ਵਿੱਤ ਮੰਤਰਾਲਾ

ਆਰਥਿਕ ਗਤੀਵਿਧੀ ਵਿੱਚ ਵਾਧਾ - ਆਰਥਿਕ ਸੂਚਕਾਂ ਵਿੱਚ ਸੁਧਾਰ


ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੁਆਰਾ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ

ਢਾਂਚਾਗਤ ਸੁਧਾਰਾਂ ਅਤੇ ਸਹਾਇਕ ਸਮਾਜ ਭਲਾਈ ਉਪਾਵਾਂ ਦੋਵਾਂ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ‘ਗ੍ਰੀਨ ਸ਼ੂਟਸ’ ਬਣਾਉਣ ਵਿੱਚ ਸਹਾਇਤਾ ਕਰੇਗੀ

‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਸਾਰੇ ਹਿਤਧਾਰਕਾਂ ਦੇ ਸਮੂਹਕ ਯਤਨ ਨਾਲ ਮਜ਼ਬੂਤ ਕੀਤਾ ਜਾਵੇਗਾ ਅਤੇ ਮਜ਼ਬੂਤ ਜੀਵੰਤ ਭਾਰਤੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਵਿੱਚ ਯੋਗਦਾਨ ਪਾਇਆ ਜਾਵੇਗਾ

Posted On: 23 JUN 2020 12:00PM by PIB Chandigarh

ਜਾਨਾਂ ਬਚਾਉਣ ਦੀ ਅਤਿ ਜ਼ਰੂਰੀ ਲੋੜ ਅਨੁਸਾਰ - ‘ਜਾਨ ਹੈ ਤੋ ਜਹਾਨ ਹੈ’ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਨੇ ਦੇਸ਼ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਆਪਣੇ ਪਹਿਲੇ ਪੜਾਅ ਵਿੱਚ ਰੋਕਣ ਲਈ 24 ਮਾਰਚ, 2020 ਨੂੰ ਦੇਸ਼ ਭਰ ਵਿੱਚ ਸਖ਼ਤ 21 ਦਿਨਾਂ ਦਾ ਲੌਕਡਾਊਨ ਲਗਾਇਆ ਸੀ। ਲੌਕਡਾਊਨ ਦੇ ਸਮੇਂ ਨੇ ਦੇਸ਼ ਵਿੱਚ ਸਿਹਤ ਅਤੇ ਟੈਸਟਿੰਗ ਦੇ  ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਮੁਹਲਤ ਦਿੱਤੀ। ਸਮੇਂ ਸਿਰ ਟ੍ਰੇਸਿੰਗ, ਇਲਾਜ ਅਤੇ ਰਿਪੋਰਟਿੰਗ ਦੇ ਕਾਰਨ, ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਅੱਜ ਦੀ ਤਾਰੀਖ਼ ਤੱਕ ਕਿਰਿਆਸ਼ੀਲ ਮਾਮਲੇ ਦੇਸ਼ ਦੇ ਕੁੱਲ ਮਾਮਲਿਆਂ ਦਾ 41 % ਹਨ।

ਮਜ਼ਬੂਤ ਲੌਕਡਾਊਨ ਅਤੇ ਸਮਾਜਿਕ ਦੂਰੀ ਜਿਹੇ ਉਪਾਅ ਹਾਲਾਂਕਿ, ਅਰਥਵਿਵਸਥਾ ’ਤੇ ਮਾੜਾ ਪ੍ਰਭਾਵ ਪਾਉਂਦੇ ਹਨ। ਜਾਨਾਂ ਦੇ ਨਾਲ-ਨਾਲ ਰੋਜ਼ਗਾਰ ਬਚਾਉਣ ਦੀ ਰਣਨੀਤੀ ਨਾਲ ਹੌਲ਼ੀ-ਹੌਲ਼ੀ ਤਬਦੀਲੀ ਆਉਣ ਲੱਗੀ - ‘ਜਾਨ ਵੀ ਜਹਾਨ ਵੀ’ ਅਨੁਸਾਰ, ਭਾਰਤ ਸੇਵਾਵਾਂ ਅਤੇ ਕਾਰੋਬਾਰਾਂ ਨੂੰ ਪੜਾਅਵਾਰ ਮੁੜ ਚਲਾਉਣ ਲਈ 1 ਜੂਨ ਤੋਂ ‘ਅਨਲੌਕ ਇੰਡੀਆ’ ਪੜਾਅ ਵਿੱਚ ਦਾਖਲ ਹੋ ਗਿਆ ਹੈ। ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਦੋਨੋਂ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ।

ਖੇਤੀਬਾੜੀ ਖੇਤਰ ਭਾਰਤੀ ਅਰਥਵਿਵਸਥਾ ਦੀ ਬੁਨਿਆਦ ਬਣਿਆ ਹੋਇਆ ਹੈ ਅਤੇ ਆਮ ਮਾਨਸੂਨ ਦੀ ਭਵਿੱਖਬਾਣੀ ਦੇ ਨਾਲ ਇਸ ਨੂੰ ਭਾਰਤੀ ਅਰਥਵਿਵਸਥਾ ਦੇ ਮੁੜ ਉੱਭਰਨ ਦਾ ਸਮਰਥਨ ਕਰਨਾ ਚਾਹੀਦਾ ਹੈ। ਹਾਲਾਂਕਿ ਖੇਤੀਬਾੜੀ ਖੇਤਰ ਦਾ ਜੀਡੀਪੀ ਵਿੱਚ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ (ਉਦਯੋਗ ਅਤੇ ਸੇਵਾਵਾਂ ਦੇ ਸਬੰਧ  ਵਿੱਚ), ਪਰ ਇਸ ਦੇ ਵਾਧੇ ਦਾ ਖੇਤੀ ’ਤੇ ਨਿਰਭਰ ਵੱਡੀ ਆਬਾਦੀ ’ਤੇ ਬਹੁਤ ਸਕਾਰਾਤਮਕ ਪ੍ਰਭਾਵ ਹੈ। ਇਸ ਤੋਂ ਇਲਾਵਾ, ਖੇਤਰ ਵਿੱਚ ਐਲਾਨੇ ਗਏ ਤਾਜ਼ਾ ਮਹੱਤਵਪੂਰਨ ਸੁਧਾਰਾਂ ਦਾ ਕੁਸ਼ਲ ਵੈਲਿਊ ਚੇਨ ਉਸਾਰਨ ਅਤੇ ਕਿਸਾਨਾਂ ਲਈ ਬਿਹਤਰ ਰਿਟਰਨ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਹੇਗਾ।

ਭਾਰਤੀ ਨਿਰਮਾਣ ਦਾ ਲਚਕੀਲਾਪਣ ਇਸ ਤੱਥ ਤੋਂ ਸਪਸ਼ਟ ਹੁੰਦਾ ਹੈ ਕਿ 2 ਮਹੀਨਿਆਂ ਦੀ ਮਿਆਦ ਦੇ ਅੰਦਰ, ਭਾਰਤ ਜ਼ੀਰੋ ਤੋਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਨਿਰਮਾਣ ਕਰਨ ਵਾਲਾ ਦੇਸ਼ ਬਣਿਆ ਹੈ। ਆਰਥਿਕ ਪੁਨਰ-ਸੁਰਜੀਤੀ ਦੇ ਮੁੱਢਲੇ ਗ੍ਰੀਨ ਸ਼ਾਟਸ ਮਈ ਅਤੇ ਜੂਨ ਵਿੱਚ ਅਸਲ ਗਤੀਵਿਧੀ ਸੂਚਕਾਂ ਜਿਵੇਂ ਕਿ ਬਿਜਲੀ ਅਤੇ ਬਾਲਣ ਦੀ ਖ਼ਪਤ, ਰਾਜਾਂ ਵਿਚਾਲੇ ਅਤੇ ਅੰਤਰ ਰਾਜ ਵਿੱਚ ਮਾਲ ਦੀ ਆਵਾਜਾਈ, ਪ੍ਰਚੂਨ ਵਿੱਤੀ ਲੈਣ-ਦੇਣ ਨਾਲ ਸਾਹਮਣੇ ਆਏ ਹਨ।

ਆਰਥਿਕ ਸੂਚਕਾਂ ਵਿੱਚ ਸੁਧਾਰ

ਖੇਤੀਬਾੜੀ

• 16 ਜੂਨ, 2020 ਤੱਕ ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਖ਼ਰੀਦ 382 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਦੇ ਸਰਬੋਤਮ ਰਿਕਾਰਡ ਅੰਕੜੇ ਨੂੰ ਛੂਹ ਗਈ ਹੈ, ਜੋ ਕਿ 2012-13 ਦੇ ਦੌਰਾਨ 381.48 ਐੱਲਐੱਮਟੀ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਗਈ ਹੈ। ਇਹ ਕੋਵਿਡ -19 ਮਹਾਮਾਰੀ ਦੇ ਕਾਰਨ ਲੱਗੀਆਂ ਸਮਾਜਿਕ ਦੂਰੀ ਦੀਆਂ ਪਾਬੰਦੀਆਂ ਦੇ ਸਮੇਂ ਦੌਰਾਨ ਹੋਇਆ ਹੈ। 42 ਲੱਖ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਰਾਹੀਂ 73,500 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

• 16 ਰਾਜਾਂ ਵਿੱਚ ਐੱਮਐੱਫ਼ਪੀ ਸਕੀਮ ਲਈ ਐੱਮਐੱਸਪੀ ਅਧੀਨ ਲਘੂ ਵਣ ਉਤਪਾਦਨ (ਐੱਮਐੱਫ਼ਪੀ) ਦੀ 79.42 ਕਰੋੜ ਰੁਪਏ ਦੀ ਖ਼ਰੀਦ ਨੇ ਰਿਕਾਰਡ ਤੋੜ ਦਿੱਤਾ ਹੈ। ਕੋਵਿਡ -19 ਮਹਾਮਾਰੀ ਦੇ ਇਨ੍ਹਾਂ ਦੁਖਦਾਈ ਸਮਿਆਂ ਵਿੱਚ ਜਿਸ ਨੇ ਕਬਾਇਲੀਆਂ ਦੇ ਜ਼ਿੰਦਗੀ ਅਤੇ ਰੋਜ਼ਗਾਰ ਨੂੰ ਨਸ਼ਟ ਕਰ ਦਿੱਤਾ ਸੀ, ਇਹ ਬਹੁਤ ਜ਼ਿਆਦਾ ਲਾਜ਼ਮੀ ਇਲਾਜ਼ ਸਾਬਤ ਹੋਇਆ ਹੈ।

• 19 ਜੂਨ ਤੱਕ, ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਲਈ 13.13 ਮਿਲੀਅਨ ਹੈਕਟੇਅਰ ਰਕਬੇ ਦੀ ਬਿਜਾਈ ਕੀਤੀ ਹੈ, ਜੋ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ 39 % ਵੱਧ ਹੈ। ਇਸ ਦੌਰਾਨ ਤੇਲ ਦੇ ਬੀਜ, ਕੋਰਸ ਅਨਾਜ, ਦਾਲਾਂ ਅਤੇ ਕਪਾਹ ਅਧੀਨ ਰਕਬੇ ਵਿੱਚ ਇੱਕ ਵੱਡੀ ਉਛਾਲ ਹੈ।

• ਮਈ 2020 ਵਿੱਚ ਖਾਦ ਦੀ ਵਿਕਰੀ ਇੱਕ ਸਾਲ ਵਿੱਚ ਤਕਰੀਬਨ 98 % (40.02 ਲੱਖ ਟਨ) ਵਧੀ ਹੈ, ਜੋ ਇੱਕ ਜ਼ਬਰਦਸਤ ਖੇਤੀਬਾੜੀ ਖੇਤਰ ਨੂੰ ਦਰਸਾਉਂਦੀ ਹੈ।

ਨਿਰਮਾਣ (ਮੈਨੂਫੈਕਚਰਿੰਗ)

• ਭਾਰਤ ਦਾ ਪੀਐੱਮਆਈ ਮੈਨੂਫੈਕਚਰਿੰਗ ਅਤੇ ਸੇਵਾਵਾਂ ਖੇਤਰ ਅਪ੍ਰੈਲ (ਕ੍ਰਮਵਾਰ 27.4 ਅਤੇ 5.4) ਦੇ ਮੁਕਾਬਲੇ ਮਈ ਵਿੱਚ ਕ੍ਰਮਵਾਰ 30.8 ਅਤੇ 12.6 ’ਤੇ ਘੱਟ ਸੁੰਗੜਿਆ ਹੈ।

• ਬਿਜਲੀ ਦੀ ਖ਼ਪਤ ਅਪ੍ਰੈਲ ਵਿੱਚ (-) 24 %, ਮਈ ਵਿੱਚ (-) 15.2 % ਅਤੇ ਜੂਨ ਵਿੱਚ (21 ਜੂਨ ਤੱਕ) (-) 12.5 % ਸੁੰਗੜੀ ਹੈ। ਜੂਨ ਵਿੱਚ, ਬਿਜਲੀ ਦੀ ਖ਼ਪਤ ਪਹਿਲੇ ਹਫ਼ਤੇ ਵਿੱਚ (-) 19.8 % ਤੋਂ ਦੂਜੇ ਹਫ਼ਤੇ ਵਿੱਚ (-) 11.2 % ਤੋਂ ਜੂਨ ਦੇ ਤੀਜੇ ਹਫ਼ਤੇ ਵਿੱਚ (-) 6.2 % ਤੱਕ ਸੁਧਰੀ ਹੈ।

• ਮਈ 2020 ਵਿੱਚ ਈ-ਵੇਅ ਬਿੱਲਾਂ (8.98 ਲੱਖ ਕਰੋੜ ਰੁਪਏ) ਦਾ ਕੁੱਲ ਮੁਲਾਂਕਣ ਮੁੱਲ ਅਪ੍ਰੈਲ 2020 (3.9 ਲੱਖ ਕਰੋੜ ਰੁਪਏ) ਦੇ ਮੁਕਾਬਲੇ ਵੱਡੇ ਪੱਧਰ ’ਤੇ 130 % ਜ਼ਿਆਦਾ ਸੀ, ਜੋ ਪਿਛਲੇ ਸਾਲ ਅਤੇ ਲੌਕਡਾਊਨ ਦੇ ਸਮੇਂ ਤੋਂ ਪਹਿਲਾਂ ਦੇ ਪੱਧਰ ਨਾਲੋਂ ਘੱਟ ਹੈ। ਪਹਿਲੀ ਤੋਂ 19 ਜੂਨ ਦੇ ਵਿਚਕਾਰ ਤਿਆਰ ਕੀਤੇ ਈ-ਵੇਅ ਬਿੱਲਾਂ ਦੀ ਕੀਮਤ 7.7 ਲੱਖ ਕਰੋੜ ਰੁਪਏ ਹੈ, ਹਾਲੇ ਮਹੀਨਾ ਪੂਰਾ ਹੋਣ ਵਿੱਚ 11 ਦਿਨ ਬਾਕੀ ਹਨ।

• ਪੈਟਰੋਲੀਅਮ ਪਦਾਰਥਾਂ ਦੀ ਖ਼ਪਤ, ਦੇਸ਼ ਵਿੱਚ ਖ਼ਪਤ ਅਤੇ ਉਤਪਾਦਨ ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ ਇੱਕ ਪ੍ਰਮੁੱਖ ਸੂਚਕ ਹੈ, ਜੋ ਅਪ੍ਰੈਲ ਵਿੱਚ 99,37,000 ਮੀਟ੍ਰਿਕ ਟਨ ਤੋਂ 47 % ਵਧ ਕੇ ਮਈ ਵਿੱਚ 1,46,46,000 ਮੀਟ੍ਰਿਕ ਟਨ ਹੋ ਗਈ ਹੈ। ਸਿੱਟੇ ਵਜੋਂ, ਪੈਟਰੋਲੀਅਮ ਪਦਾਰਥਾਂ ਦੀ ਖ਼ਪਤ ਸਾਲ-ਦਰ-ਸਾਲ ਦੇ ਹਿਸਾਬ ਨਾਲ ਅਪ੍ਰੈਲ ਵਿੱਚ (-) 45.7 % ਸੁੰਗੜੀ ਸੀ ਜੋ ਮਈ ਵਿੱਚ ਘਟ ਕੇ (-) 23.2 % ਹੀ ਸੁੰਗੜੀ ਸੀ। ਜੂਨ ਵਿੱਚ ਅਨਲੌਕ 1.0 ਦੇ ਇੱਕ ਮਹੀਨੇ ਬਾਅਦ ਹਾਲੇ ਵੀ ਪੈਟਰੋਲੀਅਮ ਪਦਾਰਥਾਂ ਦੀ ਖ਼ਪਤ ਵਿੱਚ ਵਾਧਾ ਹੋਣ ਦੀ ਉਮੀਦ ਹੈ।

ਸੇਵਾਵਾਂ

• ਅਪ੍ਰੈਲ (6.54 ਕਰੋੜ ਟਨ) ਦੇ ਮੁਕਾਬਲੇ, ਮਈ ਵਿੱਚ (8.26 ਕਰੋੜ ਟਨ) ਰੇਲਵੇ ਮਾਲ ਟ੍ਰੈਫਿਕ ਵਿੱਚ 26 % ਦਾ ਸੁਧਾਰ ਹੋਇਆ ਹੈ, ਹਾਲਾਂਕਿ ਇਹ ਪਿਛਲੇ ਸਾਲ ਦੇ ਮੁਕਾਬਲੇ ਨਾਲੋਂ ਹਾਲੇ ਵੀ ਘੱਟ ਹੈ। ਰਾਸ਼ਟਰੀ ਰਾਜਮਾਰਗਾਂ ’ਤੇ ਮਾਲ ਦੀ ਢੁਆਈ ਦੇ ਵਾਧੇ ਦੇ ਬਾਵਜੂਦ ਜੂਨ ਵਿੱਚ ਹੋਰ ਸੁਧਾਰ ਜਾਰੀ ਰਹਿਣ ਦੀ ਸੰਭਾਵਨਾ ਹੈ।

• ਅਪ੍ਰੈਲ, 2020 ਦੇ 8.25 ਕਰੋੜ ਰੁਪਏ ਦੇ ਔਸਤਨ ਰੋਜ਼ਾਨਾ ਇਲੈਕਟ੍ਰੌਨਿਕ ਟੋਲ ਕੁਲੈਕਸ਼ਨ ਮਈ ਵਿੱਚ 4 ਗੁਣਾ ਵਧ ਕੇ 36.84 ਕਰੋੜ ਰੁਪਏ ਹੋ ਗਏ ਹਨ। ਜੂਨ ਦੇ ਪਹਿਲੇ ਤਿੰਨ ਹਫ਼ਤਿਆਂ ਦੌਰਾਨ, ਇਨ੍ਹਾਂ ਵਿੱਚ ਹੋਰ ਸੁਧਾਰ ਹੋ ਕੇ ਇਹ 49.8 ਕਰੋੜ ਰੁਪਏ ਦੇ ਹੋ ਗਏ ਹਨ।

• ਐੱਨਪੀਸੀਆਈ ਪਲੈਟਫਾਰਮ ਦੇ ਜ਼ਰੀਏ ਅਪ੍ਰੈਲ, 2020 ਦੇ 6.71 ਲੱਖ ਕਰੋੜ ਰੁਪਏ ਦੇ ਕੁੱਲ ਡਿਜੀਟਲ ਪ੍ਰਚੂਨ ਵਿੱਤੀ ਲੈਣ-ਦੇਣ ਮਈ ਵਿੱਚ ਵਧ ਕੇ 9.65 ਲੱਖ ਕਰੋੜ ਰੁਪਏ ਦੇ ਹੋ ਗਏ ਹਨ। ਅਸਲ ਗਤੀਵਿਧੀ ਵਿੱਚ ਇੱਕ ਲਗਾਤਾਰ ਵਾਧੇ ਨਾਲ ਜੂਨ ਵਿੱਚ ਰੁਝਾਨਾਂ ਦੇ ਜਾਰੀ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ।

ਮੁਦਰਾ ਸੂਚਕ

• ਢੁਕਵੀਂ ਤਰਲਤਾ (ਨਕਦੀ) ਨੂੰ ਯਕੀਨੀ ਬਣਾਉਣ ਲਈ, ਭਾਰਤੀ ਰਿਜ਼ਰਵ ਬੈਂਕ ਦੇ ਯਤਨਾਂ ਦੇ ਨਾਲ ਮਈ ਵਿੱਚ (0.84 ਲੱਖ ਕਰੋੜ) ਕਾਰਪੋਰੇਟ ਬਾਂਡਾਂ ਦੀ ਨਿਜੀ ਪਲੇਸਮੈਂਟ ਵਿੱਚ ਤੇਜ਼ੀ ਨਾਲ 94.1 % (ਸਾਲ ਦਰ ਸਾਲ ਵਾਧਾ) ਦਾ ਵਾਧਾ ਹੋਇਆ ਹੈ ਜੋ ਅਪ੍ਰੈਲ (0.54 ਲੱਖ ਕਰੋੜ) ਵਿੱਚ 22 % ਸੁੰਗੜਿਆ ਸੀ। ਜੂਨ ਵਿੱਚ ਹਾਲੇ ਵੀ ਵੱਡੀ ਪਲੇਸਮੈਂਟ ਦੇਖਣ ਦੀ ਸੰਭਾਵਨਾ ਹੈ ਕਿਉਂਕਿ ਸਿਸਟਮ ਵਿੱਚ ਵਧੇਰੇ ਤਰਲਤਾ (ਨਕਦੀ) ਕਾਇਮ ਹੈ।

• ਮਿਊਚੁਅਲ ਫੰਡਾਂ ਦੇ ਪ੍ਰਬੰਧਨ ਅਧੀਨ ਔਸਤਨ ਜਾਇਦਾਦ (ਏਯੂਐੱਮ) ਅਪ੍ਰੈਲ 2020 ਵਿੱਚ 23.5 ਲੱਖ ਕਰੋੜ ਦੇ ਮੁਕਾਬਲੇ ਮਈ 2020 ਵਿੱਚ 3.2 % ਦੇ ਵਾਧੇ ਨਾਲ 24.2 ਲੱਖ ਕਰੋੜ ਦੀ ਹੋ ਗਈ ਹੈ। ਸੂਚਕ ਵਿੱਚ ਸਾਲ ਦਰ ਸਾਲ ਵਾਧੇ ਵਿੱਚ ਸੁੰਗੜਨਾ ਵੀ ਅਪ੍ਰੈਲ ਦੇ (-) 6.9 % ਤੋਂ ਘਟ ਕੇ ਮਈ ਵਿੱਚ (-) 4.5 % ਰਹਿ ਗਿਆ ਹੈ।

• 12 ਜੂਨ ਤੱਕ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 507.6 ਬਿਲੀਅਨ ਡਾਲਰ ਰਿਹਾ ਅਤੇ ਇਹ ਉੱਚ ਵਿਦੇਸ਼ੀ ਨਿਵੇਸ਼, ਪੋਰਟਫੋਲੀਓ ਦੇ ਵਹਾਅ ਅਤੇ ਤੇਲ ਦੀਆਂ ਘੱਟ ਕੀਮਤਾਂ ਦੇ ਮੱਦੇਨਜ਼ਰ ਲਗਾਤਾਰ ਬਾਹਰੀ ਝਟਕੇ ਤੋਂ ਇੱਕ ਮਹੱਤਵਪੂਰਨ ਕਵਚ ਪ੍ਰਦਾਨ ਕਰ ਰਿਹਾ ਹੈ। ਵਿੱਤੀ ਸਾਲ 2019- 20 ਵਿੱਚ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ 73.45 ਅਰਬ ਅਮਰੀਕੀ ਡਾਲਰ ਦੀ ਆਮਦ ਦਰਜ ਕੀਤੀ ਗਈ, ਜੋ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ 18.5 % ਵੱਧ ਹੈ।

ਢਾਂਚਾਗਤ ਸੁਧਾਰਾਂ ਅਤੇ ਸਹਾਇਕ ਸਮਾਜ ਭਲਾਈ ਉਪਾਵਾਂ ਦੋਵਾਂ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ‘ਗ੍ਰੀਨ ਸ਼ੂਟਸ’ ਬਣਾਉਣ ਵਿੱਚ ਸਹਾਇਤਾ ਕਰੇਗੀ। ‘ਆਤਮਨਿਰਭਰ ਭਾਰਤ’ ਦੇ ਸੰਕਲਪ ਨੂੰ ਸਾਰੇ ਹਿਤਧਾਰਕਾਂ ਦੇ ਸਮੂਹਕ ਯਤਨ ਨਾਲ ਮਜ਼ਬੂਤ ਕੀਤਾ ਜਾਵੇਗਾ ਅਤੇ ਮਜ਼ਬੂਤ ਜੀਵੰਤ ਭਾਰਤੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਵਿੱਚ ਯੋਗਦਾਨ ਪਾਇਆ ਜਾਵੇਗਾ।

 

****

 

ਆਰਐੱਮ / ਕੇਐੱਮਐੱਨ


(Release ID: 1633660) Visitor Counter : 312