ਖੇਤੀਬਾੜੀ ਮੰਤਰਾਲਾ

ਲੌਕਡਾਊਨ ਦੇ ਦੌਰਾਨ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਉਠਾਅ ਕਦਮਾਂ ਦੀ ਸਮੀਖਿਆ ਕਰਨ ਲਈ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ

ਸ੍ਰੀ ਐੱਨਐੱਸ ਤੋਮਰ ਨੇ ਕੰਟਰੋਲ ਰੂਮ ਬਣਾ ਕੇ ਨਿਯਮਿਤ ਨਿਗਰਾਨੀ ਰੱਖਣ ਦੇ ਦਿੱਤੇ ਨਿਰਦੇਸ਼; ਕਿਹਾ ਖੇਤੀ ਉਪਜ ਅਤੇ ਹੋਰ ਸਬੰਧਿਤ ਉਤਪਾਦਾਂ ਨੂੰ ਟ੍ਰਾਂਸਪੋਰਟ ਕਰਨ ਵਿੱਚ ਕੋਈ ਰੁਕਾਵਟ ਨਾ ਆਵੇ

Posted On: 07 APR 2020 8:12PM by PIB Chandigarh

ਕਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਪ੍ਰਭਾਵੀ ਦੇਸ਼ਵਿਆਪੀ ਲੌਕਡਾਊਨ ਦੇ ਦੌਰਾਨ ਕਿਸਾਨਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਕੇਂਦਰ ਸਰਕਾਰ ਦੁਆਰਾ ਅਨੇਕ ਕਦਮ ਉਠਾਏ ਗਏ ਹਨ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਮੰਤਰਾਲੇ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਸਾਰੇ ਉੱਚ ਅਧਿਕਾਰੀਆਂ ਦੀ ਇੱਕ ਬੈਠਕ ਕਰਕੇ, ਕਿਸਾਨਾਂ ਨੂੰ ਰਾਹਤ ਪਹੁੰਚਾਉਣ ਦੇ ਕਦਮਾਂ 'ਤੇ ਸਖਤੀ ਨਾਲ ਅਮਲ ਕੀਤੇ ਜਾਣ ਦੀ ਵਿਸਤ੍ਰਿਤ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਹ ਸੁਨਿਸ਼ਚਿਤ ਕਰਨ ਲਈ ਉਪਰਾਲੇ ਕੀਤੇ ਹਨ ਕਿ ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਖੇਤਰਾਂ ਵਿੱਚ ਲੱਗੇ ਹੋਏ ਕਿਸਾਨ ਅਤੇ ਮਜ਼ਦੂਰ ਬਿਨਾ ਕਿਸੇ ਮੁਸ਼ਕਿਲ ਦੇ ਆਪਣਾ ਕੰਮ ਜਾਰੀ ਰੱਖ ਸਕਣ। ਸ਼੍ਰੀ ਤੋਮਰ ਨੇ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਨੂੰ ਦਿੱਤੀਆਂ ਛੂਟਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਕੰਟਰੋਲ ਰੂਮ ਬਣਾ ਕੇ ਨਿਯਮਿਤ ਨਿਗਰਾਨੀ ਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਕੋਵਿਡ-19 ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੇ ਉਦੇਸ਼ ਨਾਲ ਲਾਗੂ ਲੌਕਡਾਊਨ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਆਮ ਲੋਕਾਂ ਦੇ ਆਵਾਗਮਨ 'ਤੇ ਰੋਕ ਲਗਾਈ ਗਈ ਹੈ। ਅਜਿਹੇ ਵਿੱਚ, ਸ਼ੁਰੂਆਤ ਵਿੱਚ ਕਈ ਕਿਸਾਨਾਂ ਨੂੰ ਪਰੇਸ਼ਾਨੀਆਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦਾ ਤਤਕਾਲ ਗ੍ਰਹਿ ਮੰਤਰਾਲੇ ਅਤੇ ਵਿੱਤ ਮੰਤਰਾਲੇ ਨਾਲ ਲਗਾਤਾਰ ਮਸ਼ਵਰਾ ਹੋਇਆ ਅਤੇ ਤੁਰੰਤ ਹੀ ਫੈਸਲੇ ਲੈ ਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਅਨੇਕ ਕਦਮ ਲਾਗੂ ਕੀਤੇ ਗਏ। ਅੱਜ ਖੇਤੀਬਾੜੀ ਮੰਤਰਾਲੇ ਵਿੱਚ ਦੋਵੇਂ ਰਾਜ ਮੰਤਰੀਆਂ- ਸ਼੍ਰੀ ਪ੍ਰਸ਼ੋਤਮ ਰੁਪਾਲਾ ਅਤੇ ਸ਼੍ਰੀ ਕੈਲਾਸ਼ ਚੌਧਰੀ ਸਮੇਤ ਸ਼੍ਰੀ ਤੋਮਰ ਨੇ ਸਾਰੇ ਉੱਚ ਅਧਿਕਾਰੀਆਂ ਦੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ, ਜਿਸ ਵਿੱਚ ਕੇਂਦਰ ਸਰਕਾਰ ਦੇ ਸਬੰਧਿਤ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਬਾਰੇ ਵੀ ਸਮੀਖਿਆ ਕੀਤੀ ਗਈ।
ਬੈਠਕ ਵਿੱਚ ਸ਼੍ਰੀ ਤੋਮਰ ਨੇ ਕਿਹਾ ਕਿ ਕਿਸਾਨਾਂ ਦੇ ਹਿਤ ਵਿੱਚ ਜੋ ਵੀ ਫੈਸਲੇ ਲਏ ਗਏ ਹਨ, ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦੇ ਨਾਲ ਹੀ, ਇਸ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣਾ ਵੀ ਬਹੁਤ ਜ਼ਰੂਰੀ ਹੈ। ਸ਼੍ਰੀ ਤੋਮਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਫਸਲਾਂ ਦੀ ਕਟਾਈ ਵਿੱਚ ਕਿਸਾਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਨਾਲ ਹੀ, ਹਰ ਸੰਭਵ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਖੇਤੀ ਉਪਜ ਖੇਤ ਦੇ ਨੇੜੇ ਹੀ ਵਿਕ ਸਕੇ, ਨਾਲ ਇਸ ਦੀ ਰਾਜ ਅਤੇ ਅੰਤਰਰਾਜੀ ਢੋਆ-ਢੁਆਈ ਬਿਨਾ ਕਿਸੇ ਰੁਕਾਵਟ ਦੇ ਹੋਵੇ। ਇਸ ਸਬੰਧ ਵਿੱਚ ਟਰੱਕਾਂ ਦੇ ਆਵਾਗਮਨ ਨੂੰ ਲੌਕਡਾਊਨ ਤੋਂ ਛੂਟ ਦਿੱਤੀ ਗਈ ਹੈ।ਅੱਗੇ ਬਿਜਾਈ ਵੀ ਹੋਣੀ ਹੈ, ਜਿਸ ਨੂੰ ਲੈ ਕੇ ਖਾਦ-ਬੀਜ ਦੀ ਕਮੀ ਕਿਤੇ ਵੀ ਨਹੀਂ ਹੋਣੀ ਚਾਹੀਦੀ। ਖਾਦ-ਬੀਜ ਦੀ ਢੋਆ-ਢੁਆਈ ਲਈ ਵੀ ਪੂਰੇ ਸਾਧਨ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ। ਜਿਨ੍ਹਾਂ ਖੇਤੀ ਵਸਤਾਂ ਦਾ ਨਿਰਯਾਤ ਕੀਤਾ ਜਾਣਾ ਹੈ, ਉਹ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ।
ਖੇਤੀ ਉਤਪਾਦਾਂ ਦੀ ਖਰੀਦ ਨਾਲ ਸਬੰਧਿਤ ਸੰਸਥਾਵਾਂ ਅਤੇ ਨਿਊਨਤਮ ਸਮਰਥਨ ਮੁੱਲ ਨਾਲ ਸਬੰਧਿਤ ਕਾਰਜਾਂ,ਖੇਤੀ ਉਤਪਾਦ ਬਜ਼ਾਰ ਕਮੇਟੀ ਅਤੇ ਰਾਜਾਂ ਦੁਆਰਾ ਸੰਚਾਲਿਤ ਮੰਡੀਆਂ, ਖਾਦਾਂ ਦੀਆਂ ਦੁਕਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਖੇਤਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ, ਖੇਤੀ ਉਪਕਰਣਾਂ ਦੀ ਉਪਲੱਬਧਤਾ ਲਈ ਕਸਟਮ ਹਾਇਰਿੰਗ ਕੇਂਦਰਾਂ (Custom Hiring Centres-CHC) ਅਤੇ ਖਾਦ,ਕੀਟਨਾਸ਼ਕ ਅਤੇ ਬੀਜਾਂ ਦਾ ਨਿਰਮਾਣ ਅਤੇ ਪੈਕੇਜਿੰਗ ਇਕਾਈਆਂ,ਫਸਲ ਕਟਾਈ ਅਤੇ ਬਿਜਾਈ ਨਾਲ ਸਬੰਧਿਤ ਖੇਤੀ ਅਤੇ ਬਾਗਬਾਨੀ ਵਿੱਚ ਕੰਮ ਆਉਣ ਵਾਲੇ ਯੰਤਰਾਂ ਦੇ ਅੰਤਰਰਾਜੀ ਆਵਾਗਮਨ ਵਿੱਚ ਛੂਟ ਦਿੱਤੀ ਗਈ ਹੈ। ਖੇਤੀ ਮਸ਼ੀਨਰੀ ਅਤੇ ਪੁਰਜ਼ਿਆਂ ਦੀਆ ਦੁਕਾਨਾਂ ਲੌਕਡਾਊਨ ਵਿੱਚ ਚਾਲੂ ਰੱਖੀਆਂ ਜਾ ਸਕਣਗੀਆਂ। ਛੂਟ ਵਿੱਚ ਸਬੰਧਿਤ ਸਪਲਾਈ ਕਰਨ ਵਾਲਿਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹਾਈਵੇ 'ਤੇ ਟਰੱਕਾਂ ਦੀ ਮੁਰੰਮਤ ਕਰਨ ਵਾਲੇ ਗੈਰਾਜ ਅਤੇ ਪੈਟਰੋਲ ਪੰਪ ਵੀ ਚਾਲੂ ਰਹਿਣਗੇ,ਤਾਂ ਕਿ ਖੇਤੀ ਉਪਜ ਦੀ ਢੋਆ-ਢੁਆਈ ਬਿਨਾ ਰੁਕਾਵਟ ਹੋ ਸਕੇ। ਇਸ ਤਰ੍ਹਾਂ ਚਾਹ ਉਦਯੋਗ ਵਿੱਚ ਬਾਗਾਂ ਸਮੇਤ ਵੱਧ ਤੋਂ ਵੱਧ 50%  ਕਰਮਚਾਰੀ ਰੱਖਦੇ ਹੋਏ ਕੰਮ ਕੀਤਾ ਜਾ ਸਕੇਗਾ।
ਰਾਸ਼ਟਰੀ ਖੇਤੀ ਬਜ਼ਾਰ (e-NAM) ਪਲੇਟਫਾਰਮ ਵਿੱਚ ਨਵੀਆਂ ਵਿਸ਼ੇਸਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਦੁਆਰਾਂ ਖੇਤੀਬਾੜੀ ਮਾਰਕਿਟਿੰਗ ਨੂੰ ਮਜ਼ਬੂਤ ਕੀਤਾ ਜਾ ਸਕੇ, ਜਿਸ ਨਾਲ ਅਜਿਹੇ ਸਮੇਂ ਉਨ੍ਹਾਂ ਦੀ ਕਟਾਈ ਅਤੇ ਉਤਪਾਦ ਨੂੰ ਵੇਚਣ ਲਈ ਥੋਕ ਮੰਡੀਆਂ ਵਿੱਚ ਆਉਣ ਦੀ ਉਨ੍ਹਾਂ ਦੀ ਜ਼ਰੂਰਤ ਨੂੰ ਘਟਾ ਦਿੱਤਾ ਜਾਵੇਗਾ ਜਦੋਂ ਕਿ ਕੋਵਿਡ-19 ਵਿਰੁੱਧ ਅਸਰਦਾਰ ਲੜਾਈ ਲਈ ਮੰਡੀਆਂ ਵਿੱਚ ਭੀੜ ਘੱਟ ਕਰਨ ਦੀ ਗੰਭੀਰ ਜਰੂਰਤ ਹੈ।ਕੇਂਦਰ ਨੇ ਕਿਸਾਨਾਂ ਦੇ 3 ਲੱਖ ਤੱਕ ਦੇ ਥੋੜ੍ਹੇ ਸਮੇਂ ਦੇ ਫਸਲੀ ਕਰਜ਼ ਜੋ ਕਿ 1 ਮਾਰਚ 2020 ਅਤੇ 31 ਮਈ 2020 ਦੇ ਦਰਮਿਆਨ ਦੇਣ ਯੋਗ ਹਨ, ਦੇ ਭੁਗਤਾਨ ਦੀ ਮਿਆਦ ਵੀ 31 ਮਈ 2020 ਤੱਕ ਵਧਾ ਦਿੱਤੀ ਹੈ। ਕਿਸਾਨ 31 ਮਈ 2020 ਤੱਕ ਆਪਣੇ ਫਸਲੀ ਕਰਜ਼ ਬਿਨਾ ਕਿਸੇ ਜੁਰਮਾਨਾ ਵਿਆਜ ਦੇ ਕੇਵਲ 4% ਪ੍ਰਤੀ ਸਾਲ ਵਿਆਜ ਦਰ 'ਤੇ ਭੁਗਤਾਨ ਕਰ ਸਕਦੇ ਹਨ।

*****
ਏਪੀਐੱਸ/ਪੀਕੇ/ਐੱਮਐੱਸ/ਬੀਏ 



(Release ID: 1612230) Visitor Counter : 161