ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਅੰਤਰਰਾਸ਼ਟਰੀ ਨਰਸ ਦਿਵਸ ਦਾ ਆਯੋਜਨ
ਨਰਸਾਂ ਅਤੇ ਹੋਰ ਹੈਲਥ ਵਰਕਰਾਂ ਦੇ ਬਿਨਾ ਅਸੀਂ ਮਹਾਮਾਰੀ ਦੇ ਖਿਲਾਫ਼ ਜੰਗ ਨਹੀਂ ਜਿੱਤ ਸਕਦੇ : ਡਾ. ਹਰਸ਼ ਵਰਧਨ
Posted On:
12 MAY 2020 3:13PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਅੰਤਰਰਾਸ਼ਟਰੀ ਨਰਸ ਦਿਵਸ ਸਮਾਰੋਹ ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਨ ਕੀਤਾ। ਅੱਜ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਵਸ ਦੀ 200ਵੀਂ ਵਰ੍ਹੇਗੰਢ ਵੀ ਹੈ। ਇਸ ਸਾਲ ਅੰਤਰਰਾਸ਼ਟਰੀ ਨਰਸ ਦਿਵਸ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਸ ਮੌਕੇ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਨਰਸ ਅਤੇ ਮਿਡਵਾਈਫ ਦਾ ਸਾਲ’ ਐਲਾਨਿਆ ਹੈ। ਇਸ ਮੌਕੇ ਲੱਖਾਂ ਨਰਸਾਂ ਨੂੰ ਸਮਾਗਮ ਨਾਲ ਔਨਲਾਈਨ ਜੋੜਿਆ ਗਿਆ ਸੀ।
ਨਰਸਿੰਗ ਪੇਸ਼ੇ ਨਾਲ ਜੁੜੇ ਲੋਕਾਂ ਦੇ ਕੰਮ ਅਤੇ ਨਿਰਸੁਆਰਥ ਸਮਰਪਣ ਦੀ ਭਾਵਨਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿਹਤ ਸੇਵਾ ਪ੍ਰਣਾਲੀ ਦੇ ਮਜ਼ਬੂਤ ਸਤੰਭ ਦੱਸਿਆ ਅਤੇ ਕਿਹਾ, ‘ਤੁਹਾਡੇ ਕੰਮ ਅਤੇ ਇਮਾਨਦਾਰੀ ਦੀ ਥਾਹ ਨਹੀਂ ਲਈ ਜਾ ਸਕਦੀ। ਤੁਹਾਡੀ ਪ੍ਰਤੀਬੱਧਤਾ ਨੂੰ ਸ਼ਬਦਾਂ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਦਿਆ ਭਾਵ, ਸਮਰਪਣ ਅਤੇ ਹੀਲਿੰਗ ਟੱਚ ਦੇਣ ਲਈ ਤੁਹਾਡਾ ਸ਼ੁਕਰੀਆ। ਤੁਹਾਡੇ ਲਈ ਦਿਨ ਚਾਹੇ ਕਿੰਨਾ ਵੀ ਰੁਝੇਵਿਆਂ ਭਰਿਆ ਕਿਉਂ ਨਾ ਹੋਵੇ ਮਰੀਜ਼ਾਂ ਦੀ ਦੇਖਭਾਲ਼ ਹਮੇਸ਼ਾ ਤੁਹਾਡੀ ਤਰਜੀਹ ਹੁੰਦੀ ਹੈ।’ ਉਨ੍ਹਾਂ ਨੇ ਮੌਜੂਦਾ ਮਹਾਮਾਰੀ ਦੇ ਦੌਰ ਵਿੱਚ ਨਿਰੰਤਰ ਆਪਣੇ ਕੰਮ ਵਿੱਚ ਜੁਟੇ ਰਹਿਣ ਲਈ ਵੀ ਨਰਸਾਂ ਦਾ ਆਭਾਰ ਪ੍ਰਗਟ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਨਰਸਾਂ ਅਤੇ ਹੋਰ ਹੈਲਥ ਵਰਕਰਾਂ ਦੇ ਬਿਨਾ ‘ਅਸੀਂ ਇਸ ਮਹਾਮਾਰੀ ਦੇ ਖਿਲਾਫ਼ ਲੜਾਈ ਨਹੀਂ ਜਿੱਤ ਸਕਦੇ ਅਤੇ ਨਾ ਹੀ ਸਰਬਵਿਆਪੀ ਸਿਹਤ ਸੇਵਾ ਉਪਲੱਬਧ ਕਰਵਾਉਣ ਅਤੇ ਨਿਰੰਤਰ ਵਿਕਾਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ।’
ਡਾ. ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ-19 ਦੇ ਦੌਰ ਵਿੱਚ ਆਈਆਂ ਚੁਣੌਤੀਆਂ ਦੇ ਸਾਹਮਣੇ ਨਰਸਾਂ ਨੂੰ ਆਪਣੀ ਸਮਰੱਥਾ ਦੀ ਕਠਿਨ ਪ੍ਰੀਖਿਆ ਦੇਣੀ ਪੈ ਰਹੀ ਹੈ। ਉਨ੍ਹਾਂ ਨੇ ਇਸ ਸੰਦਰਭ ਵਿੱਚ ਪੁਣੇ ਦੀ ਸਟਾਫ ਨਰਸ ਜਿਓਤੀ ਵਿੱਠਲ, ਪੁਣੇ ਦੀ ਸਹਾਇਕ ਮੈਟਰਨ ਸ਼੍ਰੀਮਤੀ ਅਨੀਤਾ ਗੋਵਿੰਦਰਾਵ ਰਠੌੜ ਅਤੇ ਝਿਲਮਿਲ ਦੇ ਈਐੱਸਆਈ ਹਸਪਤਾਲ ਦੀ ਨਰਸਿੰਗ ਅਧਿਕਾਰੀ ਕੁਮਾਰੀ ਮਾਰਗਰੇਟ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਅਸੀਂ ਖੋਇਆ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਅੱਜ ਤੁਹਾਡੇ ਸਭ ਨਾਲ ਇਹ ਇਕਜੁੱਟਤਾ ਪ੍ਰਦਰਸ਼ਿਤ ਕਰਨ ਲਈ ਖੜ੍ਹਾ ਹਾਂ ਕਿ ਅਸੀਂ ਇਕੱਠੇ ਮਿਲ ਕੇ ਇਸ ਬਿਮਾਰੀ ਨਾਲ ਲੜਦੇ ਰਹਾਂਗੇ, ਤੁਹਾਡਾ ਮਨੋਬਲ ਉੱਚਾ ਰੱਖਾਂਗੇ ਅਤੇ ਖੁਦ ਨੂੰ ਬਚਾ ਕੇ ਰੱਖਣ ਲਈ ਸਾਰੇ ਨਿਯਮਾਂ ਦਾ ਪਾਲਣ ਕਰਦੇ ਹੋਏ ਲਾਜ਼ਮੀ ਸਾਵਧਾਨੀ ਵੀ ਵਰਤਾਂਗੇ।
ਡਾ. ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਦੇ ਉੱਚ ਪੱਧਰਾਂ ’ਤੇ ਪ੍ਰਤੀਬੱਧਤਾ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ-19 ਖਿਲਾਫ਼ ਸਰਕਾਰ ਦੇ ਅਭਿਆਨ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਹਰੀ ਮੋਰਚੇ ’ਤੇ ਖੜ੍ਹੇ ਹੈਲਥ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਆਰਡੀਨੈਂਸ ਦਾ ਪ੍ਰਾਵਧਾਨ ਕੀਤਾ ਗਿਆ ਹੈ। ਆਰਡੀਨੈਂਸ ਤਹਿਤ ਅਜਿਹੇ ਹਿੰਸਕ ਕਾਰਜਾਂ ਨੂੰ ਸਪਸ਼ਟ ਅਤੇ ਗ਼ੈਰ-ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਣ ਅਤੇ ਹਿੰਸਾ ਨਾਲ ਪ੍ਰਭਾਵਿਤ ਸਿਹਤ ਕਰਮਚਾਰੀਆ ਨੂੰ ਮੁਆਵਜ਼ੇ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਹਿੰਸਕ ਘਟਨਾਵਾਂ ਵਿੱਚ ਲਿਪਤ ਪਾਏ ਗਏ ਲੋਕਾਂ ਨੂੰ ਤਿੰਨ ਤੋਂ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਅਤੇ ਨਾਲ 50,000 ਰੁਪਏ ਤੋਂ ਲੈ ਕੇ ਕ 2 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਗੰਭੀਰ ਜ਼ਖ਼ਮੀ ਕਰਨ ਵਾਲਿਆਂ ਨੂੰ ਛੇ ਮਹੀਨੇ ਤੋਂ ਲੈ ਕੇ ਸੱਤ ਸਾਲ ਦੀ ਸਜ਼ਾ ਅਤੇ 1 ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਇਲਾਵਾ ਅਪਰਾਧੀ ਨੂੰ ਪੀੜਤ ਨੂੰ ਮੁਆਵਜ਼ੇ ਦਾ ਭੁਗਤਾਨ ਕਰਨ ਅਤੇ ਸੰਪਤੀ ਨੂੰ ਨੁਕਸਾਨ ਲਈ ਉਚਿਤ ਬਜ਼ਾਰ ਮੁੱਲ ਦਾ ਦੁੱਗਣਾ ਅਦਾ ਕਰਨ ਲਈ ਵੀ ਜਵਾਬਦੇਹ ਠਹਿਰਾਇਆ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਦੇ ਇਲਾਵਾ ਸਰਕਾਰ ਨੇ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਵਿੱਚ ਲੱਗੇ ਹੈਲਥ ਵਰਕਰਾਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਬੀਮਾ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਤਹਿਤ 22.12 ਲੱਖ ਹੈਲਥ ਵਰਕਰਾਂ ਲਈ 90 ਦਿਨਾਂ ਦਾ 50 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਹੈ। ਇਹ ਅਜਿਹੇ ਹੈਲਥ ਵਰਕਰਾਂ ਲਈ ਹੈ ਜਿਨ੍ਹਾਂ ਦੇ ਕੋਵਿਡ ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਹੋਣ ਦਾ ਜੋਖਿਮ ਰਹਿਣ ਕਾਰਨ ਉਸ ਤੋਂ ਪ੍ਰਭਾਵਿਤ ਹੋਣ ਦਾ ਖਤਰਾ ਹੁੰਦਾ ਹੈ।
ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਨਰਸਾਂ ਨੂੰ ਖੁਦ ਹੀ ਕੋਵਿਡ-19 ਸੰਕ੍ਰਮਣ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਉਚਿਤ ਸਾਵਧਾਨੀ ਵਰਤਣੀ ਹੈ ਅਤੇ ਸਾਰੇ ਨਿਯਮਾਂ ਦਾ ਪਾਲਣ ਕਰਨਾ ਹੈ ਤਾਂ ਕਿ ਨਾ ਸਿਰਫ਼ ਉਹ ਇਸ ਬਿਮਾਰੀ ਤੋਂ ਖੁਦ ਨੂੰ ਬਚਾਅ ਸਕਣ ਬਲਿਕ ਦੂਜਿਆਂ ਨੂੰ ਵੀ ਬਚਣ ਦੀ ਸਹੀ ਸਲਾਹ ਦੇ ਸਕਣ। ਉਨ੍ਹਾਂ ਨੇ ਨਰਸਾਂ ਨੂੰ ਦਿੱਲੀ ਦੇ ਆਯੂਰਵੇਦ ਸੰਸਥਾਨ ਅਤੇ ਭਾਰਤੀ ਨਰਸਿੰਗ ਕੌਂਸਲ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਵਿਭਿੰਨ ਵੈਬਿਨਾਰ ਦਾ ਪੂਰਾ ਲਾਭ ਉਠਾਉਣ ਦੀ ਸਲਾਹ ਦਿੱਤੀ।
ਇਸ ਮੌਕੇ ’ਤੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਸਕੱਤਰ, ਕੁਮਾਰੀ ਪ੍ਰੀਤੀ ਸੂਦਨ, ਵਿਸ਼ੇਸ਼ ਸਕੱਤਰ ਸ਼੍ਰੀ ਅਰੁਣ ਸਿੰਘਲ, ਸੰਯੁਕਤ ਸਕੱਤਰ ਸ਼੍ਰੀ ਨਿਪੁਣ ਵਿਨਾਇਕ, ਭਾਰਤੀ ਨਰਸਿੰਗ ਪਰਿਸ਼ਦ, ਨਵੀਂ ਦਿੱਲੀ ਦੇ ਪ੍ਰਧਾਨ ਸ਼੍ਰੀ ਟੀ. ਦਿਲੀਪ ਕੁਮਾਰ, ਅਖਿਲ ਭਾਰਤੀ ਸਰਕਾਰੀ ਨਰਸ ਫੈਡਰੇਸ਼ਨ ਦੀ ਜਨਰਲ ਸਕੱਤਰ ਸ਼੍ਰੀਮਤੀ ਜੀ. ਕੇ. ਖੁਰਾਣਾ, ਟਰੇਂਡ ਨਰਸ ਐਸੋਸੀਏਸ਼ਨ ਆਵ੍ ਇੰਡੀਆ, ਉੱਤਰ ਖੇਤਰ ਦੀ ਮੀਤ ਪ੍ਰਧਾਨ ਸ਼੍ਰੀਮਤੀ ਐਨੀ ਕੁਮਾਰ ਦੇ ਇਲਾਵਾ ਕਈ ਨਰਸਿੰਗ ਸੰਗਠਨਾਂ ਦੇ ਮੈਂਬਰ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
*****
ਐੱਮਵੀ
(Release ID: 1623350)
Visitor Counter : 210
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Tamil
,
Telugu
,
Kannada
,
Malayalam