ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼, ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ ਕੋਵਿਡ -19 ਦੇ ਪ੍ਰਬੰਧਾਂ ਦੀਆਂ ਤਿਆਰੀਆਂ ਅਤੇ ਰੋਕਥਾਮ ਉਪਾਵਾਂ ਦੀ ਸਮੀਖਿਆ ਕੀਤੀ

“ਦੂਜੇ ਰਾਜਾਂ ਤੋਂ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਉਚਿਤ ਕੁਆਰੰਟੀਨ ਵਿਵਸਥਾ ਦੇ ਨਾਲ ਐੱਸਏਆਰਆਈ / ਆਈਐੱਲਆਈ ਮਾਮਲਿਆਂ ਦੇ ਨਮੂਨੇ ਅਤੇ ਟੈਸਟਿੰਗ ਵਧਾਉਣ ਦੀ ਲੋੜ”

Posted On: 07 MAY 2020 5:39PM by PIB Chandigarh

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅੱਜ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸ਼੍ਰੀ ਜੈ ਪ੍ਰਤਾਪ ਸਿੰਘ, ਓਡੀਸ਼ਾ ਦੇ ਸਿਹਤ ਮੰਤਰੀ ਸ਼੍ਰੀ ਨਬ ਕਿਸ਼ੋਰ ਦਾਸ ਦੇ ਨਾਲ ਕੋਵਿਡ - 19 ਕਾਰਨ ਪੈਦਾ ਹੋਈ ਸਥਿਤੀ ਦੇ ਲਈ ਕੀਤੇ ਜਾ ਰਹੇ ਉਪਾਅ ਅਤੇ ਤਿੰਨਾਂ ਰਾਜਾਂ ਵਿੱਚ ਇਸ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ  ਕੀਤੀ।

ਡਾ ਹਰਸ਼ ਵਰਧਨ ਨੇ ਦੇਸ਼ ਵਿੱਚ ਕੋਵਿਡ - 19 ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਸਾਰਿਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ 7 ਮਈ, 2020 ਤੱਕ ਦੇਸ਼ ਭਰ ਵਿੱਚ ਕੁੱਲ 52,952 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 15,266 ਵਿਅਕਤੀਆਂ ਦਾ ਇਲਾਜ ਹੋ ਚੁੱਕਿਆ ਹੈ ਅਤੇ 1,783 ਮੌਤਾਂ ਹੋਈਆਂ ਹਨ। ਪਿਛਲੇ 24 ਘੰਟਿਆਂ ਵਿੱਚ 3561 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1084 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਇੱਕ ਬਿਹਤਰ ਹਾਲਤ ਵਿੱਚ ਹੈ ਕਿਉਂਕਿ ਇੱਥੇ ਮੌਤ ਦਰ 3.3 % ਹੈ ਅਤੇ ਠੀਕ ਹੋਣ ਦੀ ਦਰ 28.83 % ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈਸੀਯੂ ਵਿੱਚ 4.8 % ਮਰੀਜ਼, 1.1 % ਵੈਂਟੀਲੇਟਰਾਂ ਉੱਤੇ ਅਤੇ 3.3 % ਆਕਸੀਜਨ ਦੇ ਸਹਾਰੇ ਐਕਟਿਵ ਮਾਮਲੇ ਹਨ। ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚ, “ਟੈਸਟਿੰਗ ਦੀ ਸਮਰੱਥਾ ਵਧੀ ਹੈ ਅਤੇ 327 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 118 ਨਿਜੀ ਪ੍ਰਯੋਗਸ਼ਾਲਾਵਾਂ ਨਾਲ ਪ੍ਰਤੀ ਦਿਨ 95,000 ਟੈਸਟ ਕੀਤੇ ਜਾ ਰਹੇ ਹਨ। ਕੁੱਲ ਮਿਲਾ ਕੇ ਕੋਵਿਡ - 19 ਲਈ ਹੁਣ ਤੱਕ 13,57,442 ਟੈਸਟ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ 180 ਅਜਿਹੇ ਜ਼ਿਲ੍ਹੇ ਹਨ ਜਿੱਥੇ ਪਿਛਲੇ 7 ਦਿਨਾਂ ਤੋਂ ਘੱਟ ਸਮੇਂ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, 164 ਜ਼ਿਲ੍ਹੇ ਜਿਨ੍ਹਾਂ ਵਿੱਚ 14 ਤੋਂ 20 ਦਿਨਾਂ ਵਿੱਚ ਅਤੇ 136 ਜਿਲਿਆਂ ਵਿੱਚ ਪਿਛਲੇ 21 ਤੋਂ 28 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਇੱਥੇ 13 ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਜਿਵੇਂ ਅੰਡੇਮਾਨ ਨਿਕੋਬਾਰ ਦੀਪ, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੋਆ, ਝਾਰਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕੇਰਲ, ਲੱਦਾਖ, ਮਣੀਪੁਰ, ਮੇਘਾਲਿਆ, ਮਿਜ਼ੋਰਮ ਅਤੇ ਓਡੀਸ਼ਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਈ ਕੇਸ ਦਰਜ ਨਹੀਂ ਹੋਇਆ ਹੈ। ਡਾ: ਹਰਸ਼ ਵਰਧਨ ਨੇ ਕਿਹਾ ਕਿ ਦਮਨ ਅਤੇ ਦੀਵ, ਸਿੱਕਮ, ਨਾਗਾਲੈਂਡ ਅਤੇ ਲਕਸ਼ਦੀਪ ਵਿੱਚ ਹਾਲੇ ਤੱਕ ਇੱਕ ਵੀ ਕੇਸ ਦਰਜ ਨਹੀਂ ਹੋਇਆ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਕੁੱਲ 130 ਹੌਟਸਪੌਟ ਜ਼ਿਲ੍ਹੇ, 284 ਗ਼ੈਰ ਹੌਟਸਪੌਟ ਜ਼ਿਲ੍ਹੇ ਅਤੇ 319 ਗ਼ੈਰ-ਪ੍ਰਭਾਵਤ ਜ਼ਿਲ੍ਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਕੋਵਿਡ - 19 ਨਾਲ ਨਿਪਟਣ ਲਈ ਹੁਣ ਤੱਕ 1,50,059 ਬਿਸਤਰੇ (ਇਕਾਂਤਵਾਸ ਲਈ ਬਿਸਤਰੇ - 1, 32,219 ਅਤੇ ਆਈਸੀਯੂ ਬਿਸਤਰੇ - 17,840) ਦੇ ਨਾਲ 821 ਸਮਰਪਿਤ ਕੋਵਿਡ - 19 ਹਸਪਤਾਲ ਅਤੇ 1,19,109 ਬਿਸਤਰੇ (ਇਕਾਂਤਵਾਸ ਲਈ ਬਿਸਤਰੇ - 1, 09,286 ਅਤੇ ਆਈਸੀਯੂ ਬਿਸਤਰੇ 9,823) ਦੇ ਨਾਲ 1,898 ਸਮਰਪਿਤ ਕੋਵਿਡ - 19 ਸਿਹਤ ਕੇਂਦਰ ਹਨ ਅਤੇ 7,569 ਕੁਆਰੰਟੀਨ ਸੈਂਟਰ ਉਪਲਬਧ ਹਨ।

ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ 29.06 ਲੱਖ ਨਿਜੀ ਸੁਰੱਖਿਆ ਉਪਕਰਣ (ਪੀਪੀਈ) ਅਤੇ 62.77 ਲੱਖ ਐੱਨ - 95 ਮਾਸਕ ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਕੇਂਦਰੀ ਸੰਸਥਾਵਾਂ ਵਿੱਚ ਵੰਡੇ ਗਏ ਹਨ।

ਰਾਜਾਂ ਵਿੱਚ ਕੋਵਿਡ - 19 ਮਾਮਲਿਆਂ ਦੀ ਹਾਲਤ ਅਤੇ ਰਾਜਾਂ ਵਿੱਚ ਇਸ ਦੇ ਪ੍ਰਬੰਧਾਂ ਬਾਰੇ ਸੰਖੇਪ ਪੇਸ਼ਕਾਰੀ ਤੋਂ ਬਾਅਦ, ਡਾ ਹਰਸ਼ ਵਰਧਨ ਨੇ ਕਿਹਾ, “ਰਾਜਾਂ ਨੂੰ ਘੱਟ ਮੌਤ ਦਰ ਨੂੰ ਬਣਾਈ ਰੱਖਣ ਲਈ ਵਧੇਰੇ ਪ੍ਰਭਾਵਸ਼ਾਲੀ ਨਿਗਰਾਨੀ, ਸੰਪਰਕ ਟਰੇਸਿੰਗ ਅਤੇ ਛੇਤੀ ਨਿਦਾਨ ਤੇ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ, ਸਾਹ ਲੈਣ ਸਬੰਧੀ ਅਧਿਕ ਸੰਕ੍ਰਮਣ (ਐੱਸਆਰਆਈ)/ ਇਨਫਲੂਐਨਜ਼ਾ ਵਰਗੀ ਬਿਮਾਰੀ (ਆਈਐੱਲਆਈ) ਦੀ ਨਿਗਰਾਨੀ ਨੂੰ ਗ਼ੈਰ-ਪ੍ਰਭਾਵਿਤ ਜ਼ਿਲਿਆਂ ਅਤੇ ਅਜਿਹੇ ਜ਼ਿਲ੍ਹਿਆਂ ਵਿੱਚ ਤੇਜ਼ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੇ ਪਿਛਲੇ 14 ਦਿਨਾਂ ਤੋਂ ਮੈਡੀਕਲ ਕਾਲਜ ਹਸਪਤਾਲਾਂ ਦੇ ਸਹਿਯੋਗ ਨਾਲ ਆਈਡੀਐੱਸਪੀ ਨੈੱਟਵਰਕ ਜ਼ਰੀਏ ਮਾਮਲਿਆਂ ਦੀ ਰਿਪੋਰਟ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਾਅ ਸ਼ੁਰੂਆਤੀ ਪੜਾਅ ਤੇ ਕਿਸੇ ਵੀ ਸੰਭਾਵਿਤ ਛੁਪੇ ਹੋਏ ਸੰਕ੍ਰਮਣ ਦੀ ਮੌਜੂਦਗੀ ਨੂੰ ਦਰਸਾਉਣ ਵਿੱਚ ਸਹਾਇਤਾ ਕਰਨਗੇ, ਜਿਸ ਨਾਲ ਸਮੇਂ ਸਿਰ ਇਸਦੀ ਰੋਕਥਾਮ ਵਿੱਚ ਸਹਾਇਤਾ ਮਿਲੇਗੀ।

ਡਾ: ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ ਸੰਕ੍ਰਮਣ ਤੋਂ ਬਚਾਉਣ ਤੇ ਉਸਦੀ ਸੰਭਾਵਨਾ ਘਟਾਉਣ ਲਈ ਸਾਰੇ ਸਿਹਤ ਸੰਭਾਲ ਕੇਂਦਰਾਂ ਵਿੱਚ ਸੰਕ੍ਰਮਣ, ਰੋਕਥਾਮ ਅਤੇ ਨਿਯੰਤਰਣ (ਆਈਪੀਸੀ) ਦੇ ਅਮਲਾਂ ਨੂੰ ਅਪਣਾਉਣਾ ਯਕੀਨੀ ਬਣਾਉਣ ਦੀ ਲੋੜ ਹੈ। ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਸੀ ਕਿ ਸਾਰੇ ਕੇਂਦਰੀ ਦਿਸ਼ਾ-ਨਿਰਦੇਸ਼ਾਂ/ ਸੁਝਾਵਾਂ ਨੂੰ ਜ਼ਮੀਨੀ ਪੱਧਰ ਤੇ ਗੰਭੀਰਤਾ ਨਾਲ ਲਾਗੂ ਕੀਤਾ ਜਾਵੇ।ਰਾਜਾਂ ਨੇ ਕੋਵਿਡ - 19 ਪ੍ਰਬੰਧਾਂ ਲਈ ਨਿਜੀ ਹਸਪਤਾਲਾਂ ਨਾਲ ਭਾਈਵਾਲੀ ਲਈ ਜਾਣਕਾਰੀ ਦਿੱਤੀ, ਜਿਵੇਂ ਕਿ ਉੱਤਰ ਪ੍ਰਦੇਸ਼ ਨੇ ਕਿਹਾ ਕਿ ਉਨ੍ਹਾਂ ਨੇ ਭੁਗਤਾਨ ਦੇ ਅਧਾਰ ਤੇ ਸਮਰਪਿਤ ਕੋਵਿਡ ਸਿਹਤ ਸਹੂਲਤਾਂ ਦੇਣ ਵਾਲੇ ਨਿਜੀ ਹਸਪਤਾਲਾਂ ਨੂੰ ਪਛਾਣਿਆ ਹੈ। ਉਨ੍ਹਾਂ ਨੇ ਜ਼ਿਆਦਾ ਪ੍ਰਭਾਵੀ ਨਿਗਰਾਨੀ ਅਤੇ ਮਾਮਲਿਆਂ ਦੀ ਖੋਜ , ਆਦਿ ਦੇ ਲਈ ਜ਼ਿਲ੍ਹਾ ਮੈਜਿਸਟਰੇਟਾਂ/ ਕਮਿਸ਼ਨਰਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਹੋਰ ਅਧਿਕਾਰੀਆਂ ਦੁਆਰਾ ਸਾਂਝਾ ਕੀਤੀ ਗਈ ਉੱਤਰ ਪ੍ਰਦੇਸ਼ ਵਿੱਚ ਵਿਕਸਤ ਗ੍ਰਾਮ ਨਿਗਰਾਨੀ ਕਮੇਟੀਆਂ/ਮੁਹੱਲਾ ਨਿਗਰਾਨੀ ਕਮੇਟੀਆਂਜਿਹੀਆਂ ਵਧੀਆ ਕਾਰਜ ਪ੍ਰਣਾਲੀਆਂ ਦੀ ਸ਼ਲਾਘਾ ਕੀਤੀ।

ਆਉਣ ਵਾਲੇ ਦਿਨਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਰਾਜਾਂ ਵਿੱਚ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ, ਡਾ: ਹਰਸ਼ ਵਰਧਨ ਨੇ ਰਾਜਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਪਰੀਖਣ, ਕੁਆਰੰਟੀਨ ਅਤੇ ਸਕਾਰਾਤਮਕ ਮਾਮਲਿਆਂ ਦੇ ਇਲਾਜ ਲਈ ਮਜ਼ਬੂਤ ਰਣਨੀਤੀ ਅਤੇ ਤੰਤਰ ਤਿਆਰ ਕਰਨ ਦੀ ਲੋੜ ਹੈ। ਕੁਝ ਰਾਜਾਂ ਵਿੱਚ ਵਿਦੇਸ਼ਾਂ ਤੋਂ ਪ੍ਰਵਾਸੀ ਵੀ ਆਉਣਗੇ। ਜ਼ਰੂਰਤ ਪੈਣ ਤੇ ਉਨ੍ਹਾਂ ਦੀ ਜਾਂਚ, ਸੰਸਥਾਗਤ ਕੁਆਰੰਟੀਨ ਅਤੇ ਇਲਾਜ ਲਈ ਇੱਕ ਪ੍ਰਭਾਵਸ਼ਾਲੀ ਰਣਨੀਤੀ ਵੀ ਬਣਾਈ ਜਾਣੀ ਚਾਹੀਦੀ ਹੈ।

ਡਾ: ਹਰਸ਼ ਵਰਧਨ ਨੇ ਇਹ ਵੀ ਸੁਝਾਅ ਦਿੱਤਾ ਕਿ ਸੀਲ ਕੀਤੇ ਇਲਾਕਿਆਂ ਵਿੱਚ ਨਿਗਰਾਨੀ ਕਰਨ ਵਾਲੀਆਂ ਟੀਮਾਂ ਦੇ ਨਾਲ-ਨਾਲ ਵਲੰਟੀਅਰਾਂ ਦੀ ਵੀ ਵਾਰਡ-ਪੱਧਰ ਤੇ ਪਛਾਣ ਕੀਤੀ ਜਾ ਸਕਦੀ ਹੈ ਤਾਂ ਕਿ ਹੱਥ ਧੋਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੇ ਇਹਤਿਆਤੀ ਉਪਾਵਾਂ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ ਅਤੇ ਜੋ ਸਮਾਜ ਵਿੱਚ ਪ੍ਰਚਲਿਤ ਕਲੰਕਾ ਨੂੰ ਖਤਮ ਕਰਨ ਵਿੱਚ ਇੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ।

ਰਾਜਾਂ ਨੂੰ ਇਹ ਵੀ ਦੁਹਰਾਇਆ ਗਿਆ ਕਿ ਟੀਕਾਕਰਣ ਮੁਹਿੰਮਾਂ, ਟੀਬੀ ਦੇ ਕੇਸ ਲੱਭਣ ਅਤੇ ਇਲਾਜ, ਡਾਇਲਸਿਸ ਮਰੀਜ਼ਾਂ ਲਈ ਖੂਨ ਚੜ੍ਹਾਉਣ, ਕੈਂਸਰ ਦੇ ਮਰੀਜ਼ਾਂ ਦੇ ਇਲਾਜ, ਗਰਭਵਤੀ ਔਰਤਾਂ ਦੀ ਏਐੱਨਸੀ ਸਬੰਧੀ ਗ਼ੈਰ-ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਵਿਵਸਥਾ ਵੱਲ ਧਿਆਨ ਦੇਣ ਦੀ ਲੋੜ ਹੈ। ਇਹ ਵੀ ਕਿਹਾ ਗਿਆ ਕਿ ਆਯੁਸ਼ਮਾਨ ਭਾਰਤ - ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਵਰਤੋਂ ਹਾਈਪਰਟੈਨਸ਼ਨ, ਸ਼ੂਗਰ ਅਤੇ ਤਿੰਨ ਕਿਸਮਾਂ ਦੇ ਕੈਂਸਰ ਦੀ ਜਾਂਚ ਲਈ ਕੀਤੀ ਜਾ ਸਕਦੀ ਹੈ। ਲੌਕਡਾਉਨ ਦੇ ਮੱਦੇਨਜ਼ਰ ਵੱਡੀ ਆਬਾਦੀ ਲਈ ਟੈਲੀਮੇਡੀਸੀਨ ਅਤੇ ਟੈਲੀ-ਕਾਉਂਸਲਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰਾਜਾਂ ਨੂੰ ਜ਼ਰੂਰੀ ਦਵਾਈਆਂ ਦਾ ਉਚਿਤ ਸਟਾਕ ਰੱਖਣ ਦੀ ਵੀ ਸਲਾਹ ਦਿੱਤੀ ਗਈ। ਰਾਜਾਂ ਨੂੰ ਇਹ ਵੀ ਦੱਸਿਆ ਗਿਆ ਕਿ ਹੈਲਪਲਾਈਨ ਨੰਬਰ 1075 ਤੋਂ ਇਲਾਵਾ 104 ਦਾ ਉਪਯੋਗ ਗ਼ੈਰ - ਕੋਵਿਡ ਜ਼ਰੂਰੀ ਸੇਵਾਵਾਂ ਲਈ ਸ਼ਿਕਾਇਤ ਨਿਵਾਰਣ ਲਈ ਵਰਤਿਆ ਜਾ ਸਕਦਾ ਹੈ, ਅਤੇ ਇਨ੍ਹਾਂ ਸੇਵਾਵਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਦੇਣ ਲਈ, ਵੈਕਟਰ ਰੋਗਾਂ ਦੀ ਰੋਕਥਾਮ ਲਈ ਜਰੂਰੀ ਉਪਾਅ ਵੀ ਕੀਤੇ ਜਾਣੇ ਚਾਹੀਦੇ ਹਨ।

ਡਾ: ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਦੇ ਆਗਰਾ, ਕਾਨਪੁਰ, ਮੇਰਠ, ਸਹਾਰਨਪੁਰ, ਗੌਤਮ ਬੁੱਧ ਨਗਰ, ਲਖਨਊ ਅਤੇ ਓਡੀਸ਼ਾ ਦੇ ਬਾਲੇਸ਼ਵਰ, ਗੰਜਮ ਅਤੇ ਜਾਜਪੁਰ ਦੇ ਡੀਐੱਮ ਨਾਲ ਵੀ ਗੱਲਬਾਤ ਕੀਤੀ ਅਤੇ ਜ਼ਿਲ੍ਹਿਆਂ ਵਿੱਚ ਕੋਵਿਡ -19 ਦੀ ਸਥਿਤੀ ਅਤੇ ਪ੍ਰਬੰਧਾਂ  ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਬੈਠਕ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸ਼੍ਰੀਮਤੀ ਪ੍ਰੀਤੀ ਸੂਦਨ, ਓਐੱਸਡੀ ਸ਼੍ਰੀ ਰਾਜੇਸ਼ ਭੂਸ਼ਣ, ਐੱਨਐੱਚਐੱਮ ਵਿੱਚ ਏਐੱਸ ਅਤੇ ਐੱਮਡੀ ਸ਼੍ਰੀਮਤੀ ਵੰਦਨਾ ਗੁਰਨਾਨੀ, ਸਕੱਤਰ ਡਾ. ਮਨੋਹਰ ਅਗਨਾਨੀ, ਐੱਨਸੀਡੀਸੀ ਡਾਇਰੈਕਟਰ ਡਾ. ਐੱਸਕੇ ਸਿੰਘ, ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ (ਸਿਹਤ), ਸ਼੍ਰੀ ਅਮਿਤ ਮੋਹਨ ਪ੍ਰਸਾਦ, ਓਡੀਸ਼ਾ ਦੇ ਪ੍ਰਮੁੱਖ ਸਕੱਤਰ (ਸਿਹਤ) ਸ਼੍ਰੀ ਨਿਕੁੰਜ ਧਾਲ, ਐੱਨਐੱਚਐੱਮ, ਪੱਛਮ ਬੰਗਾਲ ਦੇ ਮਿਸ਼ਨ ਡਾਇਰੈਕਟਰ ਡਾ. ਸਮਿਤ ਮੋਹਨ ਨੇ ਹਿੱਸਾ ਲਿਆ।

*****

ਏਐੱਮ/ਕੇਪੀ


(Release ID: 1622031) Visitor Counter : 200