ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਬਾਰੇ ਮੰਤਰੀਆਂ ਦੇ ਗਰੁੱਪ ਦੀ 15ਵੀਂ ਮੀਟਿੰਗ ਹੋਈ; ਕੋਵਿਡ-19 ਦੇ ਪ੍ਰਬੰਧਨ ਲਈ ਮੌਜੂਦਾ ਸਥਿਤੀ, ਤਿਆਰੀ ਅਤੇ ਕਾਰਜਾਂ ਦੀ ਸਮੀਖਿਆ ਕੀਤੀ
ਡਾ. ਹਰਸ਼ ਵਰਧਨ ਨੇ ਜ਼ਿਆਦਾ ਲੋਡ ਵਾਲੇ ਖੇਤਰਾਂ ਦੇ ਪ੍ਰਬੰਧਨ ਅਤੇ ਕੇਸਾਂ ਦੀ ਘਾਤਕਤਾ ਦੇ ਪ੍ਰਬੰਧਨ ’ਤੇ ਧਿਆਨ ਕੇਂਦ੍ਰਿਤ ਕਰਨ ’ਤੇ ਜ਼ੋਰ ਦਿੱਤਾ
Posted On:
15 MAY 2020 3:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਅੱਜ ਕੋਵਿਡ-19 ਦੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ 15ਵੀਂ ਮੀਟਿੰਗ ਇੱਥੇ ਨਿਰਮਾਣ ਭਵਨ ਵਿਖੇ ਹੋਈ। ਇਸ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ, ਜਹਾਜ਼ਰਾਨੀ, ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਲਾਲ ਮਾਂਡਵੀਯਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਅਸ਼ਵਨੀ ਕੁਮਾਰ ਚੌਬੇ ਅਤੇ ਚੀਫ ਆਵ੍ ਡਿਫੈਂਸ ਸਟਾਫ, ਸ਼੍ਰੀ ਬਿਪਿਨ ਰਾਵਤ ਮੌਜੂਦ ਸਨ।
ਕੋਵਿਡ-19 ਕੇਸਾਂ ਦੀ ਵਿਸ਼ਵਵਿਆਪੀ ਅਤੇ ਦੇਸ਼ ਦੇ ਅੰਦਰ ਮੌਜੂਦਾ ਸਥਿਤੀ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਕੀਤੀ ਗਈ। ਵਿਸ਼ਵ ਪੱਧਰ ’ਤੇ ਕੋਵਿਡ-19 ਦੀ ਕੁੱਲ ਸੰਖਿਆ 42,48,389 ਅਤੇ ਮੌਤਾਂ 2,94,046 ਹੋਈਆਂ ਅਤੇ ਮੌਤ ਦੀ ਦਰ 6.92% ਦੱਸੀ ਗਈ ਹੈ, ਜਦੋਂ ਕਿ ਭਾਰਤ ਵਿੱਚ ਕੋਵਿਡ-19 ਨਾਲ ਹੋਈਆਂ ਕੁੱਲ ਮੌਤਾਂ 2,649 ਅਤੇ ਮਰੀਜ਼ਾਂ ਦੀ ਸੰਖਿਆ 81,970 ਹੈ। ਮੌਤ ਦਰ 3.23% ’ਤੇ ਆ ਗਈ। ਹੁਣ ਤੱਕ ਕੁੱਲ 27,920 ਵਿਅਕਤੀ ਠੀਕ ਹੋ ਚੁੱਕੇ ਹਨ। ਜੇ ਪਿਛਲੇ 24 ਘੰਟਿਆਂ ਵਿੱਚ ਦੇਖਿਆ ਜਾਵੇ ਤਾਂ 1,685 ਮਰੀਜ਼ ਠੀਕ ਹੋ ਗਏ। ਇਹ ਕੁੱਲ ਰਿਕਵਰੀ ਰੇਟ ਨੂੰ 34.06% ’ਤੇ ਲੈਂ ਜਾਂਦਾ ਹੈ। ਇਹ ਵੀ ਦੱਸਿਆ ਗਿਆ ਕਿ ਲੌਕਡਾਊਨ ਦਾ ਪ੍ਰਭਾਵ ਡਬਲਿੰਗ ਰੇਟ ’ਤੇ ਦੇਖਿਆ ਗਿਆ ਜੋ ਪਿਛਲੇ ਹਫ਼ਤੇ ਦੇ ਪ੍ਰੀ-ਲੌਕਡਾਊਨ ਹਫ਼ਤੇ ਵਿੱਚ 3.4 ਦਿਨਾਂ ਤੋਂ 12.9 ਦਿਨ ਹੋ ਗਿਆ ਹੈ।
ਮੰਤਰੀਆਂ ਦੇ ਗਰੁੱਪ (ਜੀਓਐੱਮ) ਨੇ ਕੋਵਿਡ-19 ਦੇ ਨਿਯੰਤਰਣ ਦੀ ਰਣਨੀਤੀ ਅਤੇ ਪ੍ਰਬੰਧਨ ਪੱਖਾਂ ਦੇ ਨਾਲ ਨਾਲ ਕੇਂਦਰ ਅਤੇ ਵੱਖ-ਵੱਖ ਰਾਜਾਂ ਵੱਲੋਂ ਚੁੱਕੇ ਜਾ ਰਹੇ ਉਪਾਇਆਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਇੱਥੇ 30 ਮਿਊਂਸਪਲ ਖੇਤਰ ਹਨ ਜੋ ਭਾਰਤ ਦੇ ਕੇਸ ਭਾਰ ਦਾ 79% ਬਣਦੇ ਹਨ। ਮੰਤਰੀਆਂ ਦੇ ਗਰੁੱਪ ਨੇ ਵਿਚਾਰ ਵਟਾਂਦਰੇ ਵਿੱਚ ਕਿਹਾ ਕਿ ਕੋਵਿਡ-19 ਪ੍ਰਬੰਧਨ ਰਣਨੀਤੀ ਦਾ ਕੇਂਦਰ ਰਾਜਾਂ ਤੇ ਸਭ ਤੋਂ ਵੱਧ ਪੁਸ਼ਟੀ ਕੀਤੇ ਕੇਸਾਂ ਅਤੇ ਸਭ ਤੋਂ ਵੱਧ ਸੰਖਿਆ, ਇਲਾਜ ਅਤੇ ਕੇਸ ਘਾਤਕਤਾ ਪ੍ਰਬੰਧਨ ਉੱਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ, ਜਿਸ ਲਈ ਸਮੇਂ ਸਿਰ ਸੰਕ੍ਰਮਣ ਦੀ ਪਛਾਣ ਅਤੇ ਸੰਪਰਕ ਦਾ ਪਤਾ ਲਗਾਉਣਾ ਸਭ ਤੋਂ ਵਧੀਆ ਢੰਗ ਹੈ। ਮੰਤਰੀਆਂ ਦੇ ਗਰੁੱਪ ਨੇ ਵੱਖ ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵਾਪਸ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਅਤੇ ਵਿਦੇਸ਼ਾਂ ਤੋਂ ਪਰਤਣ ਵਾਲਿਆਂ ਕਾਰਨ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ।
ਮੰਤਰੀਆਂ ਦੇ ਗਰੁੱਪ ਨੂੰ ਇਹ ਵੀ ਦੱਸਿਆ ਗਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕੋਵਿਡ-19 ਦੇ ਬਿਹਤਰ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਸੰਕੇਤਕ, ਕਾਰਨਾਂ ਅਤੇ ਲੋੜੀਂਦੀਆਂ ਲੋੜਾਂ ਬਾਰੇ ਨਿਯੰਤਰਣ ਜ਼ੋਨ ਪ੍ਰਬੰਧਨ ਲਈ ਭਾਰਤ ਸਰਕਾਰ ਦੀਆਂ ਵੱਖ-ਵੱਖ ਸਿਫਾਰਸ਼ਾਂ ਪਹਿਲਾਂ ਹੀ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।
ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਵੱਧ ਰਹੇ ਮੈਡੀਕਲ ਬੁਨਿਆਦੀ ਢਾਂਚੇ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਅੱਜ ਤੱਕ ਕੁੱਲ 8,694 ਸਹੂਲਤਾਂ ਜਿਨ੍ਹਾਂ ਵਿੱਚ 919 ਸਮਰਪਿਤ ਕੋਵਿਡ ਹਸਪਤਾਲ, 2,036 ਕੋਵਿਡ ਸਿਹਤ ਕੇਂਦਰ ਅਤੇ 5,739 ਕੋਵਿਡ ਦੇਖਭਾਲ ਕੇਂਦਰ ਸ਼ਾਮਲ ਹਨ, ਜਿਨ੍ਹਾਂ ਵਿੱਚ ਗੰਭੀਰ ਅਤੇ ਨਾਜ਼ੁਕ ਮਾਮਲਿਆਂ ਲਈ ਕੁੱਲ 2,77,429 ਬੈੱਡ ਹਨ। ਗੰਭੀਰ ਮਾਮਲਿਆਂ ਦੀ ਦੇਖਭਾਲ ਕਰਨ ਵਾਲੇ ਕੇਂਦਰਾਂ ਵਿੱਚ 29,701 ਆਈਸੀਯੂ ਬੈੱਡ ਅਤੇ 5,15,250 ਆਇਸੋਲੇਸ਼ਨ ਬੈੱਡ ਉਪਲੱਬਧ ਹਨ।
ਇਸ ਤੋਂ ਇਲਾਵਾ ਅੱਜ ਤੱਕ ਦੇਸ਼ ਵਿੱਚ ਕੋਵਿਡ-19 ਦਾ ਮੁਕਾਬਲਾ ਕਰਨ ਲਈ 18,855 ਵੈਂਟੀਲੇਟਰ ਉਪਲੱਬਧ ਹਨ। ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ / ਕੇਂਦਰੀ ਸੰਸਥਾਵਾਂ ਨੂੰ 84.22 ਲੱਖ ਐੱਨ 95. ਮਾਸਕ ਅਤੇ 47.98 ਲੱਖ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਵੀ ਪ੍ਰਦਾਨ ਕੀਤੇ ਹਨ। ਜੀਓਐੱਮ ਨੂੰ ਇਹ ਵੀ ਦੱਸਿਆ ਗਿਆ ਕਿ ਘਰੇਲੂ ਨਿਰਮਾਤਾ ਪ੍ਰਤੀ ਦਿਨ ਤਕਰੀਬਨ 3 ਲੱਖ ਪੀਪੀਈ ਦੀ ਉਤਪਾਦਨ ਸਮਰੱਥਾ ’ਤੇ ਪਹੁੰਚ ਗਏ ਹਨ ਅਤੇ ਲਗਭਗ 3 ਲੱਖ ਐੱਨ -95 ਮਾਸਕ ਜੋ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫ਼ੀ ਹਨ। ਇਸ ਤੋਂ ਇਲਾਵਾ ਘਰੇਲੂ ਨਿਰਮਾਤਾਵਾਂ ਵੱਲੋਂ ਵੈਂਟੀਲੇਟਰਾਂ ਦਾ ਨਿਰਮਾਣ ਵੀ ਅਰੰਭ ਹੋ ਗਿਆ ਹੈ ਅਤੇ ਇਨ੍ਹਾਂ ਲਈ ਆਰਡਰ ਦਿੱਤੇ ਗਏ ਹਨ।
ਆਈਸੀਐੱਮਆਰ ਦੇ ਡਾਇਰੈਕਟਰ ਜਨਰਲ, ਡਾ. ਬਲਰਾਮ ਭਾਰਗਵ ਨੇ ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਕਿ ਦੇਸ਼ ਵਿੱਚ ਟੈਸਟਿੰਗ ਸਮਰੱਥਾ 509 ਸਰਕਾਰੀ ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਰਾਹੀਂ ਪ੍ਰਤੀ ਦਿਨ 1,00,000 ਟੈਸਟ ਹੋ ਗਈ ਹੈ। ਅੱਜ ਤੱਕ ਦੇਸ਼ ਵਿੱਚ ਤਕਰੀਬਨ 20 ਲੱਖ ਇੱਕਮੁਸ਼ਤ ਟੈਸਟ ਲਏ ਗਏ ਹਨ। ਟੈਸਟਿੰਗ ਸਹੂਲਤ ਨੂੰ ਵਧਾਉਣ ਲਈ ਅਡਵਾਂਸ ਮਸ਼ੀਨਾਂ ਵੀ ਖਰੀਦੀਆਂ ਗਈਆਂ ਹਨ ਅਤੇ ਆਰਡਰ ਦਿੱਤੇ ਗਏ ਹਨ।
ਇਸ ਦੇ ਨੈਸ਼ਨਲ ਸੈਂਟਰ ਫਾਰ ਡਿਜੀਜ ਕੰਟਰੋਲ (ਐੱਨਸੀਡੀਸੀ) ਨੂੰ ਕੌਬਾਸ 6868 ਨਾਲ ਲੈਸ ਕੀਤਾ ਗਿਆ ਸੀ, ਜੋ ਦੇਸ਼ ਦੀ ਸੇਵਾ ਵਿੱਚ ਕੋਵਿਡ-19 ਦੇ ਰੀਅਲ ਟਾਈਮ ਪੀ.ਸੀ.ਆਰ. ਟੈਸਟਿੰਗ ਲਈ ਪੂਰੀ ਤਰ੍ਹਾਂ ਸਵੈਚਾਲਿਤ, ਉੱਚ ਅੰਤ ਵਾਲੀ ਮਸ਼ੀਨ ਹੈ। ਕੋਬਾਸ 6800, 24 ਘੰਟਿਆਂ ਵਿੱਚ 1200 ਨਮੂਨਿਆਂ ਦੇ ਭਰੋਸੇਮੰਦ ਟੈਸਟ ਪ੍ਰਦਾਨ ਕਰਦੀ ਹੈ। ਮੌਜੂਦਾ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਕਾਫ਼ੀ ਹੈ ਅਤੇ ਆਈਸੀਐੱਮਆਰ ਦੇ 15 ਡਿਪੂਆਂ ਵੱਲੋਂ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡਿਆ ਜਾ ਰਿਹਾ ਹੈ।
ਵਿਦੇਸ਼ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਵੱਖ-ਵੱਖ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਉਡਾਣ ਦੀ ਸਮਾਂ-ਸੀਮਾ ਤਿਆਰ ਕਰਨ ਲਈ ਕੀਤੇ ਯਤਨਾਂ ਬਾਰੇ ਵੀ ਜੀਓਐੱਮ ਨੂੰ ਦੱਸਿਆ ਗਿਆ। ਅਭਿਆਸ ਦੇ ਪਹਿਲੇ ਪੜਾਅ ਵਿੱਚ, ਲਗਭਗ 12,000 ਭਾਰਤੀਆਂ ਨੂੰ ਪਹਿਲਾਂ ਹੀ ਵਾਪਸ ਲਿਆਂਦਾ ਗਿਆ ਹੈ ਅਤੇ ਸਬੰਧਿਤ ਰਾਜਾਂ ਵਿੱਚ ਆਇਸੋਲੇਟ ਕੀਤਾ ਗਿਆ ਹੈ। ਰਾਜ ਵਿੱਚ ਨਿਰਧਾਰਿਤ ਬਿੰਦੂ ’ਤੇ ਸਕ੍ਰੀਨਿੰਗ ਅਤੇ ਅਦਾਇਗੀ ਸੰਸਥਾਗਤ ਕੁਆਰੰਟੀਨ ਸਹੂਲਤਾਂ ਵਰਗੀਆਂ ਸਾਰੀਆਂ ਪ੍ਰਕਿਰਿਆਵਾਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ।
ਇਸ ਮੌਕੇ ’ਤੇ ਸਕੱਤਰ (ਪਰਿਵਾਰ ਤੇ ਸਿਹਤ ਭਲਾਈ ਮੰਤਰਾਲਾ) ਸੁਸ਼੍ਰੀ ਪ੍ਰੀਤੀ ਸੂਦਨ, ਓਐੱਸਡੀ/ਸਕੱਤਰ (ਪਰਿਵਾਰ ਤੇ ਸਿਹਤ ਭਲਾਈ ਮੰਤਰਾਲਾ) ਸ਼੍ਰੀ ਰਾਜੇਸ਼ ਭੂਸ਼ਣ, ਸਕੱਤਰ (ਸ਼ਹਿਰੀ ਹਵਾਬਾਜ਼ੀ) ਸ਼੍ਰੀ ਪ੍ਰਦੀਪ ਸਿੰਘ ਖਰੋਲਾ, ਸਕੱਤਰ (ਵਣਜ) ਸ਼੍ਰੀ ਅਨੂਪ ਵਾਧਵਨ, ਡੀਸੀ-ਆਈਸੀਐੱਮਆਰ ਪ੍ਰੋ.ਬਲਰਾਮ ਭਾਰਗਵ, ਡੀਜੀ, ਆਈਟੀਬੀਪੀ, ਸ਼੍ਰੀ ਆਨੰਦ ਸਵਰੂਪ, ਐਡੀਸ਼ਨਲ ਸਕੱਤਰ (ਵਿਦੇਸ਼ ਮੰਤਰਾਲਾ) ਸ਼੍ਰੀ ਦਾਮੂ ਰਵੀ, ਵਧੀਕ ਸਕੱਤਰ (ਗ੍ਰਹਿ ਮੰਤਰਾਲਾ) ਸ਼੍ਰੀ ਅਨਿਲ ਮਲਿਕ, ਵਧੀਕ ਸਕੱਤਰ (ਆਰਥਿਕ ਮਾਮਲੇ) ਡਾ. ਸੀ.ਐੱਸ. ਮੋਹਾਪਾਤਰਾ, ਸ਼੍ਰੀ ਲਵ ਅਗਰਵਾਲ, ਸੰਯੁਕਤ ਸਕੱਤਰ (ਪਰਿਵਾਰ ਤੇ ਸਿਹਤ ਭਲਾਈ ਮੰਤਰਾਲਾ), ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਤੀਨਿਧੀ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਅਡਿਵਾਈਜ਼ਰੀ ਬਾਰੇ ਪ੍ਰਮਾਣਿਕ ਅਤੇ ਅੱਪਡੇਟ ਕੀਤੀ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ ’ਤੇ ਵਿਜਿਟ ਕਰੋ: https://www.mohfw.gov.in/.
COVID-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਸਬੰਧੀ ਈਮੇਲ ਰਾਹੀਂ ਪੁੱਛਗਿੱਛ technicalquery.covid19[at]gov[dot]in ਅਤੇ ਹੋਰ ਪੁੱਛਗਿੱਛ ਲਈ ncov2019[at]gov[dot]in ’ਤੇ ਅਤੇ @CovidIndiaSeva.ਨੂੰ ਟਵੀਟ ਕੀਤਾ ਜਾ ਸਕਦਾ ਹੈ।
ਕੋਵਿਡ-19 ’ਤੇ ਕਿਸੇ ਵੀ ਪ੍ਰਸ਼ਨ ਦੇ ਮਾਮਲੇ ਵਿੱਚ, ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨੰਬਰ + 91-11-23978046 ਜਾਂ 1075 (ਟੋਲ-ਫ੍ਰੀ) ’ਤੇ ਕਾਲ ਕਰੋ। ਕੋਵਿਡ-19 ’ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf ’ਤੇ ਉਪਲੱਬਧ ਹੈ।
*****
ਐੱਮਵੀ/ਐੱਸਜੀ
(Release ID: 1624212)
Visitor Counter : 271