ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 29 APR 2020 6:25PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਦੇਸ਼ ਭਰ ਦੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਮੈਂਬਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਗੱਲਬਾਤ ਕੀਤੀ। ਉਨ੍ਹਾਂ ਪੀਐੱਮ ਕੇਅਰਸ ਫ਼ੰਡ ਵਿੱਚ 9.1 ਕਰੋੜ ਰੁਪਏ ਅਤੇ ਵਿਭਿੰਨ ਮੁੱਖ ਮੰਤਰੀਆਂ ਦੇ ਰਾਹਤ ਕੋਸ਼ਾਂ ਵਿੱਚ 12.5 ਕਰੋੜ ਰੁਪਏ ਦਾ ਯੋਗਦਾਨ ਪਾਉਣ ਵਾਲੇ ਲਾਇਨਜ਼ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਨ੍ਹਾਂ ਮੈਂਬਰਾਂ ਵੱਲੋਂ ਕਰੋੜਾਂ ਲੋਕਾਂ ਨੂੰ ਖਾਣਿਆਂ ਅਤੇ ਬੇਹੱਦ ਲੋੜੀਂਦੇ ਮੈਡੀਕਲ ਉਪਕਰਣਾਂ ਤੇ ਪ੍ਰੋਟੈਕਟਿਵ ਗੀਅਰ ਦੇ ਰੂਪ ਵਿੱਚ ਮਦਦ ਮੁਹੱਈਆ ਕਰਵਾਉਣ ਦੀ ਵੀ ਸ਼ਲਾਘਾ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਮਰਪਿਤ ਸਬੰਧਿਤ ਧਿਰਾਂ ਤੇ ਭਾਈਵਾਲਾਂ ਨਾਲ ਮਿਲ ਕੇ ਭਾਰਤ ਕੋਵਿਡ19 ਨਾਲ ਜੰਗ ਵਿੱਚ ਇੱਕ ਜੇਤੂ ਵਜੋਂ ਉੱਭਰ ਕੇ ਸਾਹਮਣੇ ਆਉਣ ਦੇ ਯੋਗ ਹੋਵੇਗਾ।

ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਸੁਸ਼੍ਰੀ ਪ੍ਰੀਤੀ ਸੂਦਨ ਨੇ ਰਾਜਾਂ ਤੇ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨਾਲ ਅੱਜ ਇੱਥੇ ਸਿਹਤ ਬੁਨਿਆਦੀ ਢਾਂਚੇ ਅਤੇ ਕੋਵਿਡ19 ਦੇ ਪ੍ਰਬੰਧ ਨਾਲ ਸਬੰਧਿਤ ਵਿਭਿੰਨ ਪੱਖਾਂ ਬਾਰੇ ਵਿਚਾਰਵਟਾਂਦਰਾ ਕਰਨ ਲਈ ਇੱਕ ਵੀਡੀਓ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ। ਇਸ ਵੀਡੀਓ ਕਾਨਫ਼ਰੰਸ ਦੌਰਾਨ ਜੀਆਈਐੱਸ (GIS) ਡੈਸ਼ਬੋਰਡ, ਕੋਵਿਡ19 ਪੋਰਟਲ ਅਤੇ ਸਮਰਪਿਤ ਆਰਟੀ ਪੀਸੀਆਰ (RT- PCR) ਰੈਫ਼ਰਲ ਐਪ ਦੀ ਕਾਰਗੁਜ਼ਾਰੀ ਬਾਰੇ ਵਿਚਾਰਚਰਚਾ ਹੋਈ। ਉਨ੍ਹਾਂ ਰਾਜਾਂ ਨੂੰ ਆਰੋਗਯਸੇਤੂ ਐਪ ਨੂੰ ਪ੍ਰੋਮੋਟ ਕਰਨ ਦੀ ਬੇਨਤੀ ਕੀਤੀ, ਜੋ ਸਰਕਾਰ ਦੇ ਰੋਕਥਾਮ ਦੇ ਜਤਨਾਂ ਵਿੱਚ ਸਹਾਇਕ ਹੈ।

ਸਕੱਤਰ (ਸਿਹਤ ਤੇ ਪਰਿਵਾਰ ਭਲਾਈ) ਨੇ ਜ਼ੋਰ ਦਿੱਤਾ ਕਿ ਜ਼ਰੂਰੀ ਮੈਡੀਕਲ ਦੇਖਭਾਲ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਇਹ ਗੱਲ ਦੁਹਰਾਈ ਗਈ ਕਿ ਡਾਇਲਾਇਸਿਸ ਜਿਹੀ ਦੇਖਭਾਲ ਦੀ ਲੋੜ ਵਾਲੇ, ਕੈਂਸਰ ਦਾ ਇਲਾਜ, ਡਾਇਬਟਿਕ ਗਰਭਵਤੀ ਔਰਤਾਂ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਜ਼ਰੂਰ ਹੀ ਉਚਿਤ ਦੇਖਭਾਲ ਦੇਣੀ ਚਾਹੀਦੀ ਹੈ। ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਕਿ ਲੋਕਾਂ ਦੇ ਘਰਾਂ ਲਾਗਲੀਆਂ ਸੇਵਾਵਾਂ ਪੂਰੀ ਤਰ੍ਹਾਂ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਤਰ੍ਹਾਂ ਦੀ ਲਾਗਤ ਤੋਂ ਮੁਕਤ ਰਹਿਣੀਆਂ ਚਾਹੀਦੀਆਂ ਹਨ।

ਕੋਵਿਡ19 ਬਾਰੇ ਕੇਸਾਂ ਦੇ ਪ੍ਰਬੰਧ ਬਾਰੇ ਬੋਲਦਿਆਂ ਸਕੱਤਰ (ਡੀਐੱਚਆਰ) ਅਤੇ ਡੀਜੀ (ਆਈਸੀਐੱਮਆਰ) ਨੇ ਸੈਂਪਲਾਂ ਦੀ ਕਲੈਕਸ਼ਨ ਦੀਆਂ ਬਾਰੀਕੀਆਂ ਅਤੇ ਨਾਲ ਦੇ ਫ਼ਾਰਮ ਭਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਰਾਜਾਂ ਨੂੰ ਸੂਚਿਤ ਕੀਤਾ ਗਿਆ ਕਿ ਆਰਟੀਪੀਸੀਆਰ ਐਪ ਚਾਲੂ ਹੋ ਗਈ ਹੈ ਅਤੇ ਉਸ ਦੀ ਤੁਰੰਤ ਵਰਤੋਂ ਦੀ ਲੋੜ ਹੈ।

ਹੁਣ ਤੱਕ ਕੁੱਲ 7695 ਵਿਅਕਤੀਆਂ ਦਾ ਇਲਾਜ ਹੋ ਚੁੱਕਾ ਹੈ। ਇੰਝ ਸਾਡੀ ਸਿਹਤਯਾਬੀ ਦੀ ਕੁੱਲ ਦਰ 24.5% ਹੈ। ਹੁਣ ਤੱਕ ਪੁਸ਼ਟੀ ਹੋਏ ਕੁੱਲ ਕੇਸਾਂ ਦੀ ਗਿਣਤੀ 31,332 ਹੈ।

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਜ਼ਰੀਏ ਭੇਜੇ ਜਾ ਸਕਦੇ ਹਨ।

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

*****

ਐੱਮਵੀ/ਐੱਸਜੀ


(Release ID: 1619369) Visitor Counter : 190