ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਕੋਵਿਡ-19’ ਦੇ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ 4 ਹਫ਼ਤਿਆਂ ਵਿੱਚ ਚੌਥੀ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ 3 ਮਈ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ
ਅਧਿਕ ਜੋਖ਼ਮ ਵਾਲੇ ਖੇਤਰਾਂ ਅਤੇ ਹੌਟ-ਸਪੌਟਸ ’ਤੇ ਨਿਰੰਤਰ ਨਜ਼ਰ ਰਹੇਗੀ : ਪ੍ਰਧਾਨ ਮੰਤਰੀ
ਘੱਟ ਜੋਖ਼ਮ ਵਾਲੇ ਖੇਤਰਾਂ ਵਿੱਚ ਕੁਝ ਪਾਬੰਦੀਆਂ ਵਿੱਚ ਢਿੱਲ 20 ਅਪ੍ਰੈਲ ਤੋਂ ਦਿੱਤੀ ਜਾਵੇਗੀ
ਸਰਕਾਰ ਦੁਆਰਾ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਕੱਲ੍ਹ ਜਾਰੀ ਕੀਤੇ ਜਾਣਗੇ
ਪ੍ਰਧਾਨ ਮੰਤਰੀ ਨੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਸਮਾਜਿਕ ਦੂਰੀ ਤੇ ਲੌਕਡਾਊਨ ਦਾ ਪਾਲਣ ਕਰਨ ਸਹਿਤ ਸੱਤ ਗੱਲਾਂ ਵਿੱਚ ਦੇਸ਼ਵਾਸੀਆਂ ਦਾ ਸਾਥ ਮੰਗਿਆ

Posted On: 14 APR 2020 1:04PM by PIB Chandigarh

ਅੱਜ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 3 ਮਈ, 2020 ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਕੀਤਾ ਗਿਆ 21 ਦਿਨਾਂ ਦਾ ਲੌਕਡਾਊਨ ਅੱਜ ਯਾਨੀ 14 ਅਪ੍ਰੈਲ, 2020 ਨੂੰ ਸਮਾਪਤ ਹੋ ਰਿਹਾ ਹੈ।

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਰਾਜਾਂ, ਮਾਹਿਰਾਂ ਅਤੇ ਲੋਕਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਲੌਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਲੌਕਡਾਊਨ ਦੇ ਦੌਰਾਨ ਅੱਗੇ ਵੀ ਨਿਰੰਤਰ ਸਤਰਕ ਰਹਿਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਦੀ ਬੇਨਤੀ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਘੱਟ ਜੋਖ਼ਮ ਵਾਲੇ ਖੇਤਰਾਂ ਵਿੱਚ 20 ਅਪ੍ਰੈਲ, 2020 ਤੋਂ ਕੁਝ ਖਾਸ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “20 ਅਪ੍ਰੈਲ ਤੱਕ ਹਰ ਕਸਬੇ, ਹਰ ਪੁਲਿਸ ਸਟੇਸ਼ਨ, ਹਰ ਜ਼ਿਲ੍ਹੇ, ਹਰ ਰਾਜ ਨੂੰ ਪਰਖਿਆ ਜਾਵੇਗਾ ਕਿ ਉੱਥੇ ਲੌਕਡਾਊਨ ਦਾ ਕਿਤਨਾ ਪਾਲਣ ਹੋ ਰਿਹਾ ਹੈ। ਜੋ ਖੇਤਰ ਇਸ ਅਗਨੀ ਪਰੀਖਿਆ ਵਿੱਚ ਸਫ਼ਲ ਹੋਣਗੇ, ਜੋ ਹੌਟ-ਸਪੌਟ ਦੀ ਸ਼੍ਰੇਣੀ ਵਿੱਚ ਨਹੀਂ ਹੋਣਗੇ, ਅਤੇ ਜਿਨ੍ਹਾਂ ਦੇ ਹੌਟ-ਸਪੌਟ ਵਿੱਚ ਬਦਲਣ ਦੀ ਆਸ਼ੰਕਾ ਵੀ ਘੱਟ ਹੋਵੇਗੀ, ਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ, ‘ਹਾਲਾਂਕਿ, ਲੌਕਡਾਊਨ ਨਿਯਮ ਟੁੱਟਣ ਅਤੇ ਕੋਰੋਨਾ ਵਾਇਰਸ ਦੇ ਫੈਲਣ ਤੋਂ ਖ਼ਤਰਾ ਹੋਣ ਤੇ ਇਹ ਆਗਿਆ ਤੁਰੰਤ ਵਾਪਸ ਲੈ ਲਈ ਜਾਵੇਗੀ।

ਇਸ ਸਬੰਧ ਵਿੱਚ ਕੱਲ੍ਹ ਸਰਕਾਰ ਦੁਆਰਾ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਅਤੇ ਦਿਹਾੜੀਦਾਰ ਮਜ਼ਦੂਰਾਂ ਨੂੰ ਹੋ ਰਹੀਆਂ ਕਠਿਨਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਘੱਟ ਜੋਖ਼ਮ ਵਾਲੇ ਖੇਤਰਾਂ ਵਿੱਚ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ, ‘ਜੋ ਰੋਜ਼ ਕਮਾਉਂਦੇ ਹਨ, ਰੋਜ਼ ਦੀ ਕਮਾਈ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਉਹ ਹੀ ਮੇਰਾ ਵੱਡਾ ਪਰਿਵਾਰ  ਹੈ। ਇਨ੍ਹਾਂ ਦੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਮੇਰੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਜ਼ਰੀਏ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰਯਤਨ ਕੀਤਾ ਹੈ। ਨਵੀਆਂ ਗਾਈਡਲਾਈਨਸ ਬਣਾਉਂਦੇ ਸਮੇਂ ਉਨ੍ਹਾਂ ਦੇ ਹਿਤਾਂ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ।

ਅੱਜ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੀ ਜਯੰਤੀ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਉਨ੍ਹਾਂ ਦਿੱਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ, ਜਿਨ੍ਹਾਂ ਦਾ ਸਾਹਮਣਾ ਤੁਸੀਂ ਕੀਤਾ ਹੈ। ਕਿਸੇ ਨੂੰ ਖਾਣ ਦੀ ਪਰੇਸ਼ਾਨੀ, ਕਿਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਆਉਣ-ਜਾਣ ਵਿੱਚ ਪਰੇਸ਼ਾਨੀ ਅਤੇ ਕੋਈ ਘਰ-ਪਰਿਵਾਰ ਤੋਂ ਦੂਰ ਹੈ। ਹਾਲਾਂਕਿ, ਤੁਸੀਂ ਦੇਸ਼ ਦੀ ਖਾਤਰ ਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ। ਸਾਡੇ ਸੰਵਿਧਾਨ ਵਿੱਚ ਜਿਸ ਅਸੀਂ, ਭਾਰਤ ਦੇ ਲੋਕਦੀ ਸ਼ਕਤੀ ਦੀ ਗੱਲ ਕਹੀ ਗਈ ਹੈ, ਉਹ ਇਹੀ ਤਾਂ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਸ਼ ਵਿੱਚ ਕੋਵਿਡ – 19 ਦਾ ਇੱਕ ਵੀ ਮਾਮਲਾ ਸਾਹਮਣੇ ਆਉਣ ਤੋਂ ਕਾਫ਼ੀ ਪਹਿਲਾਂ ਤੋਂ ਹੀ ਭਾਰਤ ਅਤਿਅੰਤ ਸਰਗਰਮ ਹੋ ਗਿਆ ਸੀ। ਉਨ੍ਹਾਂ ਨੇ ਕਿਹਾ, ‘ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ; ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦਾ 14 ਦਿਨ ਦਾ ਜ਼ਰੂਰੀ ਆਈਸੋਲੇਸ਼ਨ; ਮਾਲ, ਕਲੱਬ, ਜਿਮ ਨੂੰ ਬੰਦ ਕਰਨ ਜਿਹੇ ਫੈਸਲੇ ਇਸ ਦੇ ਸ਼ੁਰੂਆਤੀ ਪੜਾਵਾਂ ਵਿੱਚ ਹੀ ਲੈ ਲਏ ਗਏ ਸਨ।’   ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਅਤਿਅੰਤ ਸਰਗਰਮੀ ਦਾ ਪਰਿਚੈ ਦਿੰਦੇ ਹੋਏ ਸੰਪੂਰਨ ਲੌਕਡਾਊਨ ਦਾ ਇੱਕ ਵੱਡਾ ਕਦਮ ਵੀ ਉਠਾ ਲਿਆ, ਜੋ 14 ਅਪ੍ਰੈਲ ਨੂੰ ਸਮਾਪਤ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਹੋਰ ਕੋਵਿਡ ਪ੍ਰਭਾਵਿਤ ਵੱਡੇ ਅਤੇ ਤਾਕਤਵਰ (ਸਮਰੱਥਾਵਾਨ) ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਬਹੁਤ ਸੰਭਲ਼ੀ ਹੋਈ ਸਥਿਤੀ ਵਿੱਚ ਹੈ।

ਉਨ੍ਹਾਂ ਨੇ ਕਿਹਾ, ‘ਮਹੀਨਾ-ਡੇਢ ਮਹੀਨਾ ਪਹਿਲਾਂ ਕਈ ਦੇਸ਼ ਕੋਰੋਨਾ ਸੰਕ੍ਰਮਣ ਦੇ ਮਾਮਲੇ ਵਿੱਚ ਭਾਰਤ ਦੇ ਬਰਾਬਰ ਹੀ ਸਨ। ਲੇਕਿਨ ਅੱਜ ਉਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਤੁਲਨਾ ਵਿੱਚ ਕੋਰੋਨਾ ਦੇ ਮਾਮਲੇ 25 ਤੋਂ 30 ਗੁਣਾ ਜ਼ਿਆਦਾ ਹਨ। ਉਨ੍ਹਾਂ ਦੇਸ਼ਾਂ ਵਿੱਚ ਹਜ਼ਾਰਾਂ ਲੋਕਾਂ ਦੀ ਦੁਖਦ ਮੌਤ ਹੋ ਚੁੱਕੀ ਹੈ। ਜੇਕਰ ਭਾਰਤ ਨੇ ਸਮੁੱਚੀ ਪਹੁੰਚ ਨਾ ਅਪਣਾਈ ਹੁੰਦੀ, ਏਕੀਕ੍ਰਿਤ ਨਜ਼ਰੀਆ ਨਾ ਅਪਣਾਇਆ ਹੁੰਦਾ ਅਤੇ ਸਮੇਂ ਤੇ ਤੇਜ਼ ਅਤੇ ਨਿਰਣਾਇਕ ਫ਼ੈਸਲੇ ਨਾ ਕੀਤੇ ਹੁੰਦੇ ਤਾਂ ਅੱਜ ਭਾਰਤ ਵਿੱਚ ਸਥਿਤੀ ਬਿਲਕੁਲ ਭਿੰਨ ਹੁੰਦੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਲੌਕਡਾਊਨ ਤੋਂ ਕਾਫ਼ੀ ਲਾਭ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਕਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਇਹ ਸਪਸ਼ਟ ਰੂਪ ਨਾਲ ਬਿਲਕੁਲ ਸਹੀ ਮਾਰਗ ਹੈ ਕਿਉਂਕਿ ਇਸ ਨੇ ਦੇਸ਼ ਵਿੱਚ ਅਣਗਿਣਤ ਲੋਕਾਂ ਦੀ ਜਾਨ ਬਚਾਈ ਹੈ।

ਉਨ੍ਹਾਂ ਨੇ ਕਿਹਾ, “ਜੇਕਰ ਕੇਵਲ ਆਰਥਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਨਿਰਸੰਦੇਹ ਹਾਲੇ ਮਹਿੰਗਾ ਪ੍ਰਤੀਤ ਹੁੰਦਾ ਹੈ, ਲੇਕਿਨ ਭਾਰਤਵਾਸੀਆਂ ਦੀ ਜ਼ਿੰਦਗੀ ਦੇ ਅੱਗੇ ਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਭਾਰਤ ਸੀਮਿਤ ਸੰਸਾਧਨਾਂ ਦਰਮਿਆਨ ਜਿਸ ਮਾਰਗ ਤੇ ਚਲਿਆ ਹੈ, ਉਹ ਅੱਜ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਭਰੋਸਾ ਦਿੱਤਾ ਕਿ ਦਵਾਈਆਂ, ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੇ ਉਚਿਤ ਭੰਡਾਰ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਸਿਹਤ ਨਾਲ ਜੁੜੀਆਂ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਨੂੰ ਹੋਰ ਵੀ ਅਧਿਕ ਮਜ਼ਬੂਤ ਕੀਤਾ ਜਾ ਰਿਹਾ ਹੈ।

ਉਹਾਂ ਨੇ ਕਿਹਾ, “ਜਨਵਰੀ ਵਿੱਚ ਸਾਡੇ ਕੋਲ ਕੋਰੋਨਾ ਵਾਇਰਸ ਦੀ ਜਾਂਚ ਲਈ ਸਿਰਫ਼ ਇੱਕ ਲੈਬ ਸੀ, ਉੱਥੇ ਹੁਣ 220 ਤੋਂ ਵੀ ਅਧਿਕ ਲੈਬਾਂ ਵਿੱਚ ਟੈਸਟਿੰਗ ਦਾ ਕੰਮ ਹੋ ਰਿਹਾ ਹੈ। ਆਲਮੀ ਅਨੁਭਵਾਂ ਤੋਂ ਪਤਾ ਚਲਦਾ ਹੈ ਕਿ ਹਰੇਕ 10,000 ਰੋਗੀਆਂ ਲਈ, 1,500-1,600 ਬੈੱਡ ਜ਼ਰੂਰੀ ਹਨ। ਭਾਰਤ ਵਿੱਚ ਅੱਜ ਅਸੀਂ ਇੱਕ ਲੱਖ ਤੋਂ ਵੀ ਅਧਿਕ ਬੈੱਡਾਂ ਦੀ ਵਿਵਸਥਾ ਕਰ ਚੁੱਕੇ ਹਾਂ। ਇਹੀ ਨਹੀਂ, 600 ਤੋਂ ਵੀ ਅਧਿਕ ਅਜਿਹੇ ਹਸਪਤਾਲ ਹਨ, ਜਿੱਥੇ ਸਿਰਫ਼ ਕੋਵਿਡ ਦਾ ਹੀ ਇਲਾਜ ਹੋ ਰਿਹਾ ਹੈ। ਇੱਕ ਹੋਰ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਸੁਵਿਧਾਵਾਂ ਨੂੰ ਹੋਰ ਵੀ ਅਧਿਕ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਸ ਮਹਾਮਾਰੀ ਦੇ ਖ਼ਿਲਾਫ਼ ਆਪਣੀ ਲੜਾਈ ਵਿੱਚ ਸੱਤ ਗੱਲਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ:

ਪਹਿਲੀ ਗੱਲ, ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ, ਵਿਸ਼ੇਸ਼ ਕਰਕੇ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਕੋਈ ਪੁਰਾਣੀ ਬਿਮਾਰੀ ਹੋਵੇ।

ਦੂਜੀ ਗੱਲ, ਲੌਕਡਾਊਨ ਅਤੇ ਸਮਾਜਿਕ ਦੂਰੀ ਦੀ ਲਕਸ਼ਮਣ ਰੇਖਾਦਾ ਪੂਰੀ ਤਰ੍ਹਾਂ ਪਾਲਣ ਕਰੋ, ਘਰ ਵਿੱਚ ਬਣੇ ਫੇਸ-ਕਵਰ ਅਤੇ ਮਾਸਕ ਦੀ ਜ਼ਰੂਰ ਵਰਤੋਂ ਕਰੋ।

ਤੀਜੀ ਗੱਲ, ਆਪਣੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਆਯੁਸ਼ ਮੰਤਰਾਲੇ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ।

ਚੌਥੀ ਗੱਲ, ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਮਦਦ ਕਰਨ ਲਈ ਆਰੋਗਯ ਸੇਤੂ ਮੋਬਾਈਲ ਐਪਡਾਊਨਲੋਡ ਕਰੋ। ਦੂਜਿਆਂ ਨੂੰ ਵੀ ਇਸ ਐਪ ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰੋ।

ਪੰਜਵੀਂ ਗੱਲ, ਗ਼ਰੀਬ ਪਰਿਵਾਰਾਂ ਦੀ ਦੇਖ-ਰੇਖ ਕਰੋ, ਉਨ੍ਹਾਂ ਦੇ ਭੋਜਨ ਦੀਆਂ ਜ਼ਰੂਰਤਾਂ ਪੂਰੀਆਂ ਕਰੋ।

ਛੇਵੀਂ ਗੱਲ, ਹਰ ਕਾਰੋਬਾਰ ਜਾਂ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਰੱਖੋ। ਉਨ੍ਹਾਂ ਨੂੰ ਨੌਕਰੀ ਤੋਂ ਨਾ ਕੱਢੋ।

ਸੱਤਵੀਂ ਗੱਲ, ਸਾਡੇ ਦੇਸ਼ ਦੇ ਕੋਰੋਨਾ ਜੋਧਿਆਂ ਭਾਵ ਸਾਡੇ ਡਾਕਟਰਾਂ ਅਤੇ ਨਰਸਾਂ, ਸਫ਼ਾਈ ਕਰਮੀਆਂ ਅਤੇ ਪੁਲਿਸ ਕਰਮੀਆਂ ਦਾ ਪੂਰਾ ਸਨਮਾਨ ਕਰੋ।

 

*****

ਵੀਆਰਆਰਕੇ/ਕੇਪੀ



(Release ID: 1614443) Visitor Counter : 201