ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 24 ਅਕਤੂਬਰ ਨੂੰ ਗੁਜਰਾਤ ’ਚ ਤਿੰਨ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਗੁਜਰਾਤ ਦੇ ਕਿਸਾਨਾਂ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਗਿਰਨਾਰ ’ਚ ਰੋਪਵੇਅ ਦਾ ਉਦਘਾਟਨ ਕਰਨਗੇ
Posted On:
22 OCT 2020 5:21PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਕਤੂਬਰ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੁਜਰਾਤ ’ਚ ਤਿੰਨ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਗੁਜਰਾਤ ਦੇ ਕਿਸਾਨਾਂ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦਾ ਉਦਘਾਟਨ ਕਰਨਗੇ। ਉਹ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ’ਚ ਟੈਲੀ–ਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕਰਨਗੇ। ਉਹ ਇਸ ਮੌਕੇ ਗਿਰਨਾਰ ਵਿਖੇ ਇੱਕ ਰੋਪਵੇਅ ਦਾ ਵੀ ਉਦਘਾਟਨ ਕਰਨਗੇ।
ਕਿਸਾਨ ਸੂਰਯੋਦਯ ਯੋਜਨਾ
ਸਿੰਚਾਈ ਲਈ ਦਿਨ ਸਮੇਂ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਸ਼੍ਰੀ ਵਿਜੈ ਰੂਪਾਣੀ ਦੀ ਅਗਵਾਈ ਹੇਠਲੀ ਗੁਜਰਾਤ ਸਰਕਾਰ ਨੇ ਪਿੱਛੇ ਜਿਹੇ ‘ਕਿਸਾਨ ਸੂਰਯੋਦਯ ਯੋਜਨਾ’ ਦਾ ਐਲਾਨ ਕੀਤਾ ਸੀ। ਇਸ ਯੋਜਨਾ ਅਧੀਨ, ਕਿਸਾਨਾਂ ਨੂੰ ਸਵੇਰੇ 5 ਵਜੇ ਤੋਂ ਲੈ ਕੇ ਰਾਤੀਂ 9 ਵਜੇ ਤੱਕ ਬਿਜਲੀ ਸਪਲਾਈ ਕੀਤੀ ਜਾਵੇਗੀ। ਰਾਜ ਸਰਕਾਰ ਨੇ ਇਸ ਯੋਜਨਾ ਅਧੀਨ ਸਾਲ 2023 ਤੱਕ ਟ੍ਰਾਂਸਮਿਸ਼ਨ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ 3,500 ਕਰੋੜ ਰੁਪਏ ਰੱਖੇ ਹਨ। ਇਸ ਪ੍ਰੋਜੈਕਟ ਅਧੀਨ 220 ਕੇਵਲ ਸਬ–ਸਟੇਸ਼ਨਾਂ ਤੋਂ ਇਲਾਵਾ 3,490 ਸਰਕਟ ਕਿਲੋਮੀਟਰ (CKM) ਦੀ ਕੁੱਲ ਲੰਬਾਈ ਦੀਆਂ 234 ’66–ਕਿਲੋਵਾਟ’ ਟ੍ਰਾਂਸਮਿਸ਼ਨ ਲਾਈਨਾਂ ਸਥਾਪਿਤ ਕੀਤੀਆਂ ਜਾਣਗੀਆਂ।
ਸਾਲ 2020–21 ਲਈ ਇਸ ਯੋਜਨਾ ਅਧੀਨ ਦਾਹੌਦ, ਪਾਟਨ, ਮਾਹੀਸਾਗਰ, ਪੰਚਮਹਲ, ਛੋਟਾ ਉਦੈਪੁਰ, ਖੇੜਾ, ਤਾਪੀ, ਵਲਸਾੜ, ਆਨੰਦ ਤੇ ਗੀਰ–ਸੋਮਨਾਥ ਨੂੰ ਸ਼ਾਮਲ ਕੀਤਾ ਗਿਆ ਹੈ। ਬਾਕੀ ਦੇ ਜ਼ਿਲ੍ਹੇ ਸਾਲ 2022–23 ਤੱਕ ਪੜਾਅਵਾਰ ਢੰਗ ਨਾਲ ਕਵਰ ਕੀਤੇ ਜਾਣਗੇ।
ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਨਾਲ ਜੁੜਿਆ ਬੱਚਿਆਂ ਦਾ ਹਾਰਟ ਹਸਪਤਾਲ
ਪ੍ਰਧਾਨ ਮੰਤਰੀ ਯੂ.ਐੱਨ ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ’ਚ ਟੈਲੀ–ਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਉਦਘਾਟਨ ਕਰਨਗੇ। ਯੂ.ਐੱਨ. ਮਹਿਤਾ ਇੰਸਟੀਟਿਊਟ ਹੁਣ ਭਾਰਤ ਦਾ ਕਾਰਡੀਓਲੋਜੀ ਲਈ ਸਭ ਤੋਂ ਵੱਡਾ ਹਸਪਤਾਲ ਬਣ ਜਾਵੇਗਾ ਅਤੇ ਇਹ ਵਿਸ਼ਵ ਦੇ ਅਜਿਹੇ ਕੁਝ ਚੋਣਵੇਂ ਹਸਪਤਾਲਾਂ ਵਿੱਚੋਂ ਵੀ ਇੱਕ ਹੋਵੇਗਾ, ਜਿੱਥੇ ਵਿਸ਼ਵ–ਪੱਧਰੀ ਮੈਡੀਕਲ ਬੁਨਿਆਦੀ ਢਾਂਚਾ ਤੇ ਮੈਡੀਕਲ ਸੁਵਿਧਾਵਾਂ ਮਿਲਣਗੀਆਂ।
ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਹੁਣ 470 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਵਿਸਤਾਰ ਕਰ ਰਿਹਾ ਹੈ। ਇਹ ਵਿਸਤਾਰ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਇੱਥੇ ਬਿਸਤਰਿਆਂ ਦੀ ਗਿਣਤੀ 450 ਤੋਂ ਵਧ ਕੇ 1,251 ਹੋ ਜਾਵੇਗੀ। ਇਹ ਸੰਸਥਾਨ ਦੇਸ਼ ਦਾ ਸਭ ਤੋਂ ਵੱਡਾ ਸਿੰਗਲ ਸੁਪਰ ਸਪੈਸ਼ਿਐਲਿਟੀ ਕਾਰਡੀਅਕ ਟੀਚਿੰਗ ਇੰਸਟੀਟਿਊਟ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਸਿੰਗਲ ਸੁਪਰ ਸਪੈਸ਼ਿਐਲਿਟੀ ਕਾਰਡੀਅਕ ਹਸਪਤਾਲਾਂ ਵਿੱਚੋਂ ਇੱਕ ਵੀ ਬਣ ਜਾਵੇਗਾ।
ਇਹ ਇਮਾਰਤ ਭੂਚਾਲ–ਰੋਧਕ ਨਿਰਮਾਣ, ਅੱਗ–ਬੁਝਾਊ ਹਾਈਡ੍ਰੈਂਟ ਸਿਸਟਮ ਤੇ ਫ਼ਾਇਰ ਮਿਸਟ ਸਿਸਟਮ ਜਿਹੀਆਂ ਸੁਰੱਖਿਆ ਸਾਵਧਾਨੀਆਂ ਨਾਲ ਲੈਸ ਹੈ। ਇਸ ਖੋਜ ਕੇਂਦਰ ਵਿੱਚ ਭਾਰਤ ਦਾ ਪਹਿਲਾ ਅਡਵਾਂਸਡ ਕਾਰਡੀਅਕ ਆਈਸੀਯੂ ਆਨ ਵ੍ਹੀਲਸ, ਅਪਰੇਸ਼ਨ ਥੀਏਟਰ ਸਮੇਤ ਵੀ ਮੌਜੂਦ ਰਹੇਗਾ, ਜਿੱਥੇ ਪੂਰੀ ਹਵਾਦਾਰੀ, ਆਈਏਬੀਪੀ, ਹੈਮੋਡਾਇਲਾਇਸਿਸ, ਈਸੀਐੱਮਓ ਆਦਿ ਜਿਹੀਆਂ ਸੁਵਿਧਾਵਾਂ ਹੋਣਗੀਆਂ। ਇਸ ਸੰਸਥਾਨ ਵਿੱਚ 14 ਅਪਰੇਸ਼ਨ ਸੈਂਟਰ ਤੇ 7 ਕਾਰਡੀਅਕ ਕੈਥੀਟਰਾਈਜ਼ੇਸ਼ਨ ਲੈਬਸ ਵੀ ਸ਼ੁਰੂ ਕੀਤੀਆਂ ਜਾਣਗੀਆਂ।
ਗਿਰਨਾਰ ਰੋਪਵੇਅ
ਗੁਜਰਾਤ ਇੱਕ ਵਾਰ ਫਿਰ ਟੂਰਿਜ਼ਮ ਦੇ ਵਿਸ਼ਵ ਨਕਸ਼ੇ ਉੱਤੇ ਉੱਭਰੇਗਾ ਕਿਉਂਕਿ ਪ੍ਰਧਾਨ ਮੰਤਰੀ 24 ਅਕਤੂਬਰ, 2020 ਨੂੰ ਗਿਰਨਾਰ ਵਿਖੇ ਰੋਪਵੇਅ ਦਾ ਉਦਘਾਟਨ ਕਰਨਗੇ। ਪਹਿਲਾਂ, ਇੱਥੇ 25–30 ਕੈਬਿਨ ਹੋਣਗੇ ਤੇ ਹਰੇਕ ਕੈਬਿਨ ਦੀ ਸਮਰੱਥਾ 8 ਵਿਅਕਤੀਆਂ ਦੀ ਹੋਵੇਗੀ। 2.3 ਕਿਲੋਮੀਟਰ ਦੀ ਦੂਰੀ ਹੁਣ ਰੋਪਵੇਅ ਨਾਲ ਸਿਰਫ਼ 7.5 ਮਿੰਟਾਂ ਵਿੱਚ ਤਹਿ ਹੋਇਆ ਕਰੇਗੀ। ਇਸ ਦੇ ਨਾਲ ਹੀ ਇਸ ਰੋਪਵੇਅ ਰਾਹੀਂ ਗਿਰਨਾਰ ਪਹਾੜੀ ਦੇ ਆਲ਼ੇ–ਦੁਆਲ਼ੇ ਦੀਆਂ ਹਰਿਆਲੀ ਨਾਲ ਭਰਪੂਰ ਸੁੰਦਰ ਵਾਦੀਆਂ ਦੇਖਣ ਦਾ ਮੌਕਾ ਵੀ ਮਿਲੇਗਾ।
****
ਏਪੀ/ਪੀਐੱਮ
(Release ID: 1666834)
Visitor Counter : 229
Read this release in:
Urdu
,
Assamese
,
English
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam