ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ਕੋਲਕਾਤਾ, ਮੁੰਬਈ ਤੇ ਨੌਇਡਾ ’ਚ ਵੱਧ ਮਾਤਰਾ ’ਚ ਕੋਵਿਡ ਟੈਸਟ ਕਰਨ ਵਾਲੀਆਂ ਸੁਵਿਧਾਵਾਂ ਦੀ ਸ਼ੁਰੂਆਤ


ਦੇਸ਼ ਵਿੱਚ ਰੋਜ਼ਾਨਾ 5 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ, ਆਉਂਦੇ ਹਫ਼ਤਿਆਂ ਦੌਰਾਨ ਇਹ ਸਮਰੱਥਾ ਵਧਾ ਕੇ 10 ਲੱਖ ਕਰਨ ਦੇ ਜਤਨ ਜਾਰੀ ਹਨ: ਪ੍ਰਧਾਨ ਮੰਤਰੀ

ਭਾਰਤ ਕੋਲ ਹੁਣ 11,000 ਤੋਂ ਵੱਧ ਕੋਵਿਡ ਸੁਵਿਧਾਵਾਂ ਤੇ 11 ਲੱਖ ਤੋਂ ਵੱਧ ਆਈਸੋਲੇਸ਼ਨ ਬਿਸਤਰੇ ਹਨ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨੇ ਪਿੰਡਾਂ ਵਿੱਚ ਪਹਿਲਾਂ ਤੋਂ ਮੌਜੂਦ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੇ ਨਾਲ ਨਵਾਂ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨ ਬਾਰੇ ਦੱਸਿਆ

ਮੁੱਖ ਮੰਤਰੀਆਂ ਨੇ ਇਹ ਸੁਵਿਧਾਵਾਂ ਸਥਾਪਤ ਕਰਨ ਲਈ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ, ਆਪਣੇ ਵਿਚਾਰ ਦੱਸੇ ਤੇ ਇਨ੍ਹਾਂ ਔਖੇ ਹਾਲਤਾਂ ਦੌਰਾਨ ਪੀਐੱਮ ਦੀ ਭੂਮਿਕਾ ਦੀ ਸ਼ਲਾਘਾ ਕੀਤੀ

Posted On: 27 JUL 2020 5:56PM by PIB Chandigarh


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰਸਿੰਗ ਜ਼ਰੀਏ ਵੱਧ ਸੰਖਿਆ ’ਚ ਕੋਵਿਡ–19 ਦੇ ਟੈਸਟ ਕਰਨ ਵਾਲੀਆਂ ਤਿੰਨ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ। ਇਹ ਸਾਰੀਆਂ ਸੁਵਿਧਾਵਾਂ ਕੋਲਕਾਤਾ, ਮੁੰਬਈ ਤੇ ਨੌਇਡਾ ਸਥਿਤ ‘ਭਾਰਤੀ ਮੈਡੀਕਲ ਖੋਜ ਕੌਂਸਲ’ (ਆਈਸੀਐੱਮਆਰ – ICMR) ਦੇ ਰਾਸ਼ਟਰੀ ਸੰਸਥਾਨਾਂ ਵਿੱਚ ਸਥਾਪਤ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਉੱਚ–ਤਕਨੀਕੀ ਅਤਿ–ਆਧੁਨਿਕ ਟੈਸਟਿੰਗ ਸੁਵਿਧਾਵਾਂ ਨਾਲ ਇਨ੍ਹਾਂ ਤਿੰਨੇ ਸ਼ਹਿਰਾਂ ਵਿੱਚੋਂ ਹਰੇਕ ਵਿੱਚ ਰੋਜ਼ਾਨਾ ਹੋਣ ਵਾਲੇ ਟੈਸਟਾਂ ਦੀ ਗਿਣਤੀ ਵਿੱਚ ਲਗਭਗ 10,000 ਦਾ ਵਾਧਾ ਹੋ ਜਾਵੇਗਾ। ਵੱਧ ਗਿਣਤੀ ’ਚ ਹੋਣ ਵਾਲੇ ਟੈਸਟਾਂ ਨਾਲ ਰੋਗੀਆਂ ਦਾ ਛੇਤੀ ਪਤਾ ਲਾਉਣ ਤੇ ਉਨ੍ਹਾਂ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ ਅਤੇ ਇੰਝ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੈਬੋਰੇਟਰੀਜ਼ ਸਿਰਫ਼ ਕੋਵਿਡ ਦੇ ਟੈਸਟ ਕਰਨ ਤੱਕ ਹੀ ਸੀਮਤ ਨਹੀਂ ਰਹਿਣਗੀਆਂ, ਸਗੋਂ ਭਵਿੱਖ ’ਚ ਇਹ ਹੈਪੇਟਾਈਟਿਸ ਬੀ ਤੇ ਸੀ, ਐੱਚਆਈਵੀ, ਡੇਂਗੂ ਤੇ ਹੋਰ ਕਈ ਰੋਗਾਂ ਦੇ ਟੈਸਟ ਕਰਨ ਦੇ ਵੀ ਯੋਗ ਹੋਣਗੀਆਂ।
ਸਮੇਂ–ਸਿਰ ਲਏ ਫ਼ੈਸਲੇ
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਸਮੇਂ–ਸਿਰ ਲਏ ਫ਼ੈਸਲਿਆਂ ਕਾਰਣ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿੱਚ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਸਥਿਤੀ ਵਿੱਚ ਹੈ। ਰੋਗੀਆਂ ਦੀ ਸਿਹਤਯਾਬੀ ਦਰ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਵੱਧ ਹੈ ਤੇ ਇਸ ਵਿੱਚ ਰੋਜ਼ਾਨਾ ਹੋਰ ਸੁਧਾਰ ਹੁੰਦਾ ਜਾ ਰਿਹਾ ਹੈ। ਇਸ ਵਾਇਰਸ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ 10 ਲੱਖ ਹੋਣ ਵਾਲੀ ਹੈ।
ਕੋਰੋਨਾ ਲਈ ਵਿਸ਼ੇਸ਼ ਸਿਹਤ ਬੁਨਿਆਦੀ ਢਾਂਚਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਸਤੇ ਤੇਜ਼ ਰਫ਼ਤਾਰ ਨਾਲ ਵਿਸ਼ੇਸ਼ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਸ ਲੜਾਈ ਦੇ ਅਰੰਭ ’ਚ ਹੀ ਕੇਂਦਰ ਨੇ 15,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕਰ ਦਿੱਤਾ ਸੀ। ਹੁਣ ਦੇਸ਼ ਵਿੱਚ 11,000 ਤੋਂ ਵੱਧ ਕੋਵਿਡ ਸੁਵਿਧਾਵਾਂ ਹਨ ਤੇ 11 ਲੱਖ ਤੋਂ ਵੱਧ ਆਈਸੋਲੇਸ਼ਨ (ਏਕਾਂਤਵਾਸ) ਬਿਸਤਰੇ ਹਨ।
ਜਨਵਰੀ ਮਹੀਨੇ ਦੇਸ਼ ਵਿੱਚ ਸਿਰਫ਼ ਇੱਕੋ ਕੋਵਿਡ ਟੈਸਟਿੰਗ ਸੈਂਟਰ ਸੀ ਪਰ ਹੁਣ ਅਜਿਹੀਆਂ ਲਗਭਗ 1,300 ਲੈਬੋਰੇਟਰੀਜ਼ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿੱਚ ਰੋਜ਼ਾਨਾ 5 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਅਤੇ ਆਉਂਦੇ ਹਫ਼ਤਿਆਂ ’ਚ ਇਹ ਸਮਰੱਥਾ ਵਧਾ ਕੇ 10 ਲੱਖ ਕਰਨ ਦੇ ਜਤਨ ਜਾਰੀ ਹਨ।
ਉਨ੍ਹਾਂ ਕਿਹਾ ਕਿ ਦੇਸ਼ ਪੀਪੀਈ ਕਿਟ ਦਾ ਨਿਰਮਾਣ ਕਰਨ ਵਾਲਾ ਦੂਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਾ ਹੈ। ਦੇਸ਼ ਵਿੱਚ ਇਸ ਸਬੰਧੀ ਹੋਈ ਪ੍ਰਗਤੀ ਕਮਾਲ ਦੀ ਹੈ ਕਿਉਂਕਿ ਛੇ ਮਹੀਨੇ ਪਹਿਲਾਂ ਇੱਥੇ ਪੀਪੀਈ ਕਿਟ ਦਾ ਕੋਈ ਵੀ ਨਿਰਮਾਤਾ ਨਹੀਂ ਸੀ ਪਰ ਹੁਣ 1,200 ਤੋਂ ਵੱਧ ਨਿਰਮਾਤਾ ਹਨ, ਜੋ ਰੋਜ਼ਾਨਾ 5 ਲੱਖ ਅਜਿਹੀਆਂ ਕਿਟਸ ਤਿਆਰ ਕਰ ਰਹੇ ਹਨ। ਉਨ੍ਹਾਂ ਇਹ ਨੁਕਤਾ ਵੀ ਉਭਾਰਿਆ ਕਿ ਪਹਿਲਾਂ ਅਸੀਂ ਦਰਾਮਦਾਂ ਉੱਤੇ ਨਿਰਭਰ ਸਾਂ ਪਰ ਹੁਣ ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਐੱਨ–95 ਮਾਸਕ ਤਿਆਰ ਕੀਤੇ ਜਾ ਰਹੇ ਹਨ, ਵੈਂਟੀਲੇਟਰਜ਼ ਦੇ ਨਿਰਮਾਣ ਦੀ ਸਾਲਾਨਾ ਸਮਰੱਥਾ 3 ਲੱਖ ਹੋ ਗਈ ਹੈ ਅਤੇ ਮੈਡੀਕਲ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਵਿੱਚ ਵੀ ਚੋਖਾ ਵਾਧਾ ਦਰਜ ਹੋਇਆ ਹੈ। ਇਸ ਨਾਲ ਨਾ ਸਿਰਫ਼ ਜਾਨਾਂ ਬਚਾਉਣ ’ਚ ਮਦਦ ਮਿਲੀ, ਸਗੋਂ ਭਾਰਤ ਇੱਕ ਦਰਾਮਦਕਾਰ ਤੋਂ ਬਰਾਮਦਕਾਰ ਵਿੱਚ ਤਬਦੀਲ ਹੋ ਗਿਆ।
ਗ੍ਰਾਮੀਣ ਇਲਾਕਿਆਂ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਕੀਤੇ ਜਤਨਾਂ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਨਵਾਂ ਸਿਹਤ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਨਾਲ–ਨਾਲ ਪਿੰਡਾਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਸਿਹਤ ਬੁਨਿਆਦੀ ਢਾਂਚਾ ਸੁਵਿਧਾਵਾਂ ਵਿੱਚ ਵਾਧਾ ਕਰਨ ਦੀ ਜ਼ਰੂਰਤ ਹੈ।
ਮਾਨਵ ਸੰਸਾਧਨ ਦਾ ਵਿਕਾਸ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭੌਤਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਤੋਂ ਇਲਾਵਾ, ਦੇਸ਼ ਨੇ ਪੈਰਾਮੈਡਿਕਸ, ਆਸ਼ਾ ਵਰਕਰਜ਼, ਆਂਗਨਵਾੜੀਆਂ ਆਦਿ ਸਮੇਤ ਮਾਨਵ ਸੰਸਾਧਨਾਂ ਵਿੱਚ ਤੇਜ਼ੀ ਨਾਲ ਵਾਧਾ ਕਰਨ ਦਾ ਪ੍ਰਬੰਧ ਵੀ ਕੀਤਾ ਹੈ, ਜਿਨ੍ਹਾਂ ਨੇ ਇਹ ਮਹਾਮਾਰੀ ਫੈਲਣ ਨੂੰ ਕਾਬੂ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਨਿਰੰਤਰ ਕੰਮ ਕਰਨ ਦੀ ਜ਼ਰੂਰਤ ਬਾਰੇ ਬੋਲਦਿਆਂ
ਕੋਰੋਨਾ ਜੋਧਿਆਂ ਨੂੰ ਥਕਾਵਟ ਤੋਂ ਬਚਾਉਣ ਲਈ ਨਵੇਂ ਤੇ ਸੇਵਾ–ਮੁਕਤ ਸਿਹਤ ਕਰਮਚਾਰੀਆਂ ਨੂੰ ਸਿਹਤ ਪ੍ਰਣਾਲੀ ਨਾਲ ਜੋੜਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਤਿਉਹਾਰਾਂ ਦੇ ਜਸ਼ਨਾਂ ਦੌਰਾਨ ਸੁਰੱਖਿਆ
ਉਨ੍ਹਾਂ ਵਾਇਰਸ ਦਾ ਫੈਲਣਾ ਰੋਕ ਕੇ ਰੱਖਣ ਲਈ ਲੋਕਾਂ ਨੂੰ ਅਗਲੇ ਕੁਝ ਸਮੇਂ ਦੌਰਾਨ ਆਉਣ ਵਾਲੇ ਤਿਉਹਾਰਾਂ ਦੇ ਜਸ਼ਨਾਂ ਦੌਰਾਨ ਸਾਵਧਾਨ ਰਹਿਣ ਦੀ ਅਗਾਊਂ ਚੇਤਾਵਨੀ ਦਿੱਤੀ। ਉਨ੍ਹਾਂ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦਾ ਲਾਭ ਸਮੇਂ–ਸਿਰ ਗ਼ਰੀਬਾਂ ਤੱਕ ਪਹੁੰਚਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਕਿਉਂਕਿ ਕੋਈ ਵੈਕਸੀਨ ਵਿਕਸਤ ਨਹੀਂ ਹੋਈ ਹੈ, ਇਸ ਲਈ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਦੋ ਗਜ਼ ਦੂਰੀ ਰੱਖਣ, ਮਾਸਕ ਪਹਿਨਣ ਤੇ ਹੱਥ ਸੈਨੇਟਾਈਜ਼ ਕਰਦੇ ਰਹਿਣ ਦੇ ਉਪਾਵਾਂ ’ਤੇ ਚੱਲਦੇ ਰਹਿਣਾ ਹੋਵੇਗਾ।
ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ ਲਈ ਟੈਸਟ ਕਰਨ ਲਈ ਲੈਬੋਰੇਟਰੀਜ਼ ਹੁਣ ਸਮੁੱਚੇ ਦੇਸ਼ ਵਿੱਚ ਉਪਲਬਧ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਵਿੱਚ ਵਾਇਰਸ ਦਾ ਫੈਲਣਾ ਰੋਕਣ ਲਈ ਕੇਂਦਰੀ ਗ੍ਰਹਿ ਮੰਤਰੀ ਇਸ ਵੇਲੇ ਦਿੱਲੀ ਦੇ ਮੁੱਖ ਮੰਤਰੀ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਮੁੱਖ ਮੰਤਰੀ ਦੇ ਸੰਬੋਧਨ
ਮੁੱਖ ਮੰਤਰੀਆਂ ਨੇ ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਊਧਵ ਠਾਕਰੇ ਨੇ ਇਨ੍ਹਾਂ ਔਖੇ ਹਾਲਾਤ ਵਿੱਚ ਪ੍ਰਧਾਨ ਮੰਤਰੀ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਮੁੰਬਈ ਵਿੱਚ ‘ਵਾਇਰਸ ਨੂੰ ਫ਼ੜਨ’ ਦੀ ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਛੂਤ ਦਾ ਟਾਕਰਾ ਕਰਨ ਲਈ ਸਥਾਈ ਹਸਪਤਾਲ ਕਾਇਮ ਕਰਨ ਬਾਰੇ ਵੀ ਵਿਚਾਰ–ਵਟਾਂਦਰਾ ਕੀਤਾ।
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਸ਼੍ਰੀ ਮਮਤਾ ਬੈਨਰਜੀ ਨੇ ਰਾਜਾਂ ਪ੍ਰਤੀ ਪ੍ਰਧਾਨ ਮੰਤਰੀ ਦੇ ਸਹਿਯੋਗੀ ਰਵੱਈਏ ਦੀ ਸ਼ਲਾਘਾ ਕਰਦਿਆਂ ਆਪਣੇ ਰਾਜ ਵਿੱਚ ਕੇਸਾਂ ਨੂੰ ਟ੍ਰੈਕ ਕਰਨ, ਟੈਲੀ–ਮੈਡੀਸਨ ਦੀ ਵਰਤੋਂ ਦੀਆਂ ਕੋਸ਼ਿਸ਼ਾਂ ਦੇ ਨਾਲ–ਨਾਲ ਰਾਜ ਦੀਆਂ ਕੂਝ ਮੌਜੂਦਾ ਲੈਬੋਰੇਟਰੀਜ਼ ਵਿੱਚ ਸੁਵਿਧਾਵਾਂ ਦਾ ਵਾਧਾ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੇ ਇਸ ਵਾਇਰਸ ਵਿਰੁੱਧ ਜੰਗ ਵਿੱਚ ਪ੍ਰਧਾਨ ਮੰਤਰੀ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਲੈਬੋਰੇਟਰੀਜ਼ ਨਾਲ ਟੈਸਟਿੰਗ ਸਮੇਂ ਵਿੱਚ ਤੇਜ਼ੀ ਨਾਲ ਕਮੀ ਆਵੇਗੀ। ਉਨ੍ਹਾਂ ਰਾਜ ਵਿੱਚ ਟੈਸਟਿੰਗ ਦੀ ਸਮਰੱਥਾ ਵਧਾਉਣ ਅਤੇ ਰੋਜ਼ਾਨਾ ਦੇ ਐਂਟੀਜਨ ਟੈਸਟਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਾਰੇ ਗੱਲ ਕੀਤੀ।
ਪਿਛੋਕੜ
ਵੱਧ ਗਿਣਤੀ ਵਿੱਚ ਟੈਸਟ ਕਰਨ ਵਾਲੀਆਂ ਇਹ ਤਿੰਨ ਸੁਵਿਧਾਵਾਂ ਨੀਤੀਗਤ ਤੌਰ ’ਤੇ ਆਈਸੀਐੱਮਆਰ ਦੇ ਨੌਇਡਾ ਸਥਿਤ ਰਾਸ਼ਟਰੀ ਕੈਂਸਰ ਰੋਕਥਾਮ ਸੰਸਥਾਨ; ਆਈਸੀਐੱਮਆਰ ਦੇ ਮੁੰਬਈ ਸਥਿਤ ਰਾਸ਼ਟਰੀ ਪ੍ਰਜਣਨ ਸਿਹਤ ਖੋਜ ਸੰਸਥਾਨ ਅਤੇ ਆਈਸੀਐੱਮਆਰ ਦੇ ਕੋਲਕਾਤਾ ਸਥਿਤ ਰਾਸ਼ਟਰੀ ਹੈਜ਼ਾ ਤੇ ਆਂਦਰ ਰੋਗ ਖੋਜ ਸੰਸਥਾਨ ਵਿੱਚ ਸਥਾਪਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ ਹਰੇਕ ਸੁਵਿਧਾ ਵਿੱਚ ਰੋਜ਼ਾਨਾ 10,000 ਤੋਂ ਵੱਧ ਸੈਂਪਲ ਟੈਸਟ ਕੀਤੇ ਜਾ ਸਕਣਗੇ। ਇਨ੍ਹਾਂ ਲੈਬੋਰੇਟਰੀਜ਼ ਨਾਲ ਟੈਸਟਿੰਗ ਦਾ ਸਮਾਂ ਵੀ ਘਟੇਗਾ ਅਤੇ ਨਾਲ ਹੀ ਲੈਬ ਦੇ ਕਰਮਚਾਰੀ ਕਲੀਨਿਕਾਂ ਵਿੱਚ ਲਾਗ/ਛੂਤ ਦੀਆਂ ਸਮੱਗਰੀਆਂ ਦੀ ਲਪੇਟ ਵਿੱਚ ਆਉਣ ਤੋਂ ਵੀ ਬਚੇ ਰਹਿਣਗੇ। ਇਹ ਲੈਬੋਰੇਟਰੀਜ਼ ਕੋਵਿਡ ਦੇ ਨਾਲ–ਨਾਲ ਹੈਪੇਟਾਈਟਿਸ ਬੀ ਤੇ ਸੀ, ਐੱਚਆਈਵੀ, ਮਾਈਕੋਬੈਕਟੀਰੀਅਮ ਟਿਊਬਰਕਿਊਲੋਸਿਸ, ਸਾਈਟੋਮੈਗਾਲੋਵਾਇਰਸ, ਚਲਾਮੀਡੀਆ, ਨੀਸੀਰੀਆ, ਡੇਂਗੂ ਆਦਿ ਜਿਹੇ ਹੋਰ ਰੋਗਾਂ ਅਤੇ ਇਸ ਮਹਾਮਾਰੀ ਤੋਂ ਬਾਅਦ ਵੀ ਟੈਸਟ ਕਰਨ ਦੇ ਯੋਗ ਰਹਿਣਗੀਆਂ।
***
ਏਐੱਮ/ਏਪੀ 

 (Release ID: 1641691) Visitor Counter : 194