ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੇ ਕੋਵਿਡ–19 ਹੁੰਗਾਰੇ ਬਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ, ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨਾਲ ਚਰਚਾ ਕੀਤੀ

Posted On: 03 APR 2020 4:55PM by PIB Chandigarh

ਕੋਵਿਡ19 ਮਹਾਮਾਰੀ ਨਾਲ ਜੰਗ ਦੌਰਾਨ ਦੇਸ਼ ਦੀ ਜਨਤਾ ਦੁਆਰਾ ਦਿਖਾਏ ਬੇਮਿਸਾਲ ਹੌਸਲੇ, ਅਨੁਸ਼ਾਸਨ ਤੇ ਇੱਕਸੁਰਤਾ ਦੇ ਪ੍ਰਗਟਾਵੇ ਨੂੰ ਦ੍ਰਿੜ੍ਹ ਕਰਦਿਆਂ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਦਿੱਲੀ ਦੇ ਆਨੰਦ ਵਿਹਾਰ ਚ ਪ੍ਰਵਾਸੀ ਕਾਮਿਆਂ ਦੇ ਇਕੱਠੇ ਹੋਣ ਤੇ ਨਿਜ਼ਾਮੂਦੀਨ ਚ ਤਬਲੀਗ਼ੀ ਜਮਾਤ ਦੇ ਇਕੱਠੇ ਹੋਣ ਦੀਆਂ ਦੋ ਘਟਨਾਵਾਂ ਤੇ ਚਿੰਤਾ ਪ੍ਰਗਟਾਈ ਹੈ ਕਿਉਂਕਿ ਇਸ ਨਾਲ ਚੁੱਕੇ ਜਾ ਰਹੇ ਕਦਮਾਂ ਨੂੰ ਢਾਹ ਵੱਜੀ ਹੈ।

ਰਾਸ਼ਟਰਪਤੀ ਨੇ ਅੱਜ ਉਪ ਰਾਸ਼ਟਰਪਤੀ ਸ੍ਰੀ ਐੱਮ. ਵੈਂਕਈਆ ਨਾਇਡੂ ਨਾਲ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ, ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨਾਲ ਇੱਕ ਵੀਡੀਓਕਾਨਫ਼ਰੰਸ ਕੀਤੀ ਅਤੇ ਕੋਵਿਡ19 ਮਹਾਮਾਰੀ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਦੁਆਰਾ ਚੁੱਕੇ ਜਾ ਰਹੇ ਕਦਮਾਂ ਚ ਯੋਗਦਾਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਰਾਸ਼ਟਰਪਤੀ ਨੇ ਇਹ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਕਿ ਦੇਸ਼ਪੱਧਰੀ ਲੌਕਡਾਊਨ ਦੌਰਾਨ ਕੋਈ ਵੀ ਭੁੱਖਾ ਨਾ ਰਹੇ।

ਅੱਜ ਦੀ ਕਾਨਫ਼ਰੰਸ ਵਾਂਗ ਬੀਤੀ 27 ਮਾਰਚ ਨੂੰ ਵੀ ਇਸ ਮੁੱਦੇ ਤੇ ਚੋਣਵੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ ਨਾਲ ਵੀਡੀਓ ਕਾਨਫ਼ਰੰਸ ਕੀਤੀ ਸੀ। 27 ਮਾਰਚ ਦੀ ਕਾਨਫ਼ਰੰਸ 15 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ ਨੂੰ ਆਪੋਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਾਲਾਤ ਤੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਸੀ। ਅੱਜ, ਬਾਕੀ ਦੇ 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ/ਪ੍ਰਸ਼ਾਸਕਾਂ ਨੇ ਕੋਵਿਡ19 ਨਾਲ ਸਬੰਧਿਤ ਯਤਨਾਂ ਬਾਰੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ। ਇਸ ਕਾਨਫ਼ਰੰਸ ਚ ਇਸ ਮਾਮਲੇ ਤੇ ਸਰਬਸੰਮਤੀ ਸੀ ਕਿ ਅਦਿੱਖ ਦੁਸ਼ਮਣ ਨਾਲ ਲੜਨ ਲਈ ਕਿਸੇ ਤਰ੍ਹਾਂ ਦੀ ਢਿੱਲਮੱਠ ਜਾਂ ਆਪੇ ਸੰਤੁਸ਼ਟ ਹੋ ਕੇ ਬੈਠਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਸ ਸੰਦਰਭ , ਰਾਸ਼ਟਰਪਤੀ ਨੇ ਦੇਸ਼ ਦੇ ਕੁਝ ਹਿੱਸਿਆਂ ਚ ਡਾਕਟਰਾਂ, ਸਿਹਤ ਕਾਮਿਆਂ ਤੇ ਪੁਲਿਸ ਦੇ ਜਵਾਨਾਂ ਤੇ ਹਮਲਿਆਂ ਦੀਆਂ ਘਟਨਾਵਾਂ ਤੇ ਚਿੰਤਾ ਪ੍ਰਗਟਾਈ। ਪ੍ਰਧਾਨ ਮੰਤਰੀ ਦੀ ਅੱਜ ਦੀ ਅਪੀਲ ਦਾ ਉਨ੍ਹਾਂ ਤਹਿ ਦਿਲੋਂ ਸਮਰਥਨ ਕੀਤਾ, ਜਿਸ ਵਿੱਚ ਉਨ੍ਹਾਂ ਕੋਰੋਨਾ ਵਾਇਰਸ ਵਿਰੁੱਧ ਜੰਗ ਚ ਜਨਤਕ ਇੱਕਸੁਰਤਾ ਪ੍ਰਗਟਾਉਣ ਲਈ ਐਤਵਾਰ ਨੂੰ ਰਾਤੀਂ 9 ਵਜੇ ਸਮੂਹ ਨਾਗਰਿਕਾਂ ਨੂੰ ਘਰਾਂ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਕੇ ਉਸ ਦੀ ਥਾਂ ਆਪਣੇ ਮੋਬਾਈਲ ਫ਼ੋਨ ਦੀਆਂ ਫ਼ਲੈਸ਼ਲਾਈਟਾਂ, ਟਾਰਚਾਂ ਜਾਂ ਲੈਂਪ ਬਾਲਣ ਦਾ ਸੱਦਾ ਦਿੱਤਾ ਹੈ। ਉਂਝ, ਉਨ੍ਹਾਂ ਲੋਕਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿੰਦਿਆਂ ਇੱਕਦੂਜੇ ਤੋਂ ਦੂਰੀ (ਸੋਸ਼ਲ ਡਿਸਟੈਂਸਿੰਗ) ਰੱਖਣ ਦੀ ਪਾਲਣਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਆਪਣੀਆਂ ਸ਼ੁਰੂਆਤੀ ਟਿੱਪਣੀਆਂ ਚ ਰਾਸ਼ਟਰਪਤੀ ਨੇ ਇਹ ਵੀ ਨੋਟ ਕੀਤਾ ਕਿ ਬੀਤੀ 27 ਮਾਰਚ ਨੂੰ ਪਿਛਲੀ ਵੀਡੀਓ ਕਾਨਫ਼ਰੰਸ ਚ ਉਨ੍ਹਾਂ ਉਸਾਰੂ ਵਿਚਾਰਚਰਚਾ ਕੀਤੀ ਸੀ ਅਤੇ ਕਈ ਲਾਹੇਵੰਦ ਸੁਝਾਅ ਦਿੱਤੇ ਗਏ ਸਨ। ਵੱਖੋਵੱਖਰੇ ਰਾਜਾਂ ਦੀਆਂ ਕੁਝ ਸ਼ਲਾਘਾਯੋਗ ਪਹਿਲਕਦਮੀਆਂ, ਜਿਹੜੀਆਂ ਪਿਛਲੀ ਕਾਨਫ਼ਰੰਸ ਵੇਲੇ ਨੋਟ ਕੀਤੀਆਂ ਗਈਆਂ ਸਨ, ’ਚ ਸੇਵਾਮੁਕਤ ਡਾਕਟਰਾਂ ਤੇ ਮੈਡੀਕਲ ਵਿਦਿਆਰਥੀਆਂ ਨੂੰ ਭਰਤੀ ਕਰਨਾ, ਮਨੋਵਿਗਿਆਨੀਆਂ ਦੀ ਮੁਹਾਰਤ ਨੂੰ ਵਰਤਣ, ਨੌਜਵਾਨਾਂ ਨੂੰ ਸਵੈਸੇਵਾ ਲਈ ਸੱਦਾ ਦੇਣਾ, ਰੋਜ਼ਾਨਾ ਸਮੀਖਿਆ ਮੀਟਿੰਗਾਂ ਰਾਹੀਂ ਹਾਲਾਤ ਤੇ ਨਜ਼ਰ ਰੱਖਣਾ, ਭੁੱਖੇ ਲੋੜਵੰਦਾਂ ਲਈ ਹੈਲਪਲਾਈਨਾਂ ਕਾਇਮ ਕਰਨਾ, ਹੋਮ ਡਿਲਿਵਰੀ ਨੂੰ ਉਤਸ਼ਾਹਿਤ ਕਰਨਾ, ਰਾਹਤ ਕਾਰਜਾਂ ਲਈ ਸਟੇਡੀਅਮਾਂ ਤੇ ਕੁਆਰੰਟੀਨ ਸਹੂਲਤਾਂ ਦੀ ਵਰਤੋਂ ਕਰਨਾ ਅਤੇ ਜਾਗਰੂਕਤਾ ਫੈਲਾਉਣ ਲਈ ਯੂਨੀਵਰਸਿਟੀਜ਼ ਦੀ ਸ਼ਮੂਲੀਅਤ ਕਰਨਾ ਸ਼ਾਮਲ ਸਨ।

ਇਸ ਸੰਕਟ ਦੌਰਾਨ ਬੇਘਰਿਆਂ, ਬੇਰੋਜ਼ਗਾਰਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੁਆਰਾ ਝੱਲੀਆਂ ਜਾ ਰਹੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਪ੍ਰਤੀ ਕੁਝ ਵਧੇਰੇ ਸੰਵੇਦਨਸ਼ੀਲ ਬਣਨਾ ਹੋਵੇਗਾ। ਉਨ੍ਹਾਂ ਕਾਨਫ਼ਰੰਸ ਚ ਹੋਰ ਭਾਗੀਦਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਅਜਿਹੇ ਢੰਗਤਰੀਕਿਆਂ ਉੱਤੇ ਵਿਚਾਰ ਕਰਨ ਦਾ ਸੱਦਾ ਦਿੱਤਾ ਕਿ ਜਿਨ੍ਹਾਂ ਦੇ ਚੱਲਦਿਆਂ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਇਸ ਨੂੰ ਇੱਕ ਵੱਡੀ ਚੁਣੌਤੀ ਮੰਨਦਿਆਂ, ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੇਂਦਰ ਤੇ ਰਾਜ ਪੱਧਰਾਂ ਤੇ ਕੀਤੇ ਜਾ ਰਹੇ ਯਤਨਾਂ ਵਿੱਚ ਰਾਜਪਾਲ ਆਪਣਾ ਯੋਗਦਾਨ ਪਾਉਣਗੇ ਤੇ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨਗੇ।

ਇਸ ਤੋਂ ਇਲਾਵਾ, ਲੋੜਵੰਦਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਯਕੀਨੀ ਬਣਾਉਂਦੇ ਸਮੇਂ, ਇਸ ਗੱਲ ਦਾ ਖ਼ਿਆਲ ਰੱਖਿਆ ਜਾਵੇ ਕਿ ਸੋਸ਼ਲ ਡਿਸਟੈਂਸਿੰਗ ਭਾਵ ਇੱਕਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਸੁਆਲ ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।

ਰਾਸ਼ਟਰਪਤੀ ਨੇ ਦੱਸਿਆ ਕਿ ਪਿਛਲੀ ਕਾਨਫ਼ਰੰਸ ਚ ਸਰਕਾਰ ਦੇ ਯਤਨਾਂ ਵਿੱਚ ਰੈੱਡ ਕ੍ਰਾੱਸ ਅਤੇ ਹੋਰ ਸਵੈਸੇਵਾ ਏਜੰਸੀਆਂ ਦੀ ਸਕਾਰਾਤਮਕ ਭੂਮਿਕਾ ਬਾਰੇ ਚਰਚਾ ਹੋਈ ਸੀ। ਉਨ੍ਹਾਂ ਮਨੁੱਖੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਲੰਟਰੀ ਏਜੰਸੀਆਂ ਤੇ ਨਿਜੀ ਖੇਤਰ ਦੀ ਵੱਧ ਤੋਂ ਵੱਧ ਸ਼ਮੂਲੀਅਤ ਤੇ ਅਜਿਹੀ ਹੱਲਾਸ਼ੇਰੀ ਦੇਣ ਬਾਰੇ ਸੁਝਾਅ ਮੰਗੇ।

ਆਪਣੀਆਂ ਸਮਾਪਤੀ ਟਿੱਪਣੀਆਂ ਚ ਉਨ੍ਹਾਂ ਕਿਹਾ ਕਿ ਵਿਸ਼ਵਪੱਧਰੀ ਮਹਾਮਾਰੀ ਨਾਲ ਜੂਝਦਿਆਂ ਹੁਣ ਤੱਕ ਸਾਡੇ ਯਤਨ ਸਹੀ ਦਿਸ਼ਾ ਚ ਹੀ ਰਹੇ ਹਨ, ਹਾਂ ਕੁਝ ਘਟਨਾਵਾਂ ਜ਼ਰੂਰ ਵਾਪਰੀਆਂ ਹਨ, ਪਰ ਅਸੀਂ ਫਿਰ ਵੀ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਹੇ ਹਾਂ।

ਰਾਸ਼ਟਰਪਤੀ ਨੇ ਸਮੂਹ ਨਾਗਰਿਕਾਂ ਦੁਆਰਾ ਦਿਖਾਈ ਸਹਿਣਸ਼ੀਲਤਾ ਤੇ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੇ ਸਾਰੇ ਡਾਕਟਰਾਂ ਤੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਜਿਹੜੇ ਆਪਣੀਆਂ ਜਾਨਾਂ ਨੂੰ ਖ਼ਤਰੇ ਚ ਪਾ ਕੇ ਵੀ ਸਮਾਜ, ਰਾਸ਼ਟਰ ਤੇ ਮਨੁੱਖਤਾ ਦੀ ਸੇਵਾ ਕਰਦੇ ਰਹੇ ਹਨ। ਉਨ੍ਹਾਂ ਪੂਰਾ ਭਰੋਸਾ ਪ੍ਰਗਟਾਉਂਦਿਆਂ ਕਿਹਾ ਕਿ ਦੇਸ਼ ਦੀ ਜਨਤਾ ਪੂਰੀ ਚੌਕਸੀ ਤੇ ਦ੍ਰਿੜ੍ਹ ਇਰਾਦੇ ਨਾਲ ਇਸ ਵਿਸ਼ਵਪੱਧਰੀ ਮਹਾਮਾਰੀ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖੇਗੀ।

ਉਪਰਾਸ਼ਟਰਪਤੀ, ਜਿਨ੍ਹਾਂ ਨੇ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਸੀ, ਨੇ ਗ਼ਰੀਬਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇੰਡੀਅਨ ਰੈੱਡ ਕ੍ਰਾੱਸ ਸੁਸਾਇਟੀ, ਸਮਾਜਿਕ ਸੰਗਠਨਾਂ ਤੇ ਨਿਜੀ ਖੇਤਰ ਦੇ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਤੇ ਜ਼ੋਰ ਦਿੱਤਾ। ਉਨ੍ਹਾਂ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨੂੰ ਬੇਨਤੀ ਕੀਤੀ ਕਿ ਜੀਵਨ ਦੇ ਵਿਭਿੰਨ ਖੇਤਰਾਂ ਦੇ ਆਗੂਆਂ ਨੂੰ ਅੱਗੇ ਆ ਕੇ ਸਮਾਜ ਦੇ ਖ਼ਤਰੇ ਚ ਪਏ ਵਰਗਾਂ, ਖਾਸ ਤੌਰ ਤੇ ਕਿਸਾਨਾਂ ਦੀ ਮਦਦ ਲਈ ਪ੍ਰੇਰਨ ਕਿਉਂਕਿ ਲੌਕਡਾਊਨ ਦੇ ਸਮੇਂ ਦੌਰਾਨ ਹੀ ਬਹੁਤ ਸਾਰੇ ਰਾਜਾਂ ਚ ਫ਼ਸਲਾਂ ਦੀ ਵਾਢੀ ਦਾ ਮੌਸਮ ਵੀ ਆ ਗਿਆ ਹੈ। ਉਨ੍ਹਾਂ ਇਹ ਨੁਕਤਾ ਉਠਾਉਂਦਿਆਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੁਆਰਾ ਲੋਕਾਂ ਦੀਆਂ ਔਕੜਾਂ ਘਟਾਉਣ ਲਈ ਵਾਜਬ ਕਦਮ ਚੁੱਕੇ ਜਾ ਰਹੇ ਹਨ, ਪਰ ਅਜਿਹੀ ਪ੍ਰੇਰਨਾ ਨਾਲ ਸਮਾਜ ਦੇ ਵਧੀਆ ਲੋਕ ਅੱਗੇ ਆਉਣਗੇ ਤੇ ਸਦੀਵੀ ਮਨੁੱਖੀ ਕਦਰਾਂਕੀਮਤਾਂ ਦੀ ਪਾਲਣਾ ਹੋਵੇਗੀ ਅਤੇ ਇਸ ਸੰਕਟ ਦੌਰਾਨ ਗ਼ਰੀਬਾਂ ਤੇ ਵਧੇਰੇ ਖ਼ਤਰੇ ਚ ਰਹਿ ਰਹੇ ਵਰਗਾਂ ਦੀ ਮਦਦ ਹੋਵੇਗੀ।

ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਨੇ ਇਹ ਆਖਦਿਆਂ ਸ਼ੁਰੂਆਤ ਕੀਤੀ ਕਿ ਯੂਨੀਵਰਸਿਟੀਜ਼ ਤੇ ਮੈਡੀਕਲ ਕਾਲਜ ਹੁਣ ਪੂਰੇ ਤਾਲਮੇਲ ਨਾਲ ਮਰੀਜ਼ਾਂ ਦੀ ਜੰਗੀ ਪੱਧਰ ਉੱਤੇ ਦੇਖਭਾਲ਼ ਦੀਆਂ ਵਿਧੀਆਂ ਉਲੀਕ ਰਹੇ ਹਨ। ਉਨ੍ਹਾਂ ਦੰਸਿਆ ਕਿ ਵਿਦਿਆਰਥੀਆਂ ਦੇ ਆਪਣੇ ਅਕਾਦਮਿਕ ਸੈਸ਼ਨ ਨੂੰ ਜਾਰੀ ਰੱਖਣ ਲਈ ਆੱਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਭਲੀਭਾਂਤ ਜਾਣਕਾਰੀ ਹੈ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਪਹਿਲਕਦਮੀਆਂ ਕਰ ਰਹੀ ਹੈ। ਇਸ ਚਰਚਾ ਚ ਭਾਗ ਲੈਂਦਿਆਂ ਰਾਸ਼ਟਰਪਤੀ ਨੇ ਸਾਰੇ ਰਾਜਪਾਲਾਂ ਨੂੰ ਬੇਨਤੀ ਕੀਤੀ ਕਿ ਉਹ ਰੈੱਡ ਕ੍ਰਾੱਸ ਸੁਸਾਇਟੀ ਦੀਆਂ ਇਕਾਈਆਂ ਨੂੰ ਪੁਨਰ ਸੁਰਜੀਤ ਕਰ ਕੇ ਉਨ੍ਹਾਂ ਦੀ ਮਦਦ ਲੈਣ।

ਇਸ ਚਰਚਾ ਚ ਕਈ ਵਾਰ ਭਾਗ ਲੈਂਦਿਆਂ, ਉਪ ਰਾਸ਼ਟਰਪਤੀ ਨੇ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ ਤੇ ਪ੍ਰਸ਼ਾਸਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਵਾਢੀ ਦੇ ਮੌਸਮ ਦੌਰਾਨ ਕਿਸਾਨਾਂ ਦੀ ਮਦਦ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਜਾਗਰੂਕਤਾ ਫੈਲਾਉਣ। ਉਨ੍ਹਾਂ ਖਾਸ ਤੌਰ ਤੇ ਆਂਧਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬਿਸਵਾ ਭੂਸ਼ਨ ਹਰੀਚੰਦਨ ਨੂੰ ਕਿਹਾ ਕਿ ਉਹ ਇਸ ਔਖੀ ਘੜੀ ਚ ਕਿਸਾਨਾਂ ਤੇ ਬੇਜ਼ਮੀਨੇ ਮਜ਼ਦੂਰਾਂ ਲਈ ਰਾਹਤ ਯਕੀਨੀ ਬਣਾਉਣ।

ਜੰਮੂ ਤੇ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਗਿਰੀਸ਼ ਚੰਦਰ ਮੁਰਮੂ ਨੇ ਨੁਕਤਾ ਉਠਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਪੂਰੀ ਚੌਕਸੀ ਰੱਖੀ ਹੋਈ ਹੈ ਅਤੇ ਇਸ ਬੀਮਾਰੀ ਦੇ ਫੈਲਣ ਤੋਂ ਰੋਕਣ ਲਈ ਪਹਿਲਾਂ ਹੀ ਕੁਝ ਨਾਜ਼ੁਕ ਸਥਾਨਾਂ ਦੀ ਸ਼ਨਾਖ਼ਤ ਕੀਤੀ ਹੈ। ਉਨ੍ਹਾਂ ਕਿਹਾ,‘ਸਾਨੂੰ ਤਬਲੀਗ਼ੀ ਜਮਾਤ ਦੀ ਆਵਾਜਾਈ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਂਝ ਉਨ੍ਹਾਂ ਇਹ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪ੍ਰਵਾਸੀ ਕਾਮਿਆਂ, ਵਿਦਿਆਰਥੀਆਂ ਦੀ ਦੇਖਭਾਲ਼ ਕਰ ਰਿਹਾ ਹੈ ਅਤੇ ਉਚਿਤ ਕੁਆਰੰਟੀਨ ਕੇਂਦਰ ਵੀ ਸਥਾਪਤ ਕਰ ਰਿਹਾ ਹੈ। ਇੱਕ ਸੁਆਲ ਦਾ ਜੁਆਬ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ,‘ਅਸੀਂ ਦੂਰਦੁਰਾਡੇ ਦੇ ਇਲਾਕਿਆਂ ਚ ਭੋਜਨ ਦੀ ਸਪਲਾਈ ਵੀ ਯਕੀਨੀ ਬਣਾ ਰਹੇ ਹਾਂ।

ਲੱਦਾਖ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਰਾਧਾ ਕ੍ਰਿਸ਼ਨ ਮਾਥੁਰ ਨੇ ਇਰਾਨ ਤੋਂ ਸ਼ਰਧਾਲੂਆਂ ਦੀ ਵਾਪਸੀ ਕਾਰਨ ਕੇਸਾਂ ਦੇ ਵਧਣ ਉੱਤੇ ਚਿੰਤਾ ਪ੍ਰਗਟਾਈ; ਇਹ ਲੋਕ ਉਸ ਦੇਸ਼ ਚ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋ ਗਏ ਸਨ। ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ਤੱਕ ਪੁੱਜਣ ਦੇ ਰਸਤੇ ਠੀਕ ਨਾ ਹੋਣ ਤੇ ਬਿਖੜੇ ਭੂਗੋਲਕ ਪੈਂਡਿਆਂ ਕਾਰਨ ਰਾਹਤ ਕਾਰਜਾਂ ਵਿੱਚ ਕੁਝ ਔਖ ਪੇਸ਼ ਆ ਰਹੀ ਹੈ। ਉਨ੍ਹਾਂ ਲੋੜਵੰਦ ਲੋਕਾਂ ਨੂੰ ਮਦਦ ਮੁਹੱਈਆ ਕਰਵਾ ਰਹੀਆਂ ਸਵੈਸੇਵੀ, ਧਾਰਮਿਕ ਤੇ ਸਮਾਜਿਕ ਸੰਗਠਨਾਂ ਦੇ ਕੰਮ ਦੀ ਸ਼ਲਾਘਾ ਕੀਤੀ।

ਅੰਡੇਮਾਨ ਤੇ ਨਿਕੋਬਾਰ ਦੇ ਲੈਫ਼ਟੀਨੈਂਟ ਗਵਰਨਰ ਐਡਮਿਰਲ ਡੀ.ਕੇ. ਜੋਸ਼ੀ (ਸੇਵਾਮੁਕਤ) ਨੇ ਕਿਹਾ ਕਿ ਕੋਵਿਡ19 ਦੇ 10 ਪਾਜ਼ਿਟਿਵ ਮਾਮਲੇ ਤਬਲੀਗ਼ੀ ਜਮਾਤ ਨਾਲ ਸਬੰਧਿਤ ਸਨ। ਤਬਲੀਗ਼ੀ ਜਮਾਤ ਵਿੱਚ ਸ਼ਾਮਲ ਹੋਏ ਸਾਰੇ ਵਿਅਕਤੀਆਂ ਦੀ ਸ਼ਨਾਖ਼ਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਛੱਤੀਸਗੜ੍ਹ ਦੇ ਰਾਜਪਾਲ ਸੁਸ਼੍ਰੀ ਅਨੁਸੂਈਆ ਊਈਕੇ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਰੋਗ ਦਾ ਫੈਲਣਾ ਰੋਕਣ ਲਈ ਬਹੁਤ ਛੇਤੀ ਵਿਆਪਕ ਨੀਤੀ ਉਲੀਕ ਲਈ ਸੀ। ਕਿਸਾਨਾਂ ਦੇ ਦੁਖੜਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਛੇਤੀ ਖ਼ਰਾਬ ਹੁਣ ਵਾਲੇ ਖੇਤੀ ਉਤਪਾਦਾਂ ਨੂੰ ਸਥਾਨਕ ਬਜ਼ਾਰਾਂ ਚ ਵੇਚਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਉਤਰਾਖੰਡ ਦੇ ਰਾਜਪਾਲ ਸ੍ਰੀਮਤੀ ਬੇਬੀ ਰਾਨੀ ਮੌਰੀਆ ਨੇ ਕਿਹਾ ਕਿ ਇਸ ਸੰਕਟ ਕਾਰਨ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਰਾਜ ਨੇ ਆਪਣੀ ਸਮਰੱਥਾ ਵਿੱਚ ਉਚਿਤ ਤਰੀਕੇ ਵਾਧਾ ਕਰ ਲਿਆ ਸੀ।

ਹੋਰ ਜਿਹੜੇ ਰਾਜਪਾਲਾਂ ਨੇ ਆਪੋਆਪਣੇ ਰਾਜਾਂ ਵਿੱਚ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ, ਉਨ੍ਹਾਂ ਵਿੱਚ ਗੋਆ ਦੇ ਗਵਰਨਰ ਸ਼੍ਰੀ ਸੱਤਿਆ ਪਾਲ ਮਲਿਕ, ਓੜੀਸ਼ਾ ਦੇ ਰਾਜਪਾਲ ਪ੍ਰੋ. ਗਣੇਸ਼ਜੀ ਲਾਲ, ਪੁੱਦੂਚੇਰੀ ਦੇ ਲੈਫ਼ਟੀਨੈਂਟ ਗਵਰਨਰ ਡਾ. ਕਿਰਨ ਬੇਦੀ, ਝਾਰਖੰਡ ਦੇ ਰਾਜਪਾਲ ਸ਼੍ਰੀ ਮਤੀ ਦ੍ਰੋਪਦੀ ਮੁਰਮੂ, ਅਸਾਮ ਦੇ ਰਾਜਪਾਲ ਪ੍ਰੋ. ਜਗਦੀਸ਼ ਮੁਖੀ, ਮਿਜ਼ੋਰਮ ਦੇ ਰਾਜਪਾਲ ਸ਼੍ਰੀ ਪੀ.ਐੱਸ. ਸ੍ਰੀਧਰਨ ਪਿੱਲੈ, ਮਨੀਪੁਰ ਦੇ ਰਾਜਪਾਲ ਡਾ. ਨਜਮਾ ਹੈਪਤੁੱਲ੍ਹਾ, ਮੇਘਾਲਿਆ ਦੇ ਰਾਜਪਾਲ ਸ਼੍ਰੀ ਤਥਾਗਤ ਰਾਏ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾਮੁਕਤ), ਸਿੱਕਿਮ ਦੇ ਰਾਜਪਾਲ ਸ਼੍ਰੀ ਗੰਗਾ ਪ੍ਰਸਾਦ, ਤ੍ਰਿਪੁਰਾ ਦੇ ਰਾਜਪਾਲ ਸ਼੍ਰੀ ਰਮੇਸ਼ ਬਾਇਸ, ਨਾਗਾਲੈਂਡ ਦੇ ਰਾਜਪਾਲ ਸ਼੍ਰੀ ਆਰ.ਐੱਨ. ਰਵੀ, ਲਕਸ਼ਦੀਪ ਦੇ ਪ੍ਰਸ਼ਾਸਕ ਸ਼੍ਰੀ ਦਿਨੇਸ਼ਵਰ ਸ਼ਰਮਾ ਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਦੇ ਪ੍ਰਸ਼ਾਸਕ ਸ਼੍ਰੀ ਪ੍ਰਾਫ਼ੁਲ ਪਟੇਲ ਸ਼ਾਮਲ ਸਨ। ਇਸ ਦੇ ਨਾਲ ਹੀ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ, ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਕੇਰਲ ਦੇ ਰਾਜਪਾਲ ਸ਼੍ਰੀ ਆਰਿਫ਼ ਮੁਹੰਮਦ ਖਾਨ ਤੇ ਦਿੱਲੀ ਦੇ ਲੈਫ਼ਟੀਨੈਂਟ ਗਵਰਨਰ ਸ਼੍ਰੀ ਅਨਿਲ ਬੈਜਲ, ਜਿਨ੍ਹਾਂ ਨੇ ਬੀਤੀ 27 ਮਾਰਚ ਦੀ ਕਾਨਫ਼ਰੰਸ ਵੇਲੇ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ ਸੀ, ਨੇ ਵੀ ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਾਜ਼ਾ ਜਾਣਕਾਰੀ ਅੱਜ ਮੁਹੱਈਆ ਕਰਵਾਈ।

ਕਾਨਫ਼ਰੰਸ ਦੀ ਸਮਾਪਤੀ ਕਰਦਿਆਂ ਰਾਸ਼ਟਰਪਤੀ ਨੇ ਸੂਝਬੂਝ ਭਰਪੂਰ ਵਿਚਾਰ ਰੱਖਣ ਅਤੇ ਆਮ ਜਨਤਾ ਦੀ ਭਲਾਈ ਲਈ ਕੰਨ ਖੁੱਲ੍ਹੇ ਰੱਖਣ ਵਾਲੇ ਰਾਜਪਾਲਾਂ/ਲੈਫ਼ਟੀਨੈਂਟ ਗਵਰਨਰਾਂ ਅਤੇ ਪ੍ਰਸ਼ਾਸਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੰਤਾਂ ਦੇ ਖ਼ਤਰੇ ਵੇਲੇ ਲੋਕਾਂ ਦੀ ਸੇਵਾ ਕਰ ਰਹੇ ਅਤੇ ਬੇਮਿਸਾਲ ਹੌਸਲਾ ਤੇ ਦ੍ਰਿੜ੍ਹ ਨਿਸ਼ਚਾ ਵਿਖਾਉਣ ਵਾਲੇ ਡਾਕਟਰਾਂ ਤੇ ਸਿਹਤ ਕਾਮਿਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਜਦੋਂ ਵੀ ਕਦੇ ਲੋੜ ਹੋਵੇਗੀ, ਉਹ ਖੁਦ ਅਤੇ ਉਪ ਰਾਸ਼ਟਰਪਤੀ ਸਲਾਹਮਸ਼ਵਰੇ ਲਈ ਸਦਾ ਉਪਲੱਬਧ ਰਹਿਣਗੇ।

****

ਵੀਆਰਆਰਕੇ/ਕੇਪੀ


(Release ID: 1610899) Visitor Counter : 158