ਪ੍ਰਧਾਨ ਮੰਤਰੀ ਦਫਤਰ

ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ


"ਸੰਗੀਤ ਇੱਕ ਅਜਿਹਾ ਮਾਧਿਅਮ ਹੈ ਜੋ ਸਾਨੂੰ ਸਾਡੇ ਸੰਸਾਰਿਕ ਕਰਤੱਵਾਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਇਹ ਸਾਨੂੰ ਸੰਸਾਰਿਕ ਮੋਹ ਤੋਂ ਪਾਰ ਲੰਘਣ ਵਿੱਚ ਵੀ ਮਦਦ ਕਰਦਾ ਹੈ"

“ਯੋਗ ਦਿਵਸ ਦੇ ਅਨੁਭਵ ਨੇ ਸੰਕੇਤ ਦਿੱਤਾ ਹੈ ਕਿ ਦੁਨੀਆ ਨੂੰ ਭਾਰਤੀ ਵਿਰਾਸਤ ਤੋਂ ਲਾਭ ਹੋਇਆ ਹੈ ਅਤੇ ਭਾਰਤੀ ਸੰਗੀਤ ਵਿੱਚ ਵੀ ਮਾਨਵ ਮਨ ਦੀਆਂ ਗਹਿਰਾਈਆਂ ਨੂੰ ਹਲੂਣਾ ਦੇਣ ਦੀ ਸਮਰੱਥਾ ਹੈ”

“ਦੁਨੀਆ ਦਾ ਹਰੇਕ ਵਿਅਕਤੀ ਭਾਰਤੀ ਸੰਗੀਤ ਬਾਰੇ ਜਾਣਨ, ਸਿੱਖਣ ਅਤੇ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਗੱਲ ਦਾ ਧਿਆਨ ਰੱਖੀਏ"

"ਅੱਜ ਦੇ ਯੁਗ ਵਿੱਚ ਜਦੋਂ ਟੈਕਨੋਲੋਜੀ ਦਾ ਪ੍ਰਭਾਵ ਵਿਆਪਕ ਹੈ, ਸੰਗੀਤ ਦੇ ਖੇਤਰ ਵਿੱਚ ਵੀ ਟੈਕਨੋਲੋਜੀ ਅਤੇ ਆਈਟੀ ਕ੍ਰਾਂਤੀ ਹੋਣੀ ਚਾਹੀਦੀ ਹੈ"

"ਅੱਜ ਅਸੀਂ ਕਾਸ਼ੀ ਵਰਗੇ ਕਲਾ ਅਤੇ ਸੱਭਿਆਚਾਰ ਦੇ ਕੇਂਦਰਾਂ ਨੂੰ ਪੁਨਰ-ਸੁਰਜੀਤ ਕਰ ਰਹੇ ਹਾਂ"

Posted On: 28 JAN 2022 4:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸ਼ਾਸਤਰੀ ਸੰਗੀਤ ਦੇ ਮਹਾਨ ਵਿਦਵਾਨ ਪੰਡਿਤ ਜਸਰਾਜ ਨੂੰ ਉਨ੍ਹਾਂ ਦੀ ਜਯੰਤੀ ਦੇ ਅਵਸਰ 'ਤੇ ਦਿਲੋਂ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਪੰਡਿਤ ਜਸਰਾਜ ਦੁਆਰਾ ਸੰਗੀਤ ਦੀ ਅਮਰ ਊਰਜਾ ਦੇ ਰੂਪ ਦੀ ਗੱਲ ਕੀਤੀ ਅਤੇ ਉਸਤਾਦ ਦੀ ਗੌਰਵਸ਼ਾਲੀ ਵਿਰਾਸਤ ਨੂੰ ਜ਼ਿੰਦਾ ਰੱਖਣ ਲਈ ਦੁਰਗਾ ਜਸਰਾਜ ਅਤੇ ਪੰਡਿਤ ਸ਼ਾਰੰਗ ਦੇਵ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਲਾਂਚ ਮੌਕੇ ਬੋਲ ਰਹੇ ਸਨ। 

 

ਪ੍ਰਧਾਨ ਮੰਤਰੀ ਨੇ ਭਾਰਤੀ ਸੰਗੀਤ ਪਰੰਪਰਾ ਦੇ ਸੰਤਾਂ ਦੁਆਰਾ ਦਿੱਤੇ ਗਏ ਵਿਸ਼ਾਲ ਗਿਆਨ ਬਾਰੇ ਗੱਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਬ੍ਰਹਿਮੰਡੀ ਊਰਜਾ ਨੂੰ ਮਹਿਸੂਸ ਕਰਨ ਦੀ ਸ਼ਕਤੀ ਅਤੇ ਬ੍ਰਹਿਮੰਡ ਦੇ ਪ੍ਰਵਾਹ ਵਿੱਚ ਸੰਗੀਤ ਨੂੰ ਦੇਖਣ ਦੀ ਸਮਰੱਥਾ ਹੀ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ ਨੂੰ ਬਹੁਤ ਅਸਾਧਾਰਣ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸੰਗੀਤ ਇੱਕ ਅਜਿਹਾ ਮਾਧਿਅਮ ਹੈ ਜੋ ਸਾਨੂੰ ਸਾਡੇ ਸੰਸਾਰਿਕ ਕਰਤੱਵਾਂ ਤੋਂ ਜਾਣੂ ਕਰਵਾਉਂਦਾ ਹੈ ਅਤੇ ਇਹ ਸਾਨੂੰ ਸੰਸਾਰਿਕ ਮੋਹ ਤੋਂ ਪਾਰ ਲੰਘਣ ਵਿੱਚ ਵੀ ਮਦਦ ਕਰਦਾ ਹੈ।” 

 

ਪ੍ਰਧਾਨ ਮੰਤਰੀ ਨੇ ਭਾਰਤ ਦੀ ਕਲਾ ਅਤੇ ਸੰਸਕ੍ਰਿਤੀ ਦੀ ਸਮ੍ਰਿੱਧ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਉਨ੍ਹਾਂ ਦੇ ਲਕਸ਼ ਲਈ ਪੰਡਿਤ ਜਸਰਾਜ ਕਲਚਰਲ ਫਾਊਂਡੇਸ਼ਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਫਾਊਂਡੇਸ਼ਨ ਨੂੰ ਟੈਕਨੋਲੋਜੀ ਦੇ ਇਸ ਯੁਗ ਦੇ ਦੋ ਮੁੱਖ ਪਹਿਲੂਆਂ 'ਤੇ ਧਿਆਨ ਦੇਣ ਲਈ ਕਿਹਾ। ਸਰਵ ਪ੍ਰਥਮ, ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਦੇ ਇਸ ਯੁਗ ਵਿੱਚ ਭਾਰਤੀ ਸੰਗੀਤ ਨੂੰ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਯੋਗ ਦਿਵਸ ਦੇ ਅਨੁਭਵ ਨੇ ਸੰਕੇਤ ਦਿੱਤਾ ਹੈ ਕਿ ਦੁਨੀਆ ਨੂੰ ਭਾਰਤੀ ਵਿਰਸੇ ਤੋਂ ਲਾਭ ਹੋਇਆ ਹੈ ਅਤੇ ਭਾਰਤੀ ਸੰਗੀਤ ਵੀ ਮਾਨਵ ਮਨ ਦੀ ਗਹਿਰਾਈ ਨੂੰ ਹਲੂਣਾ ਦੇਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ “ਦੁਨੀਆ ਦਾ ਹਰੇਕ ਵਿਅਕਤੀ ਭਾਰਤੀ ਸੰਗੀਤ ਬਾਰੇ ਜਾਣਨ, ਸਿੱਖਣ ਅਤੇ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੈ। ਇਸ ਗੱਲ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ।”

 

ਦੂਸਰਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਯੁਗ ਵਿੱਚ ਜਦੋਂ ਟੈਕਨੋਲੋਜੀ ਦਾ ਪ੍ਰਭਾਵ ਵਿਆਪਕ ਹੈ, ਸੰਗੀਤ ਦੇ ਖੇਤਰ ਵਿੱਚ ਵੀ ਟੈਕਨੋਲੋਜੀ ਅਤੇ ਆਈਟੀ ਕ੍ਰਾਂਤੀ ਹੋਣੀ ਚਾਹੀਦੀ ਹੈ। ਉਨ੍ਹਾਂ ਭਾਰਤੀ ਸਾਜ਼ਾਂ ਅਤੇ ਪਰੰਪਰਾਵਾਂ 'ਤੇ ਅਧਾਰਿਤ, ਸਿਰਫ਼ ਸੰਗੀਤ ਨੂੰ ਪੂਰੀ ਤਰ੍ਹਾਂ ਸਮਰਪਿਤ ਸਟਾਰਟ-ਅੱਪਸ ਦਾ ਸੱਦਾ ਦਿੱਤਾ।

 

ਉਨ੍ਹਾਂ ਕਾਸ਼ੀ ਜਿਹੇ ਸੱਭਿਆਚਾਰ ਅਤੇ ਕਲਾ ਦੇ ਕੇਂਦਰਾਂ ਨੂੰ ਪੁਨਰ-ਸੁਰਜੀਤ ਕਰਨ ਲਈ ਹਾਲ ਹੀ ਦੇ ਪ੍ਰਯਤਨਾਂ ਬਾਰੇ ਵੀ ਧਿਆਨ ਦਿਵਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਵਾਤਾਵਰਣ ਸੁਰੱਖਿਆ ਅਤੇ ਕੁਦਰਤ ਪ੍ਰਤੀ ਪਿਆਰ ਵਿੱਚ ਆਪਣੇ ਵਿਸ਼ਵਾਸ ਜ਼ਰੀਏ ਦੁਨੀਆ ਨੂੰ ਇੱਕ ਸੁਰੱਖਿਅਤ ਭਵਿੱਖ ਦਾ ਰਾਹ ਦਿਖਾਇਆ ਹੈ। ਅਖੀਰ ਵਿੱਚ ਉਨ੍ਹਾਂ ਕਿਹਾ "ਵਿਰਾਸਤ ਦੇ ਨਾਲ-ਨਾਲ ਵਿਕਾਸ ਦੀ ਇਸ ਭਾਰਤੀ ਯਾਤਰਾ ਵਿੱਚ, 'ਸਬਕਾ ਪ੍ਰਯਾਸ' ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।”

 

 

 

 **********

 

ਡੀਐੱਸ



(Release ID: 1793386) Visitor Counter : 159