ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ‘ਖੁਰਾਕ ਅਤੇ ਖੇਤੀਬਾੜੀ ਸੰਗਠਨ’ ਦੀ 75ਵੀਂ ਵਰ੍ਹੇਗੰਢ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ

ਪ੍ਰਧਾਨ ਮੰਤਰੀ ਹਾਲ ਹੀ ਵਿੱਚ ਵਿਕਸਿਤ ਕੀਤੀਆਂ 8 ਫ਼ਸਲਾਂ ਦੀਆਂ 17 ਬਾਇਓਫ਼ੋਰਟੀਫ਼ਾਈਡ ਕਿਸਮਾਂ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ

Posted On: 14 OCT 2020 11:13AM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਅਕਤੂਬਰ, 2020 ਨੂੰ ‘ਖੁਰਾਕ ਅਤੇ ਖੇਤੀਬਾੜੀ ਸੰਗਠਨ’ (ਐੱਫਏਓ-FAO) ਦੀ 75ਵੀਂ ਵਰ੍ਹੇਗੰਢ ਮੌਕੇ ਐੱਫਏਓ ਨਾਲ ਭਾਰਤ ਦਾ ਪੁਰਾਣਾ ਸਬੰਧ ਦਰਸਾਉਣ ਲਈ 75 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕਰਨਗੇ। ਪ੍ਰਧਾਨ ਮੰਤਰੀ ਹਾਲ ਹੀ ਵਿੱਚ 8 ਫ਼ਸਲਾਂ ਦੀਆਂ ਵਿਕਸਿਤ ਕੀਤੀਆਂ ਬਾਇਓਫ਼ੋਰਟੀਫਾਈਡ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ।

 

ਇਹ ਸਮਾਰੋਹ ਸਰਕਾਰ ਦੁਆਰਾ ਖੇਤੀਬਾੜੀ ਤੇ ਪੋਸ਼ਣ ਨੂੰ ਦਿੱਤੀ ਉੱਚਤਮ ਤਰਜੀਹ ਨੂੰ ਦਰਸਾਉਂਦਾ ਹੈ ਅਤੇ ਇਹ ਭੁੱਖ, ਭੁੱਖਮਰੀ ਅਤੇ ਕੁਪੋਸ਼ਣ ਦਾ ਮੁਕੰਮਲ ਖ਼ਾਤਮਾ ਕਰਨ ਦੇ ਸੰਕਲਪ ਦਾ ਵੀ ਪ੍ਰਮਾਣ ਹੈ। ਇਸ ਸਮਾਰੋਹ ਨੂੰ ਸਮੁੱਚੇ ਦੇਸ਼ ਦੀਆਂ ਆਂਗਨਵਾੜੀਆਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਆਰਗੈਨਿਕ ਅਤੇ ਬਾਗ਼ਬਾਨੀ ਮਿਸ਼ਨਾਂ ਦੁਆਰਾ ਦੇਖਿਆ ਜਾਵੇਗਾ। ਕੇਂਦਰੀ ਖੇਤੀਬਾੜੀ ਮੰਤਰੀ, ਵਿੱਤ ਮੰਤਰੀ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਵੀ ਮੌਜੂਦ ਰਹਿਣਗੇ।

 

ਭਾਰਤ ਅਤੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ)

 

ਅਸੁਰੱਖਿਅਤ ਵਰਗਾਂ ਅਤੇ ਆਮ ਲੋਕਾਂ ਨੂੰ ਆਰਥਿਕ ਤੇ ਪੋਸ਼ਣ ਦੇ ਤੌਰ ਉੱਤੇ ਮਜ਼ਬੂਤ ਬਣਾਉਣ ਲਈ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੀ ਯਾਤਰਾ ਬੇਮਿਸਾਲ ਰਹੀ ਹੈ। ਭਾਰਤ ਦੇ ਐੱਫਏਓ ਨਾਲ ਇਤਿਹਾਸਿਕ ਨੇੜਤਾ ਰਹੀ ਹੈ। ਭਾਰਤੀ ਸਿਵਲ ਸਰਵਿਸ ਅਧਿਕਾਰੀ ਡਾ. ਬਿਨੈ ਰੰਜਨ ਸੇਨ 1956–57 ’ਚ ਐੱਫਏਓ ਦੇ ਡਾਇਰੈਕਟਰ ਜਨਰਲ ਰਹੇ ਹਨ। ‘’ਨੋਬਲ ਸ਼ਾਂਤੀ ਪੁਰਸਕਾਰ 2020 ਜਿੱਤਣ ਵਾਲੇ ‘ਵਰਲਡ ਫ਼ੂਡ ਪ੍ਰੋਗਰਾਮ’ ਦੀ ਸਥਾਪਨਾ ਉਨ੍ਹਾਂ ਦੇ ਹੀ ਸਮੇਂ ਹੋਈ ਸੀ। 2016 ’ਚ ‘ਦਾਲਾਂ ਦਾ ਅੰਤਰਰਾਸ਼ਟਰੀ ਵਰ੍ਹਾ’ ਅਤੇ 2023 ’ਚ ‘ਮੋਟੇ ਅਨਾਜਾਂ ਦਾ ਅੰਤਰਰਾਸ਼ਟਰੀ ਵਰ੍ਹਾ’ ਜਿਹੀਆਂ ਤਜਵੀਜ਼ਾਂ ਦੀ ਪ੍ਰੋੜ੍ਹਤਾ ਵੀ ਐੱਫਏਓ ਦੁਆਰਾ ਕੀਤੀ ਗਈ ਹੈ।  

 

ਕੁਪੋਸ਼ਣ ਦਾ ਮੁਕਾਬਲਾ

 

ਭਾਰਤ ਨੇ ਇੱਕ ਬੇਹੱਦ ਉਦੇਸ਼ ਮੁਖੀ ‘ਪੋਸ਼ਣ ਅਭਿਯਾਨ’ ਸ਼ੁਰੂ ਕੀਤਾ ਹੈ, ਜਿਸ ਦਾ ਟੀਚਾ 10 ਕਰੋੜ ਤੋਂ ਵੱਧ ਲੋਕਾਂ ਦੇ ਸਰੀਰਕ ਵਿਕਾਸ ਦੀ ਰੁਕਾਵਟ, ਭੁੱਖਮਰੀ ਖ਼ੂਨ ਦੀ ਕਮੀ ਅਤੇ ਨਵ–ਜਨਮੇ ਬੱਚੇ ਦੇ ਘੱਟ ਵਜ਼ਨ ਜਿਹੀਆਂ ਸਮੱਸਿਆਵਾਂ ਨੂੰ ਘਟਾਉਣਾ ਹੈ। ਕੁਪੋਸ਼ਣ ਸਮੁੱਚੇ ਵਿਸ਼ਵ ਦੀ ਸਮੱਸਿਆ ਹੈ ਅਤੇ ਦੋ ਅਰਬ ਤੋਂ ਵੱਧ ਲੋਕ ਸੂਖਮ ਕਿਸਮ ਦੇ ਪੋਸ਼ਕ ਤੱਤਾਂ ਦੀ ਘਾਟ ਤੋਂ ਪਰੇਸ਼ਾਨ ਹਨ। ਨਿੱਕੇ ਬੱਚਿਆਂ ਦੀਆਂ ਲਗਭਗ 45% ਮੌਤਾਂ ਸਿਰਫ਼ ਕੁਪੋਸ਼ਣ ਕਾਰਣ ਹੋ ਜਾਂਦੀਆਂ ਹਨ। ਇਹ ਵਾਜਬ ਤਰੀਕੇ ਸੰਯੁਕਤ ਰਾਸ਼ਟਰ (UN) ਦੇ 17 ਚਿਰ–ਸਥਾਈ ਵਿਕਾਸ ਟੀਚਿਆਂ ਵਿੱਚੋਂ ਇੱਕ ਵੀ ਹੈ।

 

ਅੰਤਰਰਾਸ਼ਟਰੀ ਤਰਜੀਹ ਦੇ ਮੱਦੇਨਜ਼ਰ ਪੋਸ਼ਕ ਤੱਤਾਂ ਨਾਲ ਭਰਪੂਰ ਫ਼ਸਲਾਂ ਦੀਆਂ ਅਜਿਹੀਆਂ ਕਿਸਮਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ – ਲੋਹਾ, ਜ਼ਿੰਕ, ਕੈਲਸ਼ੀਅਮ, ਸੰਪੂਰਨ ਪ੍ਰੋਟੀਨ, ਉੱਚ ਕਿਸਮ ਦੇ ਲਾਇਜ਼ੀਨ ਤੇ ਟ੍ਰਿਪਟੋਫ਼ੈਨ ਵਾਲੀ ਮਿਆਰੀ ਪ੍ਰੋਟੀਨ, ਐਂਥੋਸਿਆਨਿਨ, ਪ੍ਰੋਵਿਟਾਮਿਨ ਏ ਅਤੇ ਓਲੀਕ ਐਸਿਡ ਜਿਹੇ ਸੂਖਮ ਕਿਸਮ ਦੇ ਪੋਸ਼ਕ ਤੱਤ ਬਹੁਤ ਮਾਤਰਾ ਵਿੱਚ ਅਤੇ ਪੋਸ਼ਣ–ਵਿਰੋਧੀ ਤੱਤ ਘੱਟ ਹੁੰਦੇ ਹਨ ਅਤੇ ਸਰਕਾਰ ਇਨ੍ਹਾਂ ਨੂੰ ਉੱਚ ਤਰਜੀਹ ਦਿੰਦੀ ਰਹੀ ਹੈ। ‘ਭਾਰਤੀ ਖੇਤੀ ਖੋਜ ਪਰਿਸ਼ਦ’ (ICAR) ਦੀ ਅਗਵਾਈ ਹੇਠ ‘ਰਾਸ਼ਟਰੀ ਖੇਤੀ ਖੋਜ ਪ੍ਰਣਾਲੀ’ ਨੇ ਪਿਛਲੇ ਪੰਜ ਸਾਲਾਂ ਦੌਰਾਨ 53 ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਸਾਲ 2014 ਤੋਂ ਪਹਿਲਾਂ ਸਿਰਫ਼ ਇੱਕੋ ਬਾਇਓਫ਼ੋਰਟੀਫ਼ਾਈਡ ਕਿਸਮ ਸੀ।

 

ਭਾਰਤੀ ਥਾਲੀ ਦਾ ‘ਨਿਊਟ੍ਰੀ–ਥਾਲੀ’ ਵਜੋਂ ਕਾਇਆਕਲਪ

 

ਪ੍ਰਧਾਨ ਮੰਤਰੀ ਹਾਲ ਹੀ ਵਿੱਚ ਵਿਕਸਿਤ ਕੀਤੀਆਂ 8 ਫ਼ਸਲਾਂ ਦੀਆਂ 17 ਬਾਇਓਫ਼ੋਰਟੀਫ਼ਾਈਡ ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਨ੍ਹਾਂ ਦੀ ਪੋਸ਼ਣ ਕੀਮਤ 3.0 ਗੁਣਾ ਵੱਧ ਹੋਵੇਗੀ। ਚਾਵਲਾਂ ਦੀ ਸੀਆਰ (CR) ਧਾਨ 315 ਕਿਸਮ ਵਿੱਚ ਜ਼ਿੰਕ ਬਹੁਤਾਤ ਵਿੱਚ ਹੈ; ਕਣਕ ਦੀ HI 1633 ਕਿਸਮ ਵਿੱਚ ਪ੍ਰੋਟੀਨ, ਲੋਹਾ ਤੇ ਜ਼ਿੰਕ ਹੈ, HD 3298 ਪ੍ਰੋਟੀਨ ਤੇ ਲੋਹੇ ਨਾਲ ਭਰਪੂਰ ਹੈ ਅਤੇ DBW 3030 ਅਤੇ ਇੰਝ ਹੀ ਕਣਕ ਦੀ DDW 48 ਕਿਸਮ ਪ੍ਰੋਟੀਨ ਨਾਲ ਭਰਪੂਰ ਹੈ; ਮੱਕੀ ਦੀਆਂ ਲਾਢੋਵਾਲ ਗੁਣਵੱਤਾ ਪ੍ਰੋਟੀਨ ਹਾਈਬ੍ਰਿੱਡ 1, 2 ਅਤੇ 3 ਲਾਇਜ਼ੀਨ ਅਤੇ ਟ੍ਰਿਪਟੋਫ਼ੈਨ ਨਾਲ ਭਰਪੂਰ ਹਨ; ਜੌਂ ਤੇ ਬਾਜਰੇ ਦੇ ਮੋਟੇ ਅਨਾਜ ਦੀਆਂ CFMV1 ਅਤੇ 2 ਫ਼ਿੰਗਰ ਕਿਸਮਾਂ ਕੈਲਸ਼ੀਅਮ, ਲੋਹੇ ਤੇ ਜ਼ਿੰਕ ਨਾਲ ਭਰਪੂਰ ਹਨ; ਮੋਟੇ ਅਨਾਜ ਦੀ CLMV1 ਕਿਸਮ ਲੋਹੇ ਤੇ ਜ਼ਿੰਕ ਨਾਲ ਭਰਪੂਰ ਹੈ; ਪੂਸਾ ਸਰ੍ਹੋਂ 32 ਕਿਸਮ ਵਿੱਚ ਏਰੁਸਿਕ ਐਸਿਡ ਘੱਟ ਹੁੰਦਾ ਹੈ; ਮੂੰਗਫਲੀ ਦੀਆਂ ਗਿਰਨਾਰ 4 ਅਤੇ 5 ਕਿਸਮਾਂ ਵਿੱਚ ਓਲੀਕ ਐਸਿਡ ਨਾਲ ਭਰਪੂਰ ਹੈ ਅਤੇ ਯੈਮ ਕਿਸਮ ਸ਼੍ਰੀ ਨੀਲਿਮਾ ਤੇ DA 340 ਵਿੱਚ ਜ਼ਿੰਕ, ਲੋਹਾ ਤੇ ਐਂਥੋਸਿਆਨਿਨ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ।

 

ਅਨਾਜ ਦੇ ਹੋਰ ਤੱਤਾਂ ਸਮੇਤ ਇਹ ਕਿਸਮਾਂ ਆਮ ਭਾਰਤੀ ਥਾਲੀ ਦੀ ਕਾਇਆਕਲਪ ਕਰ ਕੇ ‘ਨਿਊਟ੍ਰੀ–ਥਾਲੀ’ ਵਿੱਚ ਤਬਦੀਲ ਕਰ ਦੇਣਗੀਆਂ। ਇਨ੍ਹਾਂ ਕਿਸਮਾਂ ਨੂੰ ਸਥਾਨਕ ਲੈਂਡ–ਰੇਸਜ਼ ਤੇ ਕਿਸਾਨ ਦੀਆਂ ਕਿਸਮਾਂ ਦਾ ਉਪਯੋਗ ਕਰਦਿਆਂ ਵਿਕਸਿਤ ਕੀਤਾ ਗਿਆ ਹੈ। ਜ਼ਿੰਕ ਦੀ ਵਧੇਰੇ ਮਾਤਰਾ ਵਾਲੇ ਚਾਵਲਾਂ ਨੂੰ ਗਾਰੋ ਪਹਾੜੀਆਂ ਤੋਂ ਇਕੱਠੇ ਕੀਤੇ ਆਸਾਮ ਦੇ ਚਾਵਲਾਂ ਅਤੇ ਗੁਜਰਾਤ ਦੇ ਡਾਂਗ ਜ਼ਿਲ੍ਹੇ ਤੋਂ ਇਕੱਠੇ ਕੀਤੇ ਫ਼ਿੰਗਰ ਮੋਟੇ ਅਨਾਜਾਂ ਨੂੰ ਲੈਂਡ–ਰੇਸਜ਼ ਰਾਹੀਂ ਵਿਕਸਿਤ ਕੀਤਾ ਗਿਆ ਹੈ।

 

ਆਈਸੀਏਆਰ (ICAR) ਨੇ ਪੋਸ਼ਣ–ਸੁਰਿੱਖਿਆ ਵਿੱਚ ਵਾਧਾ ਕਰਨ ਹਿਤ ਖੇਤੀਬਾੜੀ ਨੂੰ ਪੋਸ਼ਣ ਨਾਲ ਜੋੜਦਿਆਂ ਪਰਿਵਾਰਕ ਖੇਤੀ, ਨਿਊਟ੍ਰੀ–ਸਮਾਰਟ ਪਿੰਡਾਂ ਨੂੰ ਉਤਸ਼ਾਹਿਤ ਕਰਨ ਲਈ ‘ਨਿਊਟ੍ਰੀ–ਸੈਜ਼ਿਟਿਵ ਐਗਰੀਕਲਚਰਲ ਰੋਸੋਰਜ਼ ਐਂਡ ਇਨੋਵੇਸ਼ਨਸ’ (NARI) ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਅਤੇ ਜਗ੍ਹਾ ਵਿਸ਼ੇਸ਼ ਦੇ ਹਿਸਾਬ ਨਾਲ ਪੋਸ਼ਣ ਬਾਗ਼ਾਂ ਦੇ ਮਾਡਲ ਵਿਕਸਿਤ ਕੀਤੇ ਜਾ ਰਹੇ ਹਨ ਤੇ ਕਿਸਾਨ ਵਿਕਾਸ ਕੇਂਦਰਾਂ (KVKs) ਦੁਆਰਾ ਉਨ੍ਹਾਂ ਨੁੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਤਾਂ ਜੋ ਉਚਿਤ ਸਮੂਹਕ ਤੇ ਸੂਖਮ ਪੋਸ਼ਕ ਤੱਤਾਂ ਨਾਲ ਭਰਪੂਰ ਸਿਹਤਮੰਦ ਤੇ ਵਿਭਿੰਨ ਪ੍ਰਕਾਰ ਦੀ ਖ਼ੁਰਾਕ ਸਥਾਨਕ ਪੱਧਰ ਉੱਤੇ ਉਪਲਬਧ ਹੋ ਸਕੇ।

 

ਫ਼ਸਲਾਂ ਦੀਆਂ ਬਾਇਓ–ਫ਼ੋਰਟੀਫ਼ਾਈਡ ਕਿਸਮਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਕੁਪੋਸ਼ਣ ਘਟਾਉਣ ਅਤੇ ਕੁਦਰਤੀ ਪੋਸ਼ਕ ਤੱਤਾਂ ਨਾਲ ਭਰਪੂਰ ਅਨਾਜ ਜ਼ਰੀਏ ਭਾਰਤ ਨੂੰ ‘ਕੁਪੋਸ਼ਣ ਮੁਕਤ’ ਬਣਾਉਣ ਲਈ ਉਨ੍ਹਾਂ ਨੂੰ ਮਿਡ–ਡੇਅ ਮੀਲ, ਆਂਗਨਵਾੜੀਆਂ ਆਦਿ ਦੇ ਸਰਕਾਰੀ ਪ੍ਰੋਗਰਾਮਾਂ ਨਾਲ ਜੋੜਿਆ ਜਾਵੇਗਾ।  ਇਸ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ ਤੇ ਉੱਦਮਤਾ ਵਿਕਾਸ ਦੇ ਨਵੇਂ ਰਾਹ ਖੁੱਲ੍ਹਣਗੇ।

 

******

ਏਪੀ/ਐੱਸਐੱਚ


(Release ID: 1664275)