ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ


ਅਧਿਕਾਰੀਆਂ ਨੂੰ ਬਿਹਤਰੀਨ ਪਿਰਤਾਂ ਸਾਂਝੀਆਂ ਕਰਨ ਦੀ ਬੇਨਤੀ, ਤਾਂ ਜੋ ਉਨ੍ਹਾਂ ਦੀ ਵਰਤੋਂ ਦੇਸ਼ ਦੇ ਹੋਰ ਹਿੱਸਿਆਂ ’ਚ ਕੀਤੀ ਜਾ ਸਕੇ

Posted On: 18 MAY 2021 2:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਰਾਜ ਤੇ ਜ਼ਿਲ੍ਹਿਆਂ ਦੇ ਫ਼ੀਲਡ ਅਧਿਕਾਰੀਆਂ ਨਾਲ ਕੋਵਿਡ–19 ਮਹਾਮਾਰੀ ਨਾਲ ਨਿਪਟਣ ਬਾਰੇ ਉਨ੍ਹਾਂ ਦੇ ਅਨੁਭਵਾਂ ਬਾਰੇ ਗੱਲਬਾਤ ਕੀਤੀ। ਕੋਵਿਡ–19 ਨਾਲ ਜੰਗ ਦੀ ਅਗਵਾਈ ਕਰਨ ਵਾਲੇ ਵਿਭਿੰਨ ਜ਼ਿਲ੍ਹਿਆਂ ਦੇ ਫ਼ੀਲਡ ਪੱਧਰ ਦੇ ਅਧਿਕਾਰੀਆਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ।

ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ ਦੀ ਦੂਜੀ ਲਹਿਰ ਵਿਰੁੱਧ ਮੋਹਰੀ ਹੋ ਕੇ ਜੰਗ ਦੀ ਅਗਵਾਈ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਕੇਸਾਂ ਦੇ ਹਾਲੀਆ ਵਾਧੇ ਨਾਲ ਨਿਪਟਣ ਲਈ ਚੁੱਕੇ ਨਵੀਨ ਕਿਸਮ ਦੇ ਕਦਮਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗ੍ਰਾਮੀਣ ਇਲਾਕਿਆਂ ਵਿੱਚ ਮੈਡੀਕਲ ਢਾਂਚੇ ਤੇ ਸਮਰੱਥਾ ਨਿਰਮਾਣ ਵਾਧੇ ਲਈ ਕੀਤੀਆਂ ਕੋਸ਼ਿਸ਼ਾਂ ਬਾਰੇ ਵੀ ਸੂਚਿਤ ਕੀਤਾ। ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਹਤਰੀਨ ਪਿਰਤਾਂ ਤੇ ਅਤੇ ਨਵੀਨ ਕਿਸਮ ਦੇ ਕਦਮਾਂ ਦਾ ਇੱਕ ਸੰਕਲਨ ਤਿਆਰ ਕਰਨ, ਤਾਂ ਜੋ ਉਨ੍ਹਾਂ ਦੀ ਵਰਤੋਂ ਦੇਸ਼ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਕੀਤੀ ਜਾ ਸਕੇ।

ਆਪਣੀ ਗੱਲਬਾਤ ਤੋਂ ਬਾਅਦ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਨ੍ਹਾਂ ਔਖੇ ਸਮਿਆਂ ਦੌਰਾਨ ਦੇਸ਼ ਦੇ ਸਿਹਤ–ਸੰਭਾਲ਼ ਕਰਮਚਾਰੀਆਂ, ਮੋਹਰੀ ਕਰਮਚਾਰੀਆਂ ਤੇ ਪ੍ਰਸ਼ਾਸਕਾਂ ਦੁਆਰਾ ਦਿਖਾਈ ਸਮਰਪਣ ਦੀ ਭਾਵਨਾ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਇਸੇ ਜੋਸ਼ ਨਾਲ ਅੱਗੇ ਵਧਦੇ ਹੋਏ ਆਪਣਾ ਕੰਮ ਜਾਰੀ ਰੱਖਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦਾ ਹਰੇਕ ਜ਼ਿਲ੍ਹਾ ਬਿਲਕੁਲ ਵੱਖਰਾ ਹੁੰਦਾ ਹੈ ਤੇ ਉਸ ਦੀਆਂ ਆਪਣੀਆਂ ਵੱਖਰੀ ਕਿਸਮ ਦੀਆਂ ਚੁਣੌਤੀਆਂ ਹੁੰਦੀਆਂ ਹਨ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ,‘ਤੁਸੀਂ ਆਪਣੇ ਜ਼ਿਲ੍ਹੇ ਦੀਆਂ ਚੁਣੌਤੀਆਂ ਨੂੰ ਵਧੇਰੇ ਬਿਹਤਰ ਤਰੀਕੇ ਸਮਝਦੇ ਹੋ। ਇਸ ਲਈ ਜਦੋਂ ਤੁਹਾਡਾ ਜ਼ਿਲ੍ਹਾ ਜਿੱਤਦਾ ਹੈ, ਤਾਂ ਦੇਸ਼ ਜਿੱਤਦਾ ਹੈ। ਜਦੋਂ ਤੁਹਾਡਾ ਜ਼ਿਲ੍ਹਾ ਕੋਰੋਨਾ ਨੂੰ ਮਾਤ ਪਾਉਂਦਾ ਹੈ, ਤਾਂ ਦੇਸ਼ ਕੋਰੋਨਾ ਨੂੰ ਹਰਾਉਂਦਾ ਹੈ।’ ਉਨ੍ਹਾਂ ਅਜਿਹੇ ਅਧਿਕਾਰੀਆਂ ਦੀ ਤਾਰੀਫ਼ ਕੀਤੀ, ਜਿਹੜੇ ਕੋਵਿਡ–19 ਦੀ ਲਪੇਟ ’ਚ ਆਉਣ ਦੇ ਬਾਵਜੂਦ ਬਿਨਾ ਕੋਈ ਛੁੱਟੀ ਲਏ ਕੰਮ ਕਰਦੇ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤਿਆਂ ਲਈ ਪ੍ਰੇਰਣਾ–ਸਰੋਤ ਹਨ ਤੇ ਉਹ ਉਨ੍ਹਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਸਮਝਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਜੰਗ ਵਿੱਚ ਇੱਕ ਫ਼ੀਲਡ ਕਮਾਂਡਰ ਵਾਂਗ ਸਾਰੇ ਅਧਿਕਾਰੀਆਂ ਦੀ ਦੀ ਕੋਰੋਨਾ ਵਿਰੁੱਧ ਜੰਗ ’ਚ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਕੰਟੇਨਮੈਂਟ ਜ਼ੋਨਸ, ਵੱਡੇ ਪੱਧਰ ’ਤੇ ਟੈਸਟਿੰਗ ਤੇ ਲੋਕਾਂ ਨੂੰ ਸਹੀ ਅਤੇ ਮੁਕੰਮਲ ਜਾਣਕਾਰੀ ਹੀ ਇਸ ਵਾਇਰਸ ਵਿਰੁੱਧ ਹਥਿਆਰ ਹਨ। ਇਸ ਵੇਲੇ ਕੋਰੋਨਾ ਦੇ ਸੰਕ੍ਰਮਣ ਦੀ ਗਿਣਤੀ ਕੁਝ ਰਾਜਾਂ ਵਿੱਚ ਘਟ ਰਹੀ ਹੈ ਪਰ ਨਾਲ ਹੀ ਕੁਝ ਹੋਰ ਰਾਜਾਂ ਵਿੱਚ ਵਧ ਵੀ ਰਹੀ ਹੈ। ਇਸੇ ਲਈ ਉਨ੍ਹਾਂ ਸੰਕ੍ਰਮਣ ਘਟਣ ਦੀ ਹਾਲਤ ਵਿੱਚ ਵੀ ਵਧੇਰੇ ਚੌਕਸ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਜੰਗ ਹਰੇਕ ਵਿਅਕਤੀ ਦਾ ਜੀਵਨ ਬਚਾਉਣ ਲਈ ਅਤੇ ਸਾਰਾ ਧਿਆਨ ਗ੍ਰਾਮੀਣ ਤੇ ਦੂਰ–ਦੁਰਾਡੇ ਦੇ ਇਲਾਕਿਆਂ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਦੀ ਜਨਤਾ ਲਈ ਰਾਹਤ ਸਮੱਗਰੀ ਅਸਾਨੀ ਨਾਲ ਪਹੁੰਚਯੋਗ ਬਣਾਉਣ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਜ਼ਿਲ੍ਹੇ ਦੇ ਹਰੇਕ ਨਾਗਰਿਕ ਦਾ ਜੀਵਨ ਸੁਖਾਲਾ ਬਣਾਉਣ ਵੱਲ ਧਿਆਨ ਦੇਣ। ਉਨ੍ਹਾਂ ਸੰਕ੍ਰਮਣ ਦੇ ਹੋਰ ਫੈਲਣ ਤੋਂ ਰੋਕਣ ਦੀ ਲੋੜ ਉੱਤੇ ਜ਼ੋਰ ਦਿੱਤਾ ਅਤੇ ਇਸ ਦੇ ਨਾਲ ਹੀ ਜ਼ਰੂਰੀ ਸਪਲਾਈਜ਼ ਦਾ ਪ੍ਰਵਾਹ ਬੇਰੋਕ ਜਾਰੀ ਰੱਖਣਾ ਯਕੀਨੀ ਬਣਾਉਣ ਵਾਸਤੇ ਕਿਹਾ। ਉਨ੍ਹਾਂ ਸੂਚਿਤ ਕੀਤਾ ਕਿ ਪੀਐੱਮ ਕੇਅਰਸ ਫ਼ੰਡ ਰਾਹੀਂ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਹਸਪਤਾਲਾਂ ’ਚ ਆਕਸੀਜਨ ਪਲਾਂਟਸ ਸਥਾਪਿਤ ਕਰਨ ਵਾਸਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ ਅਤੇ ਬਹੁਤ ਸਾਰੇ ਹਸਪਤਾਲਾਂ ਵਿੱਚ ਅਜਿਹੇ ਪਲਾਂਟਸ ਨੇ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣ, ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ਘਟਾਉਣ ਲਈ ਟੀਕਾਕਰਣ ਕਿੰਨਾ ਕੁ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਹੁਤ ਵੱਡੇ ਪੱਧਰ ਉੱਤੇ ਕੋਰੋਨਾ ਵੈਕਸੀਨ ਦੀ ਸਪਲਾਈ ਵਿੱਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਮੰਤਰਾਲਾ ਟੀਕਾਕਰਣ ਦੀ ਪ੍ਰਣਾਲੀ ਅਤੇ ਪ੍ਰਕਿਰਿਆ ਨੂੰ ਕਾਰਗਰ ਬਣਾ ਰਿਹਾ ਹੈ। ਰਾਜਾਂ ਵਿੱਚ ਅਗਲੇ 15 ਦਿਨਾਂ ਦਾ ਪ੍ਰੋਗਰਾਮ ਅਗਾਊਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੈਕਸੀਨ ਅਜਾਈਂ ਜਾਣ ਤੋਂ ਰੋਕਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਵਧਦੀ ਹੈ, ਜਦੋਂ ਬਿਸਤਰਿਆਂ ਅਤੇ ਵੈਕਸੀਨਾਂ ਦੀ ਉਪਲਬਧਤਾ ਬਾਰੇ ਜਾਣਕਾਰੀ ’ਚ ਵਾਧਾ ਹੁੰਦਾ ਹੈ ਤੇ ਉਹ ਅਸਾਨੀ ਨਾਲ ਉਪਲਬਧ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਕਾਲਾ–ਬਜ਼ਾਰੀ ਨੂੰ ਨੱਥ ਪੈਣੀ ਚਾਹੀਦੀ ਹੈ ਤੇ ਅਜਿਹਾ ਮਾੜਾ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੋਹਰੀ ਕਰਮਚਾਰੀਆਂ ਦਾ ਮਨੋਬਲ ਉਚੇਰਾ ਰੱਖਣ ਲਈ ਉਨ੍ਹਾਂ ਨੂੰ ਗਤੀਸ਼ੀਲ ਰੱਖਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਉਸ ਤਰੀਕੇ ਦੀ ਸ਼ਲਾਘਾ ਕੀਤੀ, ਜਿਵੇਂ ਪਿੰਡਾਂ ਦੇ ਨਿਵਾਸੀ ਆਪਣੇ ਖੇਤਾਂ ਵਿੱਚ ਇੱਕ–ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਅਜਿਹੀ ਜ਼ਰੂਰੀ ਜਾਣਕਾਰੀ ਸਮਝਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਉਸ ਵਿੱਚ ਆਪਣੀਆਂ ਜ਼ਰੂਰਤਾਂ ਮੁਤਾਬਕ ਸੋਧ ਕਰ ਲੈਣੀ ਚਾਹੀਦੀ ਹੈ। ਇਹ ਪਿੰਡਾਂ ਦੀ ਸ਼ਕਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਕੋਰੋਨਾ–ਵਾਇਰਸ ਵਿਰੁੱਧ ਜ਼ਰੂਰ ਹੀ ਬਿਹਤਰੀਨ ਪਿਰਤਾਂ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੰਦਿਆਂ ਕਿਹਾ ਕਿ ਤੁਸੀਂ ਕੋਈ ਨਵੀਂ ਖੋਜ ਕਰਨ, ਨੀਤੀਗਤ ਤਬਦੀਲੀਆਂ ਬਾਰੇ ਕੋਈ ਸੁਝਾਅ ਦੇਣ ਲਈ ਆਜ਼ਾਦ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਵਿਡ ਦੇ ਮਾਮਲੇ ਭਾਵੇਂ ਘਟਦੇ ਜਾ ਰਹੇ ਹੋਣ, ਫਿਰ ਵੀ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ।

ਇਸ ਬੈਠਕ ਵਿੱਚ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਸਿਹਤ ਮੰਤਰੀ, ਵਿਭਿੰਨ ਰਾਜਾਂ ਦੇ ਮੁੱਖ ਮੰਤਰੀ, ਮੈਂਬਰ (ਸਿਹਤ) ਨੀਤੀ ਆਯੋਗ, ਸਿਹਤ ਸਕੱਤਰ, ਫ਼ਾਰਮਾਸਿਊਟੀਕਲ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ, ਮੰਤਰਾਲਿਆਂ ਤੇ ਕੇਂਦਰ ਸਰਕਾਰ ਦੇ ਵਿਭਾਗਾਂ ਦੇ ਹੋਰ ਅਧਿਕਾਰੀ ਮੌਜੂਦ ਸਨ।

***

ਡੀਐੱਸ/ਏਕੇ



(Release ID: 1719639) Visitor Counter : 223