PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
02 AUG 2020 6:29PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ 51,255 ਮਰੀਜ਼ ਠੀਕ ਹੋਏ।
-
ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਲਗਭਗ 11.5 ਲੱਖ ਮਰੀਜ਼ ਠੀਕ ਹੋ ਚੁੱਕੇ ਹਨ।
-
ਬਿਮਾਰੀ ਤੋਂ ਠੀਕ ਹੋਣ ਦੀ ਦਰ ਵਧ ਕੇ 65.44% ਹੋ ਗਈ।
-
ਮੌਤ ਦਰ ਵਿੱਚ ਨਿਰੰਤਰ ਗਿਰਾਵਟ ਜਾਰੀ, 2.13% ‘ਤੇ ਆਈ।
-
ਭਾਰਤ ਵਿੱਚ ਹੁਣ ਐਕਟਿਵ ਕੇਸਾਂ ਦਾ ਹੀ ਅਸਲ ਭਾਰ ਹੈ ਅਤੇ ਵਰਤਮਾਨ ਵਿੱਚ ਐਕਟਿਵ ਕੇਸ ਕੁੱਲ ਕੇਸਾਂ (5,67,730) ਦਾ 32.43% ਹਿੱਸਾ ਹੈ।
-
ਡਾ. ਹਰਸ਼ ਵਰਧਨ ਨੇ SARS- COV-2 ਦੀ ਪਹਿਲੀ ਪੈਨ ਇੰਡੀਆ 1000 ਜੀਨੋਮ ਸੀਕੁਐਂਸਿੰਗ ਦੇ ਸਫ਼ਲਤਾਪੂਰਬਕ ਮੁਕੰਮਲ ਹੋਣ ਦਾ ਐਲਾਨ ਕੀਤਾ।
ਭਾਰਤ ਵਿੱਚ ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਅਧਿਕ 51,255 ਮਰੀਜ਼ ਠੀਕ ਹੋਏ; ਕੋਵਿਡ-19 ਬਿਮਾਰੀ ਤੋਂ ਹੁਣ ਤੱਕ ਲਗਭਗ 11.5 ਲੱਖ ਮਰੀਜ਼ ਠੀਕ ਹੋ ਚੁੱਕੇ ਹਨ; ਬਿਮਾਰੀ ਤੋਂ ਠੀਕ ਹੋਣ ਦੀ ਦਰ ਵਧ ਕੇ 65.44% ਹੋ ਗਈ; ਮੌਤ ਦਰ ਵਿੱਚ ਨਿਰੰਤਰ ਗਿਰਾਵਟ ਜਾਰੀ, 2.13% ‘ਤੇ ਆਈ
ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 51,000 ਤੋਂ ਅਧਿਕ ਮਰੀਜ਼ ਠੀਕ ਹੋਏ ਹਨ। 51,225 ਮਰੀਜ਼ਾਂ ਦੇ ਠੀਕ ਹੋਣ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਨਾਲ ਹੀ ਕੋਵਿਡ -19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਵਧ ਕੇ 11,45,629 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਦੌਰਾਨ ਹੁਣ ਤੱਕ ਸਭ ਤੋਂ ਅਧਿਕ ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਹੁਣ ਤੱਕ ਦੀ ਸਭ ਤੋਂ ਅਧਿਕ 65.44% ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਹੁਣ ਕੋਵਿਡ-19 ਦੇ ਅਧਿਕ ਤੋਂ ਅਧਿਕ ਮਰੀਜ਼ ਠੀਕ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਰਹੀ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਅਤੇ ਇਸ ਦੇ ਐਕਟਿਵ ਕੇਸਾਂ ਦੇ ਅੰਤਰ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਪਹਿਲੀ ਵਾਰ 10 ਜੂਨ 2020 ਨੂੰ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਇਸ ਦੇ ਐਕਟਿਵ ਕੇਸਾਂ ਦੀ ਸੰਖਿਆ ਤੋਂ 1,573 ਅਧਿਕ ਹੋਈ ਸੀ ਜੋ ਅੱਜ ਤੱਕ ਵਧ ਕੇ 5,77,899 ਹੋ ਗਈ ਹੈ। ਭਾਰਤ ਵਿੱਚ ਹੁਣ ਐਕਟਿਵ ਕੇਸਾਂ ਦਾ ਹੀ ਅਸਲ ਭਾਰ ਹੈ ਅਤੇ ਵਰਤਮਾਨ ਵਿੱਚ ਐਕਟਿਵ ਕੇਸ ਕੁੱਲ ਕੇਸਾਂ ( 5,67,730 ) ਦਾ 32.43% ਹਿੱਸਾ ਹੈ। ਸਾਰੇ ਐਕਟਿਵ ਮਾਮਲੇ ਹਸਪਤਾਲਾਂ ਵਿੱਚ ਅਤੇ ਘਰੇਲੂ ਆਈਸੋਲੇਸ਼ਨ ਵਿੱਚ ਮੈਡੀਕਲ ਦੇਖਰੇਖ ਵਿੱਚ ਹਨ।ਆਲਮੀ ਔਸਤ ਦੀ ਤੁਲਨਾ ਵਿੱਚ ਭਾਰਤ ਵਿੱਚ ਮੌਤ ਦਰ (ਸੀਐੱਫਆਰ) ਸਭ ਤੋਂ ਘੱਟ 2.13% ਹੈ।
https://pib.gov.in/PressReleseDetail.aspx?PRID=1642995
ਡਾ. ਹਰਸ਼ ਵਰਧਨ ਨੇ SARS- COV-2 ਦੀ ਪਹਿਲੀ ਪੈਨ ਇੰਡੀਆ 1000 ਜੀਨੋਮ ਸੀਕੁਐਂਸਿੰਗ ਦੇ ਸਫ਼ਲਤਾਪੂਰਬਕ ਮੁਕੰਮਲ ਹੋਣ ਦਾ ਐਲਾਨ ਕੀਤਾ
ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ SARS- CoV-2 ਦੇ ਪੈਨ–ਇੰਡੀਆ 1000 ਜੀਨੋਮ ਸੀਕੁਐਂਸਿੰਗ ਦੇ ਸਫ਼ਲਤਾਪੂਰਬਕ ਮੁਕੰਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT) ਨਾਲ ਬੈਠਕ ਦੌਰਾਨ ਡੀਬੀਟੀ, ਬਾਇਓਟੈਕਨੋਲੋਜੀ ਇੰਡਸਟ੍ਰੀ ਰੀਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ – BIRAC) ਅਤੇ ਡੀਬੀਟੀ ਦੇ ਖ਼ੁਦਮੁਖਤਿਆਰ ਸੰਸਥਾਨਾਂ (ਏਆਈਜ਼ – AIs) ਦੀਆਂ ਕੋਵਿਡ–19 ਨਾਲ ਸਬੰਧਿਤ ਗਤੀਵਿਧੀਆਂ ਦੀ ਸਮੀਖਿਆ ਕੀਤੀ।ਇਸ ਬੈਠਕ ਦੌਰਾਨ, ਡਾ. ਹਰਸ਼ ਵਰਧਨ ਨੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਰਿਕਾਰਡ ਸਮੇਂ ਅੰਦਰ ਸਥਾਪਿਤ ਕੋਵਿਡ–19 ਨੂੰ ਸਮਰਪਿਤ ਪੰਜ ਬਾਇਓਰੀਪੋਜ਼ਿਟ੍ਰੀਜ਼ ਦੇ ਸਭ ਤੋਂ ਵਿਸ਼ਾਲ ਨੈੱਟਵਰਕ ਦੀ ਸ਼ੁਰੂਆਤ ਵੀ ਕੀਤੀ ਤੇ ਉਹ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ – THSTI) ਫ਼ਰੀਦਾਬਾਦ, ਇੰਸਟੀਟਿਊਟ ਆਵ੍ ਲਾਈਫ਼ ਸਾਇੰਸਜ਼ (ਆਈਆਈਐੱਲਐੱਸ – IILS) ਭੂਬਨੇਸ਼ਵਰ, ਇੰਸਟੀਟਿਊਟ ਆਵ੍ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਆਈਐੱਲਬੀਐੱਸ – ILBS) ਨਵੀਂ ਦਿੱਲੀ, ਨੈਸ਼ਨਲ ਸੈਂਟਰ ਫ਼ਾਰ ਸੈੱਲ ਸਾਇੰਸਜ਼ (ਐੱਨਸੀਸੀਐੱਸ) ਪੁਣੇ ਅਤੇ ਇੰਸਟੀਟਿਊਟ ਫ਼ਾਰ ਸਟੈੱਮ ਸੈੱਲ ਸਾਇੰਸ ਐਂਡ ਰੀਜੈਨਰੇਟਿਵ ਮੈਡੀਸਨ (ਇਨ–ਸਟੈੱਮ) ਬੰਗਲੌਰ ’ਚ ਹਨ। ਉਨ੍ਹਾਂ ‘ਇਸ ਮਹਾਮਾਰੀ ਦਾ ਅਸਰ ਘਟਾਉਣ ਲਈ ਅਣਥੱਕ ਜੰਗ’ ਵਿੱਚ ਡੀਬੀਟੀ ਦੇ ਜਤਨਾਂ ਹਿਤ ਸ਼ੁਭਕਾਮਨਾਵਾਂ ਦਿੱਤੀਆਂ।
https://pib.gov.in/PressReleseDetail.aspx?PRID=1642869
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵ ਦੇ ਹੁਣ ਤੱਕ ਦੇ ਸਭ ਤੋਂ ਵਿਸ਼ਾਲ ਔਨਲਾਈਨ ਹੈਕਾਥੌਨ ਦੇ ਗ੍ਰੈਂਡ ਫ਼ਿਨਾਲੇ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ
‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਕਈ ਹੱਲ ਲੱਭਣ ਲਈ ਵਿਦਿਆਰਥੀ ਕੰਮ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਹੱਲ ਮੁਹੱਈਆ ਹੋਣ ਦੇ ਨਾਲ, ਡਾਟਾ, ਡਿਜੀਟਾਈਜ਼ੇਸ਼ਨ ਤੇ ਹਾਈ–ਟੈੱਕ ਭਵਿੱਖ ਬਾਰੇ ਭਵਿੱਖ ਦੀਆਂ ਆਸਾਂ ਵੀ ਮਜ਼ਬੂਤ ਹੁੰਦੀਆਂ ਹਨ। ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ 21ਵੀਂ ਸਦੀ ਦੇ ਨੌਜਵਾਨਾਂ ਦੇ ਵਿਚਾਰਾਂ, ਜ਼ਰੂਰਤਾਂ, ਆਸਾਂ ਤੇ ਖ਼ਾਹਿਸ਼ਾਂ ਨੂੰ ਧਿਆਨ ’ਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮਹਿਜ਼ ਇੱਕ ਨੀਤੀ–ਦਸਤਾਵੇਜ਼ ਨਹੀਂ ਹੈ, ਬਲਕਿ 130 ਕਰੋੜ ਤੋਂ ਵੱਧ ਭਾਰਤੀਆਂ ਦੀਆਂ ਇੱਛਾਵਾਂ ਦਾ ਪ੍ਰਤੀਬਿੰਬ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਜਿੰਨਾ ਧਿਆਨ ਸਥਾਨਕ ਪੱਧਰ ਦਾ ਰੱਖਦੀ ਹੈ, ਓਨਾ ਹੀ ਜ਼ੋਰ ਉਹ ਵਿਸ਼ਵ ਦੀ ਅਖੰਡਤਾ ਉੱਤੇ ਵੀ ਦਿੰਦੀ ਹੈ। ਵਿਸ਼ਵ ਦੇ ਚੋਟੀ ਦੇ ਸੰਸਥਾਨਾਂ ਨੂੰ ਭਾਰਤ ਵਿੱਚ ਕੈਂਪਸ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ‘ਸਮਾਰਟ ਇੰਡੀਆ ਹੈਕਾਥੌਨ (ਸੌਫ਼ਟਵੇਅਰ) – 2020’ ਦੇ ਚੌਥੇ ਸੰਸਕਰਣ ਦੇ ਗ੍ਰੈਂਡ ਫ਼ਿਨਾਲੇ ਦਾ ਵਰਚੁਅਲ ਤੌਰ ’ਤੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਦੇਸ਼ ਵਿੱਚ ਡਿਜੀਟਲ ਵੰਡੀਆਂ ਦਾ ਪਾੜਾ ਪੂਰਨ ਅਤੇ ਵਿਕਾਸ ਨੂੰ ਇੱਕ ਵਿਆਪਕ ਜਨ–ਮੁਹਿੰਮ ਬਣਾਉਣ ਲਈ ਡਿਜੀਟਲ ਸਾਖਰਤਾ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਸ਼ਾਸਨ ਨੂੰ ਹਰੇਕ ਦੀ ਪਹੁੰਚ ਵਿੱਚ ਲਿਆਉਣ ਲਈ ‘ਡਿਜੀਟਲ ਇੰਡੀਆ’ ਦੀ ਸਥਾਪਨਾ ਦੀ ਕਲਪਨਾ ਕੀਤੀ ਹੈ। ਅਸੀਂ ਸਾਰੇ ਕੋਵਿਡ–19 ਦੀ ਮੌਜੂਦਾ ਮਹਾਮਾਰੀ ਦੌਰਾਨ ‘ਡਿਜੀਟਲ ਇੰਡੀਆ’ ਪਹਿਲਾਂ ਦੇ ਫ਼ਾਇਦਿਆਂ ਨੂੰ ਪ੍ਰਤੱਖ ਦੇਖ ਰਹੇ ਹਾਂ।
https://pib.gov.in/PressReleseDetail.aspx?PRID=1642938
ਜੇਐੱਨਸੀਏਐੱਸਆਰ ਵਿਗਿਆਨੀਆਂ ਨੇ ਮਹਾਮਾਰੀ ਵਿੱਚ ਮਹੱਤਵਪੂਰਨ ਸੰਸਾਧਨਾਂ ਦਾ ਅਨੁਮਾਨ ਲਗਾਉਣ ਅਤੇ ਉਨ੍ਹਾਂ ਦੀ ਰਣਨੀਤੀ ਬਣਾਉਣ ਲਈ ਅਨੁਕੂਲ ਮਾਡਲ ਤਿਆਰ ਕੀਤਾ
ਕਿਸੇ ਦੇਸ਼ ਵਿੱਚ ਮਹਾਮਾਰੀ ਦੇ ਸ਼ੁਰੂਆਤੀ ਪੜਾਅ ਵਿੱਚ ਸਿਹਤ ਸੰਭਾਲ਼ ਸਬੰਧੀ ਕੈਚ-22 ਸਥਿਤੀ ਦਾ ਸਾਹਮਣਾ ਕੀਤਾ ਜਾਂਦਾ ਹੈ। ਸੰਕਮਿਤਾਂ ਦੀ ਸਹੀ ਸੰਖਿਆ ਦਾ ਪਤਾ ਲਗਾਉਣ, ਉਨ੍ਹਾਂ ਨੂੰ ਆਇਸੋਲੇਟ ਕਰਨ ਲਈ ਵਿਸ਼ੇਸ਼ ਅਤੇ ਢੁਕਵੇਂ ਟੈਸਟ ਕਰਨ ਦੀ ਲੋੜ ਹੁੰਦੀ ਹੈ। ਅਤੇ ਨੋਵਲ ਟੈਸਟਾਂ ਨੂੰ ਵਧਾਉਣ ਲਈ, ਮਹੀਨਾ ਜਾਂ ਹਫ਼ਤਾ ਪਹਿਲਾਂ ਸੰਕ੍ਰਮਣ ਦੇ ਹੋਣ ਵਾਲੇ ਸੰਭਾਵਿਤ ਮਾਮਲਿਆਂ ਦੀ ਸੰਖਿਆ ਦਾ ਅਨੁਮਾਨ ਲਗਾਉਣ ਦੀ ਲੋੜ ਹੁੰਦੀ ਹੈ। ਫਿਰ ਇਸ ਸੰਖਿਆ ਦਾ ਉਪਯੋਗ ਰਾਸ਼ਟਰ ਦੇ ਹਰੇਕ ਜ਼ਿਲ੍ਹੇ ਵਿੱਚ ਸਿਹਤ ਸੇਵਾ ਸੂਚੀ ਦੀਆਂ ਲੋੜਾਂ ਦਾ ਅਨੁਮਾਨ ਲਗਾਉਣਾ ਚਾਹੀਦਾ ਹੈ। ਇਨ੍ਹਾਂ ਅਨੁਮਾਨਾਂ ਲਈ ਕੋਈ ਮਾਡਲ ਕਿਵੇਂ ਉਪਯੋਗ ਕਰਦਾ ਹੈ, ਜਦੋਂ ਮਾਡਲ ਦੇ ਇਨਪੁੱਟ ਅਨਿਸ਼ਚਤ ਮਾਪਦੰਡਾਂ ਨਾਲ ਵੱਡੇ ਪੈਮਾਨੇ ’ਤੇ ਹੋ ਸਕਦੇ ਹਨ? ਜਵਾਹਰ ਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ) ਦੇ ਵਿਗਿਆਨੀਆਂ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਤੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਤਹਿਤ ਇੱਕ ਖੁਦਮੁਖਤਿਆਰ ਸੰਸਥਾਨ ਹੈ, ਉਸ ਨੇ ਇੱਕ ਅਨੁਕੂਲ ਰਣਨੀਤੀ ਦਾ ਉਪਯੋਗ ਕਰਦੇ ਹੋਏ ਇਸ ਨੂੰ ਹੱਲ ਕਰਨ ਲਈ ਇੱਕ ਮਾਡਲ ਵਿਕਸਿਤ ਕੀਤਾ ਹੈ ਜੋ ਕੋਵਿਡ-19 ਦੇ ਸ਼ੁਰੂਆਤੀ ਪੜਾਅ ’ਤੇ ਕੰਮ ਕਰਦਾ ਹੈ।
https://pib.gov.in/PressReleseDetail.aspx?PRID=1642992
ਸ਼੍ਰੀ ਨਿਤਿਨ ਗਡਕਰੀ ਨੇ ਭਾਰਤ ਨੂੰ ਅਗਰਬੱਤੀ ਬਣਾਉਣ ਵਿੱਚ ਆਤਮਨਿਰਭਰ ਬਣਾਉਣ ਲਈ ਇੱਕ ਨਵੀਂ ਸਕੀਮ ਨੂੰ ਪ੍ਰਵਾਨਗੀ ਦਿੱਤੀ
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੁਆਰਾ ਭਾਰਤ ਨੂੰ ਅਗਰਬਤੀ ਨਿਰਮਾਣ ਵਿੱਚ ਆਤਮਨਿਰਭਰ ਬਣਾਉਣ ਬਾਰੇ ਪ੍ਰਸਤਾਵਤ ਇੱਕ ਅਨੋਖੀ ਰੋਜ਼ਗਾਰ ਪੈਦਾ ਕਰਨ ਵਾਲੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਗਰਾਮ ਦਾ ਨਾਮ "ਖਾਦੀ ਅਗਰਬੱਤੀ ਆਤਮਨਿਰਭਰ ਮਿਸ਼ਨ" ਹੈ ਅਤੇ ਇਸ ਦਾ ਉਦੇਸ਼ ਬੇਰੋਜ਼ਗਾਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਗਾਰ ਪੈਦਾ ਕਰਨਾ ਅਤੇ ਦੇਸ਼ ਵਿੱਚ ਅਗਰਬਤੀ ਦੇ ਉਤਪਾਦਨ ਵਿੱਚ ਭਾਰੀ ਵਾਧਾ ਕਰਨਾ ਹੈ। ਇਸ ਸਕੀਮ ਦਾ ਡਿਜ਼ਾਈਨ ਦੋ ਪ੍ਰਮੁੱਖ ਫੈਸਲਿਆਂ ਦੇ ਅਧਾਰ ਉੱਤੇ ਕੀਤਾ ਗਿਆ ਹੈ-ਅਗਰਬੱਤੀ ਦੇ ਕੱਚੇ ਸਮਾਨ ਦੀ ਦਰਾਮਦ ਉੱਤੇ ਰੋਕਾਂ ਅਤੇ ਬਾਂਸ ਦੀਆਂ ਡੰਡੀਆਂ ਉੱਤੇ ਦਰਾਮਦ ਡਿਊਟੀ ਵਿੱਚ ਵਾਧਾ ।
https://pib.gov.in/PressReleseDetail.aspx?PRID=1643012
ਰੇਲਵੇ ਮੰਤਰਾਲੇ ਨੇ ਪਹਿਲੀ ਵਾਰ ਵਰਚੁਅਲ ਪਲੈਟਫਾਰਮ 'ਤੇ 2320 ਸੇਵਾਮੁਕਤ ਅਧਿਕਾਰੀਆਂ ਦੇ ਲਈ 'ਵਰਚੁਅਲ ਰਿਟਾਇਰਮੈਂਟ ਸਮਾਰੋਹ' ਦਾ ਆਯੋਜਨ ਕੀਤਾ
ਰੇਲਵੇ ਮੰਤਰਾਲੇ ਨੇ ਆਪਣੀ ਤਰ੍ਹਾਂ ਦੇ ਪਹਿਲੇ ਆਯੋਜਨ ਵਿੱਚ 31 ਜੁਲਾਈ, 2020 ਨੂੰ ਸੇਵਾਮੁਕਤ ਹੋਏ ਭਾਰਤੀ ਰੇਲਵੇ ਦੇ ਅਧਿਕਾਰੀਆਂ/ਕਰਮਚਾਰੀਆਂ ਲਈ ਇੱਕ ਵਰਚੁਅਲ ਰਿਟਾਇਰਮੈਂਟ ਸਮਾਰੋਹ ਦਾ ਆਯੋਜਨ ਕੀਤਾ। ਇਹ ਇੱਕ ਵਿਸ਼ੇਸ਼ ਆਯੋਜਨ ਸੀ, ਜਿਸ ਵਿੱਚ ਸਾਰੇ ਜ਼ੋਨਾਂ/ਡਿਵਿਜ਼ਨਾਂ/ਉਤਪਾਦਨ ਇਕਾਈਆਂ ਨੂੰ ਇੱਕ ਹੀ ਪਲੈਟਫਾਰਮ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੋੜਿਆ ਗਿਆ ਸੀ। ਇਸ ਅਵਸਰ 'ਤੇ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, 'ਇਹ ਖੁਸ਼ੀ ਅਤੇ ਗਮ ਦਾ ਦਿਨ ਹੈ। ਇਹ ਖੁਸ਼ੀ ਦਾ ਅਵਸਰ ਇਸ ਲਈ ਹੈ ਕਿਉਂਕਿ ਇਨ੍ਹਾਂ ਪਦ-ਅਧਿਕਾਰੀਆਂ ਨੇ ਵੱਖ-ਵੱਖ ਖੇਤਰਾਂ ਵਿੱਚ, ਵੱਖ-ਵੱਖ ਅਹੁਦਿਆਂ 'ਤੇ, ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਲੰਬੇ ਸਮੇਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਰੇਲਵੇ ਨੇ ਆਪਣੀ ਕਾਰਜਸ਼ੈਲੀ ਵਿੱਚ ਜ਼ਿਕਰਯੋਗ ਸੁਧਾਰ ਦਰਸਾਇਆ ਹੈ। ਕੋਵਿਡ ਕਾਲ ਵਿੱਚ ਮਾਲਗੱਡੀਆਂ, ਪਾਰਸਲ ਟ੍ਰੇਨਾਂ, ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਸਨ। ਰੇਲਵੇ ਨੇ ਮਹਾਮਾਰੀ ਦੇ ਦੌਰਾਨ ਦੇਸ਼ ਦੀ ਸੇਵਾ ਲਈ ਆਪਣੀ ਤਰਫੋਂ ਸਰਬਸ੍ਰੇਸ਼ਠ ਯਤਨ ਕੀਤੇ ਹਨ। ਰੇਲ ਕਰਮਚਾਰੀ ਦਰਅਸਲ ਕੋਰੋਨਾ ਜੋਧਿਆਂ ਤੋਂ ਘੱਟ ਨਹੀਂ ਹਨ। ਮੈਂ ਕੋਵਿਡ ਦੇ ਖ਼ਿਲਾਫ਼ ਲੜਾਈ ਦੌਰਾਨ ਸਰਬਸ੍ਰੇਸ਼ਠ ਯਤਨ ਕਰਨ ਲਈ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਾ ਹਾਂ। '
https://pib.gov.in/PressReleseDetail.aspx?PRID=1642999
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਮਿਸ਼ਨ ਫ਼ਤਿਹ ਤਹਿਤ, ਪੰਜਾਬ ਸਰਕਾਰ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੁਆਰਾ ਆਰੰਭੀ ਗਈ ਕੋਰੋਨਾ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਤਹਿਤ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਜ਼ਮੀਨੀ ਪੱਧਰ ਦੇ ਮੋਰਚੇ ਦੇ ਕਰਮਚਾਰੀਆਂ ਦੀ ਖ਼ਾਸ ਸਿਖਲਾਈ ਦੇ ਜ਼ਰੀਏ ਕੋਵਿਡ-19 ਦਾ ਮੁਕਾਬਲਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਮੁਹਿੰਮ ਵਿੱਚ ਰਵਾਇਤੀ ਢੰਗਾਂ ਦੀ ਬਜਾਏ ਨਵੀਨਤਮ ਪਹੁੰਚ ਅਪਣਾਈ ਜਾ ਰਹੀ ਹੈ।
-
ਕੇਰਲ: ਅੱਜ ਰਾਜ ਵਿੱਚ 11 ਮਹੀਨਿਆਂ ਦੇ ਬੱਚੇ ਸਮੇਤ ਛੇ ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਮੁੰਦਰੀ ਕੰਢੇ ਦੇ ਇਲਾਕਿਆਂ ਵਿੱਚ ਕਲਸਟਰਾਂ ਵਿੱਚ ਫੈਲਣ ਵਾਲੀਆਂ ਲਾਗਾਂ ਨਾਲ ਰਾਜ ਦੀ ਰਾਜਧਾਨੀ ਵਿੱਚ ਸੰਪਰਕ ਦੇ ਮਾਮਲੇ ਬੇਰੋਕ ਵਧ ਰਹੇ ਹਨ। ਪਿਛਲੇ 3 ਦਿਨਾਂ ਵਿੱਚ ਸ਼ਹਿਰ ਦੇ ਕੇਂਦਰ ਵਿੱਚ ਇੱਕ ਵੱਡੀ ਕਲੋਨੀ ਵਿੱਚ 50 ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਪੁਲਿਸ ਹੈੱਡਕੁਆਰਟਰ ਵਿਖੇ ਇੱਕ ਡੀਵਾਈਐੱਸਪੀ ਅਤੇ ਹੋਰ ਛੇ ਪੁਲਿਸ ਕਰਮਚਾਰੀਆਂ ਦਾ ਵੀ ਕੋਵਿਡ ਪਾਜ਼ਿਟਿਵ ਟੈਸਟ ਆਇਆ ਹੈ। ਕੋਲਮ ਜੇਲ੍ਹ ਦੇ 14 ਕੈਦੀਆਂ ਵਿੱਚ ਵੀ ਇਸ ਲਾਗ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ, ਪ੍ਰਬੰਧਕਾਂ ਦੇ ਅਨੁਸਾਰ, ਕੋਚੀ - ਮੁਜ਼ੀਰਿਸ ਬਾਈਨੇਲ ਕੋਵਿਡ -19 ਨਿਯਮਾਂ ਦੇ ਅਨੁਸਾਰ ਹੋਵੇਗਾ। ਰਾਜ ਵਿੱਚ ਕੱਲ੍ਹ ਤਕਰੀਬਨ 1,129 ਨਵੇਂ ਐਕਟਿਵ ਕੇਸਾਂ ਦੀ ਪੁਸ਼ਟੀ ਹੋਈ ਸੀ, ਜਿਨ੍ਹਾਂ ਵਿੱਚੋਂ 880 ਸੰਪਰਕ ਕਾਰਨ ਅਤੇ 58 ਕੇਸਾਂ ਦੇ ਅਣਜਾਣ ਸਰੋਤ ਪਾਏ ਗਏ ਹਨ। ਰਾਜ ਵਿੱਚ 10,862 ਐਕਟਿਵ ਮਾਮਲੇ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1.43 ਲੱਖ ਲੋਕ ਨਿਗਰਾਨੀ ਅਧੀਨ ਹਨ।
-
ਤਮਿਲ ਨਾਡੂ: ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਡਾਕਟਰਾਂ, ਸੈਨੇਟਰੀ ਵਰਕਰਾਂ, ਪੈਰਾਮੈਡੀਕਲ ਸਟਾਫ਼ ਅਤੇ ਵਾਲੰਟੀਅਰਾਂ ਸਮੇਤ ਕੋਵਿਡ -19 ਤੋਂ ਬਚੇ ਹੋਏ ਲੋਕਾਂ ਅਤੇ ਫ਼ਰੰਟਲਾਈਨ ਕਰਮਚਾਰੀਆਂ ਨੂੰ ਬੁਲਾਉਣ ਦੀ ਸਿਫਾਰਸ਼ ਕੀਤੀ ਹੈ। ਤਮਿਲ ਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਜੋ ਘਰੇਲੂ ਕੁਆਰੰਟੀਨ ਅਧੀਨ ਸਨ, ਉਨ੍ਹਾਂ ਨੇ ਚੇਨਈ ਦੇ ਇੱਕ ਨਿਜੀ ਹਸਪਤਾਲ ਦਾ ਦੌਰਾ ਕੀਤਾ। ਰਾਜ ਵਿੱਚ ਕੋਵਿਡ ਦੇ 2.5 ਲੱਖ ਕੇਸ ਹਨ, ਚੇਨੱਈ ਵਿੱਚ ਕੇਸ 1 ਲੱਖ ਨੂੰ ਪਾਰ ਕਰ ਗਏ ਹਨ। ਸ਼ਨੀਵਾਰ ਨੂੰ ਰਾਜ ਵਿੱਚ 5879 ਹੋਰ ਪਾਜ਼ਿਟਿਵ ਕੇਸ ਆਏ ਅਤੇ 7,010 ਨੂੰ ਛੁੱਟੀ ਮਿਲੀ ਹੈ; ਰਾਜ ਵਿੱਚ 99 ਮੌਤਾਂ ਹੋਣ ਨਾਲ ਮੌਤਾਂ ਦੀ ਕੁੱਲ ਸੰਖਿਆ 4,034 ਤੱਕ ਪਹੁੰਚ ਗਈ ਹੈ।
-
ਕਰਨਾਟਕ: ਬੰਗਲੌਰ ਸ਼ਹਿਰ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਸੰਖਿਆ 20,000 ਨੂੰ ਪਾਰ ਕਰ ਗਈ ਹੈ। 110 ਸਾਲ ਦੀ ਔਰਤ ਜਿਸ ਵਿੱਚ ਕੋਵਿਡ ਪਾਜ਼ਿਟਿਵ ਪਾਇਆ ਗਿਆ ਸੀ, ਉਹ ਚਿੱਤਰਦੁਰਗਾ ਕਸਬੇ ਵਿੱਚ ਸਫ਼ਲਤਾਪੂਰਵਕ ਠੀਕ ਹੋ ਗਈ ਹੈ। ਕਰਨਾਟਕ ਦੇ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਾਬਕਾ ਕਾਂਗਰਸੀ ਮੰਤਰੀ ਦੁਆਰਾ ਦਾਇਰ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਕੋਵਿਡ 19 ਮਰੀਜ਼ਾਂ ਨਾਲ ਨਜਿੱਠਣ ਵਿੱਚ ਕਥਿਤ ਲਾਪ੍ਰਵਾਹੀ ਲਈ ਰਾਜ ਸਰਕਾਰ ਵਿਰੁੱਧ ਕੇਸ ਦਰਜ ਕੀਤਾ ਹੈ। ਕੱਲ੍ਹ 5172 ਨਵੇਂ ਕੇਸ ਆਏ, 3860 ਡਿਸਚਾਰਜ ਹੋਏ ਅਤੇ 98 ਮੌਤਾਂ ਹੋਈਆਂ ਹਨ; ਬੰਗਲੌਰ ਸ਼ਹਿਰ ਵਿੱਚ 1852 ਕੇਸ ਆਏ ਹਨ। ਕੁੱਲ ਕੇਸ: 1,29,287; ਐਕਟਿਵ ਕੇਸ: 73,219; ਮੌਤਾਂ: 2412।
-
ਆਂਧਰ ਪ੍ਰਦੇਸ਼: ਰਾਜ ਸਿਹਤ ਕਮਿਸ਼ਨਰ ਦਾ ਕਹਿਣਾ ਹੈ ਕਿ ਆਂਧਰ ਪ੍ਰਦੇਸ਼ ਵਿੱਚ ਕੋਵਿਡ -19 ਸਥਿਤੀ ਚਿੰਤਾਜਨਕ ਨਹੀਂ ਹੈ ਅਤੇ ਰਾਜ ਪ੍ਰਭਾਵਿਤ ਹੋਣ ਵਾਲੇ ਸਾਰੇ ਲੋਕਾਂ ਨੂੰ ਇਲਾਜ ਮੁਹੱਈਆ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਬੁਨਿਆਦੀ ਢਾਂਚੇ ਅਤੇ ਦਵਾਈਆਂ ਦੇ ਮਾਮਲੇ ਵਿੱਚ ਬਫ਼ਰ ਸਟਾਕ ਹੈ। ਇਸ ਸਮੇਂ, ਆਈਸੀਯੂ ਦੇ 2,800 ਬਿਸਤਰੇ, ਆਕਸੀਜਨ ਸਹਾਇਤਾ ਵਾਲੇ 11,353 ਬਿਸਤਰੇ ਅਤੇ 12,000 ਆਮ ਬਿਸਤਰੇ ਉਪਲਬਧ ਹਨ; ਸਿਹਤ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 26,153 ਬਿਸਤਰੇ ਖਾਲੀ ਪਏ ਹਨ। ਕੱਲ੍ਹ 9276 ਨਵੇਂ ਕੇਸ ਆਏ, 12,750 ਡਿਸਚਾਰਜ ਹੋਏ ਅਤੇ 58 ਮੌਤਾਂ ਹੋਈਆਂ ਹਨ। ਕੁੱਲ ਕੇਸ ਆਏ: 1,50,209; ਐਕਟਿਵ ਕੇਸ: 72,188; ਮੌਤਾਂ: 1407।
-
ਤੇਲੰਗਾਨਾ: ਹੈਦਰਾਬਾਦ ਦੇ ਨਿਜੀ ਹਸਪਤਾਲ ਆਈਆਰਡੀਏ ਦੁਆਰਾ ਚੇਤਾਵਨੀ ਦੇਣ ਦੇ ਬਾਵਜੂਦ ਨਕਦੀ ’ਤੇ ਜ਼ੋਰ ਦੇ ਰਹੇ ਹਨ। ਕੋਵਿਡ -19 ਦੇ ਮਰੀਜ਼ਾਂ ਨੂੰ ਠੱਗਦੇ ਹੋਏ ਨਿਜੀ ਹਸਪਤਾਲਾਂ ’ਤੇ ਸ਼ਿਕੰਜਾ ਕਸਣ ਲਈ ਰਾਜ ਸਰਕਾਰ ਨੇ ਪੈਨਲ ਬਣਾਇਆ। ਸਰਕਾਰੀ ਤੌਰ ’ਤੇ ਚਲ ਰਹੇ ਗਾਂਧੀ ਹਸਪਤਾਲ ਤੋਂ ਕੋਵਿਡ -19 ਦੇ ਬਹੁਤ ਸਾਰੇ ਸਹਿ-ਰੋਗਾਂ ਵਾਲੇ 5 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ 1891 ਨਵੇਂ ਕੇਸ ਆਏ, 1088 ਰਿਕਵਰ ਹੋਏ ਅਤੇ 10 ਮੌਤਾਂ ਹੋਈਆਂ; 1891 ਮਾਮਲਿਆਂ ਵਿੱਚੋਂ ਜੀਐੱਚਐੱਮਸੀ ਤੋਂ 517 ਕੇਸ ਆਏ ਹਨ। ਕੁੱਲ ਕੇਸ: 66,677; ਐਕਟਿਵ ਕੇਸ: 18,547; ਮੌਤਾਂ: 540; ਡਿਸਚਾਰਜ: 47,590।
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖੰਡੂ ਨੇ ਰਾਜਪਾਲ ਡਾ ਬੀ.ਡੀ. ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਵਿਕਾਸ ਦੇ ਮੁੱਦਿਆਂ ਅਤੇ ਕੋਵਿਡ -19 ਪ੍ਰਬੰਧਨ ਦੀ ਸਥਿਤੀ ਬਾਰੇ ਵਿਚਾਰ-ਵਟਾਂਦਰੇ ਕੀਤੇ।
-
ਅਸਾਮ: ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਨੇ ਟਵੀਟ ਕੀਤਾ ਹੈ ਕਿ ਅਸਾਮ ਵਿੱਚ ਕੋਵਿਡ -19 ਮੌਤ ਦਰ 0.24 ਫ਼ੀਸਦੀ ਹੈ, ਰਿਕਵਰੀ ਦੀ ਦਰ 75 ਫ਼ੀਸਦੀ ਹੈ ਅਤੇ ਪ੍ਰਤੀ ਮਿਲੀਅਨ ਪਿੱਛੇ 27,544 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਹੈ।
-
ਮਣੀਪੁਰ: ਮਣੀਪੁਰ ਰਾਜ ਵਿੱਚ ਕੋਵਿਡ 19 ਦੇ ਹੁਣ ਤੱਕ 2756 ਮਾਮਲੇ ਸਾਹਮਣੇ ਆਏ ਹਨ। 61 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 1051 ਐਕਟਿਵ ਕੇਸ ਹਨ।
-
ਮਹਾਰਾਸ਼ਟਰ: ਅਨਲੌਕ 3.0 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਾਢੇ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਮਹਾਰਾਸ਼ਟਰ ਵਿੱਚ ਮੌਲ 5 ਅਗਸਤ ਤੋਂ ਮੁੜ ਖੋਲ੍ਹਣ ਲਈ ਤਿਆਰੀ ਕਰ ਰਹੇ ਹਨ। ਵੱਡੇ 75 ਮੌਲਾਂ ਵਿੱਚੋਂ, ਅੱਧੇ ਮੁੰਬਈ ਮੈਟਰੋਪੋਲੀਟਨ ਖੇਤਰ ਵਿੱਚ ਸਥਿਤ ਹਨ। ਹਾਲਾਂਕਿ ਇਨ੍ਹਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿਣ ਦੀ ਆਗਿਆ ਹੈ। ਗਾਹਕਾਂ ਦਾ ਹੁੰਗਾਰਾ ਕੋਈ ਜ਼ਿਆਦਾ ਉਤਸ਼ਾਹੀ ਹੋਣ ਦੀ ਸੰਭਾਵਨਾ ਨਹੀਂ ਹੈ। ਮਹਾਰਾਸ਼ਟਰ ਵਿੱਚ 1.49 ਲੱਖ ਐਕਟਿਵ ਕੇਸ ਹਨ ਅਤੇ ਹੁਣ ਤੱਕ 15,316 ਮੌਤਾਂ ਹੋਈਆਂ ਹਨ। ਸ਼ਨੀਵਾਰ ਨੂੰ ਰਾਜ ਵਿੱਚ 9,761 ਨਵੇਂ ਕੇਸ ਸਾਹਮਣੇ ਆਏ ਹਨ, ਹਾਲਾਂਕਿ ਇਲਾਜ਼ ਕੀਤੇ ਗਏ ਮਰੀਜ਼ਾਂ ਦੀ ਸੰਖਿਆ 10,725 ਹੈ।
-
ਗੁਜਰਾਤ: ਸ਼ਨੀਵਾਰ ਨੂੰ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚੋਂ ਹੋਰ 875 ਕੋਵਿਡ -19 ਮਰੀਜ਼ਾਂ ਨੂੰ ਛੁੱਟੀ ਦੇਣ ਤੋਂ ਬਾਅਦ, ਗੁਜਰਾਤ ਵਿੱਚ ਕੋਵਿਡ -19 ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 45,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ ਐਕਟਿਵ ਕੇਸਾਂ ਦੀ ਸੰਖਿਆ 14,327 ਰਹਿ ਗਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,136 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸੂਰਤ ਵਿੱਚ 262 ਕੇਸ ਆਏ ਹਨ, ਇਸ ਤੋਂ ਬਾਅਦ ਅਹਿਮਦਾਬਾਦ ਵਿੱਚੋਂ 146 ਕੇਸ ਆਏ ਹਨ।
-
ਰਾਜਸਥਾਨ: ਅੱਜ ਸਵੇਰੇ 561 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ ਕੇਸ ਕੋਟਾ (100 ਕੇਸ) ਤੋਂ ਹਨ, ਇਸ ਤੋਂ ਬਾਅਦ ਕੇਸ ਜੈਪੁਰ (77 ਕੇਸ) ਅਤੇ ਪਾਲੀ (58 ਕੇਸ) ਤੋਂ ਆਏ ਹਨ। ਐਕਟਿਵ ਕੇਸਾਂ ਦੀ ਸੰਖਿਆ 12,391 ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਸ਼ਨੀਵਾਰ ਨੂੰ 808 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 32,614 ਹੋ ਗਈ ਹੈ। ਸ਼ਨੀਵਾਰ ਨੂੰ ਸਭ ਤੋਂ ਵੱਧ ਮਾਮਲੇ ਭੋਪਾਲ (156 ਮਾਮਲੇ) ਤੋਂ ਆਏ ਹਨ, ਇਸ ਤੋਂ ਬਾਅਦ ਜਬਲਪੁਰ (125 ਮਾਮਲੇ) ਅਤੇ ਫਿਰ ਇੰਦੌਰ (120 ਕੇਸ) ਤੋਂ ਕੇਸ ਸਾਹਮਣੇ ਆਏ ਹਨ। ਸ਼ਨੀਵਾਰ ਨੂੰ 698 ਮਰੀਜ਼ਾਂ ਦੀ ਰਿਕਵਰੀ ਦੇ ਨਾਲ ਐਕਟਿਵ ਕੇਸਾਂ ਦੀ ਸੰਖਿਆ ਹੁਣ 8,769 ਹੈ।
-
ਗੋਆ: ਗੋਆ ਸਰਕਾਰ ਦੁਆਰਾ ਹੋਟਲਾਂ ਨੂੰ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ 25 ਦਿਨਾਂ ਬਾਅਦ, ਜ਼ਿਆਦਾਤਰ ਹੋਟਲਾਂ ਨੇ ਇਸ ਸਾਲ ਅਕਤੂਬਰ-ਨਵੰਬਰ ਤੱਕ ਮੁੜ ਖੋਲ੍ਹਣ ਲਈ ਫ਼ੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ। ਬਹੁਤੇ ਹੋਟਲ ਵਾਲਿਆਂ ਨੇ ਕਿਹਾ ਕਿ ਘੱਟੋ-ਘੱਟ ਵਿਅਕਤੀਆਂ ਨਾਲ ਸੰਚਾਲਿਤ ਕਰਨ ਨਾਲ “ਕਾਰੋਬਾਰੀ ਸੂਝ” ਨਹੀਂ ਬਣਦੀ, ਅਤੇ ਇਸ ਲਈ ਉਨ੍ਹਾਂ ਨੇ ਸਤੰਬਰ ਤੱਕ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਗੋਆ ਵਿੱਚ 280 ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਐਕਟਿਵ ਕੇਸਾਂ ਦੀ ਸੰਖਿਆ 1,705 ਹੋ ਗਈ ਹੈ।
ਫੈਕਟਚੈੱਕ
****
ਵਾਈਬੀ
(Release ID: 1643112)
Visitor Counter : 312
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam