ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੀਆਂ ਕੋਵਿਡ-19 ਸਬੰਧੀ ਅਤੇ ਅਪ੍ਰੇਸ਼ਨਲ ਤਿਆਰੀਆਂ ਦੀ ਸਮੀਖਿਆ ਕੀਤੀ

Posted On: 24 APR 2020 3:55PM by PIB Chandigarh


ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਹਥਿਆਰਬੰਦ ਬਲਾਂ ਦੀਆਂ ਅਪ੍ਰੇਸ਼ਨਲ ਤਿਆਰੀਆਂ ਅਤੇ ਨਾਲ ਹੀ ਕੋਵਿਡ-19 ਨਾਲ ਜੂਝਣ  ਦੇ ਕਦਮਾਂ ਦਾ ਜਾਇਜ਼ਾ ਸਾਰੇ ਕਮਾਂਡਰਸ ਇਨ ਚੀਫ ਨਾਲ ਵੀਡੀਓ ਕਾਨਫਰੰਸ ਜ਼ਰੀਏ ਲਿਆ।

ਰੱਖਿਆ ਮੰਤਰੀ ਦੇ ਨਾਲ ਚੀਫ ਆਵ੍ ਡਿਫੈਂਸ ਅਤੇ ਮਿਲਟਰੀ ਮਾਮਲੇ ਵਿਭਾਗ ਦੇ ਸਕੱਤਰ ਜਨਰਲ ਬਿਪਨ ਰਾਵਤ, ਥਲ ਸੈਨਾ ਮੁਖੀ ਜਨਰਲ ਐੱਮਐੱਮ ਨਿਰਵਾਣੇ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ, ਰੱਖਿਆ ਸਕੱਤਰ ਡਾ. ਅਜੈ ਕੁਮਾਰ ਅਤੇ ਸਕੱਤਰ (ਰੱਖਿਆ ਵਿੱਤ) ਸ਼੍ਰੀਮਤੀ ਗਾਰਗੀ ਕੌਲ ਨੇ ਇਸ ਕਾਨਫਰੰਸ ਵਿੱਚ ਹਿੱਸਾ ਲਿਆ।

ਰੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕੋਵਿ਼ਡ-19 ਨਾਲ ਨਜਿੱਠਣ ਦੇ ਤਿਆਰੀ ਕਦਮਾਂ ਤੋਂ ਇਲਾਵਾ ਹਥਿਆਰਬੰਦ ਬਲਾਂ ਦੁਆਰਾ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਜਾ ਰਹੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ।

ਸ਼੍ਰੀ ਰਾਜਨਾਥ ਸਿੰਘ ਨੇ ਬਲਾਂ ਤੋਂ ਉਮੀਦ ਪ੍ਰਗਟਾਈ ਕਿ ਉਹ ਕੋਵਿਡ-19 ਨਾਲ ਨਜਿੱਠਣ ਦੀਆਂ ਆਪਣੀਆਂ ਅਪ੍ਰੇਸ਼ਨਲ ਤਿਆਰੀਆਂ ਯਕੀਨੀ ਬਣਾਉਣਗੇ ਅਤੇ ਵਿਰੋਧੀਆਂ ਨੂੰ ਮੌਜੂਦਾ ਸਥਿਤੀ ਦਾ ਫਾਇਦਾ ਨਹੀਂ ਉਠਾਉਣ ਦਿੱਤਾ ਜਾਣਾ ਚਾਹੀਦਾ।

ਉਨ੍ਹਾਂ ਬਲਾਂ ਨੂੰ ਹਿਦਾਇਤ ਕੀਤੀ ਕਿ ਵਿੱਤੀ ਸੰਸਾਧਨਾਂ ਨੂੰ ਵਰਤਣ ਲਈ ਕਾਰਵਾਈ ਸ਼ੁਰੂ ਕਰਨ ਅਤੇ ਕੋਵਿਡ-19 ਕਾਰਨ ਜੋ ਆਰਥਿਕ ਬੋਝ ਪੈ ਰਿਹਾ ਹੈ ਉਸ ਵਿੱਚ ਫਿਜ਼ੂਲ ਖਰਚ ਨਾ ਹੋਣ ਦੇਣ।

ਹਥਿਆਰਬੰਦ ਬਲਾਂ ਦੀ ਇਕਜੁੱਟਤਾ ਉੱਤੇ ਜ਼ੋਰ ਦਿੰਦੇ ਹੋਏ ਰੱਖਿਆ ਮੰਤਰੀ ਨੇ ਕਮਾਂਡਰਸ ਇਨ ਚੀਫ ਨੂੰ ਕਿਹਾ ਕਿ ਉਹ ਪ੍ਰਾਥਮਿਕਤਾਵਾਂ ਵਾਲੇ ਉਨ੍ਹਾਂ ਕਾਰਜਾਂ ਦੀ ਪਛਾਣ ਕਰਨ ਜੋ ਕਿ ਤੇਜ਼ੀ ਨਾਲ ਪੂਰੇ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਖਤਮ ਹੋਣ ਤੋਂ ਬਾਅਦ ਅਰਥਵਿਵਸਥਾ ਦੀ ਬਹਾਲੀ ਵਿੱਚ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।

ਕਾਨਫਰੰਸ ਦੌਰਾਨ ਕਮਾਂਡਰਸ ਇਨ ਚੀਫ ਨੇ ਰੱਖਿਆ ਮੰਤਰੀ ਨੂੰ ਉਨ੍ਹਾਂ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਨਾਲ ਬਲਾਂ ਵਿੱਚ ਵਾਇਰਸ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ ਅਤੇ ਨਾਲ ਹੀ ਸਥਾਨਕ ਸਿਵਲ ਪ੍ਰਸ਼ਾਸਨ ਨੂੰ ਸਹਾਇਤਾ ਦਿੱਤੀ ਜਾ ਸਕਦੀ ਹੈ। ਇਨ੍ਹਾਂ ਕਦਮਾਂ ਵਿੱਚ ਕੋਵਿਡ-19 ਬਾਰੇ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰ ਦਾ ਮੁੱਦਾ, ਪ੍ਰੋਟੋਕੋਲਸ ਅਤੇ ਡਰਿੱਲਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਹੋਰ ਏਜੰਸੀਆਂ ਦੁਆਰਾ ਜਾਰੀ ਅਡਵਾਈਜ਼ਰੀਆਂ (ਸਲਾਹਾਂ) ਅਨੁਸਾਰ ਢੁਕਵੀਆਂ ਸੋਧਾਂ ਕਰਨਾ ਅਤੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਜੋ ਕਿ  ਸਬੰਧਿਤ ਕਮਾਂਡ ਏਰੀਆ ਵਿੱਚ ਰਹਿ ਰਹੇ ਹਨ, ਦੀ ਦੇਖਭਾਲ਼ ਕਰਨਾ ਸ਼ਾਮਲ ਹੈ।

ਕਮਾਂਡਰਾਂ ਨੇ ਰੱਖਿਆ ਮੰਤਰਾਲਾ ਦੁਆਰਾ ਐੱਮਰਜੈਂਸੀ ਵਿੱਤੀ ਸ਼ਕਤੀਆਂ ਦੇ ਹਾਲੀਆ ਵਿਕੇਂਦ੍ਰੀਕਰਨ ਦੀ ਪ੍ਰਸ਼ੰਸਾ ਕੀਤੀ ਜਿਸ ਨਾਲ ਜ਼ਰੂਰੀ ਮੈਡੀਕਲ ਸਪਲਾਈਜ਼ ਸਮੇਂ ਸਿਰ ਹਾਸਲ ਕਰਨ, ਹਸਪਤਾਲਾਂ ਦੇ ਸਿਹਤ ਢਾਂਚੇ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ।

ਹਥਿਆਰਬੰਦ ਬਲਾਂ ਨੇ ਸਮੁੱਚੇ ਢੰਗ ਨਾਲ ਕੋਵਿਡ-19 ਨਾਲ ਨਜਿੱਠਣ ਲਈ ਦਿੱਤੀ ਜਾ ਰਹੀ ਸਹਾਇਤਾ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਹੈ। ਇਸ ਦੇ ਲਈ ਵਾਧੂ ਮਾਨਵ ਸ਼ਕਤੀ ਹਾਸਲ ਹੋਵੇਗੀ ਅਤੇ ਉਨ੍ਹਾਂ ਨੂੰ ਮਹਾਮਾਰੀ ਨਾਲ ਨਜਿੱਠਣ ਦੀ ਮੁਢਲੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇਗੀ। 

ਕਮਾਂਡਰਾਂ ਨੇ ਦੱਸਿਆ ਕਿ ਬਲਾਂ ਨੂੰ ਆਪਣੇ ਲਈ ਅਤੇ ਸਿਵਲ ਪ੍ਰਸ਼ਾਸਨ ਲਈ ਸਥਾਪਿਤ ਕੀਤੀਆਂ ਆਈਸੋਲੇਸ਼ਨ ਅਤੇ ਕੁਆਰੰਟੀਨ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ  ਕਿਹਾ ਕਿ ਉਹ ਜ਼ਰੂਰੀ ਸੇਵਾਵਾਂ ਸਥਾਨਕ ਪੱਧਰ ਉੱਤੇ ਮੁਹੱਈਆ ਕਰਵਾਉਣ ਲਈ ਤਿਆਰ ਹਨ ਬਸ਼ਰਤੇ ਕਿ ਉਨ੍ਹਾਂ ਨੂੰ ਸਿਵਲ ਪ੍ਰਸ਼ਾਸਨ ਦੁਆਰਾ ਇਸ ਲਈ ਬੇਨਤੀ ਕੀਤੀ ਜਾਵੇ।

ਹੇਠ ਲਿਖੀਆਂ ਕਮਾਂਡਾਂ ਦੇ ਅਫਸਰਾਂ ਨੇ ਇਸ ਵੀਡੀਓ ਕਾਨਫਰੰਸ ਵਿੱਚ ਹਿੱਸਾ ਲਿਆ - ਉੱਤਰੀ ਕਮਾਂਡ ਊਧਮਪੁਰ, ਪੂਰਬੀ ਕਮਾਂਡ ਕੋਲਕਾਤਾ, ਦੱਖਣੀ ਨੇਵਲ ਕਮਾਂਡ ਕੋਚੀ, ਪੱਛਮੀ ਨੇਵਲ ਕਮਾਂਡ ਮੁੰਬਈ, ਦੱਖਣੀ ਕਮਾਂਡ ਪੁਣੇ, ਦੱਖਣ-ਪੱਛਮੀ ਕਮਾਂਡ ਜੈਪੁਰ, ਪੱਛਮੀ ਏਅਰ ਕਮਾਂਡ ਦਿੱਲੀ, ਪੂਰਬੀ ਨੇਵਲ ਕਮਾਂਡ ਵਿਸ਼ਾਖਾਪਟਨਮ, ਕੇਂਦਰੀ ਏਅਰ ਕਮਾਂਡ ਇਲਾਹਾਬਾਦ, ਦੱਖਣ-ਪੱਛਮੀ ਏਅਰ ਕਮਾਂਡ ਗਾਂਧੀਨਗਰ, ਦੱਖਣੀ ਏਅਰ ਕਮਾਂਡ ਤ੍ਰਿਵੈਂਦਰਮ, ਕੇਂਦਰੀ ਕਮਾਂਡ ਲਖਨਊ ਅਤੇ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਪੋਰਟ ਬਲੇਅਰ।

*****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
 



(Release ID: 1617876) Visitor Counter : 154