ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 22 ਫਰਵਰੀ ਨੂੰ ਅਸਾਮ ਅਤੇ ਪੱਛਮ ਬੰਗਾਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਅਸਾਮ ’ਚ ਅਹਿਮ ਤੇਲ ਤੇ ਗੈਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਇੰਜੀਨੀਅਰਿੰਗ ਕਾਲਜਾਂ ਦਾ ਉਦਘਾਟਨ ਕਰਨਗੇ ਤੇ ਨੀਂਹ–ਪੱਥਰ ਵੀ ਰੱਖਣਗੇ
ਪ੍ਰਧਾਨ ਮੰਤਰੀ ਪੱਛਮ ਬੰਗਾਲ ’ ਚ ਕਈ ਰੇਲਵੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
Posted On:
20 FEB 2021 1:51PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 22 ਫਰਵਰੀ, 2021 ਨੂੰ ਅਸਾਮ ਤੇ ਪੱਛਮ ਬੰਗਾਲ ਦੇ ਦੌਰੇ ’ਤੇ ਜਾਣਗੇ। ਸਵੇਰੇ 11:30 ਵਜੇ ਪ੍ਰਧਾਨ ਮੰਤਰੀ ਧੇਮਾਜੀ ’ਚ ਸਿਲਾਪਥਾਰ ਵਿਖੇ ਇੱਕ ਸਮਾਰੋਹ ਦੌਰਾਨ ਤੇਲ ਤੇ ਗੈਸ ਖੇਤਰ ਦੇ ਅਹਿਮ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਸਮਾਰੋਹ ਦੌਰਾਨ ਇੰਜੀਨੀਅਰਿੰਗ ਕਾਲਜਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਵੀ ਰੱਖਣਗੇ। ਸ਼ਾਮੀਂ 4:30 ਵਜੇ ਪ੍ਰਧਾਨ ਮੰਤਰੀ ਹੁਗਲੀ, ਪੱਛਮ ਬੰਗਾਲ ’ਚ ਕਈ ਰੇਲਵੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਉਦਘਾਟਨ ਕਰਨਗੇ।
ਅਸਾਮ ’ਚ ਪ੍ਰਧਾਨ ਮੰਤਰੀ
ਪ੍ਰਧਾਨ ਮੰਰਤੀ ਸ਼੍ਰੀ ਨਰੇਂਦਰ ਮੋਦੀ ਮਧੂਬਨ, ਡਿਬਰੂਗੜ੍ਹ ’ਚ ਇੰਡੀਅਨ ਆਇਲ ਦੀ ਬੋਂਗਾਈਗਾਓਂ ਰੀਫ਼ਾਈਨਾਰੀ, ਆਇਲ ਇੰਡੀਆ ਲਿਮਿਟਿਡ ਦੇ ਸੈਕੰਡਰੀ ਟੈਂਕ ਫ਼ਾਰਮ ’ਚ ‘ਇੰਡਮੈਕਸ ਯੂਨਿਟ’ ਅਤੇ ਮਾਕੁਮ, ਤਿਨਸੁਕੀਆ ਦੇ ਪਿੰਡ ਹੇਬੇਡਾ ’ਚ ਇੱਕ ਗੈਸ ਕੰਪ੍ਰੈੱਸਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਧੇਮਾਜੀ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਵੀ ਕਰਨਗੇ ਅਤੇ ਸੁਆਲਕੁਚੀ ਇੰਜੀਨੀਅਰਿੰਗ ਕਾਲਜ ਲਈ ਨੀਂਹ–ਪੱਥਰ ਰੱਖਣਗੇ। ਇਹ ਪ੍ਰੋਜੈਕਟ ਊਰਜਾ ਸੁਰੱਖਿਆ ਤੇ ਖ਼ੁਸ਼ਹਾਲੀ ਦੇ ਇੱਕ ਯੁਗ ਦੀ ਸ਼ੁਰੂਆਤ ਕਰਨਗੇ ਅਤੇ ਸਥਾਨਕ ਨੌਜਵਾਨਾਂ ਲਈ ਰੌਸ਼ਨ ਮੌਕੇ ਖੋਲ੍ਹਣਗੇ। ਉਹ ਪ੍ਰਧਾਨ ਮੰਤਰੀ ਦੀ ਪੂਰਬੀ ਭਾਰਤ ਦੇ ਸਮਾਜਿਕ–ਆਰਥਿਕ ਵਿਕਾਸ ਦੀ ਮੁਹਿੰਮ ਲਈ ‘ਪੂਰਵੋਦਯ’ ਦੂਰ–ਦ੍ਰਿਸ਼ਟੀ ਅਨੁਸਾਰ ਹਨ। ਇਸ ਮੌਕੇ ਅਸਾਮ ਦੇ ਰਾਜਪਾਲ ਤੇ ਮੁੱਖ ਮੰਤਰੀ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਕੇਂਦਰੀ ਮੰਤਰੀ ਵੀ ਮੌਜੂਦ ਰਹਿਣਗੇ।
ਇੰਡੀਅਨ ਆਇਲ ਦੀ ਬੋਂਗਾਈਗਾਓਂ ਰੀਫ਼ਾਈਨਾਰੀ ’ਚ ‘ਇੰਡਮੈਕਸ’ ਯੂਨਿਟ ਨੇ ਭਾਰੀ ਫ਼ੀਡਸਟੌਕ ਤੋਂ ਇੱਕ ਉਚੇਰੀ ਐੱਲਪੀਜੀ ਤੇ ਉੱਚ–ਔਕਟੇਨ ਗੈਸੋਲੀਨ ਦਾ ਉਤਪਾਦਨ ਕਰਨ ਲਈ ਇੰਡੀਅਨ ਆਇਲ–ਖੋਜ ਤੇ ਵਿਕਾਸ ਦੁਆਰਾ ਦੇਸ਼ ਵਿੱਚ ਹੀ ਵਿਕਸਿਤ ਕੀਤੀ ਟੈਕਨੋਲੋਜੀ ਵਿੱਚ ਵਾਧਾ ਕੀਤਾ ਹੈ। ਇਹ ਇਕਾਈ ਰੀਫ਼ਾਈਨਰੀ ਕੱਚੇ ਮਾਲ ਨੂੰ ਪ੍ਰੋਸੈੱਸ ਦੀ ਸਮਰੱਥਾ ਨੂੰ 2.35 MMTPA (ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ) ਨੂੰ ਵਧਾ ਕੇ 2.7 MMTPA ਕਰ ਦੇਵੇਗੀ। ਇਸ ਦੀ ਸ਼ੁਰੂਆਤ ਨਾਲ ਐੱਲਪੀਜੀ ਉਤਪਾਦਨ ਵਿੱਚ ਮੌਜੂਦਾ 50 TMT (ਹਜ਼ਾਰ ਮੀਟ੍ਰਿਕ ਟਨ) ’ਚ ਚੋਖਾ ਵਾਧਾ ਹੋ ਕੇ 257 TMT ਅਤੇ ਮੋਟਰ ਸਪਿਰਿਟ (ਪੈਟਰੋਲ) ਉਤਪਾਦਨ ਦੀ ਸਮਰੱਥਾ ਵੀ 210 TMT ਤੋਂ ਵਧ ਕੇ 533 TMT ਹੋ ਜਾਵੇਗੀ।
ਆਇਲ ਇੰਡੀਆ ਲਿਮਿਟਿਡ ਦਾ ‘ਸੈਕੰਡਰੀ ਟੈਂਕ ਫ਼ਾਰਮ’ ਕੱਚੇ ਤੇਲ ਦੀ ਲਗਭਗ 40,000 ਕਿਲੋ ਲਿਟਰ ਦੇ ਸੁਰੱਖਿਅਤ ਭੰਡਾਰਣ ਅਤੇ ਤਰ ਕੱਚੇ ਤੇਲ ਤੋਂ ਪਾਣੀ ਵੱਖ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। 490 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਵਿੱਚ ਇੱਕ ਡੀਹਾਈਡ੍ਰੇਸ਼ਨ ਯੂਨਿਟ ਵੀ ਹੋਵੇਗੀ, ਦੀ ਸੰਚਾਲਨ ਸਮਰੱਥਾ 10,000 ਕਿਲੋ ਲਿਟਰ ਪ੍ਰਤੀ ਦਿਨ ਹੋਵੇਗੀ।
ਮਾਕੁਮ, ਤਿਨਸੁਕੀਆ ’ਚ ਗੈਸ ਕੰਪ੍ਰੈੱਸਰ ਸਟੇਸ਼ਨ ਨਾਲ ਦੇਸ਼ ਦੀ ਕੱਚੇ ਤੇਲ ਉਤਪਾਦਨ ਸਮਰੱਥਾ ਵਧ ਕੇ 16500 ਮੀਟ੍ਰਿਕ ਟਨ ਸਲਾਨਾ ਹੋ ਜਾਵੇਗੀ। ਕੁੱਲ 132 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਸ ਸਟੇਸ਼ਨ ਵਿੱਚ 3 ਘੱਟ–ਦਬਾਅ ਵਾਲੇ ਕੰਪ੍ਰੈੱਸਰਸ ਅਤੇ 3 ਉੱਚ ਦਬਾਅ ਵਾਲੇ ਲਿਫ਼ਟਰ ਕੰਪ੍ਰੈੱਸਰਸ ਹਨ।
ਧੇਮਾਜੀ ਇੰਜੀਨੀਅਰਿੰਗ ਕਾਲਜ ਲਗਭਗ 45 ਕਰੋੜ ਰੁਪਏ ਦੀ ਲਾਗਤ ਨਾਲ 276 ਵਿੱਘੇ ਜ਼ਮੀਨ ਉੱਤੇ ਤਿਆਰ ਕੀਤਾ ਗਿਆ ਹੈ। ਇਹ ਇਸ ਰਾਜ ਵਿੱਚ ਸੱਤਵਾਂ ਸਰਕਾਰੀ ਇੰਜੀਨੀਅਰਿੰਗ ਕਾਲਜ ਹੈ ਤੇ ਇੱਥੇ ਸਿਵਲ, ਮਕੈਨੀਕਲ ਤੇ ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ ਦੇ ਕੋਰਸ ਕਰਵਾਏ ਜਾਣਗੇ। ਸੁਆਲਕੁਚੀ ਇੰਜੀਨੀਅਰਿੰਗ ਕਾਲਜ, ਜਿਸ ਦਾ ਨੀਂਹ–ਪੱਥਰ ਰੱਖਿਆ ਜਾਵੇਗਾ, ਲਗਭਗ 55 ਕਰੋੜ ਰੁਪਏ ਦੀ ਲਾਗਤ ਨਾਲ 116 ਵਿੱਘੇ ਜ਼ਮੀਨ ਉੱਤੇ ਤਿਆਰ ਕੀਤਾ ਜਾਵੇਗਾ।
ਪੱਛਮ ਬੰਗਾਲ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੋਆਪਾੜਾ ਤੋਂ ਦਕਸ਼ਿਣੇਸ਼ਵਰ ਤੱਕ ਮੈਟਰੋ ਰੇਲਵੇ ਦੇ ਵਿਸਤਾਰ ਦਾ ਉਦਘਾਟਨ ਕਰਨਗੇ ਅਤੇ ਇਸ ਪੱਟੀ ਉੱਤੇ ਪਹਿਲੀ ਸੇਵਾ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ 4.1 ਕਿਲੋਮੀਟਰ ਦਾ ਵਿਸਤਾਰ 464 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਤੇ ਇਸ ਲਈ ਫ਼ੰਡ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੁਆਰਾ ਮੁਹੱਈਆ ਕਰਵਾਏ ਗਏ ਹਨ। ਇਸ ਨਾਲ ਸੜਕਾਂ ਉੱਤੇ ਆਵਾਜਾਈ ਦੀ ਭੀੜ ਘਟੇਗੀ ਤੇ ਸ਼ਹਿਰੀ ਆਵਾਜਾਈ ’ਚ ਸੁਧਾਰ ਹੋਵੇਗਾ। ਇਸ ਵਿਸਤਾਰ ਨਾਲ ਲੱਖਾਂ ਸੈਲਾਨੀਆਂ ਤੇ ਸ਼ਰਧਾਲੂਆਂ ਲਈ ਕਾਲੀਘਾਟ ਤੇ ਦਕਸ਼ਿਣੇਸ਼ਵਰ ਵਿਖੇ ਦੋ ਵਿਸ਼ਵ ਪ੍ਰਸਿੱਧ ਕਾਲੀ ਮੰਦਰਾਂ ਤੱਕ ਪਹੁੰਚ ਆਸਾਨ ਹੋਵੇਗੀ। ਬੜਾਨਗਰ ਤੇ ਦਕਸ਼ਿਣੇਸ਼ਵਰ ਨਾਂਅ ਦੇ ਦੋ ਨਵੇਂ ਤਿਆਰ ਕੀਤੇ ਗਏ ਸਟੇਸ਼ਨਾਂ ਉੱਤੇ ਯਾਤਰੀਆਂ ਲਈ ਆਧੁਨਿਕ ਸੁਵਿਧਾਵਾਂ ਹਨ ਤੇ ਇਨ੍ਹਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਕੰਧ–ਚਿੱਤਰਾਂ, ਤਸਵੀਰਾਂ, ਬੁੱਤਾਂ ਤੇ ਮੂਰਤੀਆਂ ਨਾਲ ਸਜਾਇਆ ਗਿਆ ਹੈ।
ਪ੍ਰਧਾਨ ਮੰਤਰੀ ਦੱਖਣ–ਪੂਰਬੀ ਰੇਲਵੇ ਦੇ 132 ਕਿਲੋਮੀਟਰ ਲੰਬੇ ਖੜਗਪੁਰ–ਆਦਿੱਤਿਆਪੁਰ ਨਾਂਅ ਦੇ ਤੀਜੇ ਲਾਈਨ ਪ੍ਰੋਜੈਕਟ ਦੀ 30 ਕਿਲੋਮੀਟਰ ਪੱਟੀ ਉੱਤੇ ਕਲਾਈਕੁੰਡਾ ਤੇ ਝਾੜਗ੍ਰਾਮ ਦੇ ਵਿਚਕਾਰ ਤੀਜੀ ਲਾਈਨ ਦਾ ਉਦਘਾਟਨ ਵੀ ਕਰਨਗੇ, ਜਿਸ ਨੂੰ 1,312 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਪ੍ਰਵਾਨਗੀ ਦਿੱਤੀ ਗਈ ਸੀ। ਕਲਾਈਕੁੰਡਾ ਤੇ ਝਾੜਗ੍ਰਾਮ ਵਿਚਾਲੇ ਚਾਰ ਸਟੇਸ਼ਨਾਂ ਨੂੰ ਵਰਤਮਾਨ ਬੁਨਿਆਦੀ ਢਾਂਚੇ ਦੀ ਮੁਰੰਮਤ ਕਰਨ ਦੇ ਨਾਲ–ਨਾਲ ਚਾਰ ਨਵੀਂਆਂ ਸਟੇਸ਼ਨ ਇਮਾਰਤਾਂ, ਛੇ ਨਵੇਂ ਫ਼ੁੱਟ ਓਵਰ–ਬ੍ਰਿਜਸ ਤੇ 11 ਨਵੇਂ ਪਲੈਟਫ਼ਾਰਮਾਂ ਦੀ ਉਸਾਰੀ ਕਰ ਕੇ ਮੁੜ–ਵਿਕਸਿਤ ਕੀਤਾ ਗਿਆ ਹੈ। ਇਸ ਨਾਲ ਹਾਵੜਾ–ਮੁੰਬਈ ਟ੍ਰੰਕ ਰੂਟ ਉੱਤੇ ਯਾਤਰੀ ਤੇ ਮਾਲ–ਗੱਡੀਆਂ ਦੀ ਬੇਰੋਕ ਆਵਾਜਾਈ ਯਕੀਨੀ ਬਣਾਉਣ ’ਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਅਜ਼ੀਮਗੰਜ ਤੋਂ ਖੜਗੜਾਘਾਟ ਰੋਡ ਸੈਕਸ਼ਨ ਤੱਕ ਦੂਹਰੀ ਕੀਤੀ ਰੇਲਵੇ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜੋ ਪੂਰਬੀ ਰੇਲਵੇ ਦੇ ਹਾਵੜਾ – ਬੰਦੇਲ – ਅਜ਼ੀਮਗੰਜ ਸੈਕਸ਼ਨ ਦਾ ਹਿੱਸਾ ਹੈ, ਜਿਸ ਨੂੰ ਲਗਭਗ 240 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਹਾਵੜਾ – ਬਰਧਮਾਨ ਕੌਰਡ ਲਾਈਨ ਦੇ ਡੰਕੁਨੀ ਅਤੇ ਬਰੂਈਪਾੜਾ ਦੇ ਵਿਚਕਾਰ ਚੌਥੀ ਲਾਈਨ (11.28 ਕਿਲੋਮੀਟਰ) ਅਤੇ ਕੋਲਕਾਤਾ ਲਈ ਪ੍ਰਮੁੱਖ ਗੇਟਵੇਅ ਦਾ ਕੰਮ ਕਰਨ ਵਾਲੀ ਰਸੂਲਪੁਰ ਤੇ ਹਾਵੜਾ – ਬਰਧਮਾਨ ਮੇਨ ਲਾਈਨ ਦੇ ਮਾਗਰਾ ਦੇ ਵਿਚਕਾਰ ਤੀਸਰੀ ਲਾਈਨ (42.42 ਕਿਲੋਮੀਟਰ) ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਸੂਲਪੁਰ ਤੇ ਮਾਗਰਾ ਵਿਚਾਲੇ ਤੀਸਰੀ ਲਾਈਨ 759 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਈ ਗਈ ਹੈ, ਜਦਕਿ ਡੰਕੁਨੀ ਤੇ ਬਰੂਈਪਾੜਾ ਵਿਚਾਲੇ ਚੌਥੀ ਲਾਈਨ 195 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਵਿਛਾਈ ਗਈ ਹੈ।
ਇਹ ਪ੍ਰੋਜੈਕਟ ਬਿਹਤਰ ਸੰਚਾਲਨਾਤਮਕ ਤਰਲਤਾ, ਯਾਤਰਾ ਲਈ ਘੱਟ ਸਮਾਂ ਤੇ ਰੇਲਾਂ ਦੇ ਸੰਚਾਲਨ ਦੀ ਵਧੀ ਹੋਈ ਸੁਰੱਖਿਆ ਯਕੀਨੀ ਬਣਾਉਣਗੇ ਤੇ ਇਸ ਦੇ ਨਾਲ ਹੀ ਇਸ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਵਾਧਾ ਵੀ ਹੋਵੇਗਾ।
****
ਡੀਐੱਸ/ਐੱਸਐੱਚ
(Release ID: 1699661)
Visitor Counter : 248
Read this release in:
Odia
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Tamil
,
Telugu
,
Kannada
,
Malayalam