ਮੰਤਰੀ ਮੰਡਲ
ਕੈਬਨਿਟ ਨੇ ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਵਿਆਪਕ ਆਰਥਿਕ ਸਹਿਯੋਗ ਅਤੇ ਸਾਂਝੇਦਾਰੀ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ
Posted On:
17 FEB 2021 3:57PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਵਿਆਪਕ ਆਰਥਿਕ ਸਹਿਯੋਗ ਅਤੇ ਸਾਂਝੇਦਾਰੀ ਸਮਝੌਤੇ (ਸੀਈਸੀਪੀਏ) ਉੱਤੇ ਦਸਤਖਤ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ-ਮਾਰੀਸ਼ਸ ਸੀਈਸੀਪੀਏ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
ਭਾਰਤ-ਮਾਰੀਸ਼ਸ ਵਿਆਪਕ ਆਰਥਿਕ ਸਹਿਯੋਗ ਅਤੇ ਸਾਂਝੇਦਾਰੀ ਸਮਝੌਤਾ (ਸੀਈਸੀਪੀਏ) ਅਫਰੀਕਾ ਦੇ ਕਿਸੇ ਦੇਸ਼ ਨਾਲ ਭਾਰਤ ਦੁਆਰਾ ਦਸਤਖਤ ਕੀਤੇ ਜਾਣ ਵਾਲਾ ਪਹਿਲਾ ਵਪਾਰ ਸਮਝੌਤਾ ਹੋਵੇਗਾ। ਇਹ ਸਮਝੌਤਾ ਇੱਕ ਸੀਮਤ ਸਮਝੌਤਾ ਹੈ, ਜਿਸ ਵਿੱਚ ਵਸਤਾਂ ਦਾ ਵਪਾਰ, ਮੂਲ ਨਿਯਮ, ਸੇਵਾਵਾਂ ਸਬੰਧੀ ਵਪਾਰ, ਵਪਾਰ ਵਿੱਚ ਤਕਨੀਕੀ ਰੁਕਾਵਟਾਂ (ਟੀਬੀਟੀ), ਸਵੱਛਤਾ ਤੇ ਪਾਦਪ ਸਵੱਛਤਾ (ਐੱਸਪੀਐੱਸ) ਉਪਾਅ, ਵਿਵਾਦ ਨਿਪਟਾਰੇ, ਕੁਦਰਤੀ ਵਿਅਕਤੀਆਂ ਦੀ ਆਵਾਜਾਈ, ਦੂਰਸੰਚਾਰ, ਵਿੱਤੀ ਸੇਵਾਵਾਂ, ਕਸਟਮ ਪ੍ਰਕਿਰਿਆਵਾਂ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੋਣਗੇ।
ਪ੍ਰਭਾਵ ਜਾਂ ਲਾਭ:
ਸੀਈਸੀਪੀਏ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਬਿਹਤਰ ਬਣਾਉਣ ਲਈ ਇੱਕ ਸੰਸਥਾਗਤ ਢਾਂਚੇ ਦੀ ਵਿਵਸਥਾ ਕਰਦਾ ਹੈ। ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਸੀਈਸੀਪੀਏ ਵਿੱਚ ਭਾਰਤ ਲਈ 310 ਨਿਰਯਾਤ ਵਸਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਪੇਅ ਪਦਾਰਥ (80 ਲਾਈਨਾਂ), ਖੇਤੀਬਾੜੀ ਉਤਪਾਦ (25 ਲਾਈਨਾਂ), ਕੱਪੜਾ ਅਤੇ ਟੈਕਸਟਾਈਲ ਆਰਟੀਕਲਸ (27 ਲਾਈਨਾਂ), ਬੇਸ ਮੈਟਲਸ ਅਤੇ ਇਨ੍ਹਾਂ ਦੇ ਪਦਾਰਥ (32 ਲਾਈਨਾਂ), ਇਲੈਕਟ੍ਰੀਕਲ ਅਤੇ ਇਲੈਕਟ੍ਰੌਨਿਕ ਆਈਟਮ (13 ਲਾਈਨਾਂ), ਪਲਾਸਟਿਕ ਅਤੇ ਰਸਾਇਣ (20 ਲਾਈਨਾਂ), ਲੱਕੜ ਅਤੇ ਇਸਦੇ ਪਦਾਰਥ (15 ਲਾਈਨਾਂ), ਅਤੇ ਹੋਰ ਸ਼ਾਮਲ ਹਨ। ਮਾਰੀਸ਼ਸ ਨੂੰ ਫਰੋਜ਼ਨ ਫਿਸ਼, ਸਪੈਸ਼ੀਐਲਿਟੀ ਸ਼ੂਗਰ, ਬਿਸਕੁਟ, ਤਾਜ਼ੇ ਫਲ, ਜੂਸ, ਮਿਨਰਲ ਵਾਟਰ, ਬੀਅਰ, ਅਲਕੋਹਲ ਦੇ ਪੀਣ ਵਾਲੇ ਪਦਾਰਥ, ਸਾਬਣ, ਬੈਗ, ਮੈਡੀਕਲ ਅਤੇ ਸਰਜੀਕਲ ਉਪਕਰਣ ਅਤੇ ਲਿਬਾਸਾਂ ਸਮੇਤ ਆਪਣੇ 615 ਉਤਪਾਦਾਂ ਲਈ ਭਾਰਤ ਵਿੱਚ ਤਰਜੀਹੀ ਬਜ਼ਾਰ ਪਹੁੰਚ ਦਾ ਫਾਇਦਾ ਹੋਵੇਗਾ।
ਸੇਵਾਵਾਂ ਦੇ ਵਪਾਰ ਦੇ ਸਬੰਧ ਵਿੱਚ, ਭਾਰਤੀ ਸੇਵਾ ਪ੍ਰਦਾਤਾਵਾਂ ਕੋਲ 11 ਵਿਸ਼ਾਲ ਸਰਵਿਸ ਸੈਕਟਰ ਜਿਵੇਂ ਕਿ ਪੇਸ਼ੇਵਰ ਸੇਵਾਵਾਂ, ਕੰਪਿਊਟਰ ਨਾਲ ਜੁੜੀਆਂ ਸੇਵਾਵਾਂ, ਖੋਜ ਅਤੇ ਵਿਕਾਸ, ਹੋਰ ਵਪਾਰਕ ਸੇਵਾਵਾਂ, ਦੂਰ ਸੰਚਾਰ, ਉਸਾਰੀ, ਵਿਤਰਣ, ਸਿੱਖਿਆ, ਵਾਤਾਵਰਣ, ਵਿੱਤੀ, ਟੂਰਿਜ਼ਮ ਅਤੇ ਯਾਤਰਾ ਨਾਲ ਸਬੰਧਿਤ ਸੇਵਾਵਾਂ, ਮਨੋਰੰਜਨ, ਯੋਗਾ, ਆਡੀਓ-ਵਿਜ਼ੂਅਲ ਸੇਵਾਵਾਂ ਅਤੇ ਆਵਾਜਾਈ ਸੇਵਾਵਾਂ ਜਿਹੇ ਕਰੀਬ 115 ਸਬ-ਸੈਕਟਰਾਂ ਤੱਕ ਪਹੁੰਚ ਹੋਵੇਗੀ।
ਭਾਰਤ ਨੇ 11 ਵਿਆਪਕ ਸੇਵਾਵਾਂ ਦੇ ਖੇਤਰਾਂ ਵਿੱਚੋਂ ਤਕਰੀਬਨ 95 ਸਬ-ਸੈਕਟਰਾਂ ਦੀ ਪੇਸ਼ਕਸ਼ ਕੀਤੀ ਹੈ, ਜਿਨ੍ਹਾਂ ਵਿੱਚ ਪੇਸ਼ੇਵਰ ਸੇਵਾਵਾਂ, ਆਰਐਂਡਡੀ, ਹੋਰ ਵਪਾਰਕ ਸੇਵਾਵਾਂ, ਦੂਰਸੰਚਾਰ, ਵਿੱਤੀ, ਵਿਤਰਣ, ਉੱਚ ਸਿੱਖਿਆ, ਵਾਤਾਵਰਣ, ਸਿਹਤ, ਟੂਰਿਜ਼ਮ ਅਤੇ ਯਾਤਰਾ ਸਬੰਧੀ ਸੇਵਾਵਾਂ, ਮਨੋਰੰਜਨ ਸੇਵਾਵਾਂ ਅਤੇ ਆਵਾਜਾਈ ਸੇਵਾਵਾਂ ਸ਼ਾਮਲ ਹਨ।
ਦੋਵਾਂ ਧਿਰਾਂ ਨੇ ਸਮਝੌਤੇ 'ਤੇ ਹਸਤਾਖਰ ਕੀਤੇ ਜਾਣ ਦੇ ਦੋ ਸਾਲਾਂ ਦੇ ਅੰਦਰ ਅੰਦਰ ਬਹੁਤ ਸੰਵੇਦਨਸ਼ੀਲ ਉਤਪਾਦਾਂ ਦੀ ਸੀਮਤ ਗਿਣਤੀ ਲਈ ਇੱਕ ਆਟੋਮੈਟਿਕ ਟਰਿੱਗਰ ਸੇਫਗਾਰਡ ਮਕੈਨਿਜ਼ਮ (ਏਟੀਐੱਸਐੱਮ) ਬਾਰੇ ਗੱਲਬਾਤ ਕਰਨ ਲਈ ਸਹਿਮਤੀ ਦਿੱਤੀ ਹੈ।
ਟਾਈਮਲਾਈਨਸ:
ਸਮਝੌਤੇ 'ਤੇ ਦੋਵਾਂ ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ ਦੁਆਰਾ ਆਪਸੀ ਸੁਵਿਧਾ ਵਾਲੀ ਤਾਰੀਖ ‘ਤੇ ਦਸਤਖਤ ਕੀਤੇ ਜਾਣਗੇ ਅਤੇ ਇਹ ਸਮਝੌਤਾ ਉਸ ਤੋਂ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਲਾਗੂ ਹੋ ਜਾਵੇਗਾ।
ਪਿਛੋਕੜ:
ਭਾਰਤ ਅਤੇ ਮਾਰੀਸ਼ਸ ਦੇ ਦਰਮਿਆਨ ਇਤਿਹਾਸਿਕ ਸੱਭਿਆਚਾਰਕ ਸਾਂਝ, ਲਗਾਤਾਰ ਉੱਚ ਪੱਧਰੀ ਰਾਜਨੀਤਕ ਗੱਲਬਾਤ, ਵਿਕਾਸ ਸਬੰਧੀ ਸਹਿਯੋਗ, ਰੱਖਿਆ ਅਤੇ ਸਮੁੰਦਰੀ ਭਾਈਵਾਲੀ ਅਤੇ ਲੋਕਾਂ ਨਾਲ ਆਪਸੀ ਜੁੜਾਅ ਵਾਲੇ ਸਬੰਧਾਂ ਦੇ ਚਲਦਿਆਂ ਸ਼ਾਨਦਾਰ ਦੁਵੱਲੇ ਸਬੰਧ ਕਾਇਮ ਹਨ।
ਮਾਰੀਸ਼ਸ ਭਾਰਤ ਦਾ ਇੱਕ ਮਹੱਤਵਪੂਰਨ ਵਿਕਾਸ ਭਾਈਵਾਲ ਹੈ। ਭਾਰਤ ਨੇ ਮਾਰੀਸ਼ਸ ਨੂੰ 2016 ਵਿੱਚ 353 ਮਿਲੀਅਨ ਯੂਐੱਸ ਡਾਲਰ ਦਾ 'ਵਿਸ਼ੇਸ਼ ਆਰਥਿਕ ਪੈਕੇਜ' ਦਿੱਤਾ ਸੀ। ਸੁਪਰੀਮ ਕੋਰਟ ਦੀ ਨਵੀਂ ਇਮਾਰਤ ਦਾ ਪ੍ਰੋਜੈਕਟ ਇਸ ਪੈਕੇਜ ਦੇ ਤਹਿਤ ਲਾਗੂ ਕੀਤੇ ਜਾ ਰਹੇ ਪੰਜ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਨੇ ਜੁਲਾਈ 2020 ਵਿੱਚ ਸਾਂਝੇ ਤੌਰ 'ਤੇ ਕੀਤਾ ਸੀ। ਅਕਤੂਬਰ 2019 ਵਿੱਚ, ਪ੍ਰਧਾਨ ਮੰਤਰੀ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸਾਂਝੇ ਤੌਰ 'ਤੇ ਮੈਟਰੋ ਐਕਸਪ੍ਰੈਸ ਪ੍ਰੋਜੈਕਟ ਦੇ ਫੇਜ਼-I ਦਾ ਉਦਘਾਟਨ ਕੀਤਾ ਸੀ ਅਤੇ ਮਾਰੀਸ਼ਸ ਵਿੱਚ 100 ਬਿਸਤਰਿਆਂ ਦਾ ਅਤਿ ਆਧੁਨਿਕ ਈਐੱਨਟੀ ਹਸਪਤਾਲ ਪ੍ਰੋਜੈਕਟ ਵੀ ਵਿਸ਼ੇਸ਼ ਆਰਥਿਕ ਪੈਕੇਜ ਦੇ ਤਹਿਤ ਬਣਾਇਆ ਗਿਆ ਸੀ।
ਭਾਰਤ, 2005 ਤੋਂ ਮਾਰੀਸ਼ਸ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਰਿਹਾ ਹੈ, ਅਤੇ ਮਾਰੀਸ਼ਸ ਨੂੰ ਮਾਲ ਅਤੇ ਸੇਵਾਵਾਂ ਦੇ ਸਭ ਤੋਂ ਵੱਡੇ ਨਿਰਯਾਤ ਕਰਨ ਵਾਲਿਆਂ ਵਿੱਚੋਂ ਇੱਕ ਰਿਹਾ ਹੈ। ਅੰਤਰਰਾਸ਼ਟਰੀ ਵਪਾਰ ਕੇਂਦਰ (ਆਈਟੀਸੀ) ਦੇ ਅਨੁਸਾਰ, 2019 ਵਿੱਚ, ਮਾਰੀਸ਼ਸ ਦੇ ਮੁੱਖ ਆਯਾਤ ਭਾਈਵਾਲ ਭਾਰਤ (13.85%), ਚੀਨ (16.69%), ਦੱਖਣੀ ਅਫਰੀਕਾ (8.07%), ਅਤੇ ਯੂਏਈ (7.28%) ਸਨ। ਭਾਰਤ ਅਤੇ ਮਾਰੀਸ਼ਸ ਵਿਚਾਲੇ ਦੁਵੱਲੇ ਵਪਾਰ ਵਿੱਚ 233% ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਵਿੱਤ ਵਰ੍ਹੇ 2005-06 ਦੇ 206.76 ਮਿਲੀਅਨ ਡਾਲਰ ਤੋਂ ਵਧ ਕੇ ਵਿੱਤੀ ਸਾਲ 2019-20 ਵਿੱਚ 690.02 ਮਿਲੀਅਨ ਡਾਲਰ ਹੋ ਗਿਆ ਹੈ। ਮਾਰੀਸ਼ਸ ਨੂੰ ਭਾਰਤ ਦੀ ਬਰਾਮਦ ਵਿੱਤ ਵਰ੍ਹੇ 2005-06 ਵਿੱਚ 199.43 ਮਿਲੀਅਨ ਡਾਲਰ ਤੋਂ 232% ਵਧ ਕੇ ਵਿੱਤ ਵਰ੍ਹੇ 2019-20 ਵਿੱਚ 662.13 ਮਿਲੀਅਨ ਡਾਲਰ ਹੋ ਗਈ, ਜਦੋਂ ਕਿ ਮਾਰੀਸ਼ਸ ਤੋਂ ਭਾਰਤ ਦੀ ਦਰਾਮਦ 2005-06 ਤੋਂ ਲੈ ਕੇ 280% ਵਧੀ ਜੋ ਕਿ ਸਾਲ 2006-06 ਵਿੱਚ 7.33 ਮਿਲੀਅਨ ਡਾਲਰ ਸੀ ਅਤੇ ਵਿੱਤ ਵਰ੍ਹੇ 2019-20 ਵਿੱਚ 27.89 ਮਿਲੀਅਨ ਡਾਲਰ ਹੋ ਗਈ।
ਭਾਰਤ-ਮਾਰੀਸ਼ਸ ਸੀਈਸੀਪੀਏ ਜ਼ਰੀਏ ਦੋਵਾਂ ਦੇਸ਼ਾਂ ਦਰਮਿਆਨ ਪਹਿਲਾਂ ਤੋਂ ਹੀ ਕਾਇਮ ਗਹਿਨ ਅਤੇ ਵਿਸ਼ੇਸ਼ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
***********
ਡੀਐੱਸ
(Release ID: 1698777)
Visitor Counter : 278
Read this release in:
Hindi
,
English
,
Urdu
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam