ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਦੇਸ਼ ’ਚ ਮੌਜੂਦ ਭਾਰਤੀ ਮਿਸ਼ਨਾਂ ਦੇ ਮੁਖੀਆਂ ਅਤੇ ਵਪਾਰ ਤੇ ਵਣਜ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ


ਆਜ਼ਾਦੀ ਦੇ 75ਵੇਂ ਤਿਉਹਾਰ ਦੇ ਜਸ਼ਨ ਮਨਾਉਣ ਦੇ ਨਾਲ–ਨਾਲ ‘ਆਜ਼ਾਦੀ ਕਾ ਮਹੋਤਸਵ’ ਭਵਿੱਖ ਦੇ ਭਾਰਤ ਲਈ ਇੱਕ ਸਪਸ਼ਟ ਦੂਰ–ਦ੍ਰਿਸ਼ਟੀ ਤੇ ਰੂਪ–ਰੇਖਾ ਉਸਾਰਨ ਦਾ ਇੱਕ ਮੌਕਾ ਹੈ: ਪ੍ਰਧਾਨ ਮੰਤਰੀ

ਭੌਤਿਕ, ਟੈਕਨੋਲੋਜੀਕਲ ਤੇ ਵਿੱਤੀ ਕਨੈਕਟੀਵਿਟੀ ਕਾਰਨ ਸੁੰਗੜਦੇ ਜਾ ਰਹੇ ਵਿਸ਼ਵ ’ਚ ਸਾਡੀਆਂ ਬਰਾਮਦਾਂ ਦੇ ਪਸਾਰ ਲਈ ਪੂਰੀ ਦੁਨੀਆ ’ਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ: ਪ੍ਰਧਾਨ ਮੰਤਰੀ

ਸਾਡੀ ਅਰਥਵਿਵਸਥਾ ਤੇ ਸੰਭਾਵਨਾਵਾਂ, ਸਾਡੇ ਮੈਨੂਫੈਕਚਰਿੰਗ ਤੇ ਸੇਵਾ ਉਦਯੋਗ ਅਧਾਰ ਦੇ ਅਕਾਰ ’ਤੇ ਗ਼ੌਰ ਕਰਦਿਆਂ ਬਰਾਮਦਾਂ ਦੇ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ: ਪ੍ਰਧਾਨ ਮੰਤਰੀ

ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨਾ ਸਿਰਫ਼ ਸਾਡੀ ਮੈਨੂਫੈਕਚਰਿੰਗ ਦਾ ਪੱਧਰ ਵਧਾਉਣ ’ਚ ਮਦਦ ਕਰੇਗੀ, ਬਲਕਿ ਵਿਸ਼ਵ ਮਿਆਰ ਤੇ ਕਾਰਜਕੁਸ਼ਲਤਾ ਦਾ ਪੱਧਰ ਵੀ ਵਧਾਏਗੀ: ਪ੍ਰਧਾਨ ਮੰਤਰੀ

ਪਿਛਲੀਆਂ ਤਰੀਕਾਂ ਤੋਂ ਲਗਣ ਵਾਲੇ ਟੈਕਸਾਂ ਤੋਂ ਛੁਟਕਾਰੇ ਦਾ ਫ਼ੈਸਲਾ ਲੈ ਕੇ ਭਾਰਤ ਨੇ ਆਪਣੀ ਪ੍ਰਤੀਬੱਧਤਾ ਦਿਖਾਈ ਹੈ, ਨੀਤੀਆਂ ’ਚ ਨਿਰੰਤਰਤਾ ਦਿਖਾਈ ਹੈ ਤੇ ਸਾਰੇ ਨਿਵੇਸ਼ਕਾਂ ਨੂੰ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਭਾਰਤ ਨਾ ਸਿਰਫ਼ ਨਵੀਆਂ ਸੰਭਾਵਨਾਵਾਂ ਦੇ ਦਰ ਖੋਲ੍ਹ ਰਿਹਾ ਹੈ, ਬਲਕਿ ਭਾਰਤ ਦੀ ਨਿਰਣਾਇਕ ਸਰਕਾਰ’ਚ ਆਪਣੇ ਵਾਅਦੇ ਪੂਰੇ ਕਰਨ ਦੀ ਇੱਛਾ ਸ਼ਕਤੀ ਵੀ ਹੈ: ਪ੍ਰਧਾਨ ਮੰਤਰੀ

ਕੇਂਦਰ ਸਰਕਾਰ ਰਾਜਾਂ ਨਾਲ ਮਿਲ ਕੇ ਰੈਗੂਲੇਟਰੀ ਬੋਝ ਘਟਾਉਣ ਲਈ ਕੰਮ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 06 AUG 2021 8:48PM by PIB Chandigarh

ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੇ ਮੁਖੀਆਂ ਅਤੇ ਵਪਾਰ ਅਤੇ ਵਣਜ ਖੇਤਰ ਦੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਕੇਂਦਰੀ ਵਣਜ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਮੌਜੂਦ ਸਨ। ਗੱਲਬਾਤ ਵਿੱਚ ਵੀਹ ਤੋਂ ਵੱਧ ਵਿਭਾਗਾਂ ਦੇ ਸਕੱਤਰਾਂ, ਰਾਜ ਸਰਕਾਰ ਦੇ ਅਧਿਕਾਰੀਆਂ, ਬਰਾਮਦ ਪ੍ਰੋਤਸਾਹਨ ਪਰਿਸ਼ਦਾਂ (ਐਕਸਪੋਰਟ ਪ੍ਰੋਮੋਸ਼ਨ ਕੌਂਸਲਸ) ਦੇ ਮੈਂਬਰਾਂ ਅਤੇ ਚੈਂਬਰਸ ਆਵ੍ ਕਮਰਸ ਦੀ ਸ਼ਮੂਲੀਅਤ ਵੀ ਦੇਖੀ ਗਈ।

 

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਾਂ ‘ਆਜਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹੈ। ਆਜ਼ਾਦੀ ਦੇ 75ਵੇਂ ਤਿਉਹਾਰ ਨੂੰ ਮਨਾਉਣ ਦੇ ਨਾਲ, ਇਹ ਭਵਿੱਖ ਦੇ ਭਾਰਤ ਲਈ ਇੱਕ ਸਪਸ਼ਟ ਦ੍ਰਿਸ਼ਟੀ ਅਤੇ ਰੂਪ–ਰੇਖਾ ਉਲੀਕਣ ਦਾ ਮੌਕਾ ਹੈ। ਇਸ ਵਿੱਚ ਸਾਡੇ ਬਰਾਮਦ ਦੇ ਉਦੇਸ਼ਾਂ ਅਤੇ ਸਬੰਧਿਤ ਧਿਰਾਂ ਦੀ ਪ੍ਰਮੁੱਖ ਭੂਮਿਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਭੌਤਿਕ, ਤਕਨੀਕੀ ਅਤੇ ਵਿੱਤੀ ਸੰਪਰਕ ਦੇ ਕਾਰਨ ਵਿਸ਼ਵ ਹਰ ਦਿਨ ਸੁੰਗੜ ਰਿਹਾ ਹੈ। ਅਜਿਹੇ ਮਾਹੌਲ ਵਿੱਚ, ਸਾਡੀਆਂ ਬਰਾਮਦਾਂ ਦੇ ਵਿਸਤਾਰ ਲਈ ਵਿਸ਼ਵ ਭਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਸ ਪਹਿਲਕਦਮੀ ਲਈ ਸਬੰਧਿਤ ਧਿਰਾਂ ਦੀ ਸ਼ਲਾਘਾ ਕੀਤੀ ਅਤੇ ਬਰਾਮਦ ਦੇ ਸਬੰਧ ਵਿੱਚ ਸਾਡੇ ਉਤਸ਼ਾਹੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਸਾਰਿਆਂ ਵੱਲੋਂ ਦਿਖਾਏ ਗਏ ਉਤਸ਼ਾਹ, ਆਸ਼ਾਵਾਦ ਅਤੇ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਯਾਦ ਦਿਵਾਇਆ ਕਿ ਇੱਕ ਪ੍ਰਮੁੱਖ ਕਾਰਨ, ਭਾਰਤ ਦੀ ਅਤੀਤ ਵਿੱਚ ਵਿਸ਼ਵ ਅਰਥ ਵਿਵਸਥਾ ਵਿੱਚ ਸਭ ਤੋਂ ਵੱਧ ਹਿੱਸੇਦਾਰੀ ਸੀ, ਉਹ ਸੀ ਮਜ਼ਬੂਤ ਵਪਾਰ ਅਤੇ ਬਰਾਮਦ। ਉਨ੍ਹਾਂ ਨੇ ਵਿਸ਼ਵ ਅਰਥਵਿਵਸਥਾ ਵਿੱਚ ਸਾਡੇ ਪੁਰਾਣੇ ਹਿੱਸੇ ਨੂੰ ਮੁੜ ਹਾਸਲ ਕਰਨ ਵਿੱਚ ਸਾਡੀਆਂ ਬਰਾਮਦਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਸਬੰਧਿਤ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਤੋਂ ਬਾਅਦ ਪੂਰੀ ਦੁਨੀਆ ਵਿੱਚ ਗਲੋਬਲ ਸਪਲਾਈ ਚੇਨ ਵਿੱਚ ਤਬਦੀਲੀਆਂ ਨਾਲ ਪੈਦਾ ਹੋਏ ਨਵੇਂ ਮੌਕਿਆਂ ਦਾ ਲਾਭ ਲੈਣ ਲਈ ਪੂਰੀ ਕੋਸ਼ਿਸ਼ ਕਰਨ। ਸਾਡੀ ਅਰਥਵਿਵਸਥਾ ਦੇ ਅਕਾਰ ਅਤੇ ਸਮਰੱਥਾ, ਸਾਡੇ ਨਿਰਮਾਣ ਅਤੇ ਸੇਵਾ ਉਦਯੋਗ ਦੇ ਅਧਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਬਰਾਮਦਾਂ ’ਚ ਵਾਧੇ ਦੀ ਬਹੁਤ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ‘ਆਤਮਨਿਰਭਰ ਭਾਰਤ’ ਦੇ ਮਿਸ਼ਨ ਵੱਲ ਵਧ ਰਿਹਾ ਹੈ, ਇਸ ਦਾ ਇੱਕ ਟੀਚਾ ਬਰਾਮਦ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਕਈ ਗੁਣਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਇਹ ਯਕੀਨੀ ਬਣਾਉਣਾ ਪਏਗਾ ਕਿ ਸਾਨੂੰ ਗਲੋਬਲ ਸਪਲਾਈ ਚੇਨ ਤੱਕ ਪਹੁੰਚ ਮਿਲੇ, ਤਾਂ ਜੋ ਸਾਡਾ ਕਾਰੋਬਾਰ ਵਧ ਤੇ ਪ੍ਰਫ਼ੁੱਲਤ ਹੋ ਸਕੇ। ਉਨ੍ਹਾਂ ਕਿਹਾ ਕਿ ਸਾਡੇ ਉਦਯੋਗ ਨੂੰ ਵੀ ਉੱਤਮ ਟੈਕਨੋਲੋਜੀ ਵੱਲ ਵਧਣਾ ਪਏਗਾ, ਨਵੀਨਤਾ ‘ਤੇ ਧਿਆਨ ਕੇਂਦ੍ਰਿਤ ਕਰਨਾ ਪਏਗਾ ਅਤੇ ਖੋਜ ਅਤੇ ਵਿਕਾਸ ਵਿੱਚ ਹਿੱਸਾ ਵਧਾਉਣਾ ਪਏਗਾ। ਉਨ੍ਹਾਂ ਕਿਹਾ ਕਿ ਗਲੋਬਲ ਵੈਲਿਊ ਚੇਨ ਵਿੱਚ ਸਾਡੀ ਹਿੱਸੇਦਾਰੀ ਇਸ ਮਾਰਗ ‘ਤੇ ਚਲ ਕੇ ਹੀ ਵਧੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁਕਾਬਲੇ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਦਿਆਂ ਸਾਨੂੰ ਹਰ ਖੇਤਰ ਵਿੱਚ ਗਲੋਬਲ ਚੈਂਪੀਅਨ ਤਿਆਰ ਕਰਨੇ ਪੈਣਗੇ।

 

ਪ੍ਰਧਾਨ ਮੰਤਰੀ ਨੇ ਉਨ੍ਹਾਂ ਚਾਰ ਕਾਰਕਾਂ ਦੀ ਸੂਚੀ ਦਿੱਤੀ, ਜੋ ਬਰਾਮਦ ਵਧਾਉਣ ਲਈ ਬਹੁਤ ਅਹਿਮ ਹਨ। ਦੇਸ਼ ਵਿੱਚ ਨਿਰਮਾਣ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਇਹ ਗੁਣਾਤਮਕ ਤੌਰ ’ਤੇ ਪ੍ਰਤੀਯੋਗੀ ਹੋਣਾ ਚਾਹੀਦਾ ਹੈ। ਦੂਜੇ, ਕੇਂਦਰ, ਰਾਜਾਂ ਅਤੇ ਪ੍ਰਾਈਵੇਟ ਸਬੰਧਿਤ ਧਿਰਾਂ ਲਈ ਆਵਾਜਾਈ, ਲੌਜਿਸਟਿਕਸ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਤੀਜੇ, ਸਰਕਾਰ ਨੂੰ ਬਰਾਮਦਕਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਣਾ ਚਾਹੀਦਾ ਹੈ ਅਤੇ ਅੰਤ ਵਿੱਚ, ਭਾਰਤੀ ਉਤਪਾਦਾਂ ਦੇ ਅੰਤਰਰਾਸ਼ਟਰੀ ਬਜ਼ਾਰ ਨੂੰ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਚਾਰ ਕਾਰਕ ਆਪਸ ਵਿੱਚ ਜੁੜੇ ਹੋਣਗੇ, ਭਾਰਤ ਬਿਹਤਰ ਤਰੀਕੇ ਨਾਲ ਵਿਸ਼ਵ ਲਈ ‘ਮੇਕ ਇਨ ਇੰਡੀਆ’ ਦਾ ਟੀਚਾ ਹਾਸਲ ਕਰਨ ਦੇ ਯੋਗ ਹੋ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਸਰਕਾਰ ਦੇਸ਼ ਵਿੱਚ, ਰਾਜਾਂ ਵਿੱਚ, ਕਾਰੋਬਾਰੀ ਜਗਤ ਦੀਆਂ ਲੋੜਾਂ ਨੂੰ ਸਮਝਦੇ ਹੋਏ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਐੱਮਐੱਸਐੱਮਈਜ਼ (MSMEs) ਨੂੰ ਹੁਲਾਰਾ ਦੇਣ ਲਈ ਸਰਕਾਰ ਦੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ; ਜਿਵੇਂ ‘ਆਤਮਨਿਰਭਰ ਭਾਰਤ’ ਅਭਿਯਾਨ ਅਧੀਨ ਪਾਲਣਾ ਵਿੱਚ ਦਿੱਤੀਆਂ ਗਈਆਂ ਬਹੁਤ ਸਾਰੀਆਂ ਛੂਟਾਂ ਅਤੇ 3 ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ ਦੀ ਵਿਵਸਥਾ। ਉਨ੍ਹਾਂ ਇਹ ਵੀ ਨੋਟ ਕੀਤਾ ਕਿ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਨਾ ਸਿਰਫ ਸਾਡੇ ਨਿਰਮਾਣ ਦੇ ਪੱਧਰ ਨੂੰ ਵਧਾਉਣ ਵਿੱਚ ਸਹਾਇਤਾ ਕਰੇਗੀ ਸਗੋਂ ਵਿਸ਼ਵ ਪੱਧਰੀ ਗੁਣਵੱਤਾ ਅਤੇ ਕੁਸ਼ਲਤਾ ਦੇ ਪੱਧਰ ਨੂੰ ਵੀ ਵਧਾਏਗੀ। ਇੰਝ ਆਤਮਨਿਰਭਰ ਭਾਰਤ ਦਾ ਇੱਕ ਨਵਾਂ ਮਾਹੌਲ ਵਿਕਸਿਤ ਹੋਵੇਗਾ। ਦੇਸ਼ ਨਿਰਮਾਣ ਅਤੇ ਬਰਾਮਦ ਵਿੱਚ ਨਵੇਂ ਗਲੋਬਲ ਚੈਂਪੀਅਨਸ ਹਾਸਲ ਕਰੇਗਾ। ਉਨ੍ਹਾਂ ਵਿਸਤਾਰਪੂਰਬਕ ਦੱਸਿਆ ਕਿ ਕਿਵੇਂ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ ਨੇ ਮੋਬਾਈਲ ਫੋਨ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕੀਤੀ। ਮੋਬਾਈਲ ਫੋਨ ਸੈਕਟਰ, ਅਸੀਂ ਇਸ ਦੇ ਪ੍ਰਭਾਵ ਅਨੁਭਵ ਵੀ ਕਰ ਰਹੇ ਹਾਂ। ਸੱਤ ਸਾਲ ਪਹਿਲਾਂ, ਅਸੀਂ ਲਗਭਗ 8 ਅਰਬ ਡਾਲਰ ਦੇ ਮੋਬਾਈਲ ਫੋਨ ਦਰਾਮਦ ਕਰਦੇ ਸਾਂ। ਹੁਣ, ਇਹ ਘਟ ਕੇ 2 ਅਰਬ ਡਾਲਰ 'ਤੇ ਆ ਗਏ ਹਨ। 7 ਸਾਲ ਪਹਿਲਾਂ, ਭਾਰਤ ਸਿਰਫ 0.3 ਅਰਬ ਡਾਲਰ ਦੇ ਮੋਬਾਈਲ ਫੋਨ ਬਰਾਮਦ ਕਰਦਾ ਸੀ। ਹੁਣ ਇਹ ਬਰਾਮਦ ਵਧ ਕੇ 3 ਅਰਬ ਡਾਲਰ ਤੋਂ ਵੱਧ ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੋਵੇਂ ਸਰਕਾਰਾਂ ਦੇਸ਼ ਵਿੱਚ ਲੌਜਿਸਟਿਕਸ (ਮਾਲ ਇੱਧਰ–ਉੱਧਰ ਲਿਆਉਣ–ਲਿਜਾਣ) ਦੇ ਸਮੇਂ ਅਤੇ ਲਾਗਤ ਨੂੰ ਘਟਾਉਣ 'ਤੇ ਵੀ ਧਿਆਨ ਦੇ ਰਹੀ ਹੈ। ਇਸ ਲਈ, ਮਲਟੀਮੋਡਲ ਕਨੈਕਟੀਵਿਟੀ ਬਣਾਉਣ ਲਈ ਹਰ ਪੱਧਰ ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਤੋਂ ਘੱਟ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਪ੍ਰਯਤਨ ਕੀਤੇ ਜਾ ਰਹੇ ਹਨ। ਵਾਇਰਸ ਦੀ ਲਾਗ ਨੂੰ ਕਾਬੂ ਹੇਠ ਰੱਖਣਾ ਸਾਡੀ ਸਭ ਤੋਂ ਵਧੀਆ ਕੋਸ਼ਿਸ਼ ਹੈ। ਟੀਕਾਕਰਣ ਦਾ ਕੰਮ ਅੱਜ ਦੇਸ਼ ਵਿੱਚ ਤੇਜ਼ੀ ਨਾਲ ਚਲ ਰਿਹਾ ਹੈ। ਦੇਸ਼ ਵਾਸੀਆਂ ਅਤੇ ਉਦਯੋਗਾਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਸਾਡੇ ਉਦਯੋਗ ਅਤੇ ਕਾਰੋਬਾਰ ਨੇ ਨਵੀਆਂ ਚੁਣੌਤੀਆਂ ਦੇ ਅਨੁਕੂਲ ਆਪਣੇ ਆਪ ਨੂੰ ਢਾਲਦਿਆਂ ਇਨੋਵੇਸ਼ਨਾਂ ਲਿਆਂਦੀਆਂ ਹਨ। ਉਦਯੋਗ ਨੇ ਦੇਸ਼ ਨੂੰ ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਵਿੱਚ ਸਹਾਇਤਾ ਕੀਤੀ ਅਤੇ ਵਿਕਾਸ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਭੂਮਿਕਾ ਨਿਭਾਈ। ਇਹੋ ਕਾਰਨ ਹੈ ਕਿ ਅੱਜ ਦਵਾਈਆਂ ਅਤੇ ਫਾਰਮਾਸਿਊਟੀਕਲ ਦੇ ਨਾਲ-ਨਾਲ, ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਾਡੀ ਬਰਾਮਦ ਇੱਕ ਨਵੇਂ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਨਾ ਸਿਰਫ ਅਰਥਵਿਵਸਥਾ ਵਿੱਚ ਸੁਧਾਰ ਦੇ ਬਲਕਿ ਉੱਚ ਵਿਕਾਸ ਦਰ ਦੇ ਵੀ ਸਕਾਰਾਤਮਕ ਸੰਕੇਤ ਦੇਖ ਰਹੇ ਹਾਂ। ਇਸ ਲਈ, ਬਰਾਮਦ ਵਾਸਤੇ ਉੱਚੇ ਟੀਚੇ ਨਿਰਧਾਰਿਤ ਕਰਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦਾ ਇਹ ਵਧੀਆ ਸਮਾਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਨੂੰ ਹਾਸਲ ਕਰਨ ਲਈ ਹਰ ਪੱਧਰ 'ਤੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਰਕਾਰ ਨੇ ਸਾਡੇ ਬਰਾਮਦਕਾਰਾਂ ਲਈ ਬੀਮਾ ਕਵਰ ਦੇ ਰੂਪ ਵਿੱਚ ਲਗਭਗ 88000 ਕਰੋੜ ਰੁਪਏ ਦਾ ਵਾਧਾ ਪ੍ਰਾਪਤ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਹੈ। ਇਸੇ ਤਰ੍ਹਾਂ ਸਾਡੇ ਬਰਾਮਦ ਪ੍ਰੋਤਸਾਹਨਾਂ ਨੂੰ ਤਰਕਸੰਗਤ ਬਣਾਉਣ ਨਾਲ ਸਾਡੀਆਂ ਬਰਾਮਦਾਂ ‘ਵਿਸ਼ਵ ਵਪਾਰ ਸੰਗਠਨ’ (WTO) ਦੇ ਅਨੁਕੂਲ ਹੋਣਗੀਆਂ ਅਤੇ ਇਨ੍ਹਾਂ ਨੂੰ ਹੁਲਾਰਾ ਵੀ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਾਰੋਬਾਰ ਕਰਨ ਵਿੱਚ ਸਥਿਰਤਾ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਪਿਛਲੀਆਂ ਤਰੀਕਾਂ ਤੋਂ ਲਗਣ ਵਾਲੇ ਟੈਕਸਾਂ ਤੋਂ ਛੁਟਕਾਰਾ ਪਾਉਣ ਦਾ ਲਿਆ ਗਿਆ ਫੈਸਲਾ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਨੀਤੀਆਂ ਵਿੱਚ ਇਕਸਾਰਤਾ ਦਰਸਾਉਂਦਾ ਹੈ ਅਤੇ ਸਾਰੇ ਨਿਵੇਸ਼ਕਾਂ ਨੂੰ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਭਾਰਤ ਨਾ ਸਿਰਫ ਨਵੀਆਂ ਸੰਭਾਵਨਾਵਾਂ ਦੇ ਦਰ ਖੋਲ੍ਹ ਰਿਹਾ ਹੈ, ਬਲਕਿ ਭਾਰਤ ਦੀ ਨਿਰਣਾਇਕ ਸਰਕਾਰ ਕੋਲ ਆਪਣੇ ਵਾਅਦੇ ਪੂਰੇ ਕਰਨ ਦੀ ਇੱਛਾ–ਸ਼ਕਤੀ ਹੈ।

 

ਪ੍ਰਧਾਨ ਮੰਤਰੀ ਨੇ ਬਰਾਮਦ ਟੀਚੇ ਹਾਸਲ ਕਰਨ ਅਤੇ ਸੁਧਾਰਾਂ ਨੂੰ ਲਾਗੂ ਕਰਨ, ਨਿਵੇਸ਼ ਨੂੰ ਖਿੱਚਣ, ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਆਖਰੀ ਮੀਲ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿੱਚ ਰਾਜਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰੈਗੂਲੇਟਰੀ ਬੋਝ ਨੂੰ ਘੱਟ ਕਰਨ ਲਈ ਰਾਜਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ, ਤਾਂ ਜੋ ਬਰਾਮਦ ਅਤੇ ਨਿਵੇਸ਼ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜਾਂ ਵਿੱਚ ਬਰਾਮਦ ਧੁਰੇ ਬਣਾਉਣ ਲਈ ਰਾਜਾਂ ਵਿਚਾਲੇ ਇੱਕ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਾਜਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਇੱਕ ਉਤਪਾਦ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਰਾਮਦ ਦੇ ਸਬੰਧ ਵਿੱਚ ਸਾਡਾ ਉਤਸ਼ਾਹੀ ਟੀਚਾ ਇੱਕ ਸੰਪੂਰਨ ਅਤੇ ਵਿਸਤ੍ਰਿਤ ਕਾਰਜ ਯੋਜਨਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸਬੰਧਿਤ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਾਡੀ ਮੌਜੂਦਾ ਬਰਾਮਦ ਵਿੱਚ ਤੇਜ਼ੀ ਲਿਆਉਣ ਅਤੇ ਨਵੇਂ ਉਤਪਾਦਾਂ ਲਈ ਬਜ਼ਾਰ, ਨਵੇਂ ਟਿਕਾਣੇ ਬਣਾਉਣ ਲਈ ਵੀ ਕੰਮ ਕਰਨ। ਇਸ ਵੇਲੇ ਸਾਡੀ ਬਰਾਮਦ ਦੇ ਲਗਭਗ ਅੱਧੇ ਹਿੱਸੇ ਸਿਰਫ 4 ਮੁੱਖ ਟਿਕਾਣੇ ਹਨ। ਇਸੇ ਤਰ੍ਹਾਂ, ਸਾਡੀਆਂ ਬਰਾਮਦਾਂ ਦਾ ਲਗਭਗ 60 ਪ੍ਰਤੀਸ਼ਤ ਇੰਜੀਨੀਅਰਿੰਗ ਸਮਾਨ, ਹੀਰੇ ਅਤੇ ਗਹਿਣੇ, ਪੈਟਰੋਲੀਅਮ ਅਤੇ ਰਸਾਇਣਕ ਉਤਪਾਦਾਂ ਅਤੇ ਫਾਰਮਾਸਿਊਟੀਕਲ ਨਾਲ ਸਬੰਧਿਤ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਨਵੇਂ ਟਿਕਾਣਿਆਂ ਦੀ ਖੋਜ ਕਰਨ ਅਤੇ ਸਾਡੇ ਨਵੇਂ ਉਤਪਾਦਾਂ ਨੂੰ ਪੂਰੀ ਦੁਨੀਆ ਵਿੱਚ ਲਿਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਈਨਿੰਗ, ਕੋਲਾ, ਰੱਖਿਆ, ਰੇਲਵੇ ਜਿਹੇ ਖੇਤਰਾਂ ਦੇ ਖੁੱਲ੍ਹਣ ਨਾਲ ਸਾਡੇ ਉਦਮੀਆਂ ਨੂੰ ਬਰਾਮਦ ਵਧਾਉਣ ਦੇ ਨਵੇਂ ਮੌਕੇ ਵੀ ਮਿਲ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਰਾਜਦੂਤਾਂ, ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਸ ਵੀ ਦੇਸ਼ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ, ਉਹ ਉਸ ਦੇਸ਼ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਇੱਥੋਂ ਦੇ ਵਣਜ ਉਦਯੋਗ ਲਈ ਇੱਕ ਪੁਲ ਵਜੋਂ ਕੰਮ ਕਰਨ ਲਈ ਕਿਹਾ। ਉਨ੍ਹਾਂ ਅਪੀਲ ਕੀਤੀ ਕਿ ਵੱਖ-ਵੱਖ ਦੇਸ਼ਾਂ ਵਿੱਚ ਭਾਰਤ ਦੇ ਕਾਰੋਬਾਰੀ ਅਦਾਰੇ ਵੀ ਭਾਰਤ ਦੀ ਨਿਰਮਾਣ ਸ਼ਕਤੀ ਦੇ ਪ੍ਰਤੀਨਿਧੀ ਹੋਣੇ ਚਾਹੀਦੇ ਹਨ। ਉਨ੍ਹਾਂ ਵਣਜ ਮੰਤਰਾਲੇ ਨੂੰ ਬੇਨਤੀ ਕੀਤੀ ਕਿ ਅਜਿਹੀ ਪ੍ਰਣਾਲੀ ਲਾਗੂ ਕੀਤੀ ਜਾਵੇ ਤਾਂ ਜੋ ਸਾਡੇ ਬਰਾਮਦਕਾਰਾਂ ਅਤੇ ਸਾਡੀਆਂ ਮਿਸ਼ਨਾਂ ਵਿਚਾਲੇ ਸੰਪਰਕ ਨਿਰੰਤਰ ਬਣਿਆ ਰਹੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਬਰਾਮਦ ਤੋਂ ਸਾਡੀ ਅਰਥਵਿਵਸਥਾ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ, ਸਾਨੂੰ ਦੇਸ਼ ਦੇ ਅੰਦਰ ਵੀ ਬੇਰੋਕ ਅਤੇ ਉੱਚ ਮਿਆਰੀ ਸਪਲਾਈ ਚੇਨ ਬਣਾਉਣੀ ਹੋਵੇਗੀ। ਇਸ ਲਈ ਸਾਨੂੰ ਇੱਕ ਨਵਾਂ ਰਿਸ਼ਤਾ ਅਤੇ ਇੱਕ ਨਵੀਂ ਭਾਈਵਾਲੀ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਸਾਰੇ ਬਰਾਮਦਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਸਾਡੇ ਐੱਮਐੱਸਐੱਮਈ (MSMEs – ਸੂਖਮ, ਲਘੂ ਤੇ ਦਰਮਿਆਨੇ ਉੱਦਮ), ਕਿਸਾਨਾਂ ਅਤੇ ਸਾਡੇ ਮਛੇਰਿਆਂ ਨਾਲ ਭਾਈਵਾਲੀ ਮਜ਼ਬੂਤ ਕਰਨ, ਸਾਡੇ ਸਟਾਰਟ–ਅੱਪਸ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ।

 

ਪ੍ਰਧਾਨ ਮੰਤਰੀ ਨੇ ਗੁਣਵੱਤਾ ਅਤੇ ਭਰੋਸੇਯੋਗਤਾ ਦੀ ਨਵੀਂ ਪਹਿਚਾਣ ਸਥਾਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਵਿਸ਼ਵ ਦੇ ਹਰ ਕੋਣੇ ਵਿੱਚ ਭਾਰਤ ਦੇ ਉੱਚ ਮੁੱਲ-ਵਾਧਾ ਉਤਪਾਦਾਂ ਦੀ ਕੁਦਰਤੀ ਮੰਗ ਪੈਦਾ ਕੀਤੀ ਜਾਵੇ। ਉਨ੍ਹਾਂ ਨੇ ਉਦਯੋਗ, ਸਾਰੇ ਬਰਾਮਦਕਾਰਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੇਗੀ। ਉਨ੍ਹਾਂ ਉਦਯੋਗ ਨੂੰ ਆਤਮਨਿਰਭਰ ਭਾਰਤ ਅਤੇ ਇੱਕ ਖੁਸ਼ਹਾਲ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਦੀ ਅਪੀਲ ਕੀਤੀ।

 

ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐੱਸ. ਜੈਸ਼ੰਕਰ ਨੇ ਇਸ ਸਮਾਰੋਹ ਦੇ ਵਿਲੱਖਣ ਚਰਿੱਤਰ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਈਵੈਂਟ ਦਾ ਵਿਸ਼ਾ ਸਥਾਨਕ ਹੁੰਦਾ ਹੈ, ਉਹ ਗਲੋਬਲ ਹੋ ਜਾਂਦਾ ਹੈ, ਤਦ ਭਾਰਤੀ ਮਿਸ਼ਨਾਂ ਨੂੰ ਵੀ ਸਾਡੇ ਉਤਪਾਦਕਾਂ ਨੂੰ ਖਾਸ ਦੇਸ਼ਾਂ ਵਿੱਚ ਮੰਗ ਨਾਲ ਜੋੜਨ ਵਿੱਚ ਸਹਾਇਤਾ ਲਈ ਵਿਸ਼ਵ ਪੱਧਰ 'ਤੇ ਸਥਾਨਕ (ਗਲੋਬਲੀ ਲੋਕਲ) ਹੋਣ ਦੀ ਜ਼ਰੂਰਤ ਹੁੰਦੀ ਹੈ। ਕੇਂਦਰੀ ਵਣਜ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਿਸ਼ਵਵਿਆਪੀ ਵਾਤਾਵਰਣ ਅਨੁਕੂਲ ਹੈ ਅਤੇ ਸਾਨੂੰ ਆਪਣੀ ਬਰਾਮਦ ਵਧਾਉਣ ਲਈ ਦੂਜੇ ਦੇਸ਼ਾਂ ਦੇ ਮੁਕਾਬਲੇ ਤੁਲਨਾਤਮਕ ਅਤੇ ਪ੍ਰਤੀਯੋਗੀ ਫਾਇਦਿਆਂ ਦਾ ਲਾਭ ਲੈਣਾ ਚਾਹੀਦਾ ਹੈ।

 

ਭਾਰਤੀ ਮਿਸ਼ਨਾਂ ਦੇ ਮੁਖੀਆਂ ਨੇ ਭਾਰਤ ਦੇ ਬਰਾਮਦ ਨੂੰ ਵਧਾਉਣ ਲਈ ਆਪਣੀ ਜਾਣਕਾਰੀ ਅਤੇ ਸੁਝਾਅ ਦਿੱਤੇ। ਉਨ੍ਹਾਂ ਨੇ ਹਰੇਕ ਸੈਕਟਰ ਅਤੇ ਖੇਤਰ ਦੇ ਵਿਸ਼ੇਸ਼ ਵਪਾਰਕ ਟੀਚਿਆਂ ਨੂੰ ਨਿਰਧਾਰਿਤ ਕਰਨ, ਵੈਲਿਊ ਐਡੀਸ਼ਨ, ਉਤਪਾਦਾਂ ਦੇ ਗੁਣਵੱਤਾ ਦੇ ਮਿਆਰਾਂ, ਸਪਲਾਈ ਚੇਨ ਵਿਵਿਧਤਾ, ਸਪਲਾਈ ਵਿੱਚ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਅਤੇ ਕਨੈਕਟੀਵਿਟੀ ਵਿੱਚ ਸੁਧਾਰ ਉੱਤੇ ਧਿਆਨ ਦੇਣ ਦੀ ਜ਼ਰੂਰਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਬਜ਼ਾਰਾਂ ਅਤੇ ਖੇਤਰ ਵਿਸ਼ੇਸ਼ ਉਤਪਾਦਾਂ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ, ਜਦੋਂ ਕਿ ਉਸੇ ਸਮੇਂ, ਉਨ੍ਹਾਂ ਖੇਤਰਾਂ ਅਤੇ ਉਤਪਾਦਾਂ ਵਿੱਚ ਸਾਡੀ ਮੁਕਾਬਲੇ ਦੀ ਬੜ੍ਹਤ ਨੂੰ ਕਾਇਮ ਰੱਖਣਾ ਹੋਵੇਗਾ, ਜਿੱਥੇ ਅਸੀਂ ਇਸ ਸਮੇਂ ਵਧੀਆ ਕਾਰਗੁਜ਼ਾਰੀ ਦਿਖਾ ਰਹੇ ਹਾਂ।

 

************

 

ਡੀਐੱਸ/ਏਕੇ(Release ID: 1743439) Visitor Counter : 242