ਮੰਤਰੀ ਮੰਡਲ ਸਕੱਤਰੇਤ

ਕੈਬਨਿਟ ਸਕੱਤਰ ਨੇ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ ਬੈਠਕ ਦੀ ਪ੍ਰਧਾਨਗੀ ਕੀਤੀ

ਦੱਖਣੀ ਤਟਵਰਤੀ ਰਾਜਾਂ ਅਤੇ ਮੰਤਰਾਲਿਆਂ ਦੀ ਤਿਆਰੀ ’ਤੇ ਚਰਚਾ ਕੀਤੀ

ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਪੁਦੂਚੇਰੀ ਦੇ ਮੁੱਖ ਸਕੱਤਰਾਂ ਨੇ ਆਪਣੀਆਂ ਤਿਆਰੀਆਂ ਬਾਰੇ ਸੂਚਨਾ ਦਿੱਤੀ

Posted On: 23 NOV 2020 3:12PM by PIB Chandigarh

ਕੇਂਦਰੀ ਕੈਬਿਨਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਅੱਜ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਪੁਦੂਚੇਰੀ  ਦੇ ਮੁੱਖ ਸਕੱਤਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚੱਕਰਵਾਤ ਆਉਣ ਦੀ ਸਮੀਖਿਆ ਕਰਨ ਲਈ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ) ਦੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਪੁਦੂਚੇਰੀ ਦੇ ਮੁੱਖ ਸਕੱਤਰਾਂ ਨੇ ਐੱਨਸੀਐੱਮਸੀ ਨੂੰ ਉਨ੍ਹਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿਕਰ ਕੀਤਾ ਕਿ ਅਧਿਕਾਰੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਨ੍ਹਾਂ ਨੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਐੱਨਡੀਆਰਐੱਫ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਦੀ ਵੀ ਜਾਣਕਾਰੀ ਦਿੱਤੀ।

 

ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਵਰਤਮਾਨ ਸਥਿਤੀ ’ਤੇ ਪੇਸ਼ਕਾਰੀ ਦਿੱਤੀ ਅਤੇ ਜ਼ਿਕਰ ਕੀਤਾ ਕਿ ਸਬੰਧਿਤ ਰਾਜ ਸਰਕਾਰਾਂ ਦੇ ਨਾਲ ਸਥਿਤੀ ਸਾਂਝੀ ਕੀਤੀ ਜਾ ਰਹੀ ਹੈ।  ਉਨ੍ਹਾਂ ਨੇ ਜ਼ਿਕਰ ਕੀਤਾ ਕਿ ਆਉਣ ਵਾਲਾ ਚੱਕਰਵਾਤ 24 ਤੋਂ 26 ਨਵੰਬਰ, 2020 ਦੇ ਦਰਮਿਆਨ ਆਂਧਰ ਪ੍ਰਦੇਸ਼, ਤਮਿਲ ਨਾਡੂ ਅਤੇ ਪੁਦੂਚੇਰੀ  ਦੇ ਤਟਵਰਤੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।

 

ਕੈਬਨਿਟ ਸਕੱਤਰ ਨੇ ਜ਼ਿਕਰ ਕੀਤਾ ਕਿ ਸਾਡਾ ਸਾਰਿਆਂ ਦਾ ਟੀਚਾ ਲੋਕਾਂ ਦੀ ਜਾਨ ਬਚਾਉਣ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਆਮ ਸਥਿਤੀ ਦੀ ਜਲਦੀ ਬਹਾਲੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਸਥਿਤੀ ਦੇ ਅਨੁਸਾਰ ‘ਕੱਚੇ’ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਚਿਤ ਸਲਾਹ ਦਿੱਤੀ ਜਾ ਸਕਦੀ ਹੈ।

 

ਗ੍ਰਹਿ, ਊਰਜਾ, ਦੂਰਸੰਚਾਰ,  ਸਿਵਲ ਹਵਾਬਾਜ਼ੀ, ਜਹਾਜ਼ਰਾਨੀ, ਸਿਹਤ ਮੰਤਰਾਲੇ ਦੇ ਸਕੱਤਰਾਂ, ਰੇਲਵੇ ਬੋਰਡ ਦੇ ਚੇਅਰਮੈਨ, ਐੱਨਡੀਐੱਮਏ ਦੇ ਮੈਂਬਲ ਸਕੱਤਰ, ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੇ ਰੱਖਿਆ ਮੰਤਰਾਲੇ ਦੇ ਪ੍ਰਤੀਨਿਧੀ ਨੇ ਵੀ ਐੱਨਸੀਐੱਮਸੀ ਨੂੰ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਸਬੰਧਿਤ ਰਾਜਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। 

 

********

ਡੀਐੱਸ/ਐੱਸਕੇਐੱਸ



(Release ID: 1675190) Visitor Counter : 204