ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਅਤੇ ਈਸਟਰਨ ਡੈਡੀਕੇਟੇਡ ਫਰੇਟ ਕੌਰੀਡੋਰ ਦੇ ਅਪਰੇਸ਼ਨਲ ਕੰਟਰੋਲ ਸੈਂਟਰ ਦਾ 29 ਦਸੰਬਰ ਨੂੰ ਉਦਘਾਟਨ ਕਰਨਗੇ

Posted On: 27 DEC 2020 3:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਦਸੰਬਰ, 2020 ਨੂੰ ਸਵੇਰੇ 11 ਵਜੇ ਵੀਡਿਓ ਕਾਨਫਰੰਸਿੰਗ ਜ਼ਰੀਏ ਪੂਰਬੀ ਡੈਡੀਕੇਟੇਡ ਫਰੇਟ ਕੌਰੀਡੋਰ (ਈਡੀਐੱਸੀ) ਦੇ ‘ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ’ ਦਾ ਉਦਘਾਟਨ ਕਰਨਗੇ। ਇਸ ਆਯੋਜਨ ਦੌਰਾਨ ਪ੍ਰਧਾਨ ਮੰਤਰੀ ਪ੍ਰਯਾਗਰਾਜ ਵਿੱਚ ਈਡੀਐੱਫਸੀ ਦੇ ਅਪਰੇਸ਼ਨਲ ਕੰਟਰੋਲ ਸੈਂਟਰ (ਓਸੀਸੀ) ਦਾ ਵੀ ਉਦਘਾਟਨ ਕਰਨਗੇ। ਉੱਤਰ ਪ੍ਰਦੇਸ਼ ਦੀ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੀ ਇਸ ਅਵਸਰ ’ਤੇ ਮੌਜੂਦ ਰਹਿਣਗੇ।

 

ਈਡੀਐੱਫਸੀ ਦਾ 351 ਕਿਲੋਮੀਟਰ ਲੰਬਾ ਨਿਊ ਭਾਊਪੁਰ-ਨਿਊ ਖੁਰਜਾ ਸੈਕਸ਼ਨ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਅਤੇ ਇਸ ਨੂੰ 5,750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਸੈਕਸ਼ਨ ਸਥਾਨਕ ਉਦਯੋਗਾਂ ਜਿਵੇਂ ਅਲੂਮੀਨੀਅਮ ਉਦਯੋਗ (ਕਾਨਪੁਰ ਗ੍ਰਾਮੀਣ ਜ਼ਿਲ੍ਹੇ ਦਾ ਪੁਖਰਾਵਾਂ ਖੇਤਰ), ਡੇਅਰੀ ਖੇਤਰ (ਔਰੈਯਾ ਜ਼ਿਲ੍ਹਾ), ਕੱਪੜਾ ਉਤਪਾਦਨ/ਬਲਾਕ ਪ੍ਰਿਟਿੰਗ (ਇਟਾਵਾ ਜ਼ਿਲ੍ਹਾ), ਕੱਚ ਦੇ ਸਾਮਾਨ ਦੇ ਉਦਯੋਗ (ਫਿਰੋਜ਼ਾਬਾਦ ਜ਼ਿਲ੍ਹਾ), ਪੌਟਰੀ (ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ), ਹਿੰਗ ਉਤਪਾਦਨ (ਹਾਥਰਸ ਜ਼ਿਲ੍ਹਾ) ਅਤੇ ਤਾਲੇ ਅਤੇ ਹਾਰਡਵੇਅਰ (ਅਲੀਗੜ੍ਹ ਜ਼ਿਲ੍ਹਾ) ਲਈ ਨਵੇਂ ਮੌਕੇ ਖੋਲ੍ਹੇਗਾ। ਇਹ ਸੈਕਸ਼ਨ ਮੌਜੂਦਾ ਕਾਨਪੁਰ-ਦਿੱਲੀ ਮੁੱਖ ਲਾਈਨ ਤੋਂ ਵੀ ਭੀੜ ਘੱਟ ਕਰ ਦੇਵੇਗਾ ਅਤੇ ਭਾਰਤੀ ਰੇਲਵੇ ਨੂੰ ਤੇਜ਼ ਟ੍ਰੇਨਾਂ ਚਲਾਉਣ ਵਿੱਚ ਸਮਰੱਥ ਕਰੇਗਾ। 

 

ਪ੍ਰਯਾਗਰਾਜ ਵਿੱਚ ਇੱਕ ਅਤਿਆਧੁਨਿਕ ਅਪਰੇਸ਼ਨ ਕੰਟਰੋਲ ਸੈਂਟਰ (ਓਸੀਸੀ) ਈਡੀਐੱਫਸੀ ਦੇ ਪੂਰੇ ਰੂਟ ਲਈ ਕਮਾਂਡ ਸੈਂਟਰ ਦੇ ਰੂਪ ਵਿੱਚ ਕਾਰਜ ਕਰੇਗਾ। ਆਧੁਨਿਕ ਅੰਦਰੂਨੀ ਸਜਾਵਟ, ਕਿਰਤ ਕੁਸ਼ਲਤਾ ਸਬੰਧੀ ਡਿਜ਼ਾਈਨ ਅਤੇ ਸਰਬਸ੍ਰੇਸ਼ਠ ਧਵਨੀ ਵਿਗਿਆਨ ਨਾਲ ਓਸੀਸੀ ਵਿਸ਼ਵ ਪੱਧਰ ’ਤੇ ਆਪਣੇ ਪ੍ਰਕਾਰ ਦੀਆਂ ਸਭ ਤੋਂ ਵੱਡੀਆਂ ਸਰੰਚਨਾਵਾਂ ਵਿੱਚੋਂ ਇੱਕ ਹੈ। ਇਹ ਭਵਨ ਗ੍ਰਹਿ ਦੀ ਗ੍ਰੀਨ ਬਿਲਡਿੰਗ ਰੇਟਿੰਗ ਨਾਲ ਵਾਤਾਵਰਣ ਅਨੁਕੂਲ ਹੈ ਅਤੇ ਇਸ ਨੂੰ ‘ਸੁਗਮ ਭਾਰਤ ਅਭਿਯਾਨ’ ਦੇ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਹੈ।

 

ਈਸਟਰਨ ਡੈਡੀਕੇਟੇਡ ਫਰੇਟ ਕੌਰੀਡੋਰ (ਈਡੀਐੱਸੀ) ਬਾਰੇ

 

ਈਡੀਐੱਫਸੀ (1856 ਮਾਰਗ ਕਿਲੋਮੀਟਰ) ਲੁਧਿਆਣਾ (ਪੰਜਾਬ) ਕੋਲ ਸਾਹਨੇਵਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਰਾਜਾਂ ਤੋਂ ਲੰਘ ਕੇ ਪੱਛਮੀ ਬੰਗਾਲ ਦੇ ਦਨਕੁਨੀ ਵਿੱਚ ਖਤਮ ਹੁੰਦਾ ਹੈ। ਇਸ ਦਾ ਨਿਰਮਾਣ ਡੈਡੀਕੇਟੇਡ ਫਰੇਟ ਕੌਰੀਡੋਰ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਡੀਐੱਫਸੀਸੀਆਈਐੱਲ) ਵੱਲੋਂ ਕੀਤਾ ਜਾ ਰਿਹਾ ਹੈ ਜਿਸ ਨੂੰ ਡੈਡੀਕੇਟੇਡ ਫਰੇਟ ਕੌਰੀਡੋਰ ਦੇ ਨਿਰਮਾਣ ਅਤੇ ਸੰਚਾਲਨ ਲਈ ਇੱਕ ਵਿਸ਼ੇਸ਼ ਪ੍ਰਯੋਜਨ ਵਾਹਨ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ। ਡੀਐੱਫਸੀਸੀਆਈਐੱਲ ਪੱਛਮੀ ਡੈਡੀਕੇਟੇਡ ਫਰੇਟ ਕੌਰੀਡੋਰ (1504 ਮਾਰਗ ਕਿਲੋਮੀਟਰ) ਦਾ ਨਿਰਮਾਣ ਵੀ ਕਰ ਰਿਹਾ ਹੈ ਜੋ ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਵਿੱਚ ਜਵਾਹਰਲਾਲ ਨਹਿਰੂ ਪੋਰਟ ਨਾਲ ਜੋੜਦਾ ਹੈ ਅਤੇ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਰਾਜਾਂ ਤੋਂ ਲੰਘੇਗਾ।

 

*** 

 

ਡੀਐੱਸ/ਵੀਜੇ/ਏਕੇ



(Release ID: 1684044) Visitor Counter : 147