ਵਿੱਤ ਮੰਤਰਾਲਾ
azadi ka amrit mahotsav

ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਸੇਵਾ ਖੇਤਰ ਦਾ ਯੋਗਦਾਨ 50 ਫੀਸਦੀ



2021-22 ਦੀ ਪਹਿਲੀ ਛਿਮਾਹੀ ਦੇ ਦੌਰਾਨ ਇਸ ਖੇਤਰ ਵਿੱਚ 10.8% ਦਾ ਵਾਧਾ ਦਰਜ ਕੀਤਾ ਗਿਆ



ਸਮੁੱਚੇ ਸੇਵਾ ਖੇਤਰ ਵਿੱਚ 8.2% ਦਾ ਵਾਧਾ ਹੋਣ ਦੀ ਉਮੀਦ



ਵਿੱਤ ਵਰ੍ਹੇ 2021-22 ਦੀ ਪਹਿਲੀ ਛਿਮਾਹੀ ਵਿੱਚ 16.73 ਬਿਲੀਅਨ ਡਾਲਰ ਦਾ ਐੱਫਡੀਆਈ ਪ੍ਰਵਾਹ ਪ੍ਰਾਪਤ ਹੋਇਆ



ਵਿੱਤ ਵਰ੍ਹੇ 2021-22 ਦੀ ਪਹਿਲੀ ਛਿਮਾਹੀ ਵਿੱਚ ਸੇਵਾ ਦੇ ਸ਼ੁੱਧ ਨਿਰਯਾਤ ਵਿੱਚ 22.8 ਫੀਸਦੀ ਵਾਧਾ ਵਿੱਤ ਵਰ੍ਹੇ 2020-21 ਵਿੱਚ ਆਈਟੀ-ਬੀਪੀਐੱਮ ਖੇਤਰ ਦਾ ਰੈਵੇਨਿਊ 2.26 ਫੀਸਦੀ ਦੇ ਵਾਧੇ ਦੇ ਨਾਲ 194 ਬਿਲੀਅਨ ਡਾਲਰ ਤੱਕ ਪਹੁੰਚਿਆ



2021 ਵਿੱਚ ਰਿਕਾਰਡ 44 ਸਟਾਰਟਅੱਪ ਯੂਨੀਕੌਰਨ ਸਥਿਤੀ ਤੱਕ ਪਹੁੰਚੇ



ਕਾਰਗੋ ਸਮਰੱਥਾ 2014 ਵਿੱਚ 1052.23 ਐੱਮਟੀਪੀਏ ਤੋਂ ਵਧ ਕੇ 2021 ਵਿੱਚ 1,246.86 ਐੱਮਟੀਪੀਏ ਤੱਕ ਪਹੁੰਚੀ



ਪੁਲਾੜ ਖੇਤਰ ਵਿੱਚ ਨਿਜੀ ਖੇਤਰ ਦੀ ਹਿੱਸੇਦਾਰੀ ਨੂੰ ਹੁਲਾਰਾ ਦੇਣ ਦੇ ਲਈ ਕਈ ਸੁਧਾਰ ਕੀਤੇ ਗਏ

Posted On: 31 JAN 2022 2:49PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਾਮਣ ਨੇ ਸੋਮਵਾਰ ਨੂੰ ਸੰਸਦ ਵਿੱਚ ਆਰਥਿਕ ਸਮੀਖਿਆ 2021-22 ਪੇਸ਼ ਕਰਦੇ ਹੋਏ ਕਿਹਾ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਸੇਵਾ ਖੇਤਰ ਦਾ ਯੋਗਦਾਨ 50 ਫੀਸਦੀ ਤੋਂ ਜ਼ਿਆਦਾ ਰਿਹਾ। ਸਮੀਖਿਆ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਛਿਮਾਹੀ ਦੇ ਦੌਰਾਨ ਸੇਵਾ ਖੇਤਰ ਵਿੱਚ ਕ੍ਰਮਵਾਰ ਸੁਧਾਰ ਵੀ ਦਰਜ ਕੀਤਾ ਗਿਆ। ਸਮੀਖਿਆ ਵਿੱਚ ਕਿਹਾ ਗਿਆ ਹੈ, ‘2021-22 ਦੀ ਪਹਿਲੀ ਛਿਮਾਹੀ ਦੇ ਦੌਰਾਨ ਸੇਵਾ ਖੇਤਰ ਵਿੱਚ ਕੁੱਲ ਮਿਲਾ ਕੇ 10.8 ਫੀਸਦੀ ਸਾਲ-ਦਰ-ਸਾਲ ਵਾਧਾ ਹੋਇਆ।

ਵਰ੍ਹੇ 2021-22 ਵਿੱਚ ਸਮੁੱਚੀ ਸੇਵਾ ਖੇਤਰ ਦਾ ਜੀਵੀਏ 8.2 ਫੀਸਦੀ ਵਧਣ ਦੀ ਉਮੀਦ ਹੈ। ਹਾਲਾਂਕਿ, ਆਰਥਿਕ ਸਮੀਖਿਆ ਵਿੱਚ ਇਸ ਗੱਲ ’ਤੇ ਖਾਸ ਜ਼ੋਰ ਦਿੰਦੇ ਹੋਏ ਕਿਹਾ ਗਿਆ ਹੈ ਕਿ ਓਮੀਕ੍ਰੋਨ ਵੈਰੀਐਂਟ ਦੇ ਫੈਲਣ ਦੇ ਕਾਰਨ ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਨੇੜਲੇ ਭਵਿੱਖ ਵਿੱਚ ਕੁਝ ਹੱਦ ਤੱਕ ਅਨਿਸ਼ਚਿਤਤਾ ਰਹਿਣ ਦੀ ਸੰਭਾਵਨਾ ਹੈ ਜਿਨ੍ਹਾਂ ਵਿੱਚ ਮਨੁੱਖੀ ਸੰਪਰਕ ਲਾਜ਼ਮੀ ਹੁੰਦਾ ਹੈ।

ਸੇਵਾ ਖੇਤਰ ਵਿੱਚ ਐੱਫਡੀਆਈ ਦਾ ਪ੍ਰਵਾਹ:

ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸੇਵਾ ਖੇਤਰ ਐੱਫਡੀਆਈ ਪ੍ਰਵਾਹ ਦਾ ਸਭ ਤੋਂ ਵੱਡਾ ਪ੍ਰਾਪਤ ਕਰਤਾ ਰਿਹਾ ਹੈ। ਸਾਲ 2021-22 ਦੀ ਪਹਿਲੀ ਛਿਮਾਹੀ ਦੇ ਦੌਰਾਨ ਸੇਵਾ ਖੇਤਰ ਨੂੰ 16.73 ਬਿਲੀਅਨ ਡਾਲਰ ਦਾ ਇਕੁਇਟੀ ਪ੍ਰਵਾਹ ਪ੍ਰਾਪਤ ਹੋਇਆ। ਸਮੀਖਿਆ ਵਿੱਚ ਜ਼ਿਕਰ ਕੀਤਾ ਗਿਆ ਹੈ,‘ਵਿੱਤੀ, ਵਪਾਰ, ਆਊਟਸੋਰਸਿੰਗ, ਖੋਜ ਅਤੇ ਵਿਕਾਸ, ਕੁਰੀਅਰ, ਸਿੱਖਿਆ ਉਪ-ਖੇਤਰ ਦੇ ਨਾਲ ਟੈਕਨੋਲੋਜੀ ਟੈਸਟਿੰਗ ਅਤੇ ਵਿਸ਼ਲੇਸ਼ਣ ਵਿੱਚ ਪ੍ਰਬਲ ਐੱਫਡੀਆਈ ਪ੍ਰਵਾਹ ਦਰਜ ਕੀਤਾ ਗਿਆ।

ਸੇਵਾ ਖੇਤਰ ਵਿੱਚ ਵਪਾਰ

ਆਰਥਿਕ ਸਮੀਖਿਆ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਗਲੋਬਲ ਸੇਵਾ ਨਿਰਯਾਤ ਵਿੱਚ ਭਾਰਤ ਦਾ ਪ੍ਰਮੁੱਖ ਸਥਾਨ ਰਿਹਾ। ਸਾਲ 2020 ਵਿੱਚ ਇਹ ਸਿਖਰ ਦੇ 10 ਸੇਵਾ ਨਿਰਯਾਤਕ ਦੇਸ਼ਾਂ ਵਿੱਚ ਬਣਿਆ ਰਿਹਾ। ਵਿਸ਼ਵ ਵਣਜ ਸੇਵਾਵਾਂ ਦੇ ਨਿਰਯਾਤ ਵਿੱਚ ਇਸਦੀ ਹਿੱਸੇਦਾਰੀ ਸਾਲ 2019 ਵਿੱਚ 3.4 ਫੀਸਦੀ ਤੋਂ ਵਧ ਕੇ 2020 ਵਿੱਚ 4.1 ਫੀਸਦੀ ਹੋ ਗਈ। ਆਰਥਿਕ ਸਮੀਖਿਆ ਵਿੱਚ ਕਿਹਾ ਗਿਆ,‘ਵਪਾਰਕ ਨਿਰਯਾਤ ਦੀ ਤੁਲਨਾ ਵਿੱਚ ਭਾਰਤ ਦੇ ਸੇਵਾਵਾਂ ਦੇ ਨਿਰਯਾਤ ’ਤੇ ਕੋਵਿਡ-19 ਪ੍ਰੇਰਿਤ ਗਲੋਬਲ ਲੌਕਡਾਊਨ ਦਾ ਪ੍ਰਭਾਵ ਘੱਟ ਗੰਭੀਰ ਸੀ।’ਸਮੀਖਿਆ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ  ਟ੍ਰਾਂਸਪੋਰਟ ਸੇਵਾ ਦੇ ਨਿਰਯਾਤ ’ਤੇ ਕੋਵਿਡ-19 ਦੇ ਪ੍ਰਭਾਵ ਦੇ ਬਾਵਜੂਦ ਸੌਫਟਵੇਅਰ ਨਿਰਯਾਤ, ਵਪਾਰ ਅਤੇ ਟ੍ਰਾਂਸਪੋਰਟੇਸ਼ਨ ਸੇਵਾਵਾਂ ਦੀ ਸਹਾਇਤਾ ਦੀ ਬਦੌਲਤ ਸੇਵਾਵਾਂ ਦੇ ਕੁੱਲ ਨਿਰਯਾਤ ਵਿੱਚ ਦਹਾਈ ਦੇ ਅੰਕੜੇ ਵਿੱਚ ਵਾਧਾ ਦਰਜ ਕੀਤਾ ਗਿਆ। ਨਤੀਜੇ ਵਜੋਂ ਵਿੱਤ ਵਰ੍ਹੇ 2021-22 ਦੀ ਪਹਿਲੀ ਛਿਮਾਹੀ ਵਿੱਚ ਸੇਵਾਵਾਂ ਦੇ ਸ਼ੁੱਧ ਨਿਰਯਾਤ ਵਿੱਚ 22.8 ਫੀਸਦੀ ਦਾ ਵਾਧਾ ਹੋਇਆ।

 

ਉਪ-ਖੇਤਰਵਾਰ ਪ੍ਰਦਰਸ਼ਨ

ਆਈਟੀ-ਬੀਪੀਐੱਮ (ਸੂਚਨਾ ਟੈਕਨੋਲੋਜੀ-ਬਿਜ਼ਨਸ ਪ੍ਰਕਿਰਿਆ ਪ੍ਰਬੰਧਨ) ਖੇਤਰ

ਆਰਥਿਕ ਸਮੀਖਿਆ ਵਿੱਚ ਆਈਟੀ-ਬੀਪੀਐੱਮ ਸੇਵਾ ਨੂੰ ਭਾਰਤ ਦੇ ਸੇਵਾ ਖੇਤਰ ਦੇ ਪ੍ਰਮੁੱਖ ਹਿੱਸੇ ਦੇ ਰੂਪ ਵਿੱਚ ਵਰਣਿਤ ਕੀਤਾ ਗਿਆ ਹੈ। ਨੈਸਕਾਮ ਦੇ ਅੰਤਿਮ ਅਨੁਮਾਨਾਂ ਦੇ ਅਨੁਸਾਰ ਵਰ੍ਹੇ 2020-21 ਦੇ ਦੌਰਾਨ ਆਈਟੀ-ਬੀਪੀਐੱਮ ਰੈਵੇਨਿਊ (ਈ-ਕਾਮਰਸ ਨੂੰ ਛੱਡ ਕੇ) ਸਾਲ-ਦਰ-ਸਾਲ 2.26 ਫੀਸਦੀ ਵਧ ਕੇ 1.38 ਲੱਖ ਕਰਮਚਾਰੀਆਂ ਨੂੰ ਜੋੜਦੇ ਹੋਏ 194 ਬਿਲੀਅਨ ਡਾਲਰ ਤੱਕ ਪਹੁੰਚ ਗਿਆ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਆਈਟੀ-ਬੀਪੀਐੱਮ ਖੇਤਰ ਦੇ ਤਹਿਤ ਆਈਟੀ ਸੇਵਾਵਾਂ ਦੀ ਮਜ਼ਬੂਤ ਹਿੱਸੇਦਾਰੀ (>51%) ਹੈ। ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੇ ਦੌਰਾਨ ਹੋਰ ਸੇਵਾਵਾਂ ਪ੍ਰਦਾਤਾ ਰੈਗੂਲੇਸ਼ਨਾਂ, ਦੂਰਸੰਚਾਰ ਖੇਤਰ ਦੇ ਸੁਧਾਰਾਂ ਅਤੇ ਉਪਭੋਗਤਾ ਬਚਾਅ (ਈ-ਕਾਮਰਸ) ਨਿਯਮ 2020 ਸਮੇਤ ਖੇਤਰ ਵਿੱਚ ਨਵੀਨਤਾ ਅਤੇ ਟੈਕਨੋਲੋਜੀ ਨੂੰ ਅਪਣਾਉਣ ਦੇ ਲਈ ਕਈ ਨੀਤੀਗਤ ਪਹਿਲਾਂ ਕੀਤੀਆਂ ਗਈਆਂ। ਸਮੀਖਿਆ ਵਿੱਚ ਸੁਝਾਅ ਦਿੱਤਾ ਗਿਆ ਹੈ, ਇਸ ਨਾਲ ਪ੍ਰਤਿਭਾ ਤੱਕ ਪਹੁੰਚ ਦਾ ਵਿਸਥਾਰ ਹੋਵੇਗਾ, ਰੋਜ਼ਗਾਰ ਸਿਰਜਣਾ ਵਧੇਗੀ ਅਤੇ ਇਸ ਖੇਤਰ ਨੂੰ ਵਿਕਾਸ ਅਤੇ ਨਵੀਨਤਾ ਦੇ ਅਗਲੇ ਪੱਧਰ ਤੱਕ ਪਹੁੰਚਾਏਗਾ।

ਸਟਾਰਟ-ਅੱਪਸ ਅਤੇ ਪੇਟੈਂਟਸ

ਆਰਥਿਕ ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ ਪਿਛਲੇ 6 ਸਾਲਾਂ ਵਿੱਚ ਸਟਾਰਟ-ਅੱਪਸ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟਾਰਟ-ਅੱਪਸ ਸੇਵਾ ਖੇਤਰ ਨਾਲ ਸਬੰਧਿਤ ਹਨ। 10 ਜਨਵਰੀ, 2022 ਤੱਕ ਸਰਕਾਰ ਭਾਰਤ ਵਿੱਚ 61,400 ਤੋਂ ਜ਼ਿਆਦਾ ਸਟਾਰਟ-ਅੱਪਸ ਨੂੰ ਮਾਨਤਾ ਦੇ ਚੁੱਕੀ ਹੈ। ਇਸ ਤੋਂ ਇਲਾਵਾ ਸਮੀਖਿਆ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 2021 ਵਿੱਚ ਰਿਕਾਰਡ 44 ਸਟਾਰਟ-ਅੱਪਸ ਯੂਨੀਕੌਰਨ ਸਥਿਤੀ ਤੱਕ ਪਹੁੰਚੇ। ਆਰਥਿਕ ਸਮੀਖਿਆ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਬੌਧਿਕ ਸੰਪਦਾ ਖਾਸ ਕਰਕੇ ਪੇਟੈਂਟ ਗਿਆਨ ਅਧਾਰਿਤ ਅਰਥਵਿਵਸਥਾ ਦੀ ਕੂੰਜੀ ਹੈ। ‘ਭਾਰਤ ਵਿੱਚ ਦਾਇਰ ਪੇਟੈਂਟ ਦੀ ਸੰਖਿਆ 2010-11 ਵਿੱਚ39,400 ਤੋਂ ਵਧ ਕੇ 2020-21 ਵਿੱਚ 58,502 ਹੋ ਗਈ ਹੈ ਅਤੇ ਇਸ ਮਿਆਦ ਦੇ ਦੌਰਾਨ ਭਾਰਤ ਵਿੱਚ ਦਿੱਤੇ ਗਏ ਪੇਟੈਂਟ 7,509 ਤੋਂ ਵਧ ਕੇ 28,391 ਹੋ ਗਏ ਹਨ।’

ਟੂਰਿਜ਼ਮ ਖੇਤਰ

ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ’ਤੇ ਜੀਡੀਪੀ ਵਾਧਾ, ਵਿਦੇਸ਼ੀ ਮੁਦਰਾ ਆਮਦਨ ਅਤੇ ਰੋਜ਼ਗਾਰ ਵਿੱਚ ਟੂਰਿਜ਼ਮ ਖੇਤਰ ਦਾ ਪ੍ਰਮੁੱਖ ਯੋਗਦਾਨ ਰਹਿੰਦਾ ਹੈ। ਹਾਲਾਂਕਿ ਕੋਵਿਡ-19 ਮਹਾਮਾਰੀ ਦੇ ਕਾਰਨ ਭਾਰਤ ਸਮੇਤ ਸਾਰੀਆਂ ਥਾਵਾਂ ’ਤੇ ਗਲੋਬਲ ਯਾਤਰਾ ਅਤੇ ਟੂਰਿਜ਼ਮ ਨੂੰ ਕਮਜ਼ੋਰ ਕਰਨ ਵਾਲਾ ਪ੍ਰਭਾਵ ਪਿਆ ਹੈ। ਆਰਥਿਕ ਸਮੀਖਿਆ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਅੰਤਰਰਾਸ਼ਟਰੀ ਟੂਰਿਜ਼ਮ ਦੀ ਮੁੜ ਸ਼ੁਰੂਆਤ ਹੋਣਾ ਕਾਫੀ ਹੱਦ ਤੱਕ ਯਾਤਰਾ ਬੰਦਸ਼ਾਂ, ਮੁਸ਼ਕਿਲ ਭਰੀ ਸੁਰੱਖਿਆ ਅਤੇ ਸੁਰੱਖਿਆ ਪ੍ਰੋਟੋਕੋਲ ਅਤੇ ਉਪਭੋਗਤਾਵਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਪ੍ਰਭਾਵੀ ਸੰਚਾਰ ਦੇ ਸੰਦਰਭ ਵਿੱਚ ਦੇਸ਼ਾਂ ਦੇ ਵਿੱਚ ਇੱਕ ਤਾਲਮੇਲ ਪ੍ਰਤੀਕਿਰਿਆ ’ਤੇ ਨਿਰਭਰ ਕਰਦਾ ਰਹੇਗਾ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਬੰਦੇ ਭਾਰਤ ਮਿਸ਼ਨ ਦੇ ਤਹਿਤ ਖਾਸ ਅੰਤਰਰਾਸ਼ਟਰੀ ਉਡਾਨਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ, ਜੋ ਵਰਤਮਾਨ ਵਿੱਚ ਆਪਣੇ 15 ਵੇਂ ਪੜਾਅ ਵਿੱਚ ਹਨ ਅਤੇ 63.55 ਲੱਖ ਯਾਤਰੀਆਂ ਨੂੰ ਲਿਜਾ ਚੁੱਕੀਆਂ ਹਨ।

ਬੰਦਰਗਾਹ, ਸ਼ਿਪਿੰਗ ਅਤੇ ਜਲਮਾਰਗ ਸੇਵਾਵਾਂ

ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਕਿ ਬੰਦਰਗਾਹਾਂ ਦਾ ਵਿਕਾਸ ਅਰਥਵਿਵਸਥਾ ਦੇ ਲਈ ਮਹੱਤਵਪੂਰਨ ਹੈ। ਬੰਦਰਗਾਹ ਆਯਾਤ-ਨਿਰਯਾਤ ਕਾਰਗੋ ਦਾ ਲਗਭਗ 90 ਫੀਸਦੀ ਅਤੇ ਮੁੱਲ ਦੇ ਹਿਸਾਬ ਨਾਲ 70 ਫੀਸਦੀ ਸੰਭਾਲਦੇ ਹਨ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਮਾਰਚ 2021 ਤੱਕ ਸਾਰੀਆਂ ਬੰਦਰਗਾਹਾਂ ਦੀ ਕੁੱਲ ਕਾਰਗੋ ਸਮਰੱਥਾ ਵਧ ਕੇ 1246.86 ਮਿਲੀਅਨ ਟਨ ਸਾਲਾਨਾ (ਐੱਮਟੀਪੀਏ) ਹੋ ਗਈ, ਜਦੋਂਕਿ ਮਾਰਚ 2014 ਵਿੱਚ 1052.23 ਐੱਮਟੀਪੀਏ ਸੀ। ਸਾਲ 2021-21 ਵਿੱਚ ਕੋਵਿਡ-19 ਦੇ ਕਾਰਨ ਪੈਦਾ ਹੋਈਆਂ ਬੰਦਸ਼ਾਂ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਅਪ੍ਰੈਲ-ਨਵੰਬਰ 2021 ਦੇ ਦੌਰਾਨ 10.16 ਫੀਸਦੀ ਦਾ ਵਾਧਾ ਦਰਜ ਕੀਤੇ ਜਾਣ ਦੇ ਨਾਲ ਸਾਲ 2021-22 ਵਿੱਚ ਬੰਦਰਗਾਹ ਆਵਾਜਾਈ ਵਿੱਚ ਵੀ ਵਾਧਾ ਹੋਇਆ ਹੈ। ਦੇਸ਼ ਵਿੱਚ ਬੰਦਰਗਾਹਾਂ ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਟਾਰਗੇਟਿਡ ਸਾਗਰਮਾਲਾ ਪ੍ਰੋਗਰਾਮ ਦਾ ਵੀ ਸਮੀਖਿਆ ਵਿੱਚ ਜ਼ਿਕਰ ਕੀਤਾ ਗਿਆ ਹੈ। ਵਰਤਮਾਨ ਵਿੱਚ 5.53 ਲੱਖ ਕਰੋੜ ਰੁਪਏ ਦੇ ਕੁੱਲ 802 ਪ੍ਰੋਜੈਕਟ ਇਸ ਪ੍ਰੋਗਰਾਮ ਦਾ ਹਿੱਸਾ ਹਨ।

ਪੁਲਾੜ ਖੇਤਰ

ਆਰਥਿਕ ਸਮੀਖਿਆ ਵਿੱਚ ਕਿਹਾ ਗਿਆ ਹੈ ਕਿ 1960 ਦੇ ਦਹਾਕੇ ਵਿੱਚ ਆਪਣੀ ਸਥਾਪਨਾ ਹੋਣ ਤੋਂ ਬਾਅਦ ਤੋਂ ਹੀ ਭਾਰਤੀ ਪੁਲਾੜ ਖੇਤਰ ਦਾ ਕਾਫ਼ੀ ਵਿਕਾਸ ਹੋਇਆ ਹੈ। ਪੁਲਾੜ ਖੇਤਰ ਵਿੱਚ ਸਬੰਧਿਤ ਸਵਦੇਸ਼ੀ ਤਕਨੀਕ ਨਾਲ ਨਿਰਮਿਤ ਪੁਲਾੜ ਟ੍ਰਾਂਸਪੋਰਟੇਸ਼ਨ ਪ੍ਰਣਾਲੀ, ਸਮਾਜ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਪਗ੍ਰਿਹਾਂ ਦੇ ਬੇੜੇ ਸਮੇਤ ਪੁਲਾੜ ਜਾਇਦਾਦਾਂ ਸਮੇਤ ਸਾਰੇ ਡੋਮੇਨ ਵਿੱਚ ਸਮਰੱਥਾਵਾਂ ਦਾ ਵਿਕਾਸ ਕੀਤਾ ਗਿਆ ਹੈ। ਸਮੀਖਿਆ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਪੁਲਾੜ ਅਧਾਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਦੀ ਪਰਿਕਲਪਨਾ ਕਰਦੇ ਹੋਏ ਸਾਲ 2020 ਵਿੱਚ ਪੁਲਾੜ ਖੇਤਰ ਵਿੱਚ ਵਿਭਿੰਨ ਸੁਧਾਰ ਕੀਤੇ। ਇਨ੍ਹਾਂ ਸੁਧਾਰਾਂ ਵਿੱਚ ਨਿਊ ਸਪੇਸ ਇੰਡੀਆ ਲਿਮਿਟਿਡ (ਐੱਨਐੱਸਆਈਐੱਲ) ਨੂੰ ਮਜ਼ਬੂਤ ਬਣਾਉਣਾ ਅਤੇ ਵਰਤਮਾਨ ਸਪਲਾਈ ਅਧਾਰਿਤ ਮਾਡਲ ਨੂੰ ਮੰਗ ਅਧਾਰਿਤ ਮਾਡਲ ਵਿੱਚ ਬਦਲਣਾ, ਪੁਲਾੜ ਵਿਭਾਗ ਦੇ ਤਹਿਤ ਸੁਤੰਤਰ ਨੋਡਲ ਏਜੰਸੀ ਅਰਥਾਤ ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜੇਸ਼ਨ ਸੈਂਟਰ (ਇਨ-ਸਪੇਸ) ਦੀ ਸਿਰਜਣਾ ਅਤੇ ਦੇਸ਼ ਵਿੱਚ ਪੁਲਾੜ ਗਤੀਵਿਧੀਆਂ ਦੇ ਲਈ ਇੱਕ ਪੂਰਵ-ਅਨੁਮਾਨ, ਦੂਰਅੰਦੇਸ਼ੀ, ਸਪਸ਼ਟ ਅਤੇ ਯੋਗ ਰੈਗੁਲੇਟਰੀ ਵਿਵਸਥਾ ਪ੍ਰਦਾਨ ਕਰਨਾ ਸ਼ਾਮਲ ਹੈ।

 

******

 

ਆਰਐੱਮ/ ਬੀਵਾਈ/ਐੱਸਜੇ


(Release ID: 1794027) Visitor Counter : 322