ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਕੌਸਟਾ ਦਰਮਿਆਨ ਫ਼ੋਨ ‘ਤੇ ਗੱਲਬਾਤ ਹੋਈ

Posted On: 05 MAY 2020 7:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੁਰਤਗਾਲ ਦੇ ਪ੍ਰਧਾਨ ਮੰਤਰੀ ਮਹਾਮਹਿਮ ਐਂਟੋਨੀਓ ਕੌਸਟਾ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਪੁਰਤਗਾਲ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਮਾਰਸੇਲੋ ਰੀਬੇਲੋ ਡੀ ਸੂਸਾ ਦੀ ਫ਼ਰਵਰੀ ਮਹੀਨੇ ਦੀ ਭਾਰਤ ਫੇਰੀ ਨੂੰ ਚੇਤੇ ਕੀਤਾ।

ਦੋਵੇਂ ਆਗੂਆਂ ਨੇ ਕੋਵਿਡ–19 ਮਹਾਮਾਰੀ ਦੀ ਹਾਲਤ ਤੇ ਆਪੋਆਪਣੇ ਦੇਸ਼ਾਂ ਵਿੱਚ ਇਸ ਉੱਤੇ ਕਾਬੂ ਪਾਉਣ, ਨਾਗਰਿਕਾਂ ਦੀ ਸਿਹਤ ਤੇ ਇਸ ਦੇ ਆਰਥਿਕ ਅਸਰ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇਸ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਕੌਸਟਾ ਦੀ ਸ਼ਲਾਘਾ ਕੀਤੀ।

ਦੋਵੇਂ ਆਗੂਆਂ ਨੇ ਨੋਟ ਕੀਤਾ ਕਿ ਰਾਸ਼ਟਰੀ ਪੱਧਰ ਤੇ ਸਰਗਰਮੀ ਨਾਲ ਚੁੱਕੇ ਗਏ ਕਦਮ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਈ ਹੋਏ ਹਨ। ਉਨ੍ਹਾਂ ਇਸ ਸਥਿਤੀ ਨਾਲ ਨਿਪਟਣ ਲਈ ਇੱਕਦੂਜੇ ਦੀ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਅਤੇ ਕੋਵਿਡ–19 ਨਾਲ ਲੜਦੇ ਸਮੇਂ ਖੋਜ ਤੇ ਨਵੇਂ ਕਾਰਜਾਂ ਲਈ ਆਪਸ ਵਿੱਚ ਤਾਲਮੇਲ ਰੱਖਣ ਲਈ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਲੌਕਡਾਊਨ ਕਾਰਨ ਪੁਰਤਗਾਲ ਤੋਂ ਪਰਤਣ ਚ ਨਾਕਾਮ ਰਹੇ ਭਾਰਤੀ ਯਾਤਰੀਆਂ ਦੇ ਵੀਜ਼ਿਆਂ ਦੀ ਵੈਧਤਾ ਵਿੱਚ ਵਾਧਾ ਕਰਨ ਲਈ ਪ੍ਰਧਾਨ ਮੰਤਰੀ ਕੌਸਟਾ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਕੌਸਟਾ ਨੇ ਭਾਰਤ ਵਿੱਚ ਪੁਰਤਗਾਲੀ ਨਾਗਰਿਕਾਂ ਨੂੰ ਭਾਰਤੀ ਅਥਾਰਿਟੀਆਂ ਵੱਲੋਂ ਮੁਹੱਈਆ ਕਰਵਾਈ ਗਈ ਮਦਦ ਲਈ ਸ਼੍ਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ।

ਦੋਵੇਂ ਆਗੂ ਕੋਵਿਡ ਤੋਂ ਬਾਅਦ ਦੇ ਸੰਦਰਭ ਵਿੱਚ ਅਤੇ ਇਸ ਸੰਕਟ ਦੇ ਫੈਲਾਅ ਜਿਹੇ ਵਿਸ਼ਿਆਂ ਉੱਤੇ ਇੱਕਦੂਜੇ ਦੇ ਸੰਪਰਕ ਵਿੱਚ ਰਹਿਣ ਤੇ ਸਲਾਹਮਸ਼ਵਰਾ ਕਰਦੇ ਰਹਿਣ ਉੱਤੇ ਸਹਿਮਤ ਹੋਏ।

 

****

ਵੀਆਰਆਰਕੇ/ਐੱਸਐੱਚ



(Release ID: 1621312) Visitor Counter : 165