ਮਾਂਡਵੀ ਨਦੀ ‘ਤੇ ਸੂਰਜ ਡੁੱਬਣ ਅਤੇ ਪਣਜੀ ਦੀਆਂ ਸੜਕਾਂ ਰੌਸ਼ਨੀ ਨਾਲ ਜਗਮਗਾਉਣ ਦੇ ਨਾਲ ਹੀ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੀ ਲੈਅ ਬਦਲ ਜਾਂਦੀ ਹੈ। ਜਿੱਥੇ ਦਿਨ ਫ਼ਿਲਮ ਪ੍ਰਦਰਸ਼ਨਾਂ, ਮਾਸਟਰਕਲਾਸਾਂ, ਰੈੱਡ ਕਾਰਪੇਟ ‘ਤੇ ਮੌਜੂਦਗੀ ਅਤੇ ਸਿਨੇਮਾ ਬਾਰੇ ਚਰਚਾਵਾਂ ਨਾਲ ਭਰਿਆ ਰਹਿੰਦਾ ਹੈ, ਉੱਥੇ ਹੀ ਸ਼ਾਮਾਂ ਆਪਣਾ ਵੱਖਰਾ ਆਕਰਸ਼ਣ ਲੈ ਕੇ ਆਉਂਦੀਆਂ ਹਨ। ਇੱਫੀ ਵਿੱਚ ਡੁੱਬਦਾ ਸੂਰਜ ਮਹੋਤਸਵ ਦੇ ਦਿਨ ਦੇ ਅੰਤ ਦਾ ਸੰਕੇਤ ਨਹੀਂ ਦਿੰਦਾ, ਸਗੋਂ ਇੱਕ ਹੋਰ ਉਤਸਵ ਦੀ ਸ਼ੁਰੂਆਤ ਦਾ ਪ੍ਰਤੀਕ ਬਣਦਾ ਹੈ।
_20261125185013_26f659.jpeg)
ਸਿਨੇਮਾ ਹਾਲ ਦੀਆਂ ਰਵਾਇਤੀ ਸਰਹੱਦਾਂ ਤੋਂ ਅੱਗੇ ਵਧਦੇ ਹੋਏ, ਇੱਫੀ 2026 ਮੀਰਾਮਾਰ ਬੀਚ, ਮਡਗਾਓਂ ਸਥਿਤ ਰਵਿੰਦਰ ਭਵਨ ਅਤੇ ਵਾਗਾਤੋਰ ਬੀਚ ਦੇ ਹੈਲੀਪੈਡ ਖੇਤਰ ਵਿੱਚ ਖੁੱਲ੍ਹੇ ਅਸਮਾਨ ਹੇਠ ਫ਼ਿਲਮ ਪ੍ਰਦਰਸ਼ਨ ਰਾਹੀਂ ਸਿਨੇਮਾਈ ਅਨੁਭਵ ਨੂੰ ਆਮ ਜਨਤਾ ਦੇ ਹੋਰ ਨੇੜੇ ਲਿਆ ਰਿਹਾ ਹੈ। ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਨਿਰਧਾਰਿਤ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਚੋਣਵੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਗੋਆ ਦੇ ਖੁੱਲ੍ਹੇ ਅਸਮਾਨ ਹੇਠ ਸਥਾਨਕ ਨਿਵਾਸੀ, ਵਿਜ਼ਿਟਰ ਅਤੇ ਸਿਨੇਮਾ ਪ੍ਰੇਮੀ ਇਕੱਠੇ ਫ਼ਿਲਮਾਂ ਦੇਖਣ ਦੇ ਆਨੰਦ ਦਾ ਅਨੁਭਵ ਕਰ ਸਕਦੇ ਹਨ। ਇਹ ਸਿਨੇਮਾ ਨੂੰ ਵਧੇਰੇ ਪਹੁੰਚਯੋਗ ਅਤੇ ਸਮਾਵੇਸ਼ੀ ਬਣਾਉਣ ਪ੍ਰਤੀ ਮਹੋਤਸਵ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਤਸਵ ਦਾ ਮਾਹੌਲ ਮਾਂਡਵੀ ਪ੍ਰੋਮੇਨੇਡ ਤੱਕ ਵੀ ਫੈਲਿਆ ਹੋਇਆ ਹੈ, ਜਿੱਥੇ ਰੋਮਟਾਮੇਲ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਗੋਆ ਦੀਆਂ ਸਮ੍ਰਿੱਧ ਕਲਾਤਮਕ ਪਰੰਪਰਾਵਾਂ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਉਂਦੀਆਂ ਹਨ। 23 ਤੋਂ 27 ਨਵੰਬਰ ਤੱਕ ਚਾਰ ਸ਼ਾਮਾਂ ਵਿੱਚ ਆਯੋਜਿਤ ਇਨ੍ਹਾਂ ਪੇਸ਼ਕਾਰੀਆਂ ਵਿੱਚ ਸੱਤ ਸੱਭਿਆਚਾਰਕ ਸਮੂਹ ਹਿੱਸਾ ਲੈ ਰਹੇ ਹਨ, ਜੋ ਇਸ ਅੰਤਰਰਾਸ਼ਟਰੀ ਆਯੋਜਨ ਵਿੱਚ ਇੱਕ ਵਿਸ਼ੇਸ਼ ਸਥਾਨਕ ਰੰਗ ਜੋੜਦੇ ਹਨ। ਸਥਾਨਕ ਸੱਭਿਆਚਾਰਕ ਪ੍ਰਗਟਾਵਿਆਂ ਅਤੇ ਵਿਸ਼ਵਵਿਆਪੀ ਸਿਨੇਮਾਈ ਪਰੰਪਰਾਵਾਂ ਦਾ ਇਹ ਸੰਗਮ ਗੋਆ ਦੀ ਉਸ ਵਿਲੱਖਣ ਪਛਾਣ ਨੂੰ ਦਰਸਾਉਂਦਾ ਹੈ, ਜਿਸ ਨੂੰ ਉਹ ਇੱਫੀ ਵਿੱਚ ਲੈ ਕੇ ਆਇਆ ਹੈ।
_20261125185053_f54ca6.jpeg)
ਉਤਸਵ ਦੇ ਮਾਹੌਲ ਨੂੰ ਹੋਰ ਜੀਵੰਤ ਬਣਾਉਂਦੇ ਹੋਏ, 25 ਨਵੰਬਰ ਨੂੰ ‘ਸੈਲੀਬ੍ਰੇਟਿੰਗ ਦਿ ਜੌਏ ਆਫ਼ ਸਿਨੇਮਾ’ ਵਿਸ਼ੇ ‘ਤੇ ਇੱਫੀ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਰੇਡ ਪਣਜੀ ਸਥਿਤ ਐਂਟਰਟੇਨਮੈਂਟ ਸੁਸਾਇਟੀ ਆਫ਼ ਗੋਆ (ਈਐੱਸਜੀ) ਕੈਂਪਸ ਤੋਂ ਕਲਾ ਅਕਾਦਮੀ ਤੱਕ ਕੱਢੀ ਜਾਵੇਗੀ, ਜਿਸ ਵਿੱਚ ਰੰਗ-ਬਿਰੰਗੀਆਂ ਝਾਕੀਆਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਭਾਈਚਾਰਕ ਭਾਗੀਦਾਰੀ ਦੇਖਣ ਨੂੰ ਮਿਲੇਗੀ। ਇਹ ਪਰੇਡ ਮਹੋਤਸਵ ਨੂੰ ਇਸ ਦੇ ਨਿਰਧਾਰਿਤ ਸਥਾਨਾਂ ਤੋਂ ਬਾਹਰ ਤੱਕ ਲੈ ਜਾਂਦੀ ਹੈ ਅਤੇ ਸਥਾਨਕ ਨਿਵਾਸੀਆਂ ਅਤੇ ਵਿਜ਼ਿਟਰਾਂ ਨੂੰ ਇਸ ਸਿਨੇਮਾਈ ਉਤਸਵ ਦਾ ਹਿੱਸਾ ਬਣਨ ਦਾ ਮੌਕਾ ਪ੍ਰਦਾਨ ਕਰਦੀ ਹੈ।
ਹਾਲਾਂਕਿ, ਫ਼ਿਲਮ ਨਿਰਮਾਤਾਵਾਂ, ਡੈਲੀਗੇਟਾਂ ਅਤੇ ਉਭਰਦੇ ਕਲਾਕਾਰਾਂ ਲਈ ਮਹੋਤਸਵ ਦੀਆਂ ਸ਼ਾਮਾਂ ਮਨੋਰੰਜਨ ਤੋਂ ਕਿਤੇ ਵੱਧ ਮੌਕੇ ਲੈ ਕੇ ਆਉਂਦੀਆਂ ਹਨ। ਨਿਰਧਾਰਿਤ ਫ਼ਿਲਮ ਪ੍ਰਦਰਸ਼ਨਾਂ ਅਤੇ ਰਸਮੀ ਮੁਲਾਕਾਤਾਂ ਤੋਂ ਇਲਾਵਾ, ਇਹ ਸ਼ਾਮਾਂ ਗੈਰ-ਰਸਮੀ ਗੱਲਬਾਤ, ਰਚਨਾਤਮਕ ਅਦਾਨ-ਪ੍ਰਦਾਨ ਅਤੇ ਸਾਰਥਕ ਸਬੰਧ ਬਣਾਉਣ ਦੇ ਮੌਕੇ ਪ੍ਰਦਾਨ ਕਰਦੀਆਂ ਹਨ। ਕਿਸੇ ਫ਼ਿਲਮ 'ਤੇ ਚਰਚਾ ਨਾਲ ਸੱਭਿਆਚਾਰਕ ਦ੍ਰਿਸ਼ਟੀਕੋਣਾਂ ਦਾ ਅਦਾਨ-ਪ੍ਰਦਾਨ ਹੋ ਸਕਦਾ ਹੈ, ਉੱਥੇ ਹੀ ਫ਼ਿਲਮ ਨਿਰਮਾਤਾਵਾਂ ਦਰਮਿਆਨ ਅਚਾਨਕ ਹੋਈ ਮੁਲਾਕਾਤ ਭਵਿੱਖ ਵਿੱਚ ਸਹਿਯੋਗ ਦੀ ਨੀਂਹ ਰੱਖ ਸਕਦੀ ਹੈ।

ਜਗਮਗਾਉਂਦੇ ਮਹੋਤਸਵ ਸਥਾਨਾਂ ਦੇ ਪਿੱਛੇ ਵਲੰਟੀਅਰਾਂ, ਤਕਨੀਕੀ ਟੀਮਾਂ, ਮੀਡੀਆ ਪੇਸ਼ੇਵਰਾਂ ਅਤੇ ਪ੍ਰਬੰਧਕਾਂ ਦੇ ਨਿਰੰਤਰ ਯਤਨ ਵੀ ਸ਼ਾਮਲ ਹਨ, ਜੋ ਮਹੋਤਸਵ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣ ਲਈ ਫ਼ਿਲਮ ਪ੍ਰਦਰਸ਼ਨ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਕੰਮ ਕਰਦੇ ਹਨ। ਉਨ੍ਹਾਂ ਦਾ ਯੋਗਦਾਨ ਇੱਫੀ ਦੇ ਅਨੁਭਵ ਦਾ ਇੱਕ ਅਨਿੱਖੜਵਾਂ, ਪਰ ਅਕਸਰ ਅਣਦੇਖਿਆ ਰਹਿ ਜਾਣ ਵਾਲਾ ਹਿੱਸਾ ਹੈ।
ਸੂਰਜ ਡੁੱਬਣ ਤੋਂ ਬਾਅਦ ਪਣਜੀ ਦੀ ਤਬਦੀਲੀ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਨਜ਼ਾਰਾ ਹੁੰਦੀ ਹੈ। ਸ਼ਹਿਰ ਦੇ ਰੁੱਖਾਂ ਨਾਲ ਢਕੇ ਰਸਤਿਆਂ ਨੂੰ ਸੁਨਹਿਰੀ ਫੇਅਰੀ ਲਾਈਟਾਂ ਦੀਆਂ ਛਤਰੀਆਂ ਸਜਾਉਂਦੀਆਂ ਹਨ, ਉੱਥੇ ਹੀ ਰੌਸ਼ਨੀ ਨਾਲ ਜਗਮਗਾਉਂਦੀਆਂ ਇਮਾਰਤਾਂ, ਰੰਗ-ਬਿਰੰਗੀ ਕਲਾਤਮਕ ਸਜਾਵਟ ਅਤੇ ਇੱਫੀ ਦੇ ਪ੍ਰਤਿਸ਼ਠਿਤ ਪ੍ਰਤੀਕ ਮੋਰ ਸੜਕਾਂ ਨੂੰ ਉਤਸਵ ਵਰਗਾ ਰੂਪ ਪ੍ਰਦਾਨ ਕਰਦੇ ਹਨ। ਸ਼ਹਿਰ ਦਾ ਆਰਕੀਟੈਕਚਰ ਅਤੇ ਜਨਤਕ ਸਥਾਨ ਮਹੋਤਸਵ ਦੇ ਵਿਸਥਾਰ ਦਾ ਰੂਪ ਲੈ ਲੈਂਦੇ ਹਨ। ਇਹ ਦਰਸਾਉਂਦਾ ਹੈ ਕਿ ਇੱਫੀ ਨਾਲ ਗੋਆ ਦੀ ਸਾਂਝ ਕਿਸ ਤਰ੍ਹਾਂ ਇੱਕ ਵਿਲੱਖਣ ਉਤਸਵ ਵਜੋਂ ਵਿਕਸਿਤ ਹੋਈ ਹੈ, ਜਿੱਥੇ ਮੇਜ਼ਬਾਨ ਰਾਜ ਦੀ ਆਪਣੀ ਪਛਾਣ ਸਿਨੇਮਾ ਦੇ ਵਿਸ਼ਵਵਿਆਪੀ ਆਕਰਸ਼ਣ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ।

ਇੱਫੀ 2026 ਦੀ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦੇ ਅਨੁਸਾਰ, ਮਹੋਤਸਵ ਦੀਆਂ ਸ਼ਾਮਾਂ ਸਿਨੇਮਾ ਦੀ ਉਸ ਸਮਰੱਥਾ ਨੂੰ ਦਰਸਾਉਂਦੀਆਂ ਹਨ, ਜੋ ਨਾ ਸਿਰਫ਼ ਭੂਗੋਲਿਕ ਅਤੇ ਭਾਸ਼ਾਈ ਸਰਹੱਦਾਂ, ਸਗੋਂ ਆਡੀਟੋਰੀਅਮ ਦੀਆਂ ਭੌਤਿਕ ਸੀਮਾਵਾਂ ਨੂੰ ਵੀ ਪਾਰ ਕਰ ਜਾਂਦੀ ਹੈ। ਇਹ ਦਰਸ਼ਕਾਂ ਨੂੰ ਯਾਦ ਦਿਵਾਉਂਦੀਆਂ ਹਨ ਕਿ ਫ਼ਿਲਮ ਮਹੋਤਸਵ ਦਾ ਜਾਦੂ ਪਰਦੇ ‘ਤੇ ਦਿਖਾਈਆਂ ਜਾਣ ਵਾਲੀਆਂ ਕਹਾਣੀਆਂ ਵਿੱਚ ਜਿੰਨਾ ਹੈ, ਓਨਾ ਹੀ ਉਨ੍ਹਾਂ ਚਰਚਾਵਾਂ ਵਿੱਚ ਵੀ ਹੈ, ਜਿਨ੍ਹਾਂ ਨੂੰ ਇਹ ਪ੍ਰੇਰਿਤ ਕਰਦੀਆਂ ਹਨ ਅਤੇ ਉਨ੍ਹਾਂ ਸਬੰਧਾਂ ਵਿੱਚ ਵੀ, ਜਿਨ੍ਹਾਂ ਨੂੰ ਇਹ ਬਣਾਉਂਦੀਆਂ ਹਨ।
ਇੱਫੀ ਵਿੱਚ ਫ਼ਿਲਮਾਂ ਦੇ ਕ੍ਰੈਡਿਟਸ ਭਾਵੇਂ ਚੱਲਣ ਲੱਗ ਪੈਣ, ਪਰਦੇ ਭਾਵੇਂ ਡਿੱਗ ਜਾਣ ਅਤੇ ਸਿਨੇਮਾਘਰਾਂ ਦੇ ਅੰਦਰ ਦੀਆਂ ਰੌਸ਼ਨੀਆਂ ਭਾਵੇਂ ਮੱਧਮ ਪੈ ਜਾਣ, ਪਰ ਸਿਨੇਮਾ ਦਾ ਉਤਸਵ ਜਾਰੀ ਰਹਿੰਦਾ ਹੈ। ਗੋਆ ਵਿੱਚ ਮਹੋਤਸਵ ਦੀ ਘੜੀ ਰੁਕਣ ਦਾ ਨਾਮ ਹੀ ਨਹੀਂ ਲੈਂਦੀ।
_20261125185305_d5a2e2.jpeg)
_20261125185323_29a2f2.jpeg)
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ਲਕਸ਼ਮੀਪ੍ਰਿਆ/ਪਰਵੀਨ/ਅਨੁਸ਼ਕਾ/ਦਰਸ਼ਨਾ/ ਸ਼ੀਨਮ| IFFI 57 – 096