ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮੈਟਰੋ ਦੀ ਮੈਜੈਂਟਾ ਲਾਈਨ 'ਤੇ ਭਾਰਤ ਦੇ ਪਹਿਲੇ ਡਰਾਇਵਰਲੈੱਸ ਟ੍ਰੇਨ ਅਪਰੇਸ਼ਨਸ ਦਾ ਉਦਘਾਟਨ ਕੀਤਾ


ਸ਼ਹਿਰੀਕਰਨ ਨੂੰ ਇੱਕ ਚੁਣੌਤੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਬਲਕਿ ਇਸ ਦਾ ਦੇਸ਼ ਵਿੱਚ ਬਿਹਤਰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਅਤੇ ਈਜ਼ ਆਵ੍ ਲਿਵਿੰਗ ਨੂੰ ਵਧਾਉਣ ਦੇ ਅਵਸਰ ਵਜੋਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਵਿਭਿੰਨ ਪ੍ਰਕਾਰ ਦੀ ਮੈਟਰੋ - ਆਰਆਰਟੀਐੱਸ, ਮੈਟੋਲਾਈਟ, ਮੈਟਰੋਨਿਓ ਅਤੇ ਵਾਟਰ ਮੈਟਰੋ 'ਤੇ ਕੰਮ ਕੀਤਾ ਜਾ ਰਿਹਾ ਹੈ: ਪ੍ਰਧਾਨ ਮੰਤਰੀ
ਵੱਖ- ਵੱਖ ਖੇਤਰਾਂ ਵਿੱਚ ਸੇਵਾਵਾਂ ਦੇ ਏਕੀਕਰਣ ਦੀਆਂ ਉਦਾਹਰਨਾਂ ਦਿੱਤੀਆਂ
ਭਾਰਤ, ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਲ ਹੋਇਆ ਜਿੱਥੇ ਡਰਾਇਵਰਲੈੱਸ ਮੈਟਰੋ ਚਲਦੀ ਹੈ: ਪ੍ਰਧਾਨ ਮੰਤਰੀ

Posted On: 28 DEC 2020 12:26PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਕਾਨਫਰੰਸ ਜ਼ਰੀਏ ਦਿੱਲੀ ਮੈਟਰੋ ਦੀ ਮੈਜੈਂਟਾ ਲਾਈਨ ‘ਤੇ ਭਾਰਤ ਦੇ ਪਹਿਲੇ ਡਰਾਇਵਰਲੈੱਸ ਟ੍ਰੇਨ ਅਪਰੇਸ਼ਨਸ ਦਾ ਉਦਘਾਟਨ ਕੀਤਾ। ਅੱਜ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ, ਜੋ ਕਿ ਪਿਛਲੇ ਸਾਲ ਅਹਿਮਦਾਬਾਦ ਵਿੱਚ ਸ਼ੁਰੂ ਕੀਤਾ ਗਿਆ, ਦਾ ਵਿਸਤਾਰ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ ਤੱਕ ਕੀਤਾ ਗਿਆ। ਇਸ ਮੌਕੇ ’ਤੇ ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਮੁੱਖ ਮੰਤਰੀ, ਸ਼੍ਰੀ ਅਰਵਿੰਦ ਕੇਜਰੀਵਾਲ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਅੱਜ ਦੇ ਆਯੋਜਨ ਨੂੰ ਸ਼ਹਿਰੀ ਵਿਕਾਸ ਦਾ ਭਵਿੱਖ  ਤਿਆਰ ਕਰਨ ਦੀ ਇੱਕ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਲਈ ਦੇਸ਼ ਨੂੰ ਤਿਆਰ ਕਰਨਾ ਸ਼ਾਸਨ ਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਤੱਥ 'ਤੇ ਦੁਖ ਪ੍ਰਗਟਾਇਆ ਕਿ ਕੁਝ ਦਹਾਕੇ ਪਹਿਲਾਂ, ਜਦੋਂ ਕਿ ਸ਼ਹਿਰੀਕਰਨ ਦੀ ਮੰਗ ਮਹਿਸੂਸ ਕੀਤੀ ਗਈ ਸੀ, ਭਵਿੱਖ ਦੀਆਂ ਜ਼ਰੂਰਤਾਂ ਵੱਲ ਵਧੇਰੇ ਧਿਆਨ ਨਹੀਂ ਦਿੱਤਾ ਗਿਆ, ਅੱਧੇ-ਅਧੂਰੇ ਕੰਮ ਕੀਤੇ ਗਏ ਅਤੇ ਭਰਮ ਦੀ ਸਥਿਤੀ ਬਣੀ ਰਹੀ। ਉਨ੍ਹਾਂ ਕਿਹਾ ਕਿ ਇਸ ਦੇ ਉਲਟ, ਆਧੁਨਿਕ ਸੋਚ ਇਹ ਕਹਿੰਦੀ ਹੈ ਕਿ ਸ਼ਹਿਰੀਕਰਨ ਨੂੰ ਇੱਕ ਚੁਣੌਤੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਬਲਕਿ ਇਸ ਦਾ ਦੇਸ਼ ਵਿੱਚ ਬਿਹਤਰ ਬੁਨਿਆਦੀ ਢਾਂਚੇ  ਦੇ ਨਿਰਮਾਣ ਲਈ ਇੱਕ ਮੌਕੇ ਵਜੋਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ, ਇੱਕ ਅਜਿਹਾ ਮੌਕਾ ਜਿਸ ਰਾਹੀਂ ਅਸੀਂ ਈਜ਼ ਆਵ੍ ਲਿਵਿੰਗ ਨੂੰ ਵਧਾ ਸਕਦੇ ਹਾਂ।ਉਨ੍ਹਾਂ ਕਿਹਾ ਕਿ ਸੋਚ ਦਾ ਇਹ ਫ਼ਰਕ ਹੁਣ ਸ਼ਹਿਰੀਕਰਨ ਦੇ ਹਰ ਆਯਾਮ ਵਿੱਚ ਨਜ਼ਰ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ 2014 ਵਿੱਚ ਸਿਰਫ 5 ਸ਼ਹਿਰਾਂ ਵਿੱਚ ਹੀ ਮੈਟਰੋ ਰੇਲ ਸੀ ਅਤੇ ਅੱਜ 18 ਸ਼ਹਿਰਾਂ ਵਿੱਚ ਮੈਟਰੋ ਰੇਲ ਉਪਲਬਧ ਹੈ। ਸਾਲ 2025 ਤੱਕ, ਅਸੀਂ ਇਸ ਦਾ 25 ਤੋਂ ਵੱਧ ਸ਼ਹਿਰਾਂ ਵਿੱਚ ਵਿਸਤਾਰ ਕਰਨ ਜਾ ਰਹੇ ਹਾਂ। ਸਾਲ 2014 ਵਿੱਚ, ਦੇਸ਼ ਵਿੱਚ ਸਿਰਫ 248 ਕਿਲੋਮੀਟਰ ਮੈਟਰੋ ਲਾਈਨਾਂ ਹੀ ਅਪ੍ਰੇਸ਼ਨਲ ਸਨ ਅਤੇ ਅੱਜ ਤਕਰੀਬਨ ਤਿੰਨ ਗੁਣਾ ਵੱਧ ਹਨ ਯਾਨੀ 700 ਕਿਲੋਮੀਟਰ ਤੋਂ ਵੀ ਜ਼ਿਆਦਾ। ਸਾਲ 2025 ਤੱਕ, ਅਸੀਂ ਇਸ ਦਾ 1700 ਕਿਲੋਮੀਟਰ ਤੱਕ ਵਿਸਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ ਅੰਕੜੇ ਨਹੀਂ ਹਨ, ਇਹ ਕਰੋੜਾਂ ਭਾਰਤੀਆਂ ਦੇ ਜੀਵਨ ਵਿੱਚ ਈਜ਼ ਆਵ੍ ਲਿਵਿੰਗ ਦੇ ਸਬੂਤ ਹਨ। ਇਹ ਸਿਰਫ ਇੱਟ ਅਤੇ ਪੱਥਰ, ਕੰਕਰੀਟ ਅਤੇ ਲੋਹੇ ਨਾਲ ਬਣੇ ਬੁਨਿਆਦੀ ਢਾਂਚੇ ਹੀ ਨਹੀਂ ਹਨ, ਬਲਕਿ ਦੇਸ਼ ਦੇ ਮੱਧ ਵਰਗ, ਦੇਸ਼ ਦੇ ਨਾਗਰਿਕਾਂ ਦੀਆਂ ਆਕਾਂਖਿਆਵਾਂ ਦੀ ਪੂਰਤੀ ਦਾ ਸਬੂਤ ਹਨ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਨੇ ਪਹਿਲੀ ਵਾਰ ਮੈਟਰੋ ਨੀਤੀ ਤਿਆਰ ਕੀਤੀ ਅਤੇ ਇਸ ਨੂੰ ਸਰਬਪੱਖੀ ਰਣਨੀਤੀ ਨਾਲ ਲਾਗੂ ਕੀਤਾ ਹੈ। ਸਥਾਨਕ ਮੰਗਾਂ ਅਨੁਸਾਰ ਕੰਮ ਕਰਨ, ਸਥਾਨਕ ਮਿਆਰਾਂ ਨੂੰ ਉਤਸ਼ਾਹਿਤ ਕਰਨ, ਮੇਕ ਇਨ ਇੰਡੀਆ ਦੇ ਵਿਸਤਾਰ ਅਤੇ ਆਧੁਨਿਕ ਟੈਕਨਾਲੋਜੀ ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਮੈਟਰੋ ਦਾ ਵਿਸਤਾਰ, ਆਵਾਜਾਈ ਦੇ ਆਧੁਨਿਕ ਸਾਧਨਾਂ ਦਾ ਉਪਯੋਗ ਸ਼ਹਿਰ ਦੇ ਲੋਕਾਂ ਅਤੇ ਉੱਥੋਂ ਦੀ ਪੇਸ਼ੇਵਰ ਜੀਵਨ ਸ਼ੈਲੀ ਦੀਆਂ ਜ਼ਰੂਰਤਾਂ ਅਨੁਸਾਰ ਕੀਤਾ ਜਾਵੇ। ਇਹੀ ਕਾਰਨ ਹੈ ਕਿ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਕਿਸਮਾਂ ਦੀ ਮੈਟਰੋ ਰੇਲ 'ਤੇ ਕੰਮ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਵਿਵਿਧ ਪ੍ਰਕਾਰ ਦੀ ਮੈਟਰੋ ਰੇਲ ਨੂੰ ਸੂਚੀਬੱਧ ਕੀਤਾ ਜਿਸ ’ਤੇ ਕਿ ਕੰਮ ਚਲ ਰਿਹਾ ਹੈ। ਦਿੱਲੀ ਅਤੇ ਮੇਰਠ ਦਰਮਿਆਨ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿੱਲੀ ਅਤੇ ਮੇਰਠ ਦੀ ਦੂਰੀ ਨੂੰ ਇੱਕ ਘੰਟੇ ਤੋਂ ਵੀ ਘੱਟ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਯਾਤਰੀਆਂ ਦੀ ਗਿਣਤੀ ਘੱਟ ਹੈ, ਉਥੇ ਮੈਟਰੋਲਾਈਟ ਵਰਜ਼ਨ ’ਤੇ ਕੰਮ ਕੀਤਾ ਜਾ ਰਿਹਾ ਹੈ। ਆਮ ਮੈਟਰੋ ਦੀ 40 ਪ੍ਰਤੀਸ਼ਤ ਕੀਮਤ 'ਤੇ ਮੈਟਰੋਲਾਈਟ ਵਰਜ਼ਨ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਟਰੋਨਿਓ ਉੱਤੇ ਉਨ੍ਹਾਂ ਸ਼ਹਿਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਸਵਾਰੀਆਂ ਘੱਟ ਹਨ। ਇਸ ਦਾ ਆਮ ਮੈਟਰੋ ਦੀ25 ਪ੍ਰਤੀਸ਼ਤ ਲਾਗਤ ਨਾਲ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਵਾਟਰ ਮੈਟਰੋ ਅਲੱਗ ਸੋਚ ਵਾਲੀ ਹੋਵੇਗੀ। ਜਿਨ੍ਹਾਂ ਸ਼ਹਿਰਾਂ ਵਿੱਚ ਵੱਡੇ ਜਲ ਸੰਸਾਧਨ ਹਨ, ਉੱਥੇ ਵਾਟਰ ਮੈਟਰੋ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਆਈਲੈਂਡਸ ਕੋਲ ਰਹਿਣ ਵਾਲੇ ਲੋਕਾਂ ਨੂੰ ਅੰਤਿਮ ਮੀਲ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਟਰੋ ਅੱਜ ਜਨਤਕ ਆਵਾਜਾਈ ਦਾ ਮਾਧਿਅਮ ਹੀ ਨਹੀਂ ਰਹੀ ਬਲਕਿ ਪ੍ਰਦੂਸ਼ਣ ਨੂੰ ਘਟਾਉਣ ਦਾ ਇੱਕ ਸ਼ਾਨਦਾਰ ਤਰੀਕਾ ਹੈ। ਹਜ਼ਾਰਾਂ ਵਾਹਨ, ਜੋ ਪ੍ਰਦੂਸ਼ਣ ਅਤੇ ਜਾਮ ਦਾ ਕਾਰਨ ਬਣਦੇ ਸਨ,  ਮੈਟਰੋ ਨੈੱਟਵਰਕ ਦੇ ਕਾਰਨ ਸੜਕ ਤੋਂ ਹਟ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿਮੈਟਰੋ ਸੇਵਾਵਾਂ ਦੇ ਵਿਸਤਾਰ ਲਈ ਮੇਕ ਇਨ ਇੰਡੀਆ ਮਹੱਤਵਪੂਰਨ ਹੈ। ਮੇਕ ਇਨ ਇੰਡੀਆ ਨਾਲ  ਲਾਗਤਾਂ ਘਟਦੀਆਂ ਹਨ, ਵਿਦੇਸ਼ੀ ਮੁਦਰਾ ਦੀ ਬਚਤ ਹੁੰਦੀ ਹੈ, ਅਤੇ ਖੁਦ ਦੇਸ਼ ਦੇ ਲੋਕਾਂ ਨੂੰ ਵਧੇਰੇ ਰੋਜ਼ਗਾਰ ਮਿਲਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੋਲਿੰਗ ਸਟੌਕ ਦਾ ਮਿਆਰੀਕਰਨ ਕਰਨ ਨਾਲ ਹਰ ਕੋਚ ਦੀ ਕੀਮਤ ਹੁਣ 12 ਕਰੋੜ ਤੋਂ ਘਟ ਕੇ 8 ਕਰੋੜ ਹੋ ਗਈ ਹੈ। ਅੱਜ ਦੇਸ਼ ਵਿੱਚ ਚਾਰ ਵੱਡੀਆਂ ਕੰਪਨੀਆਂ ਮੈਟਰੋ ਕੋਚ ਤਿਆਰ ਕਰ ਰਹੀਆਂ ਹਨ ਅਤੇ ਦਰਜਨਾਂ ਕੰਪਨੀਆਂ ਮੈਟਰੋ ਕੰਪੋਨੈਂਟਾਂ ਦੇ ਨਿਰਮਾਣ ਵਿੱਚ ਜੁਟੀਆਂ ਹੋਈਆਂ ਹਨ। ਇਸ ਦੇ ਕਾਰਨ ਮੇਕ ਇਨ ਇੰਡੀਆ ਦੇ ਨਾਲ-ਨਾਲ ਆਤਮ-ਨਿਰਭਰ ਭਾਰਤ  ਮੁਹਿੰਮ ਵਿੱਚ ਵੀ ਸਹਾਇਤਾ ਮਿਲ ਰਹੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾ ਡਰਾਇਵਰ ਵਾਲੀ ਮੈਟਰੋ ਰੇਲ ਦੀ ਪ੍ਰਾਪਤੀ  ਨਾਲ, ਸਾਡਾ ਦੇਸ਼ ਵਿਸ਼ਵ  ਦੇ ਉਨ੍ਹਾਂ ਚੋਣਵੇਂ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ ਹੈ ਜਿੱਥੇ ਅਜਿਹੀਆਂ ਸੁਵਿਧਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇੱਕ ਅਜਿਹੇ ਬ੍ਰੇਕਿੰਗ ਸਿਸਟਮ, ਜਿਸ ਵਿੱਚ ਬ੍ਰੇਕ ਲਗਾਉਣ ’ਤੇ 50%  ਊਰਜਾ ਗਰਿੱਡ ਵਿੱਚ ਵਾਪਸ ਚਲੀ ਜਾਂਦੀ ਹੈ, ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਅੱਜ ਮੈਟਰੋ ਰੇਲ ਵਿੱਚ 130 ਮੈਗਾਵਾਟ ਸੋਲਰ ਊਰਜਾ ਦਾਉਪਯੋਗ ਕੀਤਾ ਜਾ ਰਿਹਾ ਹੈ, ਜਿਸ ਨੂੰ ਵਧਾ ਕੇ 600 ਮੈਗਾਵਾਟ ਕਰ ਦਿੱਤਾ ਜਾਵੇਗਾ।

 

ਕਾਮਨ ਮੋਬਿਲਿਟੀ ਕਾਰਡ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕੀਕਰਨ ਦੇ ਲਈ ਇੱਕੋ ਜਿਹੇ ਮਾਪਦੰਡ ਅਤੇ ਸੁਵਿਧਾਵਾਂ ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। ਰਾਸ਼ਟਰੀ ਪੱਧਰ 'ਤੇ ਕੌਮਨ ਮੋਬਿਲਿਟੀ ਕਾਰਡ, ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ। ਯਾਤ੍ਰੀ ਕਿਤੇ ਵੀ ਜਾਣ, ਕਿਸੇ ਵੀ ਜਨਤਕ ਟ੍ਰਾਂਸਪੋਰਟ ’ਤੇ ਜਾਣ, ਇਹ ਇੱਕ ਕਾਰਡ ਉਨ੍ਹਾਂ ਨੂੰ ਏਕੀਕ੍ਰਿਤ ਪਹੁੰਚ ਪ੍ਰਦਾਨ ਕਰੇਗਾ।

 

ਕਾਮਨ ਮੋਬਿਲਿਟੀ ਕਾਰਡ ਦੀ ਮਿਸਾਲ ਲੈਂਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਸਿਸਟਮ ਨੂੰ ਏਕੀਕ੍ਰਿਤ ਕਰਨ ਦੀ ਪ੍ਰਕਿਰਿਆ 'ਤੇ ਜ਼ੋਰ ਦਿੱਤਾ। ਸਿਸਟਮਸ ਦੇ ਅਜਿਹੇ ਏਕੀਕਰਨ ਦੇ ਮਾਧਿਅਮ ਨਾਲ, ਦੇਸ਼ ਦੀ ਤਾਕਤ ਦਾ ਵਧੇਰੇ ਤਾਲਮੇਲ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਉਪਯੋਗ ਕੀਤਾ ਜਾ ਰਿਹਾ ਹੈ।ਸ਼੍ਰੀ ਮੋਦੀ ਨੇ ਕਿਹਾ, “ਇੱਕ ਰਾਸ਼ਟਰ, ਇੱਕ ਮੋਬਿਲਿਟੀ ਕਾਰਡ ਦੀ ਤਰ੍ਹਾਂ, ਸਾਡੀ ਸਰਕਾਰ ਨੇ ਪਿਛਲੇ ਸਾਲਾਂ ਦੌਰਾਨ ਦੇਸ਼ ਦੀਆਂ ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਲਈ ਕਈ ਕੰਮ ਕੀਤੇ ਹਨ।”

 

ਵੰਨ ਨੇਸ਼ਨ, ਵੰਨ ਫਾਸਟੈਗ ਨੇ ਦੇਸ਼ ਭਰ ਦੇ ਰਾਜਮਾਰਗਾਂ 'ਤੇ ਯਾਤਰਾ ਸਹਿਜ ਬਣਾ ਦਿੱਤੀ ਹੈ। ਇਸ ਨੇ ਯਾਤਰੀਆਂ ਨੂੰ ਜਾਮ ਅਤੇ ਦੇਰੀ ਤੋਂ ਰਾਹਤ ਪ੍ਰਦਾਨ ਕੀਤੀ ਹੈ। ਵੰਨ ਨੇਸ਼ਨ, ਵੰਨ ਟੈਕਸ ਯਾਨੀ ਜੀਐੱਸਟੀ ਨੇ ਟੈਕਸ ਪ੍ਰਣਾਲੀ ਦੀਆਂ ਪੇਚੀਦਗੀਆਂ ਨੂੰ ਖਤਮ ਕਰ ਦਿੱਤਾ ਹੈ ਅਤੇ ਅਸਿੱਧੇ ਟੈਕਸ ਦੀ ਪ੍ਰਣਾਲੀ ਵਿੱਚ ਇਕਸਾਰਤਾ ਲਿਆ ਦਿੱਤੀ ਹੈ। ਇੱਕ ਰਾਸ਼ਟਰ, ਇੱਕ ਪਾਵਰ ਗਰਿੱਡ, ਦੇਸ਼ ਦੇ ਹਰ ਹਿੱਸੇ ਵਿੱਚ ਉਚਿਤ ਅਤੇ ਨਿਰੰਤਰ ਬਿਜਲੀ ਉਪਲਬਧਤਾ ਨੂੰ ਸੁਨਿਸ਼ਚਿਤ ਕਰ ਰਿਹਾ ਹੈ। ਬਿਜਲੀ ਦਾ ਨੁਕਸਾਨ ਘੱਟ ਹੁੰਦਾ ਹੈ।

ਵੰਨ ਨੇਸ਼ਨ, ਵੰਨ ਗੈਸ ਗ੍ਰਿੱਡ ਦੇ ਨਾਲ,  ਉਨ੍ਹਾਂ ਹਿੱਸਿਆਂ ਵਿੱਚ ਨਿਰਵਿਘਨ ਗੈਸ ਕਨੈਕਟੀਵਿਟੀ ਨੂੰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਜਿੱਥੇ ਗੈਸ ਅਧਾਰਿਤ ਜੀਵਨ ਅਤੇ ਅਰਥਵਿਵਸਥਾ ਪਹਿਲਾਂ ਸੁਪਨਾ ਹੋਇਆ ਕਰਦੀ ਸੀ।ਇੱਕ ਰਾਸ਼ਟਰ, ਇੱਕ ਸਿਹਤ ਬੀਮਾ ਯੋਜਨਾ ਅਰਥਾਤ ਆਯੁਸ਼ਮਾਨ ਭਾਰਤ, ਜਿਸ ਰਾਹੀਂ ਭਾਰਤ ਦੇ ਲੱਖਾਂ ਲੋਕ ਦੇਸ਼ ਵਿੱਚ ਕਿਤੇ ਵੀ ਬੈਠੇ ਲਾਭ ਲੈ ਰਹੇ ਹਨ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਣ ਵਾਲੇ ਨਾਗਰਿਕਾਂ ਨੂੰ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦੇ ਜ਼ਰੀਏ, ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮੁਸੀਬਤ ਤੋਂ ਮੁਕਤੀ ਮਿਲੀ ਹੈ, ਇਸੇ ਤਰ੍ਹਾਂ ਨਵੇਂ ਖੇਤੀਬਾੜੀ ਸੁਧਾਰਾਂ ਅਤੇ ਈ-ਨਾਮ ਵਰਗੀ ਵਿਵਸਥਾ ਦੇ ਕਾਰਨ ਦੇਸ਼ ਇੱਕ ਰਾਸ਼ਟਰ, ਇੱਕ ਖੇਤੀਬਾੜੀ ਮਾਰਕਿਟ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। 

***

ਡੀਐੱਸ/ ਏਕੇ



(Release ID: 1684171) Visitor Counter : 181