ਪ੍ਰਧਾਨ ਮੰਤਰੀ ਦਫਤਰ

ਭਾਰਤ–ਸਵੀਡਨ ਵਰਚੁਅਲ ਸਮਿਟ

Posted On: 05 MAR 2021 7:20PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਵੀਡਨ ਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸਟੀਫਨ ਲੋਫਵੇਨ ਨੇ ਅੱਜ ਵਰਚੁਅਲ ਸਿਖ਼ਰ ਵਾਰਤਾ ਕੀਤੀ, ਜਿਸ ਦੌਰਾਨ ਉਨ੍ਹਾਂ ਆਪਸੀ ਦਿਲਚਸਪੀ ਦੇ ਦੁਵੱਲੇ ਮਾਮਲਿਆਂ ਤੇ ਹੋਰ ਖੇਤਰੀ ਤੇ ਬਹੁ–ਪੱਖੀ ਮਾਮਲਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 3 ਮਾਰਚ ਨੂੰ ਹੋਏ ਹਿੰਸਕ ਹਮਲੇ ਦੇ ਮੱਦੇਨਜ਼ਰ ਸਵੀਡਨ ਦੀ ਜਨਤਾ ਨਾਲ ਇੱਕਸੁਰਤਾ ਪ੍ਰਗਟਾਈ ਅਤੇ ਜ਼ਖ਼ਮੀਆਂ ਦੀ ਛੇਤੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਬੇਹੱਦ ਨਿੱਘ ਨਾਲ ਪਹਿਲੇ ਭਾਰਤ–ਨੌਰਡਿਕ ਸਮਿਟ ਲਈ ਸਾਲ 2018 ਦੀ ਆਪਣੀ ਸਵੀਡਨ ਯਾਤਰਾ ਅਤੇ ਦਸੰਬਰ 2019 ’ਚ ਸਵੀਡਨ ਦੇ ਮਹਾਮਹਿਮ ਰਾਜਾ ਤੇ ਰਾਣੀ ਦੇ ਭਾਰਤ ਦੌਰੇ ਨੂੰ ਯਾਦ ਕੀਤਾ।

 

ਦੋਵੇਂ ਆਗੂਆਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਤੇ ਸਵੀਡਨ ਦੇ ਦਰਮਿਆਨ ਚਿਰੋਕਣੇ ਨੇੜਲੇ ਸਬੰਧ ਲੋਕਤੰਤਰ, ਕਾਨੂੰਨ ਦੇ ਸ਼ਾਸਨ, ਅਨੇਕਤਾਵਾਦ, ਸਮਾਨਤਾ, ਬੋਲਣ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਕਦਰ ਦੀਆਂ ਸਾਂਝੀਆਂ ਕਦਰਾਂ–ਕੀਮਤਾਂ ਉੱਤੇ ਅਧਾਰਿਤ ਹਨ। ਉਨ੍ਹਾਂ ਬਹੁਪੱਖਵਾਦ, ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ, ਦਹਿਸ਼ਤਗਰਦੀ ਦਾ ਮੁਕਾਬਲਾ ਤੇ ਸ਼ਾਂਤੀ ਤੇ ਸੁਰੱਖਿਆ ਲਈ ਕੰਮ ਕਰਨ ਦੀ ਆਪਣੀ ਮਜ਼ਬੂਤ ਪ੍ਰਤੀਬੱਧਤਾ ਮੁੜ ਦੁਹਰਾਈ। ਉਨ੍ਹਾਂ ਯੂਰਪੀ ਯੂਨੀਅਨ ਤੇ ਯੂਰਪੀ ਯੂਨੀਅਨ ਦੇ ਦੇਸ਼ਾਂ ਨਾਲ ਭਾਰਤ ਦੀ ਭਾਈਵਾਲੀ ਦੀ ਵਧਦੀ ਪ੍ਰਮੁੱਖਤਾ ਦਾ ਵੀ ਜ਼ਿਕਰ ਕੀਤਾ।

 

ਦੋਵੇਂ ਆਗੂਆਂ ਨੇ ਭਾਰਤ ਤੇ ਸਵੀਡਨ ਦੇ ਦਰਮਿਆਨ ਚਲ ਰਹੇ ਵਿਆਪਕ ਰੁਝੇਵਿਆਂ ਦੀ ਸਮੀਖਿਆ ਕਰਦਿਆਂ ਸਾਲ 2018 ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੌਰੇ ਮੌਕੇ ਸਹਿਮਤ ਹੋਣ ਤੋਂ ਬਾਅਦ ਸਾਂਝੀ ਕਾਰਜ ਯੋਜਨਾ ਅਤੇ ਸਾਂਝੀ ਨਵਾਚਾਰ ਭਾਈਵਾਲੀ ਲਾਗੂ ਕਰਨ ਉੱਤੇ ਤਸੱਲੀ ਪ੍ਰਗਟਾਈ। ਉਨ੍ਹਾਂ ਇਨ੍ਹਾਂ ਭਾਈਵਾਲੀਆਂ ਦੇ ਤਾਣੇ–ਬਾਣੇ ਅਧੀਨ ਵਿਭਿੰਨ ਵਿਸ਼ਿਆਂ ਦੇ ਹੋਰ ਵਿਭਿੰਨਤਾਕਰਣ ਦੇ ਨਵੇਂ ਰਾਹ ਲੱਭਣੇ ਚਾਹੇ।

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵੀਡਨ ਦੇ ‘ਇੰਟਰਨੈਸ਼ਨਲ ਸੋਲਰ ਅਲਾਇੰਸ’ (ISA) ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਦਾ ਸੁਆਗਤ ਕੀਤਾ। ਦੋਵੇਂ ਆਗੂਆਂ ਨੇ ਭਾਰਤ–ਸਵੀਡਨ ਸਾਂਝੀ ਪਹਿਲਕਦਮੀ – ਲੀਡਰਸ਼ਿਪ ਗਰੁੱਪ ਔਨ ਇੰਡਸਟ੍ਰੀ ਟ੍ਰਾਂਜ਼ਿਸ਼ਨ (LeadIT) ਦੀ ਵਧਦੀ ਮੈਂਬਰਸ਼ਿਪ ਨੂੰ ਵੀ ਨੋਟ ਕੀਤਾ, ਜਿਸ ਦੀ ਸ਼ੁਰੂਆਤ ਨਿਊ ਯਾਰਕ ਵਿਖੇ ਸਤੰਬਰ 2019 ’ਚ ’ਯੂਐੱਨ ਕਲਾਈਮੇਟ ਐਕਸ਼ਨ ਸਮਿਟ’ ਦੌਰਾਨ ਕੀਤੀ ਗਈ ਸੀ।

 

ਦੋਵੇਂ ਆਗੂਆਂ ਨੇ ਟੀਕਾਕਰਣ ਮੁਹਿੰਮ ਸਮੇਤ ਕੋਵਿਡ–19 ਦੀ ਸਥਿਤੀ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ ਅਤੇ ਸਾਰੇ ਦੇਸ਼ਾਂ ਨੂੰ ਵੈਕਸੀਨਾਂ ਤੱਕ ਤੁਰੰਤ ਤੇ ਕਿਫ਼ਾਇਤੀ ਪਹੁੰਚ ਮੁਹੱਈਆ ਕਰਵਾਉਣ ਲਈ ਇੱਕਸਮਾਨ ਢੰਗ ਨਾਲ ਵੈਕਸੀਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

***

 

ਡੀਐੱਸ/ਏਕੇ(Release ID: 1702802) Visitor Counter : 28