ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟ

Posted On: 13 APR 2020 6:37PM by PIB Chandigarh

ਦੇਸ਼ ਵਿੱਚ ਕੋਵਿਡ-19 ਉੱਤੇ ਕਾਬੂ ਪਾਉਣ ਦੇ ਸਾਂਝੇ ਯਤਨਾਂ ਤਹਿਤ ਭਾਰਤ ਸਰਕਾਰ ਦੁਆਰਾ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇਸ ਤੋਂ ਬਚਾਅ, ਇਸ ਤੇ ਰੋਕ ਲਗਾਉਣ ਅਤੇ ਪ੍ਰਬੰਧਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਨ੍ਹਾਂ ਦਾ ਸਰਬਉੱਚ ਪੱਧਰ ਉੱਤੇ ਰੈਗੂਲਰ ਤੌਰ ‘ਤੇ ਜਾਇਜ਼ਾ ਲਿਆ ਜਾਂਦਾ ਹੈ ਅਤੇ ਨਿਗਰਾਨੀ ਰੱਖੀ ਜਾਂਦੀ ਹੈ।

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਕੋਵਿਡ-19 ਤੋਂ ਬਚਾਅ ਲਈ ਖੋਜ ਯਤਨਾਂ ਦਾ ਜਾਇਜ਼ਾ ਡੀਜੀ, ਸੀਐੱਸਆਈਆਰ ਅਤੇ ਸੀਐੱਸਆਈਆਰ ਦੀਆਂ 38 ਲੈਬਾਰਟਰੀਆਂ ਦੇ ਡਾਇਰੈਕਟਰਾਂ ਦੀ ਮੌਜੂਦਗੀ ਵਿੱਚ ਸੀਐੱਸਆਈਆਰ (ਕੌਂਸਲ ਆਵ੍ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ) ਨਾਲ ਖੋਜ ਯਤਨਾਂ ਦਾ ਜਾਇਜ਼ਾ ਲਿਆ।

 

ਸੀਐੱਸਆਈਆਰ ਲੈਬਾਰਟਰੀਆਂ ਪ੍ਰਾਈਵੇਟ ਖੇਤਰ ਦੇ ਪ੍ਰਮੁੱਖ ਉਦਯੋਗਾਂ, ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂਜ਼), ਐੱਮਐੱਸਐੱਮਈਜ਼, ਵਿਭਾਗਾਂ ਅਤੇ ਮੰਤਰਾਲਿਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਪੰਜ ਕਾਰਜ ਖੇਤਰਾਂ ਦੀ ਪਛਾਣ ਕੀਤੀ ਹੈ -

 

• ਡਿਜੀਟਲ ਅਤੇ ਮੋਲੀਕਿਊਲਰ ਨਿਗਰਾਨੀ,

 

• ਰੈਪਿਡ ਐਂਡ ਇਕਨਾਮਿਕਲ ਡਾਇਗਨੌਸਟਿਕਸ,

 

• ਨਵੀਆਂ ਦਵਾਈਆਂ /ਦਵਾਈਆਂ ਅਤੇ ਸਬੰਧਿਤ ਉਤਪਾਦਨ ਅਮਲਾਂ ਦੀ ਰੀਪਰਪਜ਼ਿੰਗ,

 

• ਹਸਪਤਾਲ ਦੇ ਸਹਾਇਕ ਯੰਤਰ ਅਤੇ ਪੀਪੀਈਜ਼ ਅਤੇ

 

• ਸਪਲਾਈ ਚੇਨ ਅਤੇ ਲੌਜਿਸਟਿਕ ਸਪੋਰਟ ਸਿਸਟਮ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਾਰੇ ਪੱਧਰਾਂ ਉੱਤੇ ਕਟਿੰਗ ਐੱਜ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਤਾਕਿ ਕੋਵਿਡ-19 ਬਾਰੇ ਸਮੇਂ ਸਿਰ ਹੁੰਗਾਰਾ ਮਿਲ ਸਕੇ। ਲਾਈਵ ਕੇਸ ਟ੍ਰੈਕਿੰਗ, ਕੇਸ ਪ੍ਰਬੰਧਨ ਅਤੇ ਬਿਮਾਰੀ ਨੂੰ ਰੋਕਣ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਪ੍ਰਬੰਧ ਟੈਕਨੋਲੋਜੀ ਰਾਹੀਂ ਕੀਤਾ ਜਾ ਸਕੇ। ਤਸਦੀਕਸ਼ੁਦਾ ਕੇਸਾਂ ਦੀ ਜੀਆਈਐੱਸ ਮੈਪਿੰਗ, ਸਰਗਰਮ ਦਖਲਅੰਦਾਜ਼ੀ ਇਲਾਕਿਆਂ ਦੀ ਪਛਾਣ, ਹੀਟ ਮੈਪਿੰਗ ਅਤੇ ਪੇਸ਼ਗੀ ਡਾਟਾ ਵਿਸ਼ਲੇਸ਼ਣ ਦੀ ਵਰਤੋਂ ਬਿਮਾਰੀ ਰੋਕੂ ਯੋਜਨਾਵਾਂ ਉੱਤੇ ਨਿਗਰਾਨੀ ਰੱਖਣ ਲਈ ਕੀਤੀ ਜਾ ਰਹੀ ਹੈ। ਅਜਿਹੀ ਟੈਕਨੋਲੋਜੀ ਦੀ ਮਦਦ ਬੰਗਲੁਰੂ ਵਾਰ ਰੂਮ ਦੁਆਰਾ ਪ੍ਰਭਾਵੀ ਢੰਗ ਨਾਲ ਲਈ ਜਾ ਰਹੀ ਹੈ।

 

ਸੰਗਠਤ ਕਮਾਂਡ ਅਤੇ ਕੰਟਰੋਲ ਸੈਂਟਰਾਂ ਦੁਆਰਾ ਸਮਰਪਤ ਰੈਪਿਡ ਰਿਸਪਾਂਸ ਟੀਮ (ਆਰਆਰਟੀ) ਨਾਲ ਤਾਲਮੇਲ ਕਰਕੇ ਫੀਲਡ ਸਕ੍ਰੀਨਿੰਗ ਦੀ ਸਹੂਲਤ ਪ੍ਰਦਾਨ ਕਰਨ ਤੋਂ ਇਲਾਵਾ ਐਂਬੂਲੈਂਸਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਕੁਆਰੰਟੀਨ ਪ੍ਰਬੰਧਨ ਦਾ ਕੰਮ ਸੰਭਾਲਿਆ ਜਾ ਰਿਹਾ ਹੈ। ਕੁਝ ਜ਼ਿਲ੍ਹਿਆਂ ਨੇ ਰਿਮੋਟ ਡਿਜੀਟਲ ਮੈਡੀਕਲ ਸਲਾਹ ਮਸ਼ਵਰਾ ਸ਼ੁਰੂ ਕੀਤਾ ਹੈ ਜੋ ਕਿ ਸਥਾਨਕ ਮੈਡੀਕਲ ਸਟੋਰਾਂ ਨੂੰ ਜੋੜਦਾ ਹੈ।

 

ਕਾਰਜ ਯੋਜਨਾਵਾਂ ਨੂੰ ਲਾਗੂ ਕਰਨ ਦੇ 15 ਰਾਜਾਂ ਦੇ 25 ਜ਼ਿਲ੍ਹਿਆਂ, ਜਿਨ੍ਹਾਂ ਵਿੱਚੋਂ ਮੁਢਲੇ ਕੇਸਾਂ ਦਾ ਪਤਾ ਲੱਗਾ ਸੀ, ਵਿੱਚ  ਸ਼ਲਾਘਾਯੋਗ ਨਤੀਜੇ ਸਾਹਮਣੇ ਆ ਰਹੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਿਛਲੇ 14 ਦਿਨਾਂ ਤੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਅਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਕਿ ਇਹ  ਯਕੀਨੀ ਬਣ ਸਕੇ ਕਿ ਭਵਿੱਖ ਵਿੱਚ ਵੀ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਵੇਗਾ। ਇਹ ਜ਼ਿਲ੍ਹੇ ਹਨ - ਗੋਂਡੀਆ (ਮਹਾਰਾਸ਼ਟਰ), ਰਾਜਨੰਦ ਗਾਓਂ, ਦੁਰਗ, ਬਿਲਾਸਪੁਰ (ਛੱਤੀਸਗੜ੍ਹ), ਦੇਵਾਨਗਿਰੀ, ਕੋਡਾਗੂ, ਤੁਮਕੁਰੂ, ਓਡੱਪੀ (ਕਰਨਾਟਕ), ਦੱਖਣੀ ਗੋਆ (ਗੋਆ), ਵਾਇਨਾਡ ਅਤੇ ਕੋਟਾਯਮ (ਕੇਰਲ), ਪੱਛਮੀ ਇੰਫਾਲ (ਮਨੀਪੁਰ), ਰਾਜੌਰੀ (ਜੰਮੂ-ਕਸ਼ਮੀਰ), ਆਇਜ਼ਵਾਲ ਪੱਛਮੀ (ਮਿਜ਼ੋਰਮ), ਮਹੇ (ਪੁਡੂਚੇਰੀ), ਐੱਸਬੀਐੱਸ ਨਗਰ (ਪੰਜਾਬ), ਪਟਨਾ, ਨਾਲੰਦਾ ਅਤੇ ਮੁੰਗੇਰ (ਬਿਹਾਰ), ਪ੍ਰਤਾਪਗੜ੍ਹ (ਰਾਜਸਥਾਨ), ਪਾਣੀਪਤ, ਰੋਹਤਕ, ਸਿਰਸਾ (ਹਰਿਆਣਾ), ਪੌੜੀ ਗੜ੍ਹਵਾਲ (ਉੱਤਰਾਖੰਡ), ਭਦਰਾਦਰੀ ਕੋਠਾਗੁਡੇਮ (ਤੇਲੰਗਾਨਾ)।

 

10 ਅਪ੍ਰੈਲ ਤੱਕ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ 30 ਕਰੋੜ ਤੋਂ ਵੱਧ ਗ਼ਰੀਬ ਲੋਕਾਂ ਨੇ 28,256 ਕਰੋੜ ਰੁਪਏ ਦੀ ਵਿੱਤੀ ਮਦਦ ਕੋਵਿਡ-19 ਲੌਕਡਾਊਨ ਦੌਰਾਨ ਹਾਸਲ ਕੀਤੀ। ਇਸ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ -

 

• ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੇ 19.86 ਮਹਿਲਾ ਖਾਤਾ ਧਾਰੀਆਂ ਨੇ 9930 ਕਰੋੜ ਰੁਪਏ ਦੀ ਮਦਦ ਹਾਸਿਲ ਕੀਤੀ।

 

• ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਤਹਿਤ 6.93 ਕਰੋੜ ਪਰਿਵਾਰਾਂ ਨੇ 13,855 ਕਰੋੜ ਰੁਪਏ ਹਾਸਿਲ ਕੀਤੇ।

 

• 2.82 ਕਰੋੜ ਵਿਧਵਾਵਾਂ, ਬਜ਼ੁਰਗ ਨਾਗਰਿਕਾਂ ਅਤੇ ਦਿੱਵਯਾਂਗਜਨਾਂ ਨੇ 1405 ਕਰੋੜ ਰੁਪਏ ਹਾਸਿਲ ਕੀਤੇ।

 

• 2.16 ਕਰੋੜ ਬਿਲਡਿੰਗ ਅਤੇ ਢਾਂਚਾ ਵਰਕਰਾਂ ਨੇ 3066 ਕਰੋੜ ਰੁਪਏ ਦੀ ਮਦਦ ਹਾਸਿਲ ਕੀਤੀ।

 

'ਆਰੋਗਯ ਸੇਤੂ' ਮੋਬਾਈਲ ਐਪਲੀਕੇਸ਼ਨ ਸ਼ਹਿਰੀਆਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਜਾਇਜ਼ਾ ਲੈਣ ਲਈ ਤਿਆਰ ਕੀਤੀ ਗਈ ਜੋ ਕਿ 11 ਭਾਸ਼ਾਵਾਂ ਵਿੱਚ ਹੈ ਅਤੇ 3.5 ਕਰੋੜ ਲੋਕਾਂ ਨੇ ਇਸ ਨੂੰ ਡਾਊਨਲੋਡ ਕੀਤਾ। ਇਸ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਰਿਸਕ ਪ੍ਰਬੰਧਨ, ਕਟਿੰਗ ਐੱਜ ਟੈਕਨੋਲੋਜੀ, ਜਿਵੇਂ ਕਿ ਬਲਿਊ ਟੁਥ ਟੈਕਨੋਲੋਜੀ, ਐਲਗੋਰਿਦਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਸਾਡੇ ਆਲੇ ਦੁਆਲੇ ਘੁੰਮ ਰਹੇ ਕੋਵਿਡ-19 ਦੇ ਰਿਸਕਾਂ ਦਾ ਪਤਾ ਲਗਾਉਣਾ ਹਨ।

 

ਰਾਜ ਦਿਹਾਤੀ ਰੁਜ਼ਗਾਰ ਮਿਸ਼ਨ (ਐੱਸਆਰਐਲਐੱਮਜ਼)ਤਹਿਤ 27 ਰਾਜਾਂ ਵਿੱਚ 1.96 ਕਰੋੜ ਮਾਸਕ 78,373 ਐੱਸਐਚਜੀ ਮੈਂਬਰਾਂ ਦੁਆਰਾ ਤਿਆਰ ਕੀਤੇ ਗਏ। ਐਨਸੀਸੀ ਵਾਲੰਟੀਅਰ ਕੈਡਿਟਸ ਦੁਆਰਾ 'ਐਕਸਰਸਾਈਜ਼ ਐਨਸੀਸੀ ਯੋਗਦਾਨ' ਤਹਿਤ ਸਿਵਲ ਪ੍ਰਸ਼ਾਸਨ ਦੀ ਮਦਦ ਕੀਤੀ ਜਾ ਰਹੀ ਹੈ। 50,000 ਤੋਂ ਵੱਧ ਲੋਕਾਂ ਨੇ ਕੋਵਿਡ-19 ਵਿਰੁੱਧ ਜੰਗ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ ਹੈ।

 

ਕਲ੍ਹ ਤੋਂ ਲੈ ਕੇ ਹੁਣ ਤੱਕ 796 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਹੁਣ ਤੱਕ ਦੇਸ਼ ਵਿੱਚ ਕੋਵਿਡ-19 ਦੇ 9152 ਤਸਦੀਕਸ਼ੁਦਾ ਕੇਸ ਹੋ ਗਏ ਹਨ। 857 ਵਿਅਕਤੀ ਠੀਕ ਹੋਏ /ਡਿਸਚਾਰਜ ਕੀਤੇ ਗਏ ਹਨ ਅਤੇ ਹੁਣ ਤੱਕ ਕੁੱਲ 308 ਮੌਤਾਂ ਦਾ ਪਤਾ ਲੱਗਾ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਲਈ ਸਾਰੀ ਸਹੀ ਅਤੇ ਅੱਪਡੇਟ ਜਾਣਕਾਰੀ ਲੈਣ ਲਈ ਵਿਜ਼ਿਟ ਕਰੋ https://www.mohfw.gov.in/.

 

ਕੋਵਿਡ-19 ਬਾਰੇ ਤਕਨੀਕੀ ਜਾਣਕਾਰੀ technicalquery.covid19[at]gov[dot]in  ਅਤੇ ਹੋਰ ਜਾਣਕਾਰੀ ਲਈ ncov2019[at]gov[dot]in . ਉੱਤੇ ਈ-ਮੇਲ ਕਰੋ।

 

ਕੋਵਿਡ-19 ਬਾਰੇ ਕੋਈ ਹੋਰ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ  : +91-11-23978046 or 1075 (ਟੋਲ ਫਰੀ) ਉੱਤੇ ਸੰਪਰਕ ਕਰੋ। ਰਾਜਾਂ ਕੇਂਦਰ 

/ਸ਼ਾਸਿਤ ਪ੍ਰਦੇਸ਼ਾਂ ਦੇ ਕੋਵਿਡ-19 ਬਾਰੇ ਹੈਲਪਲਾਈਨ ਨੰਬਰਾਂ ਦੀ ਸੂਚੀ ਅੱਗੇ ਮੁਹੱਈਆ ਹੈ 

 

https://www.mohfw.gov.in/pdf/coronvavirushelplinenumber.pdf.

 

*****

 

ਐੱਮਵੀ


(Release ID: 1614086) Visitor Counter : 118