ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਯੂਨੀਵਰਸਿਟੀ ਆਵ੍ ਮੈਸੂਰ ਦੀ ਸ਼ਤਾਬਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਢਾਂਚਾਗਤ ਸੁਧਾਰਾਂ ਉੱਤੇ ਖ਼ਾਸ ਜ਼ੋਰ ਦਿੱਤਾ ਗਿਆ ਸੀ: ਪ੍ਰਧਾਨ ਮੰਤਰੀ
‘ਰਾਸ਼ਟਰੀ ਸਿੱਖਿਆ ਨੀਤੀ’ ਵਿੱਦਿਅਕ ਖੇਤਰ ਦੇ ਸੁਧਾਰਾਂ ਨੂੰ ਨਵੀਂ ਦਿਸ਼ਾ ਤੇ ਨਵੀਂ ਤਾਕਤ ਦੇਵੇਗੀ: ਪ੍ਰਧਾਨ ਮੰਤਰੀ
ਦੇਸ਼ ਵਿੱਚ ਸਿੱਖਿਆ ਦੇ ਸਾਰੇ ਪੱਧਰਾਂ ਉੱਤੇ ਪੜ੍ਹਨ ਵਾਲੀਆਂ ਲੜਕੀਆਂ ਦਾ ਅਨੁਪਾਤ ਲੜਕਿਆਂ ਨਾਲੋਂ ਵੱਧ ਹੈ: ਪ੍ਰਧਾਨ ਮੰਤਰੀ
ਹੁਨਮੰਦੀ, ਮੁੜ–ਹੁਨਰਮੰਦੀ, ਹੁਨਰ ਵਿੱਚ ਵਾਧਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ: ਪ੍ਰਧਾਨ ਮੰਤਰੀ
Posted On:
19 OCT 2020 2:01PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਯੂਨੀਵਰਸਿਟੀ ਆਵ੍ ਮੈਸੂਰ ਦੀ ਸ਼ਤਾਬਦੀ ਕਨਵੋਕੇਸ਼ਨ 2020 ਨੂੰ ਸੰਬੋਧਨ ਕੀਤਾ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਆਵ੍ ਮੈਸੂਰ ਪ੍ਰਾਚੀਨ ਭਾਰਤ ਤੇ ਭਵਿੱਖ ਦੇ ਭਾਰਤ ਦੀਆਂ ਸਮਰੱਥਾਵਾਂ ਦੀ ਮਹਾਨ ਸਿੱਖਿਆ ਪ੍ਰਣਾਲੀ ਦਾ ਕੇਂਦਰ ਹੈ ਅਤੇ ਇਸ ਨੇ ‘ਰਾਜਾ–ਰਿਸ਼ੀ’ ਨਾਲਵੜੀ ਕ੍ਰਿਸ਼ਨਾਰਾਜਾ ਵੜੀਯਾਰ ਅਤੇ ਐੱਮ. ਵਿਸਵੇਸਵਰੱਯਾ ਜੀ ਦੀ ਦੂਰਅੰਦੇਸ਼ੀ ਨੂੰ ਵੇਖਿਆ ਹੈ।
ਉਨ੍ਹਾਂ ਇਸ ਯੂਨੀਵਰਸਿਟੀ ’ਚ ਪੜ੍ਹਾਉਂਦੇ ਰਹੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਜਿਹੀਆਂ ਹਸਤੀਆਂ ਦਾ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਾਈ ਦੁਆਰਾ ਹਾਸਲ ਕੀਤੇ ਗਿਆਨ ਦੀ ਵਰਤੋਂ ਆਪਣੇ ਅਸਲ ਜੀਵਨ ਦੇ ਵਿਭਿੰਨ ਪੜਾਵਾਂ ’ਚ ਕਰਨ। ਉਨ੍ਹਾਂ ਅਸਲ ਜੀਵਨ ਨੂੰ ਇੱਕ ਅਜਿਹੀ ਮਹਾਨ ਯੂਨੀਵਰਸਿਟੀ ਕਰਾਰ ਦਿੱਤਾ, ਜਿਹੜੀ ਗਿਆਨ ਦੀ ਵਿਵਹਾਰਕਤਾ ਦੇ ਵੱਖੋ–ਵੱਖਰੇ ਤਰੀਕੇ ਸਿਖਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਕੰਨੜ ਲੇਖਕ ਤੇ ਚਿੰਤਕ ਗੋਰੁਰੂ ਰਾਮਾਸਵਾਮੀ ਅਯੰਗਰ ਜੀ ਨੇ ਆਖਿਆ ਸੀ ਕਿ ‘ਸਿੱਖਿਆ ਜੀਵਨ ਦੇ ਔਖੇ ਸਮਿਆਂ ਵੇਲੇ ਸਦਾ ਮਾਰਗਦਰਸ਼ਨ ਕਰਦੀ ਹੈ।’
ਉਨ੍ਹਾਂ ਕਿਹਾ ਕਿ ਅਜਿਹੇ ਯਤਨ ਨਿਰੰਤਰ ਜਾਰੀ ਹਨ ਕਿ ਤਾਂ ਜੋ ਭਾਰਤ ਦੀ ਸਿੱਖਿਆ ਪ੍ਰਣਾਲੀ 21ਵੀਂ ਸਦੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ, ਇਸ ਪ੍ਰਣਾਲੀ ਵਿੱਚ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਢਾਂਚਾਗਤ ਸੁਧਾਰਾਂ ਉੱਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਉਚੇਰੀ ਸਿੱਖਿਆ ਲਈ ‘ਗਲੋਬਲ ਹੱਬ’ ਬਣਾਉਣ ਅਤੇ ਸਾਡੇ ਨੌਜਵਾਨਾਂ ਨੂੰ ਪ੍ਰਤੀਯੋਗੀ ਬਣਾਉਣ ਲਈ ਗੁਣਾਤਮਕ ਤੇ ਗਿਣਾਤਮਕ ਦੋਵੇਂ ਪੱਖੋਂ ਯਤਨ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ–ਪ੍ਰਾਪਤੀ ਦੇ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ 2014 ’ਚ ਦੇਸ਼ ਅੰਦਰ ਸਿਰਫ਼ 16 ਆਈਆਈਟੀ (IITs) ਸਨ। ਪਿਛਲੇ 6 ਸਾਲਾਂ ਦੌਰਾਨ, ਔਸਤਨ ਹਰ ਸਾਲ ਇੱਕ ਨਵੀਂ IIT ਖੋਲ੍ਹੀ ਗਈ ਹੈ। ਉਨ੍ਹਾਂ ਵਿੱਚੋਂ ਇੱਕ ਕਰਨਾਟਕ ਦੇ ਧਾਰਵਾੜ ’ਚ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਲ 2014 ’ਚ ਦੇਸ਼ ਅੰਦਰ ਸਿਰਫ਼ 9 ਆਈਆਈਟੀ, 13 ਆਈਆਈਐੱਮ (IIMs) ਅਤੇ 7 ਏਮਸ (AIIMS) ਸਨ। ਜਦ ਕਿ ਅਗਲੇ ਪੰਜ ਸਾਲਾਂ ਦੌਰਾਨ 16 ਆਈਆਈਆਈਟੀ (IIITs), 7 ਆਈਆਈਐੱਮ (IIMs) ਅਤੇ 8 ਏਮਸ (AIIMS) ਜਾਂ ਤਾਂ ਸਥਾਪਿਤ ਕੀਤੇ ਜਾ ਚੁੱਕੇ ਹਨ ਤੇ ਜਾਂ ਉਨ੍ਹਾਂ ਦੀ ਸਥਾਪਨਾ ਦੀ ਪ੍ਰਕਿਰਿਆ ਚਲ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5–6 ਸਾਲਾਂ ਦੌਰਾਨ ਉਚੇਰੀ ਸਿੱਖਿਆ ਵਿੱਚ ਸਰਕਾਰ ਦੇ ਜਤਨ ਸਿਰਫ਼ ਨਵੇਂ ਸੰਸਥਾਨ ਖੋਲ੍ਹਣ ਤੱਕ ਹੀ ਸੀਮਤ ਨਹੀਂ ਰਹੇ, ਬਲਕਿ ਇਨ੍ਹਾਂ ਸੰਸਥਾਨਾਂ ਦੇ ਸ਼ਾਸਨਾਂ ਵਿੱਚ ਸੁਧਾਰ ਵੀ ਕੀਤੇ ਗਏ ਹਨ, ਤਾਂ ਜੋ ਲਿੰਗਕ ਸਮਾਨਤਾ ਤੇ ਸਮਾਜਿਕ ਸਮਾਵੇਸ਼ ਯਕੀਨੀ ਹੋ ਸਕੇ। ਅਜਿਹੇ ਸੰਸਥਾਨਾਂ ਨੂੰ ਵਧੇਰੇ ਖ਼ੁਦਮੁਖਤਿਆਰੀ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਆਪਣੀਆਂ ਜ਼ਰੂਰਤਾਂ ਮੁਤਾਬਕ ਫ਼ੈਸਲੇ ਲੈ ਸਕਣ।
ਉਨ੍ਹਾਂ ਕਿਹਾ ਕਿ ਪਹਿਲਾਂ ਆਈਆਈਐੱਮ (IIM) ਕਾਨੂੰਨ ਨੇ ਦੇਸ਼ ਭਰ ਦੇ ਆਈਆਈਐੱਮ (IIMs) ਨੂੰ ਵਧੇਰੇ ਅਧਿਕਾਰ ਦਿੱਤੇ। ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਰਾਸ਼ਟਰੀ ਮੈਡੀਕਲ ਕਮਿਸ਼ਨ ਕਾਇਮ ਕੀਤਾ ਗਿਆ ਹੈ। ਹੋਮਿਓਪੈਥੀ ਤੇ ਹੋਰ ਭਾਰਤੀ ਮੈਡੀਕਲ ਅਭਿਆਸਾਂ ਵਿੱਚ ਸੁਧਾਰ ਲਿਆਣ ਲਈ ਦੋ ਨਵੇਂ ਕਾਨੂੰਨ ਵੀ ਲਾਗੂ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਖ਼ੁਸ਼ੀ ਪ੍ਰਗਟਾਈ ਕਿ ਦੇਸ਼ ਵਿੱਚ ਸਿੱਖਿਆ ਦੇ ਸਾਰੇ ਪੱਧਰਾਂ ਉੱਤੇ ਪੜ੍ਹਨ ਵਾਲੀਆਂ ਲੜਕੀਆਂ ਦੀ ਗਿਣਤੀ ਲੜਕਿਆਂ ਤੋਂ ਵੱਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ‘ਰਾਸ਼ਟਰੀ ਸਿੱਖਿਆ ਨੀਤੀ’ਸਮੁੱਚੇ ਵਿੱਦਿਅਕ ਖੇਤਰ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣ ਉੱਤੇ ਨਵਾਂ ਜ਼ੋਰ ਪਾਏਗੀ।
ਉਨ੍ਹਾਂ ਕਿਹਾ ਕਿ ‘ਰਾਸ਼ਟਰੀ ਸਿੱਖਿਆ ਨੀਤੀ’ ਬਹੁ–ਪਾਸਾਰੀ ਹੈ, ਤਾਂ ਜੋ ਸਾਡੇ ਨੌਜਵਾਨ ਇੱਕ ਲਚਕਦਾਰ ਤੇ ਢਲਣਯੋਗ ਵਿੱਦਿਅਕ ਪ੍ਰਣਾਲੀ ਜ਼ਰੀਏ ਪ੍ਰਤੀਯੋਗੀ ਬਣ ਸਕਣ। ਉਨ੍ਹਾਂ ਕਿਹਾ ਕਿ ਹੁਨਰਮੰਦੀ, ਮੁੜ–ਹੁਨਰਮੰਦੀ ਤੇ ਹੁਨਰਮੰਦੀ ਵਿੱਚ ਵਾਧਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਆਵ੍ ਮੈਸੂਰ ਕਿਉਂਕਿ ਦੇਸ਼ ਦੇ ਬਿਹਤਰੀਨ ਵਿੱਦਿਅਕ ਸੰਸਥਾਨਾਂ ਵਿੱਚੋਂ ਇੱਕ ਹੈ, ਇਸ ਲਈ ਯੂਨੀਵਰਸਿਟੀ ਨੂੰ ਨਵੀਂ ਉੱਭਰ ਰਹੀ ਸਥਿਤੀ ਅਨੁਸਾਰ ਨਵਾਚਾਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਇਸ ਸੰਸਥਾਨ ਨੂੰ ਬੇਨਤੀ ਕੀਤੀ ਕਿ ਉਹ ਇਨਕਿਊਬੇਸ਼ਨ ਕੇਂਦਰਾਂ, ਟੈਕਨੋਲੋਜੀ ਵਿਕਾਸ ਕੇਂਦਰਾਂ, ‘ਉਦਯੋਗ–ਅਕਾਦਮਿਕ ਖੇਤਰ ਸਬੰਧ’ ਅਤੇ ‘ਅੰਤਰ–ਅਨੁਸ਼ਾਸਨੀ ਖੋਜ’ ਉੱਤੇ ਧਿਆਨ ਕੇਂਦ੍ਰਿਤ ਕਰੇ। ਉਨ੍ਹਾਂ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਕਿ ਉਹ ਵਿਸ਼ਵ–ਪੱਧਰੀ ਤੇ ਸਮਕਾਲੀ ਮੁੱਦਿਆਂ ਦੇ ਨਾਲ–ਨਾਲ ਸਥਾਨਕ ਸੱਭਿਆਚਾਰ, ਸਥਾਨਕ ਕਲਾ ਤੇ ਹੋਰ ਸਮਾਜਿਕ ਮਸਲਿਆਂ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਵਿਅਕਤੀਗਤ ਸ਼ਕਤੀਆਂ ਦੇ ਆਧਾਰ ਉੱਤੇ ਆਪਣੀ ਕਾਰਗੁਜ਼ਾਰੀ ਨੂੰ ਸ਼ਾਨਦਾਰ ਬਣਾਉਣ।
****
ਵੀਆਰਆਰਕੇ/ਏਕੇ
(Release ID: 1665815)
Visitor Counter : 133
Read this release in:
English
,
Urdu
,
Marathi
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam