ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਬਾਰੇ ਅੱਪਡੇਟ
Posted On:
17 APR 2020 5:59PM by PIB Chandigarh
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਅੱਜ ਇੱਥੇ ਨਿਰਮਾਣ ਭਵਨ ’ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਕੋਵਿਡ–19 ਨਾਲ ਸਬੰਧਿਤ ਮੰਤਰੀਆਂ ਦੇ ਸਮੂਹ (ਜੀਓਐੱਮ) ਦੀ 12ਵੀਂ ਮੀਟਿੰਗ ਹੋਈ। ਲੌਕਡਾਊਨ ਦੇ ਦੂਜੇ ਗੇੜ ਦੇ ਅਸਰ ਅਤੇ ਅਗਲੇਰੀ ਰੂਪ–ਰੇਖਾ ਉਲੀਕਣ ਬਾਰੇ ਇੱਕ ਵਿਸਤ੍ਰਿਤ ਵਿਚਾਰ–ਵਟਾਂਦਰਾ ਕੀਤਾ ਗਿਆ। ਮੰਤਰੀਆਂ ਦੇ ਸਮੂਹ ਨੇ ਕੋਵਿਡ–19 ਨਾਲ ਨਿਪਟਣ ਲਈ ਡਾਇਓਗਨੌਸਿਸ, ਵੈਕਸੀਨਜ਼, ਦਵਾਈਆਂ, ਹਸਪਤਾਲ ਉਪਕਰਣਾਂ ਦੇ ਸਹਾਇਕ ਉਪਕਰਣ ਤੇ ਆਮ ਤੰਦਰੁਸਤੀ ਬਾਰੇ ਵਿਗਿਆਨ ਤੇ ਟੈਕਨੋਲੋਜੀ ਸੰਸਥਾਨਾਂ ਵੱਲੋਂ ਕੀਤੇ ਜਤਨਾਂ ਦੀ ਸਮੀਖਿਆ ਵੀ ਕੀਤੀ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ, ਬਾਇਓ–ਟੈਕਨੋਲੋਜੀ ਵਿਭਾਗ, ਵਿਗਿਆਨਕ ਤੇ ਉਦਯੋਗਿਕ ਖੋਜ ਕੌਂਸਲ (ਸੀਐੱਸਆਈਆਰ), ਭਾਰਤੀ ਮੈਡੀਕਲ ਖੋਜ ਪਰਿਸ਼ਦ (ਆਈਸੀਐੱਮਆਰ) ਅਤੇ ਪ੍ਰਮਾਣੂ ਊਰਜਾ ਵਿਭਾਗ (ਡੀਈਏ) ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇਹ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ:
• ਨਵੇਂ ਤੇਜ਼–ਰਫ਼ਤਾਰ ਤੇ ਸਹੀ ਡਾਇਗਨੌਸਟਿਕਸ ਤਿਆਰ ਕਰਨੇ ਜੋ 30 ਮਿੰਟਾਂ ’ਚ ਨਤੀਜੇ ਦੇ ਸਕਣ,
• ਉਨ੍ਹਾਂ ਦੀਆਂ 30 ਪ੍ਰਯੋਗਸ਼ਾਲਾਵਾਂ ਰਾਹੀਂ ਟੈਸਟਿੰਗ ਦੀ ਸਮਰੱਥਾ ’ਚ ਵਾਧਾ ਕਰਨਾ,
• ਟੈਸਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ’ਚ ਵਾਧਾ ਕਰਨ ਲਈ ਨਵੀਆਂ ਪੂਲਿੰਗ ਨੀਤੀਆਂ ਦਾ ਵਿਕਾਸ,
• ਅਹਿਮ ਕੰਪੋਨੈਂਟਸ, ਜਿਹੜੇ ਦੇਸ਼ ਵਿੱਚ ਟੈਸਟਿੰਗ ਕਿੱਟ ਦੇ ਉਤਪਾਦਨ ਨੂੰ ਸੀਮਿਤ ਕਰ ਰਹੇ ਹਨ, ਦਾ ਦੇਸੀ ਸੰਸਲੇਸ਼ਣ ਅਤੇ
• ਵਾਇਰਲ ਕ੍ਰਮ ’ਚ ਵਾਧਾ ਕਰਨਾ, ਜੋ ਐਪੀਡੀਮੀਓਲੌਜੀ ਵਿੱਚ ਮਦਦ ਕਰ ਸਕੇ ਤੇ ਜੋ ਸੰਭਾਵੀ ਮਹੱਤਵਪੂਰਨ ਤਬਦੀਲੀਆਂ ਦੀ ਸ਼ਨਾਖ਼ਤ ਕਰ ਸਕੇ।
ਇਨਐਕਟੀਵੇਟਡ ਵਾਇਰਸ ਨੂੰ ਆਪਣੇ ਘੇਰੇ ’ਚ ਲੈਣ ਲਈ ਵੈਕਸੀਨਜ਼ ਦੇ ਵਿਕਾਸ, ਪ੍ਰਮੁੱਖ ਐਂਟੀਜਨਜ਼ ਲਈ ਐਂਟੀਬਾਡੀਜ਼ ਤੇ ਆਰਐੱਨਏ ਅਧਾਰਿਤ ਵੈਕਸੀਨਜ਼ ’ਚ ਵੀ ਪ੍ਰਗਤੀ ਦਰਜ ਹੋਈ ਹੈ। ਕੁਝ ਸਥਾਨਾਂ ’ਤੇ ਕਨਵੇਲਸੈਂਟ ਪਲਾਜ਼ਮਾ ਥੈਰਾਪੀ ਵੀ ਸ਼ੁਰੂ ਕੀਤੀ ਗਈ ਹੈ।
ਸਰਕਾਰ ਕੌਮਾਂਤਰੀ ਭਾਈਵਾਲਾਂ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਪ੍ਰਭਾਵਸ਼ਾਲੀ ਵੈਕਸੀਨਜ਼ ਵਿਕਸਤ ਹੋ ਸਕਣ ਅਤੇ ਛੇਤੀ ਤੋਂ ਛੇਤੀ ਉਪਲਬਧ ਹੋ ਸਕਣ। ਭਾਰਤ, ‘ਵਿਸ਼ਵ ਸਿਹਤ ਸੰਗਠਨ’ ਦੇ ‘ਸੌਲੀਡੈਰਿਟੀ’ ਪਰੀਖਣ ਵਿੱਚ ਭਾਗੀਦਾਰ ਹੈ, ਜਿਸ ਰਾਹੀਂ ਇਨ੍ਹਾਂ ਥੈਰਾਪੀਜ਼ ਦੀ ਪ੍ਰਭਾਵਕਤਾ ਨਿਰਧਾਰਿਤ ਕੀਤੀ ਜਾ ਰਹੀ ਹੈ। ਵਿਗਿਆਨਕ ਕਾਰਜ–ਬਲ ਮੌਜੂਦਾ ਪ੍ਰਵਾਨਿਤ ਦਵਾਈਆਂ ਦਾ ਮੁਲਾਂਕਣ ਕਰ ਰਹੇ ਹਨ ਤੇ ਕੋਵਿਡ–19 ਲਈ ਉਨ੍ਹਾਂ ਦੀ ਵੱਖਰੇ ਤਰੀਕੇ ਵਰਤੋਂ ਦਾ ਮੁੱਲਾਂਕਣ ਕਰ ਰਹੇ ਹਨ। ਸੀਐੱਸਆਈਆਰ ਨੇ ਉਮੀਫ਼ੇਨੋਵਿਰ, ਫ਼ੇਵੀਪਿਰਾਵਿਰ, ਫ਼ਾਈਟੋਫ਼ਾਰਮਾਸਿਊਟਕਲਜ਼ ਜਿਹੇ ਐਂਟੀ–ਵਾਇਰਲ ਮੋਲੀਕਿਊਲਸ ਨੂੰ ਕਈ ਥਾਵਾਂ ’ਤੇ ਵਰਤਣ ਦੇ ਦੇਸੀ ਸੰਸਲੇਸ਼ਣ ਵਿੱਚ ਪ੍ਰਗਤੀ ਹਾਸਲ ਕੀਤੀ ਹੈ ਅਤੇ ਆਯੁਸ਼ ਮੰਤਰਾਲੇ ਨਾਲ ਮਿਲ ਕੇ ਰਵਾਇਤੀ ਮੈਡੀਕਲ ਪ੍ਰਣਾਲੀਆਂ ਤੋਂ ਮਦਦ ਬਾਰੇ ਵੀ ਨਾਲੋ–ਨਾਲ ਖੋਜ ਕੀਤੀ ਜਾ ਰਹੀ ਹੈ।
ਨਿਜੀ ਸੁਰੱਖਿਆਤਮਕ ਉਪਕਰਣ (ਪੀਪੀਈ), ਆਕਸੀਜਨ ਕੰਸੈਂਟ੍ਰੇਟਰਜ਼, ਵੈਂਟੀਲੇਟਰਜ਼ ਜਿਹੇ ਸਹਾਇਕ ਉਪਕਰਣਾਂ ਦੇ ਉਤਪਾਦਨ ਲਈ ਸੀਐੱਸਆਈਆਰ ਦੀਆਂ ਇੰਜੀਨੀਅਰਿੰਗ ਪ੍ਰਯੋਗਸ਼ਾਲਾਵਾਂ ਵਿੱਚ ਡੀਐੱਸਟੀ ਅਧੀਨ ‘ਸ੍ਰੀ ਚਿਤ੍ਰ ਤਿਉਰੂਮਲਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ ਐਂਡ ਟੈਕਨੋਲੋਜੀ’ (ਐੱਸਟੀਟੀਆਈਐੱਮਐੱਸਟੀ – SCTIMST) ਦੇ ਦੇਸੀ ਡਿਜ਼ਾਇਨਾਂ ਵੱਲੋਂ ਵਾਧਾ ਕੀਤਾ ਜਾ ਰਿਹਾ ਹੈ। ਆਰਟੀ–ਪੀਸੀਆਰ ਕਿਟਸ ਦਾ ਦੇਸ਼ ਵਿੱਚ ਨਿਰਮਾਣ ਸ਼ੁਰੂ ਹੋ ਗਿਆ ਸੀ ਤੇ ਮਈ 2020 ਤੋਂ ਪ੍ਰਤੀ ਮਹੀਨਾ 10 ਲੱਖ ਕਿਟਸ ਦਾ ਉਤਪਾਦਨ ਹੋਵੇਗਾ। ਰੈਪਿਡ ਐਂਟੀਬਾਡੀ ਡਿਟੈਕਸ਼ਨ ਕਿਟਸ ਦਾ ਨਿਰਮਾਣ ਵੀ ਮਈ 2020 ਤੋਂ ਸ਼ੁਰੂ ਹੋ ਜਾਵੇਗਾ ਤੇ ਉਸ ਦੀ ਸਮਰੱਥਾ 10 ਲੱਖ ਕਿਟਸ ਪ੍ਰਤੀ ਮਹੀਨਾ ਦੀ ਹੋਵੇਗੀ। ਸਾਰੇ ਰਾਜਾਂ ਤੇ ਜ਼ਿਲ੍ਹਿਆਂ ’ਚ ਜਿੱਥੇ ਕੋਰੋਨਾ–ਵਾਇਰਸ ਦੇ ਕੇਸ ਜ਼ਿਆਦਾ ਪਾਏ ਗਏ ਹਨ, ਉੱਥੇ 5 ਲੱਖ ਰੈਪਿਡ ਐਂਟੀਬਾਡੀ ਟੈਸਟ ਕਿਟਸ ਵੰਡੀਆਂ ਗਈਆਂ ਹਨ। ਇਸ ਵੇਲੇ ਵੈਂਟੀਲੇਟਰ ਨਿਰਮਾਣ ਸਮਰੱਥਾ 6,000 ਵੈਂਟੀਲੇਟਰਜ਼ ਪ੍ਰਤੀ ਮਹੀਨਾ ਦੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਡਾਇਗਨੌਸਟਿਕਸ, ਥੈਰਾਪਿਊਟਿਕਸ ਤੇ ਵੈਕਸੀਨਾਂ ਦੇ ਖੇਤਰਾਂ ਵਿੱਚ ਲੋੜੀਂਦੇ ਉੱਦਮਾਂ ਉੱਤੇ ਜੰਗੀ ਪੱਧਰ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੇਸਲੋਡ ਦੇ ਮੁੱਲਾਂਕਣ (assessment of caseloads) ਦੇ ਅਧਾਰ ਉੱਤੇ ਵਿਭਿੰਨ ਕੋਵਿਡ ਸੁਵਿਧਾਵਾਂ ’ਚ ਬੁਨਿਆਦੀ ਢਾਂਚੇ ਦੀ ਬਿਹਤਰ ਯੋਜਨਾਬੰਦੀ ਲਈ ਰਾਜਾਂ / ਜ਼ਿਲ੍ਹਾ ਪ੍ਰਸ਼ਾਸਕਾਂ ਨਾਲ ਅਗਾਊਂ ਅਨੁਮਾਨ ਲਾਊਣ ਵਾਲੇ ਔਜ਼ਾਰ ਸਾਂਝੇ ਕੀਤੇ ਹਨ।
ਕੇਂਦਰ ਤੇ ਰਾਜ ਦੋਵੇਂ ਪੱਧਰਾਂ ’ਤੇ ਕੁੱਲ ਮਿਲਾ ਕੇ 1919 ਸਮਰਪਿਤ ਕੋਵਿਡ–19 ਹਸਪਤਾਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਇਹ ਸ਼ਾਮਲ ਹਨ:
• 672 ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ) (107839 ਆਈਸੋਲੇਸ਼ਨ ਬਿਸਤਰਿਆਂ ਤੇ 14742 ਆਈਸੀਯੂ ਬਿਸਤਰਿਆਂ ਨਾਲ),
• 1247 ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ) (ਕੁੱਲ 65916 ਆਈਸੋਲੇਸ਼ਨ ਬਿਸਤਰਿਆਂ ਤੇ 7064 ਆਈਸੀਯੂ ਬਿਸਤਰਿਆਂ ਨਾਲ)
ਇੰਝ, ਕੁੱਲ 1919 ਸੁਵਿਧਾਵਾਂ ਉਪਲਬਧ ਹਨ, ਜਿਨ੍ਹਾਂ ਵਿੱਚ 1,73,746 ਆਈਸੋਲੇਸ਼ਨ ਬਿਸਤਰੇ ਤੇ ਕੁੱਲ 21,806 ਆਈਸੀਯੂ ਬਿਸਤਰੇ ਉਪਲਬਧ ਹਨ।
ਲੌਕਡਾਊਨ ਤੋਂ ਪਹਿਲਾਂ, ਭਾਰਤ ਦੀ ਡਬਲਿੰਗ ਦਰ ਲਗਭਗ 3 ਦਿਨ ਸੀ। ਪਿਛਲੇ ਸੱਤ ਦਿਨਾਂ ਤੋਂ ਡਬਲਿੰਗ ਦਰ 6.2 ਦਿਨ ਹੈ। ਦੇਸ਼ ਦੇ 19 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਕੇਰਲ, ਉੱਤਰਾਖੰਡ, ਹਰਿਆਣਾ, ਲਦਾਖ, ਹਿਮਾਚਲ, ਚੰਡੀਗੜ੍ਹ, ਪੁੱਦੂਚੇਰੀ, ਬਿਹਾਰ, ਤੇਲੰਗਾਨਾ, ਤਮਿਲ ਨਾਡੂ, ਆਂਧਰ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਕਰਨਾਟਕ, ਜੰਮੂ ਤੇ ਕਸ਼ਮੀਰ, ਪੰਜਾਬ, ਅਸਾਮ, ਤ੍ਰਿਪੁਰਾ) ’ਚ ਇਸ ਵੇਲੇ ਉਚੇਰੀ ਡਬਲਿੰਗ ਦਰ ਦਿਖਾਈ ਦੇ ਰਹੀ ਹੈ, ਜੋ ਰਾਸ਼ਟਰੀ ਔਸਤ ਤੋਂ ਬਿਹਤਰ ਹੈ, ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਨ੍ਹਾਂ ਥਾਵਾਂ ’ਤੇ ਕੇਸਾਂ ਦੇ ਵਾਧੇ ਦੀ ਦਰ ਕੁਝ ਹੱਦ ਤੱਕ ਘਟੀ ਹੈ।
1 ਅਪ੍ਰੈਲ, 2020 ਤੋਂ ਔਸਤ ਵਿਕਾਸ ਤੱਤ 1.2 ਹੈ, ਜਦ ਕਿ ਇਸ ਤੋਂ ਪਹਿਲੇ ਦੋ ਹਫ਼ਤਿਆਂ (15 ਮਾਰਚ ਤੋਂ 31 ਮਾਰਚ) ’ਚ ਇਹ 2.1 ਵੇਖੀ ਗਈ ਹੈ, ਜੋ ਕਿ ਵਾਧੇ ਦੇ ਤੱਤ ਵਿੱਚ ਲਗਭਗ 40% ਕਮੀ (2.1–1.2)/2.1 ਹੈ।
ਕੱਲ੍ਹ ਤੋਂ 1007 ਨਵੇਂ ਕੇਸ ਦਰਜ ਹੋਏ ਹਨ ਤੇ 23 ਹੋਰ ਮੌਤਾਂ ਹੋਈਆਂ ਹਨ ਤੇ ਇੰਝ ਦੇਸ਼ ਵਿੱਚ ਕੋਵਿਡ–19 ਦੇ ਪੁਸ਼ਟੀ ਹੋਏ ਮਾਮਲਿਆਂ ਦੀ ਕੁੱਲ ਗਿਣਤੀ 13,387 ਹੋ ਗਈ ਹੈ ਤੇ 1,749 ਵਿਅਕਤੀ ਠੀਕ / ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1615449)
Visitor Counter : 214
Read this release in:
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam