ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ਵਿੱਚ ਵੈਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

ਪਹਿਲੀ ਤੋਂ 12ਵੀਂ ਤੱਕ ਸਾਰੀਆਂ ਕਲਾਸਾਂ ਅਤੇ ਵਿਸ਼ੇ ਇਸ ਕੈਲੰਡਰ ਵਿੱਚ ਸ਼ਾਮਲ ਹੋਣਗੇ –ਕੇਂਦਰੀ ਮਾਨਵ ਸੰਸਾਧਨ ਮੰਤਰੀ

Posted On: 16 APR 2020 4:31PM by PIB Chandigarh

 

ਕੋਵਿਡ-19 ਦੁਆਰਾ ਉਤਪੰਨ ਪਰਿਸਥਿਤੀਆਂ ਦੇ ਮੱਦੇਨਜ਼ਰ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਵਿਦਿਆਰਥੀਆਂ ਦੀਆਂ ਸਿੱਖਿਅਕ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਜਾਰੀ ਰੱਖਣ ਲਈ ਅੱਜ ਨਵੀਂ ਦਿੱਲੀ ਵਿੱਚ ਵੈਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ। ਕੋਵਿਡ-19 ਕਾਰਨ ਲੌਕਡਾਊਨ ਦੀ ਸਥਿਤੀ ਵਿੱਚ ਬੱਚੇ ਘਰ ਵਿੱਚ, ਮਾਪਿਆਂ ਅਤੇ ਅਧਿਆਪਕਾਂ ਦੀ ਮਦਦ ਨਾਲ ਦਿਲਚਸਪ ਢੰਗ ਨਾਲ ਸਿੱਖਿਆ ਪ੍ਰਾਪਤ ਕਰ ਸਕਣ, ਇਸੇ ਉਦੇਸ਼ ਨਾਲ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤੇ ਐੱਨਸੀਈਆਰਟੀ ਦੁਆਰਾ ਇਹ ਵੈਕਲਪਿਕ ਕੈਲੰਡਰ ਬਣਾਇਆ ਗਿਆ ਹੈ।

ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਹ ਕੈਲੰਡਰ ਅਧਿਆਪਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਵਿਭਿੰਨ ਤਰ੍ਹਾਂ ਦੇ ਟੈਕਨੋਲੋਜੀ ਉਪਕਰਣ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਕਰਕੇ, ਘਰ ਵਿੱਚ ਹੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਮਦਦ ਨਾਲ ਸਿੱਖਿਆ ਦੇ ਸਕਣ। ਇਹ ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕਈ ਲੋਕਾਂ ਦੇ ਮੋਬਾਈਲ ਫੋਨ ਵਿੱਚ ਇੰਟਰਨੈੱਟ  ਦੀ ਸੁਵਿਧਾ ਨਾ ਹੋਵੇ ਅਤੇ ਅਸੀਂ ਸੋਸ਼ਲ ਮੀਡੀਆ ਉਪਕਰਣਾਂ ਦੀ ਮਦਦ ਨਾ ਕਰ ਸਕੀਏ। ਇਸ ਲਈ ਇਹ ਕੈਲੰਡਰ ਇਸ ਗੱਲ ਦੇ ਦਿਸ਼ਾ-ਨਿਰਦੇਸ਼ ਦਿੰਦਾ ਹੈ ਕਿ ਅਧਿਆਪਕ, ਵਿਦਿਆਰਥੀਆਂ ਦਾ ਮਾਰਗਦਰਸ਼ਨ ਮੋਬਾਈਲ ਤੇ ਐੱਸਐੱਮਐੱਸ ਭੇਜ ਕੇ ਜਾਂ ਫੋਨ ਕਾਲ ਕਰਕੇ ਕਰ ਸਕਦੇ ਹਨ। ਇੰਟਰਨੈੱਟ ਹੋਣ ਦੀ ਸਥਿਤੀ ਵਿੱਚ ਵਟਸਐਪ, ਫੇਸਬੁੱਕ, ਟਵਿੱਟਰ, ਟੈਲੀਗ੍ਰਾਮ, ਗੂਗਲ ਮੇਲ ਅਤੇ ਗੂਗਲ ਹੈਂਗਆਊਟ ਜਿਹੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਇੱਕ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਜੋੜਿਆ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲੀ ਤੋਂ 12ਵੀਂ ਤੱਕ ਦੀਆਂ ਸਾਰੀਆਂ ਕਲਾਸਾਂ ਅਤੇ ਵਿਸ਼ੇ ਇਸ ਕੈਲੰਡਰ ਵਿੱਚ ਸ਼ਾਮਲ ਹੋਣਗੇ। ਇਹ ਕੈਲੰਡਰ ਸਾਰੇ ਬੱਚਿਆਂ ਦੇ ਸਿੱਖਣ ਦੀ ਜ਼ਰੂਰਤ ਦਾ ਧਿਆਨ ਰੱਖੇਗਾ ਜਿਸ ਵਿੱਚ ਦਿੱਵਯਾਂਗ, ਬੱਚੇ ਵੀ ਸ਼ਾਮਲ ਹਨ। ਆਡੀਓਬੁਕਸ, ਰੇਡੀਓ ਪ੍ਰੋਗਰਾਮਾਂ ਆਦਿ ਦੁਆਰਾ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ।

ਸ਼੍ਰੀ ਨਿਸ਼ੰਕ ਨੇ ਅੱਗੇ ਕਿਹਾ ਕਿ ਇਹ ਕੈਲੰਡਰ ਹਫ਼ਤਾਵਾਰ ਹੈ ਅਤੇ ਇਸ ਵਿੱਚ ਪਾਠਕ੍ਰਮ ਅਤੇ ਪਾਠ-ਪੁਸਤਕਾਂ ਦੇ ਅਧਿਆਇ ਜਾਂ ਵਿਸ਼ੇ ਨਾਲ ਸਬੰਧਿਤ ਰੁਚੀਕਰ ਅਤੇ ਚੁਣੌਤੀਪੂਰਨ ਗਤੀਵਿਧੀਆਂ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਗਤੀਵਿਧੀਆਂ ਦੀ ਮੈਪਿੰਗ ਸਿੱਖਣ ਦੇ ਨਤੀਜਿਆਂ  ਨਾਲ ਕੀਤੀ ਗਈ ਹੈ। ਸਿੱਖਣ ਦੇ ਨਤੀਜਿਆਂ ਦੀ ਸਹਾਇਤਾ ਨਾਲ ਨਾ ਕੇਵਲ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਸਿੱਖਣ ਦੀ ਪ੍ਰਗਤੀ ਦੇਖ ਸਕਣਗੇ ਬਲਕਿ ਉਹ ਪਾਠ-ਪੁਸਤਕਾਂ ਤੋਂ ਪਰੇ ਜਾ ਕੇ ਬੱਚਿਆਂ ਨੂੰ ਸਿੱਖਣ ਲਈ ਪ੍ਰੇਰਿਤ ਵੀ ਕਰ ਸਕਣਗੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਕੈਲੰਡਰ ਵਿੱਚ ਕਲਾ ਸਿੱਖਿਆ, ਸਰੀਰਕ ਸਿੱਖਿਆ, ਯੋਗ ਸਮੇਤ ਅਨੁਭਵ ਅਧਾਰਿਤ ਗਤੀਵਿਧੀਆਂ ਵੀ ਦਿੱਤੀਆਂ ਗਈਆਂ ਹਨ। ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਦੇ ਤਰੀਕੇ ਵੀ ਸੁਝਾਏ ਗਏ ਹਨ। ਇਸ ਕੈਲੰਡਰ ਵਿੱਚ ਸੰਸਕ੍ਰਿਤ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਚਾਰ ਭਾਸ਼ਾ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਈ-ਪਾਠਸ਼ਾਲਾ, ਐੱਨਆਰਓਈਆਰ ਅਤੇ ਦੀਕਸ਼ਾ ਪੋਰਟਲ ਤੇ ਚੈਪਟਰਵਾਈਜ਼ ਦਿੱਤੀ ਗਈ ਈ-ਸਮੱਗਰੀ ਦੇ ਲਿੰਕ ਵੀ ਸ਼ਾਮਲ ਕੀਤੇ ਗਏ ਹਨ।

ਮੰਤਰੀ ਨੇ ਕਿਹਾ ਕਿ ਇਹ ਗਤੀਵਿਧੀਆਂ ਸੁਝਾਅ ਦੇਣ ਵਾਲੀਆਂ ਹਨ ਨਾ ਕਿ ਆਦੇਸ਼ਾਤਮਕ ਅਤੇ ਇਸ ਵਿੱਚ ਕ੍ਰਮ ਦਾ ਵੀ ਕੋਈ ਬੰਧਨ ਨਹੀਂ ਹੈ। ਅਧਿਆਪਕ ਅਤੇ ਮਾਪੇ ਕ੍ਰਮ ਦਾ ਧਿਆਨ ਦਿੱਤੇ ਬਿਨਾ ਵਿਦਿਆਰਥੀ ਦੀ ਰੁਚੀ ਵਾਲੀਆਂ ਗਤੀਵਿਧੀਆਂ ਦੀ ਚੋਣ ਕਰ ਸਕਦੇ ਹਨ।

ਇਸ ਨੂੰ ਐੱਸਸੀਆਰਟੀ, ਰਾਜ ਸਕੂਲ ਸਿੱਖਿਆ ਵਿਭਾਗ, ਸਕੂਲ ਸਿੱਖਿਆ ਬੋਰਡ, ਕੇਂਦਰੀ ਵਿਦਿਆਲਯ ਸੰਗਠਨ, ਨਵੋਦਯ ਵਿਦਿਆਲਯ ਸਮਿਤੀ ਆਦਿ ਸੰਸਥਾਵਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਅਤੇ ਡੀਟੀਐੱਚ ਚੈਨਲਾਂ ਦੁਆਰਾ ਪ੍ਰਸਾਰਿਤ ਅਤੇ ਪ੍ਰਚਾਰਿਤ ਕੀਤਾ ਜਾਵੇਗਾ।

ਕੋਵਿਡ– 19 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਔਨਲਾਈਨ ਸੰਸਾਧਨਾਂ ਦੀ ਵਰਤੋਂ ਕਰ ਕੇ ਸਕਾਰਾਤਮਕ ਤਰੀਕਿਆਂ ਨਾਲ ਘਰ-ਘਰ ਵਿੱਚ ਸਕੂਲੀ ਸਿੱਖਿਆ ਦੁਆਰਾ ਬੱਚਿਆਂ ਦੇ ਸਿੱਖਣ ਨਤੀਜਿਆਂ ਨੂੰ ਵਧਾਉਣ ਵਿੱਚ ਇਹ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਸ਼ਕਤ ਕਰੇਗਾ

*****

ਐੱਨਬੀ/ਏਕੇਜੇ/ਏਕੇ


(Release ID: 1615102) Visitor Counter : 229