ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਟੀਕਾਕਰਣ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਉੱਚ–ਪੱਧਰੀ ਬੈਠਕ ਆਯੋਜਿਤ ਕੀਤੀ


ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਟੀਕਾਕਰਣ ਦੀ ਵਧਦੀ ਰਫ਼ਤਾਰ ’ਤੇ ਤਸੱਲੀ ਪ੍ਰਗਟਾਈ ਤੇ ਜ਼ੋਰ ਦਿੱਤਾ ਕਿ ਇਸੇ ਰਫ਼ਤਾਰ ਨਾਲ ਅੱਗੇ ਵਧਣਾ ਅਹਿਮ ਹੈ



ਯਕੀਨੀ ਬਣਾਓ ਕਿ ਟੈਸਟਿੰਗ ਦੀ ਰਫ਼ਤਾਰ ਘਟੇ ਨਾ ਕਿਉਂਕਿ ਕਿਸੇ ਖੇਤਰ ਵਿੱਚ ਰੋਗ ਦੇ ਸੰਕ੍ਰਮਣ ਦਾ ਪਤਾ ਲਗਾਉਣ ਤੇ ਉਸ ਨੂੰ ਵਧਣ ਤੋਂ ਰੋਕਣ ਲਈ ਇਹੋ ਬੇਹੱਦ ਅਹਿਮ ਹਥਿਆਰ ਹੈ: ਪ੍ਰਧਾਨ ਮੰਤਰੀ



ਕੋਵਿਨ ਮੰਚ ਦੇ ਰੂਪ ਵਿੱਚ ਭਾਰਤ ਦੀ ਅਮੀਰ ਟੈੱਕ ਮੁਹਾਰਤ ਨਾਲ ਸਾਰੇ ਦੇਸ਼ਾਂ ਦੀ ਮਦਦ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ: ਪ੍ਰਧਾਨ ਮੰਤਰੀ



ਪਿਛਲੇ 6 ਦਿਨਾਂ ਦੌਰਾਨ 3.77 ਕਰੋੜ ਡੋਜ਼ ਦਿੱਤੀਆਂ ਗਈਆਂ ਹਨ, ਜੋ ਮਲੇਸ਼ੀਆ, ਸਾਊਦੀ ਅਰਬ ਤੇ ਕੈਨੇਡਾ ਜਿਹੇ ਦੇਸ਼ਾਂ ਦੀ ਸਮੁੱਚੀ ਆਬਾਦੀ ਤੋਂ ਵੀ ਜ਼ਿਆਦਾ ਹਨ

Posted On: 26 JUN 2021 7:32PM by PIB Chandigarh

ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਟੀਕਾਕਰਣ ਦੀ ਪ੍ਰਗਤੀ ਅਤੇ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਉੱਚ ਅਧਿਕਾਰੀਆਂ ਨਾਲ ਬੈਠਕ ਆਯੋਜਿਤ ਕੀਤੀ।

 

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਵਿੱਚ ਟੀਕਾਕਰਣ ਦੀ ਪ੍ਰਗਤੀ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੂੰ ਉਮਰਕ੍ਰਮ ਅਨੁਸਾਰ ਟੀਕਾਕਰਣ ਕਵਰੇਜ ਬਾਰੇ ਦੱਸਿਆ ਗਿਆ। ਪ੍ਰਧਾਨ ਮੰਤਰੀ ਨੂੰ ਵਿਭਿੰਨ ਰਾਜਾਂ ਵਿੱਚ ਹੈਲਥਕੇਅਰ ਵਰਕਰਾਂ, ਫ੍ਰੰਟਲਾਈਨ ਵਰਕਰਾਂ ਤੇ ਆਮ ਲੋਕਾਂ ਚ ਵੈਕਸੀਨ ਕਵਰੇਜ ਬਾਰੇ ਵੀ ਜਾਣਕਾਰੀ ਦਿੱਤੀ ਗਈ।

 

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਉਂਦੇ ਮਹੀਨਿਆਂ ਚ ਹੋਣ ਵਾਲੀ ਵੈਕਸੀਨ ਦੀ ਸਪਲਾਈ ਅਤੇ ਇਸ ਦਾ ਉਤਪਾਦਨ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਿਆ।

 

ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਪਿਛਲੇ 6 ਦਿਨਾਂ ਦੌਰਾਨ 3.77 ਕਰੋੜ ਡੋਜ਼ ਦਿੱਤੀਆਂ ਗਈਆਂ ਹਨ, ਜੋ ਮਲੇਸ਼ੀਆ, ਸਾਊਦੀ ਅਰਬ ਤੇ ਕੈਨੇਡਾ ਜਿਹੇ ਦੇਸ਼ਾਂ ਦੀ ਸਮੁੱਚੀ ਆਬਾਦੀ ਤੋਂ ਵੀ ਜ਼ਿਆਦਾ ਹਨ। ਇਹ ਵਿਚਾਰਵਟਾਂਦਰਾ ਵੀ ਕੀਤਾ ਗਿਆ ਕਿ ਦੇਸ਼ ਦੇ 128 ਜ਼ਿਲ੍ਹਿਆਂ ਵਿੱਚ 45+ ਦੀ 50% ਤੋਂ ਵੱਧ ਆਬਾਦੀ ਦਾ ਟੀਕਾਕਰਣ ਹੋ ਚੁੱਕਾ ਹੈ ਅਤੇ 16 ਜ਼ਿਲ੍ਹਿਆਂ 45+ ਦੀ 90% ਤੋਂ ਵੱਧ ਆਬਾਦੀ ਦਾ ਟੀਕਾਕਰਣ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਇਸ ਹਫ਼ਤੇ ਟੀਕਾਕਰਣਾਂ ਦੀ ਵਧੀ ਰਫ਼ਤਾਰ ਉੱਤੇ ਤਸੱਲੀ ਪ੍ਰਗਟਾਈ ਤੇ ਜ਼ੋਰ ਦਿੱਤਾ ਕਿ ਇਸੇ ਰਫ਼ਤਾਰ ਨਾਲ ਅੱਗੇ ਵਧਣਾ ਅਹਿਮ ਹੈ।

 

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਟੀਕਾਕਰਣ ਲਈ ਲੋਕਾਂ ਤੱਕ ਪੁੱਜਣ ਦੀਆਂ ਨਿਵੇਕਲੀਆਂ ਵਿਧੀਆਂ ਦੀ ਤਲਾਸ਼ ਕਰਕੇ ਉਨ੍ਹਾਂ ਨੂੰ ਲਾਗੂ ਕਰਨ ਵਾਸਤੇ ਰਾਜ ਸਰਕਾਰਾਂ ਦੇ ਸੰਪਰਕ ਵਿੱਚ ਹਨ। ਪ੍ਰਧਾਨ ਮੰਤਰੀ ਨੇ ਅਜਿਹੀਆਂ ਕੋਸ਼ਿਸ਼ਾਂ ਵਿੱਚ ਗ਼ੈਰਸਰਕਾਰੀ ਜੱਥੇਬੰਦੀਆਂ ਤੇ ਹੋਰ ਸੰਗਠਨਾਂ ਨੂੰ ਸ਼ਾਮਲ ਕਰਨ ਦੀ ਲੋੜ ਦੀ ਗੱਲ ਆਖੀ।

 

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਰਾਜਾਂ ਨਾਲ ਕੰਮ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਟੈਸਟਿੰਗ ਦੀ ਰਫ਼ਤਾਰ ਅਤੇ ਗਿਣਤੀ ਘੱਟ ਨਾ ਹੋਵੇ ਕਿਉਂਕਿ ਕਿਸੇ ਵੀ ਖੇਤਰ ਵਿੱਚ ਮਹਾਮਾਰੀ ਦੇ ਸੰਕ੍ਰਮਣ ਦਾ ਪਤਾ ਲਗਾਉਣ ਤੇ ਉਸ ਦੀ ਰੋਕਥਾਮ ਵਾਸਤੇ ਇਹੋ ਬੇਹੱਦ ਅਹਿਮ ਹਥਿਆਰ ਹੈ।

 

ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਕੋਵਿਨ ਮੰਚ ਵਿੱਚ ਦੁਨੀਆ ਦੀ ਵਧਦੀ ਦਿਲਚਸਪੀ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਨਮੰਚ ਦੇ ਰੂਪ ਵਿੱਚ ਭਾਰਤ ਦੀ ਅਮੀਰ ਤਕਨੀਕੀ ਮੁਹਾਰਤ ਨਾਲ ਅਜਿਹੇ ਸਾਰੇ ਦੇਸ਼ਾਂ ਦੀ ਮਦਦ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੇ ਦਿਲਚਸਪੀ ਦਿਖਾਈ ਹੈ।

 

***

 

ਡੀਐੱਸ/ਐੱਸਐੱਚ


(Release ID: 1730594) Visitor Counter : 245