ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ ਫਿਲਮ ਨਿਰਮਾਣ ਫਿਰ ਤੋਂ ਸ਼ੁਰੂ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦਾ ਐਲਾਨ ਕਰੇਗੀ : ਪ੍ਰਕਾਸ਼ ਜਾਵਡੇਕਰ
Posted On:
07 JUL 2020 6:05PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕਿਹਾ ਕਿ ਸਰਕਾਰ ਅਨਲੌਕ ਪੜਾਅ ਵਿੱਚ ਫਿਲਮ ਨਿਰਮਾਣ ਮੁੜ ਸ਼ੁਰੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਜਲਦੀ ਹੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਜਾਰੀ ਕਰੇਗੀ। ਫਿੱਕੀ ਫਰੇਮਜ਼ ਦੇ 21ਵੇਂ ਸੰਸਕਰਣ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਜਾਵਡੇਕਰ ਨੇ ਕਿਹਾ, ‘‘ਕੋਵਿਡ ਕਾਰਨ ਬੰਦ ਹੋ ਚੁੱਕੇ ਫਿਲਮ ਨਿਰਮਾਣ ਨੂੰ ਮੁੜ ਸ਼ੁਰੂ ਕਰਨ ਲਈ ਅਸੀਂ ਟੀਵੀ ਲੜੀਵਾਰਾਂ, ਫਿਲਮ ਨਿਰਮਾਣ, ਸਹਿ ਨਿਰਮਾਣ, ਐਨੀਮੇਸ਼ਨ, ਗੇਮਿੰਗ ਸਮੇਤ ਸਾਰੇ ਖੇਤਰਾਂ ਵਿੱਚ ਨਿਰਮਾਣ ਨੂੰ ਪ੍ਰੋਤਸਾਹਨ ਦੇਣ ਜਾ ਰਹੇ ਹਨ। ਅਸੀਂ ਇਨ੍ਹਾਂ ਉਪਾਵਾਂ ਬਾਰੇ ਜਲਦੀ ਹੀ ਐਲਾਨ ਕਰਾਂਗੇ।’’
ਕੋਵਿਡ-19 ਮਹਾਮਾਰੀ ਦੇ ਕ੍ਰਮ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਇਸ ਸਲਾਨਾ ਪ੍ਰੋਗਰਾਮ ਦਾ 2020 ਸੰਸਕਰਣ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਆਮ ਤੌਰ ’ਤੇ ਮੁੰਬਈ ਵਿੱਚ ਪੋਵਾਈ ਝੀਲ ਦੇ ਨਜ਼ਦੀਕ ਹੁੰਦਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਲੋਕਾਂ ਨੂੰ ਸੰਵਾਦ ਦੇ ਨਵੇਂ ਤਰੀਕਿਆਂ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਵਰਚੁਅਲ ਪ੍ਰੋਗਰਾਮ ਹੁਣ ‘ਨਵੀਂ ਆਮ’ ਗੱਲ ਬਣ ਗਈ ਹੈ, ਪਰ ਭਾਈਵਾਲੀਆਂ ਵਾਸਤਵਿਕ ਹਨ। ਉਨ੍ਹਾਂ ਨੇ ਕਿਹਾ ਕਿ ਕੰਟੈਂਟ ਨਿਰਮਾਣ ਵਿੱਚ ਭਾਰਤ ਨੂੰ ਲਾਗਤ ਦੇ ਲਿਹਾਜ਼ ਨਾਲ ਚੰਗਾ ਵਾਧਾ ਹਾਸਲ ਹੈ ਅਤੇ ਭਾਰਤੀ ਕੰਟੈਂਟ ਨੂੰ ਦੁਨੀਆ ਭਰ ਵਿੱਚ 150 ਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਸਾਰੇ ਹਿਤਧਾਰਕਾਂ ਨਾਲ ਮਿਲ ਕੇ ਕੰਮ ਕਰਨ ਅਤੇ ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਦੀ ਤਾਕਤ ਦਾ ਫਾਇਦਾ ਲੈਣ ਦਾ ਸੱਦਾ ਦਿੱਤਾ ਹੈ।
ਆਪਣੇ ਸੰਬੋਧਨ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਨੂੰ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਤਬਦੀਲ ਕਰਨ ਵਿੱਚ ਰਚਨਾਤਮਕ ਉਦਯੋਗ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ, ‘‘ਵਿਸਥਾਰ ਦੀ ਬਜਾਏ ਹੁਣ ਮੁੱਲ ਸਿਰਜਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।’’
ਇੱਕ ਤਕਨੀਕੀ ਸੈਸ਼ਨ ਵਿੱਚ ਸ਼ਮੂਲੀਅਤ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਨੇ ਕਿਹਾ ਕਿ ਫਿਲਮਾਂ ਵਿੱਚ ਸਰਕਾਰ ਦੀ ਭੂਮਿਕਾ ਇੱਕ ਸੁਵਿਧਾ ਪ੍ਰਦਾਤਾ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘‘ਰੈਗੂਲੇਸ਼ਨ ਵਿੱਚ ਕਮੀ ਯਕੀਨੀ ਕਰਨ ਦੇ ਕ੍ਰਮ ਵਿੱਚ ਵਿਭਿੰਨ ਰੈਗੂਲੇਸ਼ਨੀ ਢਾਂਚੇ ਤਿਆਰ ਕੀਤੇ ਜਾਣੇ ਚਾਹੀਦੇ ਹਨ।’’ ਸ਼੍ਰੀ ਖਰੇ ਨੇ ਇਹ ਵੀ ਕਿਹਾ ਕਿ ਸਰਕਾਰ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਇਨਫ੍ਰਾਸਟ੍ਰਕਚਰ ਦਾ ਦਰਜਾ ਦੇਣ ਲਈ ਪੂਰਾ ਸਮਰਥਨ ਦੇ ਰਹੀ ਹੈ ਅਤੇ ਨਾਲ ਹੀ ਕਿਹਾ ਕਿ ਇਸ ਦਿਸ਼ਾ ਵਿੱਚ ਕੁਝ ਪਰਿਭਾਸ਼ਾਵਾਂ ਵਿੱਚ ਤਬਦੀਲੀ ਕਰਨ ਦੀ ਜ਼ਰੂਰਤ ਹੈ।
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤਾਭ ਕਾਂਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸੰਕਟ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਭਾਰਤ ਨੂੰ ਅਜਿਹੇ 12-13 ਉੱਭਰਦੇ ਖੇਤਰਾਂ ਦੀ ਪਹਿਚਾਣ ਕਰਨੀ ਚਾਹੀਦੀ ਹੈ ਜੋ ਟਿਕਾਊ ਵਿਕਾਸ ਹਾਸਲ ਕਰਨ ਅਤੇ ਰੋਜ਼ਗਾਰ ਸਿਰਜਣਾ ਰਾਹੀਂ ਆਲਮੀ ਪੱਧਰ ’ਤੇ ਚੈਂਪੀਅਨ ਬਣ ਸਕਦੇ ਹਨ। ਉਨ੍ਹਾਂ ਨੇ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਇਨ੍ਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਸੂਚੀਬੱਧ ਕੀਤਾ ਹੈ।
ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦੇ ਹੋਏ ਸਟਾਰ ਅਤੇ ਡਿਜ਼ਨੀ ਇੰਡੀਆ ਦੇ ਚੇਅਰਮੈਨ ਅਤੇ ਉਦਯੋਗ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਉਦੈ ਸ਼ੰਕਰ ਨੇ ਕਿਹਾ, ‘‘ਮੀਡੀਆ ਅਤੇ ਮਨੋਰੰਜਨ ਖੇਤਰ ਰਚਨਾਤਮਕ ਅਰਥਵਿਵਸਥਾ ਦਾ ਇੱਕ ਅਹਿਮ ਭਾਗ ਹੈ। ਇਹ ਰੋਜ਼ਗਾਰ ਅਤੇ ਕਾਰੋਬਾਰ ਪੈਦਾ ਕਰ ਸਕਦਾ ਹੈ, ਨਾਲ ਹੀ ਭਾਰਤ ਨੂੰ ਆਲਮੀ ਪੱਧਰ ’ਤੇ ਨਵੀਂ ਪਹਿਚਾਣ ਦਿਵਾ ਸਕਦਾ ਹੈ।’’ ਹਾਲਾਂਕਿ ਉਨ੍ਹਾਂ ਨੇ ਇਸ ਤੱਥ ’ਤੇ ਅਫ਼ਸੋਸ ਪ੍ਰਗਟ ਕੀਤਾ ਕਿ ਭਾਰਤੀ ਮੀਡੀਆ ਉਦਯੋਗ, ਵਿਸ਼ੇਸ਼ ਕਰਕੇ ਪ੍ਰਿੰਟ, ਟੀਵੀ ਅਤੇ ਡਿਜੀਟਲ ਖੇਤਰ ਵਿਆਪਕ ਪੱਧਰ ’ਤੇ ਵਿਗਿਆਪਨ ਮਾਲੀਆ ’ਤੇ ਨਿਰਭਰ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਨਾਲ ਸਾਬਤ ਹੋਇਆ ਹੈ ਕਿ ਇਹ ਵਿਵਸਥਾ ਉਦਯੋਗ ਲਈ ਕਾਫ਼ੀ ਨੁਕਸਾਨਦਾਇਕ ਹੈ। ਉਨ੍ਹਾਂ ਨੇ ਕਿਹਾ, ‘‘ਜੇਕਰ ਉਦਯੋਗ ਨੂੰ ਅੱਗੇ ਵਧਾਉਣਾ ਹੈ ਤਾਂ ਉਸ ਨੂੰ ਵਿਗਿਆਪਨ ’ਤੇ ਨਿਰਭਰਤਾ ਘੱਟ ਕਰਨੀ ਹੋਵੇਗੀ।’’
ਗੂਗਲ ਦੇ ਸੰਜੈ ਗੁਪਤਾ ਨੇ ਕੋਵਿਡ ਦੇ ਚਲਦੇ ਦੇਸ਼ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਸਾਹਮਣੇ ਆਈਆਂ ਰੁਕਾਵਟਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 2020-21 ਵਿੱਚ ਇਸ ਖੇਤਰ ਦਾ ਅਕਾਰ 20 ਅਰਬ ਡਾਲਰ ਤੋਂ ਘਟ ਕੇ 15 ਅਰਬ ਡਾਲਰ ’ਤੇ ਆ ਸਕਦਾ ਹੈ, ਪਰ ਇਸ ਵਿੱਚ ‘ਰਚਨਾਤਮਕ ਤਾਕਤ’ ਦੇ ਰੂਪ ਵਿੱਚ ਵਾਪਸੀ ਕਰਨ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਨੇ ਉਦਯੋਗ ਲਈ ਕਰ ਢਾਂਚੇ ਦੇ ਸਰਲੀਕਰਨ ਅਤੇ ਸੀਮਤ ਰੈਗੂਲੇਸ਼ਨ ਦ੍ਰਿਸ਼ਟੀਕੋਣ ਨੂੰ ਅਪਣਾਉਣ ਦਾ ਸੱਦਾ ਦਿੱਤਾ ਜਿਸ ਨਾਲ ਉਦਯੋਗ ਆਪਣੀਆਂ ਪੂਰੀਆਂ ਸਮਰੱਥਾਵਾਂ ਨਾਲ ਅੱਗੇ ਵਧ ਸਕਦਾ ਹੈ।
11 ਜੁਲਾਈ ਨੂੰ ਹੋਣ ਵਾਲੇ ਫਿੱਕੀ ਫਰੇਮਸ ਵਰਚੁਅਲ ਸੰਮੇਲਨ ਵਿੱਚ ਉਦਯੋਗ ਦੇ ਮੋਹਰੀ ਮਾਹਿਰ ਮੀਡੀਆ ਅਤੇ ਮਨੋਰੰਜਨ ਖੇਤਰ ਨਾਲ ਜੁੜੇ ਵਿਭਿੰਨ ਪਹਿਲੂਆਂ ’ਤੇ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ। ਫਿੱਕੀ ਫਰੇਮਸ 2020 ਇਟਲੀ ’ਤੇ ਕੇਂਦ੍ਰਿਤ ਹੈ।
***
ਐੱਸਐੱਸ
(Release ID: 1637129)
Visitor Counter : 154