਚ ਜੀਵਨ ਨੂੰ ਬਦਲਣ ਲਈ ਡਿਜੀਟਲ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਹਾਂ। ਅਸੀਂ ਪ੍ਰਤੀ ਵਿਅਕਤੀ ਡੇਟਾ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹਾਂ। ਅਤੇ ਅਸੀਂ ਲਗਾਤਾਰ ਹੋਰ ਅੱਗੇ ਵੱਧ ਰਹੇ ਹਾਂ। ਦੂਸਰਾ, ਅਸੀਂ ਭਾਰਤ ਲਈ ਅਗਲੀ ਟੈਕਨੋਲੋਜੀ ਕ੍ਰਾਂਤੀ ਦੀ ਅਗਵਾਈ ਕਰਨ ਲਈ ਰਾਹ ਪੱਧਰਾ ਕਰ ਰਹੇ ਹਾਂ। ਅਸੀਂ ਛੇ ਲੱਖ ਪਿੰਡਾਂ ਨੂੰ ਬ੍ਰੌਡਬੈਂਡ ਨਾਲ ਜੋੜਨ ਦੇ ਰਾਹ 'ਤੇ ਹਾਂ। ਅਸੀਂ 5ਜੀ, ਆਈਓਟੀ ਅਤੇ ਕਲੀਨ ਐੱਨਰਜੀ ਟੈਕਨੋਲੋਜੀ ਵਿੱਚ ਸਮਰੱਥਾ ਵਿਕਸਿਤ ਕਰਨ ਵਿੱਚ ਨਿਵੇਸ਼ ਕਰ ਰਹੇ ਹਾਂ। ਅਸੀਂ ਡਾਟਾ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਟੈਕਨੀਕਸ ਵਿੱਚ ਇਨੋਵੇਸ਼ਨ ਦੀ ਅਗਲੀ ਲਹਿਰ ਲਿਆਉਣ ਲਈ ਕੰਮ ਕਰ ਰਹੇ ਹਾਂ। ਤੀਸਰਾ, ਭਾਰਤ ਮਜ਼ਬੂਤ ਆਰਥਿਕ ਵਿਕਾਸ ਵੱਲ ਵਧ ਰਿਹਾ ਹੈ। ਸਾਡੇ ਕੋਲ ਦੁਨੀਆ ਦਾ ਸਭ ਤੋਂ ਤੇਜ਼ ਗਤੀ ਨਾਲ ਵਧ ਰਿਹਾ ਸਟਾਰਟਅੱਪ ਈਕੋ-ਸਿਸਟਮ ਹੈ। ਨਵੇਂ ਯੂਨੀਕੋਰਨ ਹਰ ਕੁਝ ਹਫ਼ਤਿਆਂ ਵਿੱਚ ਆ ਰਹੇ ਹਨ। ਸੈਮੀ-ਕੰਡਕਟਰਾਂ ਦੀ ਭਾਰਤ ਦੀ ਆਪਣੀ ਖਪਤ 2026 ਤੱਕ 80 ਬਿਲੀਅਨ ਡਾਲਰ ਅਤੇ 2030 ਤੱਕ 110 ਬਿਲੀਅਨ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ। ਚੌਥਾ, ਅਸੀਂ ਭਾਰਤ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਨੂੰ ਬਿਹਤਰ ਬਣਾਉਣ ਲਈ ਵਿਆਪਕ ਪੱਧਰ ਦੇ ਸੁਧਾਰ ਕੀਤੇ ਹਨ। ਪਿਛਲੇ ਵਰ੍ਹੇ, ਅਸੀਂ 25,000 ਤੋਂ ਵੱਧ ਅਨੁਪਾਲਣਾਂ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਲਾਇਸੈਂਸਾਂ ਦੇ ਸਵੈ-ਨਵੀਨੀਕਰਨ ‘ਤੇ ਇੱਕ ਵੱਡਾ ਜ਼ੋਰ ਦਿੱਤਾ ਹੈ। ਇਸੇ ਤਰ੍ਹਾਂ, ਡਿਜੀਟਾਈਜ਼ੇਸ਼ਨ ਵੀ ਰੈਗੂਲੇਟਰੀ ਢਾਂਚੇ ਵਿੱਚ ਗਤੀ ਅਤੇ ਪਾਰਦਰਸ਼ਤਾ ਲਿਆ ਰਹੀ ਹੈ। ਅੱਜ, ਸਾਡੇ ਕੋਲ ਦੁਨੀਆ ਦੇ ਸਭ ਤੋਂ ਅਨੁਕੂਲ ਟੈਕਸ ਢਾਂਚਿਆਂ ਵਿੱਚੋਂ ਇੱਕ ਮੌਜੂਦ ਹੈ। ਪੰਜਵਾਂ, ਅਸੀਂ 21ਵੀਂ ਸਦੀ ਦੀਆਂ ਲੋੜਾਂ ਲਈ ਯੁਵਾ ਭਾਰਤੀਆਂ ਨੂੰ ਕੌਸ਼ਲ ਸੰਪੰਨ ਬਣਾਉਣ ਅਤੇ ਟ੍ਰੇਨਿੰਗ ਦੇਣ ਵਿੱਚ ਭਾਰੀ ਨਿਵੇਸ਼ ਕਰ ਰਹੇ ਹਾਂ। ਸਾਡੇ ਕੋਲ ਇੱਕ ਬੇਮਿਸਾਲ ਸੈਮੀ-ਕੰਡਕਟਰ ਡਿਜ਼ਾਈਨ ਪ੍ਰਤਿਭਾ ਪੂਲ ਹੈ ਜੋ ਕਿ ਦੁਨੀਆ ਦੇ ਕੋਈ 20% ਤੱਕ ਦਾ ਸੈਮੀ-ਕੰਡਕਟਰ ਡਿਜ਼ਾਈਨ ਇੰਜੀਨੀਅਰ ਬਣਦਾ ਹੈ। ਲਗਭਗ ਸਾਰੀਆਂ ਚੋਟੀ ਦੀਆਂ 25 ਸੈਮੀ-ਕੰਡਕਟਰ ਡਿਜ਼ਾਈਨ ਕੰਪਨੀਆਂ ਦੇ ਡਿਜ਼ਾਈਨ ਜਾਂ ਖੋਜ ਅਤੇ ਵਿਕਾਸ ਕੇਂਦਰ ਸਾਡੇ ਦੇਸ਼ ਵਿੱਚ ਮੌਜੂਦ ਹਨ। ਅਤੇ ਛੇਵਾਂ, ਅਸੀਂ ਭਾਰਤੀ ਮੈਨੂਫੈਕਚਰਿੰਗ ਸੈਕਟਰ ਨੂੰ ਬਦਲਣ ਲਈ ਕਈ ਉਪਾਅ ਕੀਤੇ ਹਨ। ਉਸ ਸਮੇਂ ਜਦੋਂ ਮਾਨਵਤਾ ਸਦੀ ਵਿੱਚ ਇੱਕ ਵਾਰ ਆਉਣ ਵਾਲੀ ਮਹਾਮਾਰੀ ਨਾਲ ਲੜ ਰਹੀ ਸੀ, ਭਾਰਤ ਨਾ ਸਿਰਫ਼ ਆਪਣੇ ਲੋਕਾਂ ਦੀ ਸਿਹਤ ਵਿੱਚ ਸੁਧਾਰ ਕਰ ਰਿਹਾ ਸੀ, ਬਲਕਿ ਆਪਣੀ ਅਰਥਵਿਵਸਥਾ ਦੀ ਸਿਹਤ ਵਿੱਚ ਵੀ ਸੁਧਾਰ ਕਰ ਰਿਹਾ ਸੀ।
ਮਿੱਤਰੋ,
ਸਾਡੀਆਂ ''ਪ੍ਰੋਡਕਸ਼ਨ ਲਿੰਕਡ ਇਨਸੈਂਟਿਵਜ਼'' ਸਕੀਮਾਂ 14 ਮੁੱਖ ਸੈਕਟਰਾਂ ਵਿੱਚ 26 ਬਿਲੀਅਨ ਡਾਲਰ ਤੋਂ ਵੱਧ ਦੇ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੀਆਂ ਹਨ। ਅਗਲੇ 5 ਵਰ੍ਹਿਆਂ ਵਿੱਚ, ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਸੈਕਟਰ ਵਿੱਚ ਰਿਕਾਰਡ ਵਾਧਾ ਦੇਖੇ ਜਾਣ ਦੀ ਉਮੀਦ ਹੈ। ਅਸੀਂ ਹਾਲ ਹੀ ਵਿੱਚ 10 ਬਿਲੀਅਨ ਡਾਲਰ ਤੋਂ ਵੱਧ ਦੇ ਕੁੱਲ ਖ਼ਰਚੇ ਦੇ ਨਾਲ ਸੈਮੀ-ਕੌਨ ਇੰਡੀਆ ਪ੍ਰੋਗਰਾਮ ਦੀ ਘੋਸ਼ਣਾ ਕੀਤੀ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸੈਮੀ-ਕੰਡਕਟਰਾਂ, ਡਿਸਪਲੇ ਮੈਨੂਫੈਕਚਰਿੰਗ ਅਤੇ ਡਿਜ਼ਾਈਨ ਈਕੋਸਿਸਟਮ ਵਿੱਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਅਸੀਂ ਜਾਣਦੇ ਹਾਂ ਕਿ ਸੈਮੀ-ਕੰਡਕਟਰ ਈਕੋਸਿਸਟਮ ਨੂੰ ਵਧਣ-ਫੁੱਲਣ ਲਈ, ਸਰਕਾਰ ਵੱਲੋਂ ਲੋੜੀਂਦਾ ਸਮਰਥਨ ਯਕੀਨੀ ਬਣਾਉਣਾ ਜ਼ਰੂਰੀ ਹੈ। ਮੈਨੂੰ ਆਪਣੀ ਅਪਰੋਚ ਬਾਰੇ ਸੈਮੀ-ਕੰਡਕਟਰਾਂ ਦੀ ਭਾਸ਼ਾ ਵਿੱਚ ਕਹਿਣ ਦੀ ਇਜਾਜ਼ਤ ਦਿਓ। ਪਹਿਲੇ ਸਮਿਆਂ ਵਿੱਚ, ਉਦਯੋਗ ਆਪਣਾ ਕੰਮ ਕਰਨ ਲਈ ਤਿਆਰ ਸਨ ਪਰ ਸਰਕਾਰ ਇੱਕ “ਕੋਈ ਗੇਟ ਨਹੀਂ” (Not Gate) ਵਰਗੀ ਸੀ। ਜਦੋਂ ਕੋਈ ਵੀ ਇੱਨਪੁਟ “ਨਾਟ ਗੇਟ” ਵਿੱਚ ਵਹਿੰਦਾ ਹੈ, ਤਾਂ ਇਹ ਨਕਾਰਾ ਹੋ ਜਾਂਦਾ ਹੈ। ਬਹੁਤ ਸਾਰੀਆਂ ਬੇਲੋੜੀਆਂ ਅਨੁਪਾਲਣਾ ਅਤੇ ਕੋਈ 'ਕਾਰੋਬਾਰ ਕਰਨ ਦੀ ਅਸਾਨੀ' (ਈਜ਼ ਆਵ੍ ਡੂਇੰਗ ਬਿਜ਼ਨਸ) ਨਹੀਂ। ਪਰ, ਅਸੀਂ ਸਮਝਦੇ ਹਾਂ ਕਿ ਸਰਕਾਰ ਨੂੰ “ਐਂਡ ਗੇਟ” (And Gate) ਵਰਗਾ ਹੋਣਾ ਚਾਹੀਦਾ ਹੈ। ਜਿੱਥੇ ਉਦਯੋਗ ਸਖ਼ਤ ਮਿਹਨਤ ਕਰਦਾ ਹੈ, ਸਰਕਾਰ ਨੂੰ ਹੋਰ ਵੀ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹਾਂਗਾ ਕਿ ਅਸੀਂ ਭਵਿੱਖ ਵਿੱਚ ਵੀ ਉਦਯੋਗ ਨੂੰ ਸਮਰਥਨ ਦੇਣਾ ਜਾਰੀ ਰੱਖਾਂਗੇ। ਅਸੀਂ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਸੈਮੀ-ਕੌਨ ਇੰਡੀਆ ਪ੍ਰੋਗਰਾਮ ਈਕੋ-ਸਿਸਟਮ ਦੇ ਵਿਭਿੰਨ ਹਿੱਸਿਆਂ ਜਿਵੇਂ ਕਿ ਸੈਮੀ-ਕੰਡਕਟਰ ਫੈਬ, ਡਿਸਪਲੇ ਫੈਬ, ਡਿਜ਼ਾਈਨ, ਅਸੈਂਬਲੀ, ਟੈਸਟ, ਮਾਰਕਿੰਗ ਅਤੇ ਸੈਮੀ-ਕੰਡਕਟਰਾਂ ਦੀ ਪੈਕਿੰਗ ਨੂੰ ਸੰਬੋਧਿਤ ਕਰਦਾ ਹੈ।
ਮਿੱਤਰੋ,
ਇੱਕ ਨਵੀਂ ਵਿਸ਼ਵ ਵਿਵਸਥਾ ਬਣ ਰਹੀ ਹੈ ਅਤੇ ਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਅਸੀਂ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਮਾਹੌਲ ਬਣਾਉਣ ਲਈ ਪਿਛਲੇ ਕੁਝ ਵਰ੍ਹਿਆਂ ਵਿੱਚ ਸਖ਼ਤ ਮਿਹਨਤ ਕੀਤੀ ਹੈ। ਭਾਰਤ ਵਿੱਚ ਟੈੱਕ ਅਤੇ ਜੋਖਮ ਲੈਣ ਦੀ ਇੱਛਾ ਹੈ। ਅਸੀਂ ਇੱਕ ਸਹਾਇਕ ਨੀਤੀਗਤ ਵਾਤਾਵਰਣ ਜ਼ਰੀਏ ਜਿੱਥੋਂ ਤੱਕ ਸੰਭਵ ਹੋ ਸਕੇ ਰੁਕਾਵਟਾਂ ਨੂੰ ਆਪਣੇ ਪੱਖ ਵਿੱਚ ਕਰ ਲਿਆ ਹੈ। ਅਸੀਂ ਦਿਖਾ ਦਿੱਤਾ ਹੈ ਕਿ ਭਾਰਤ ਵਪਾਰ ਕਰਨ ਦਾ ਚਾਹਵਾਨ ਹੈ! ਹੁਣ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ।
ਮਿੱਤਰੋ,
ਮੈਂ ਤੁਹਾਡੇ ਸਭਨਾਂ ਤੋਂ ਵਿਹਾਰਕ ਸੁਝਾਵਾਂ ਦੀ ਉਮੀਦ ਕਰਦਾ ਹਾਂ ਕਿ ਅਸੀਂ ਅਜਿਹੇ ਭਾਰਤ ਵੱਲ ਕਿਵੇਂ ਵਧ ਸਕਦੇ ਹਾਂ ਜੋ ਆਉਣ ਵਾਲੇ ਵਰ੍ਹਿਆਂ ਵਿੱਚ ਦੁਨੀਆ ਲਈ ਸੈਮੀ-ਕੰਡਕਟਰਾਂ ਦਾ ਕੇਂਦਰ ਹੋਵੇ। ਇਸ ਕਾਨਫ਼ਰੰਸ ਜ਼ਰੀਏ ਸਾਡਾ ਉਦੇਸ਼ ਡੋਮੇਨ ਮਾਹਿਰਾਂ ਨਾਲ ਜੁੜਨਾ ਹੈ। ਅਸੀਂ ਇਹ ਸਮਝਣ ਲਈ ਹਿਤਧਾਰਕਾਂ ਨਾਲ ਕੰਮ ਕਰਾਂਗੇ ਕਿ ਇੱਕ ਜੀਵੰਤ ਸੈਮੀ-ਕੰਡਕਟਰ ਈਕੋਸਿਸਟਮ ਬਣਾਉਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਕਾਨਫ਼ਰੰਸ ਵਿੱਚ ਭਰਪੂਰ ਵਿਚਾਰ-ਵਟਾਂਦਰਾ ਹੋਵੇਗਾ ਜੋ ਭਾਰਤ ਨੂੰ ਇੱਕ ਨਵੇਂ ਭਵਿੱਖ ਵੱਲ ਲਿਜਾਣ ਵਿੱਚ ਮਦਦ ਕਰੇਗਾ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਬਹੁਤ ਧੰਨਵਾਦ।
******
ਡੀਐੱਸ/ਵੀਜੇ/ਬੀਐੱਮ
(Release ID: 1821326)
Visitor Counter : 134
Read this release in:
Malayalam
,
Odia
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Tamil
,
Telugu
,
Kannada