ਕੁਝ ਆਵਾਜ਼ਾਂ ਸਿਰਫ਼ ਇੱਕ ਕਮਰੇ ਨੂੰ ਸੰਗੀਤ ਨਾਲ ਹੀ ਨਹੀਂ ਭਰਦੀਆਂ, ਸਗੋਂ ਉਹ ਸਾਡੇ ਬਚਪਨ ਦਾ ਹਿੱਸਾ ਬਣ ਜਾਂਦੀਆਂ ਹਨ, ਜ਼ਿੰਦਗੀ ਦੇ ਅਹਿਮ ਪੜਾਵਾਂ ‘ਤੇ ਸਾਡੇ ਨਾਲ ਰਹਿੰਦੀਆਂ ਹਨ ਅਤੇ ਗੀਤ ਖ਼ਤਮ ਹੋਣ ਤੋਂ ਬਹੁਤ ਬਾਅਦ ਵੀ ਸਾਡੇ ਦਿਲਾਂ ਵਿੱਚ ਗੂੰਜਦੀਆਂ ਰਹਿੰਦੀਆਂ ਹਨ। ਮਸ਼ਹੂਰ ਗਾਇਕਾ ਕੇ.ਐੱਸ. ਚਿਤਰਾ ਲਈ ਆਸ਼ਾ ਭੋਂਸਲੇ, ਐੱਸ. ਜਾਨਕੀ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਕੁਝ ਅਜਿਹੀਆਂ ਹੀ ਰਹੀਆਂ ਹਨ। 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਆਈਐੱਫਐੱਫਆਈ) ਵਿੱਚ ‘ਲਤਾ ਮੰਗੇਸ਼ਕਰ ਟਾਕ: ਆਸ਼ਾ ਭੋਂਸਲੇ ਅਤੇ ਐੱਸ. ਜਾਨਕੀ ਦੀਆਂ ਯਾਦਾਂ ਵਿੱਚ ਹਮੇਸ਼ਾ ਗੂੰਜਣ ਵਾਲੀ ਆਵਾਜ਼’ ਸਿਰਲੇਖ ਹੇਠ ਆਯੋਜਿਤ ਇੱਕ ਮਾਸਟਰਕਲਾਸ ਪ੍ਰੋਗਰਾਮ ਵਿੱਚ, ਚਿਤਰਾ ਦਰਸ਼ਕਾਂ ਨੂੰ ਇਨ੍ਹਾਂ ਮਹਾਨ ਗਾਇਕਾਵਾਂ ਦੇ ਸੰਗੀਤ ਅਤੇ ਯਾਦਾਂ ਦੇ ਇੱਕ ਬੇਹੱਦ ਨਿਜੀ ਸਫ਼ਰ ‘ਤੇ ਲੈ ਗਏ। ਇਸ ਸੈਸ਼ਨ ਦਾ ਸੰਚਾਲਨ ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਸੁਹਾਸਿਨੀ ਮਣੀਰਤਨਮ ਨੇ ਕੀਤਾ।
_20261125184045_3bcdae.jpeg)
ਗੱਲਬਾਤ ਦੀ ਸ਼ੁਰੂਆਤ ਬਹੁਤ ਹੀ ਨਿੱਘੇ ਅਤੇ ਸਹਿਜ ਅੰਦਾਜ਼ ਵਿੱਚ ਹੋਈ। ਚਿਤਰਾ ਨੇ ਸਵੀਕਾਰ ਕੀਤਾ ਕਿ ਉਹ ਥੋੜ੍ਹੀ ਘਬਰਾਈ ਹੋਈ ਸੀ, ਪਰ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਸੁਹਾਸਿਨੀ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਵਾਏਗੀ। ਗੱਲਬਾਤ ਦੌਰਾਨ ਉਨ੍ਹਾਂ ਦੀ ਪੁਰਾਣੀ ਸਾਂਝ ਦਾ ਜ਼ਿਕਰ ਵੀ ਆਇਆ; ਸੁਹਾਸਿਨੀ ਨੇ ਯਾਦ ਕੀਤਾ ਕਿ ਕਿਵੇਂ ਜਿਨ੍ਹਾਂ ਫ਼ਿਲਮਾਂ ਵਿੱਚ ਚਿਤਰਾ ਨੇ ਆਪਣੀ ਆਵਾਜ਼ ਦਿੱਤੀ ਸੀ, ਉਨ੍ਹਾਂ ਦੇ ਗੀਤ ਉਨ੍ਹਾਂ ਦੀ (ਸੁਹਾਸਿਨੀ ਦੀ) ਆਪਣੀ ਜ਼ਿੰਦਗੀ ਦਾ ਵੀ ਇੱਕ ਅਹਿਮ ਹਿੱਸਾ ਬਣ ਗਏ। ਇਸ ਤੋਂ ਬਾਅਦ ਜੋ ਹੋਇਆ, ਉਹ ਕੋਈ ਰਸਮੀ ਚਰਚਾ ਨਹੀਂ, ਸਗੋਂ ਯਾਦਾਂ ਦਾ ਇੱਕ ਮੇਲ ਸੀ, ਜਿੱਥੇ ਕਿੱਸਿਆਂ ਦੇ ਵਿੱਚ-ਵਿੱਚ ਸੰਗੀਤ ਦੀਆਂ ਧੁਨਾਂ ਵੀ ਗੂੰਜਦੀਆਂ ਰਹੀਆਂ।
ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ, ਚਿਤਰਾ ਨੇ ਦੱਸਿਆ ਕਿ ਉਹ ਇੱਕ ਅਜਿਹੇ ਪਰਿਵਾਰ ਵਿੱਚ ਪਲੀ-ਵਧੀ ਜਿੱਥੇ ਸੰਗੀਤ ਦਾ ਮਾਹੌਲ ਸੀ। ਉਨ੍ਹਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਸ਼ਾਸਤਰੀ ਸੰਗੀਤ ਸਿੱਖਿਆ। ਉਨ੍ਹਾਂ ਕਿਹਾ ਕਿ ਗਾਇਕੀ ਹੀ ਇੱਕ ਅਜਿਹੀ ਚੀਜ਼ ਸੀ, ਜਿਸ ਬਾਰੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਇਸ ਨੂੰ ਚੰਗੀ ਤਰ੍ਹਾਂ ਕਰ ਸਕਦੀ ਹੈ, ਹਾਲਾਂਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਨੂੰ ਇੰਨੀ ਦੂਰ ਤੱਕ ਲੈ ਜਾਵੇਗੀ। ਫ਼ਿਲਮੀ ਸੰਗੀਤ ਵਿੱਚ ਉਨ੍ਹਾਂ ਦਾ ਆਉਣਾ ਲਗਭਗ ਇੱਕ ਇਤਫ਼ਾਕ ਹੀ ਸੀ। ਉਨ੍ਹਾਂ ਦੱਸਿਆ ਕਿ ਉਹ ਅਕਸਰ ਮਨੋਰੰਜਨ ਕਲੱਬਾਂ ਵਿੱਚ ਫ਼ਿਲਮੀ ਗੀਤ ਗਾਉਂਦੇ ਸਨ ਅਤੇ ਅਕਸਰ ਪੀ. ਸੁਸ਼ੀਲਾ ਦੇ ਲੋਕਪ੍ਰਿਅ ਗੀਤਾਂ ਨਾਲ ਸ਼ੁਰੂਆਤ ਕਰਦੇ ਸਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੀਆਂ ਗਾਇਕਾਵਾਂ ਦੀ ਆਵਾਜ਼ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ, ਤਾਂ ਚਿਤਰਾ ਨੇ ਪੀ. ਸੁਸ਼ੀਲਾ, ਐੱਸ. ਜਾਨਕੀ ਅਤੇ ਲਤਾ ਮੰਗੇਸ਼ਕਰ ਦਾ ਨਾਮ ਲਿਆ। ਉਨ੍ਹਾਂ ਨੇ ਦੱਸਿਆ ਕਿ ਬਚਪਨ ਵਿੱਚ ਉਹ ਜਾਨਕੀ ਜੀ ਦੀ ਨਕਲ ਵੀ ਕਰਿਆ ਕਰਦੇ ਸਨ। ਇਸ ਦੇ ਨਾਲ ਹੀ, ਉਹ ਹੱਸਦੇ ਹੋਏ ਇਹ ਵੀ ਮੰਨਦੇ ਹਨ ਕਿ ਜਾਨਕੀ ਜੀ ਦੇ ਖ਼ਾਸ ਅੰਦਾਜ਼ ਦੀ ਹੂਬਹੂ ਨਕਲ ਕਰਨਾ ਨਾਮੁਮਕਿਨ ਹੈ। ਲਤਾ ਮੰਗੇਸ਼ਕਰ ਬਾਰੇ ਗੱਲ ਕਰਦੇ ਹੋਏ, ਚਿਤਰਾ ਨੇ ਉਨ੍ਹਾਂ ਦੀ ਗਾਇਕੀ ਦੀ ਡੂੰਘਾਈ, ਖ਼ਾਸ ਕਰਕੇ ਉਨ੍ਹਾਂ ਦੇ ਭਜਨਾਂ ਦਾ ਜ਼ਿਕਰ ਕੀਤਾ ਅਤੇ ਦਰਸ਼ਕਾਂ ਨਾਲ ਲਤਾ ਜੀ ਦਾ ਆਪਣਾ ਇੱਕ ਪਸੰਦੀਦਾ ਗੀਤ ਵੀ ਸਾਂਝਾ ਕੀਤਾ।

ਆਸ਼ਾ ਭੋਂਸਲੇ ਨਾਲ ਜੁੜੀਆਂ ਉਨ੍ਹਾਂ ਦੀਆਂ ਯਾਦਾਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਸਨਮਾਨ ਝਲਕਦਾ ਹੈ। ਚਿਤਰਾ ਨੇ ਆਸ਼ਾ ਜੀ ਦੀ ਅਦਭੁਤ ਬਹੁਮੁਖੀ ਪ੍ਰਤਿਭਾ ਅਤੇ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ (ਜਿਵੇਂ ਗ਼ਜ਼ਲ) ਵਿੱਚ ਪ੍ਰਯੋਗ ਕਰਨ ਦੇ ਉਨ੍ਹਾਂ ਦੇ ਜਜ਼ਬੇ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੱਕ ਗ਼ਜ਼ਲ ਦੀਆਂ ਕੁਝ ਸਤਰਾਂ ਵੀ ਗੁਣਗੁਣਾਈਆਂ। ਉਨ੍ਹਾਂ ਨੇ ਦੱਸਿਆ ਕਿ ਆਸ਼ਾ ਜੀ ਹਮੇਸ਼ਾ ਆਪਣੀ ਇੱਕ ਵੱਖਰੀ ਸੰਗੀਤਕ ਪਛਾਣ ਬਣਾਉਣਾ ਚਾਹੁੰਦੇ ਸਨ, ਨਾ ਕਿ ਆਪਣੀ ਭੈਣ ਲਤਾ ਮੰਗੇਸ਼ਕਰ ਨਾਲ ਆਪਣੀ ਤੁਲਨਾ ਕਰਵਾਉਣਾ ਚਾਹੁੰਦੇ ਸਨ। ਚਿਤਰਾ ਨੇ ਆਪਣੀ ਪਹਿਲੀ ਮੁਲਾਕਾਤ ਦਾ ਇੱਕ ਯਾਦਗਾਰੀ ਕਿੱਸਾ ਵੀ ਸਾਂਝਾ ਕੀਤਾ, ਜਦੋਂ ਆਸ਼ਾ ਭੋਂਸਲੇ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਇੰਨੀ ਉੱਚੀ ਆਵਾਜ਼ (ਹਾਈ ਰੇਂਜ) ਵਿੱਚ ਕਿਉਂ ਗਾ ਰਹੀ ਹੈ। ਇਹ ਇੱਕ ਛੋਟੀ ਜਿਹੀ ਗੱਲਬਾਤ ਸੀ, ਜਿਸ ਤੋਂ ਇਸ ਮਹਾਨ ਗਾਇਕਾ ਦੇ ਬੇਬਾਕ ਸੁਭਾਅ ਅਤੇ ਉਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਦੀ ਝਲਕ ਮਿਲਦੀ ਹੈ।
ਉੱਥੇ ਹੀ, ਐੱਸ. ਜਾਨਕੀ ਨਾਲ ਜੁੜੀਆਂ ਯਾਦਾਂ ਵਿੱਚ ਇੱਕ ਖ਼ਾਸ ਆਪਣਾਪਣ ਅਤੇ ਸਨੇਹ ਸੀ। ਚਿਤਰਾ ਨੇ ਜਾਨਕੀ ਜੀ ਦੇ ਸੰਗੀਤਕ ਸਫ਼ਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ, ਜਦੋਂ ਮੰਚ ‘ਤੇ ਮਿਮਿਕਰੀ ਕਲਾਕਾਰ ਆਪਣੀ ਪੇਸ਼ਕਾਰੀ ਦਿੰਦੇ ਸਨ ਅਤੇ ਵਿਚਕਾਰ ਖਾਲੀ ਸਮਾਂ ਭਰਨ ਲਈ ਜਾਨਕੀ ਜੀ ਨੂੰ ਗਾਉਣ ਲਈ ਬੁਲਾਇਆ ਜਾਂਦਾ ਸੀ। ਇਨ੍ਹਾਂ ਮੌਕਿਆਂ ਦੀ ਵਜ੍ਹਾ ਨਾਲ ਦਰਸ਼ਕਾਂ ਨੂੰ ਉਨ੍ਹਾਂ ਦੀ ਆਵਾਜ਼ ਸੁਣਨ ਦਾ ਮੌਕਾ ਮਿਲਿਆ, ਜਿਸ ਨਾਲ ਅੱਗੇ ਚੱਲ ਕੇ ਉਹ ਪਲੇਅਬੈਕ ਸਿੰਗਿੰਗ ਦੇ ਖੇਤਰ ਵਿੱਚ ਆ ਗਏ। ਚਿਤਰਾ ਨੇ ਜਾਨਕੀ ਜੀ ਦੀ ਵਿਲੱਖਣ ਆਵਾਜ਼, ਉਨ੍ਹਾਂ ਦੀ ਭਾਵਪੂਰਤ ਗਾਇਕੀ ਅਤੇ ਹਰ ਗੀਤ ਵਿੱਚ ਜਾਨ ਪਾ ਦੇਣ ਦੀ ਉਨ੍ਹਾਂ ਦੀ ਖ਼ੂਬੀ ਬਾਰੇ ਵੀ ਗੱਲ ਕੀਤੀ। ਸੰਗੀਤ ਤੋਂ ਪਰ੍ਹੇ, ਚਿਤਰਾ ਉਨ੍ਹਾਂ ਨੂੰ ਇੱਕ ਮਾਂ ਵਾਂਗ ਮੰਨਦੇ ਹਨ। ਜਾਨਕੀ ਜੀ ਦੇ ਘਰ ਜਾਣ ਦੇ ਦਿਨਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਬੜੇ ਪਿਆਰ ਨਾਲ ਦੱਸਿਆ ਕਿ ਕਿਵੇਂ ਉਹ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਖਾਣਾ ਖੁਆਉਂਦੇ ਸਨ। ਚਿਤਰਾ ਨੇ ਕਿਹਾ ਕਿ ਉਨ੍ਹਾਂ ਦੇ ਹੱਥਾਂ ਨਾਲ ਪਰੋਸਿਆ ਗਿਆ ਤਿੱਖਾ ਖਾਣਾ ਵੀ ਮਿੱਠਾ ਲੱਗਦਾ ਸੀ।
ਪੂਰੇ ਸੈਸ਼ਨ ਦੌਰਾਨ, ਸੁਹਾਸਿਨੀ ਨੇ ਗੱਲਬਾਤ ਵਿੱਚ ਗੀਤਾਂ ਨੂੰ ਸ਼ਾਮਲ ਕੀਤਾ ਅਤੇ ਯਾਦਾਂ ਨੂੰ ਉਨ੍ਹਾਂ ਭਾਵਨਾਵਾਂ ਨਾਲ ਜੋੜਿਆ, ਜੋ ਪਰਦੇ ‘ਤੇ ਉਨ੍ਹਾਂ ਗੀਤਾਂ ਰਾਹੀਂ ਦਿਖਾਈਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਫ਼ਿਲਮੀ ਸੰਗੀਤ ਲੋਕਾਂ ਦੀ ਜ਼ਿੰਦਗੀ ਵਿੱਚ ਪਿਆਰ, ਵਿਆਹ, ਦੁੱਖ ਅਤੇ ਖ਼ੁਸ਼ੀ ਦੇ ਪਲਾਂ ਦਾ ਸਾਥੀ ਬਣਦਾ ਹੈ ਅਤੇ ਅਕਸਰ ਅਜਿਹੀਆਂ ਗੱਲਾਂ ਕਹਿ ਦਿੰਦਾ ਹੈ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਦੇ ਜਵਾਬ ਵਿੱਚ ਚਿਤਰਾ ਨੇ ਦੱਸਿਆ ਕਿ ਮਲਿਆਲਮ ਗੀਤ ‘ਸਵਰਨਮੁਕਿਲੇ’ ਇੱਕ ਅਜਿਹਾ ਗੀਤ ਹੈ ਜਿਸ ਨੂੰ ਸੁਣ ਕੇ ਅੱਜ ਵੀ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।

ਇੱਕ ਮਜ਼ੇਦਾਰ ਸੰਗੀਤਕ ਕੁਇਜ਼ ਨੇ ਇਸ ਦੁਪਹਿਰ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਇਸ ਵਿੱਚ ਫ਼ਿਲਮਾਂ ਦੇ ਕੁਝ ਦ੍ਰਿਸ਼ ਬਿਨਾਂ ਬੈਕਗ੍ਰਾਊਂਡ ਮਿਊਜ਼ਿਕ ਦੇ ਦਿਖਾਏ ਗਏ, ਜਿਨ੍ਹਾਂ ਨੂੰ ਦੇਖ ਕੇ ਚਿਤਰਾ ਨੇ ਉਨ੍ਹਾਂ ਸਾਰੀਆਂ ਪੰਜ ਦ੍ਰਿਸ਼ਾਂ ਦੇ ਗੀਤਾਂ ਨੂੰ ਪਛਾਣਿਆ ਅਤੇ ਗਾਇਆ; ਇਨ੍ਹਾਂ ਵਿੱਚ ਸੁਹਾਸਿਨੀ ਦੀਆਂ ਫ਼ਿਲਮਾਂ ਦੇ ਗੀਤ ਵੀ ਸ਼ਾਮਲ ਸਨ। ਇਸ ਸੈਸ਼ਨ ਵਿੱਚ ਰਿਕਾਰਡਿੰਗ ਦੀਆਂ ਚੁਣੌਤੀਆਂ, ਔਖੇ ਗੀਤਾਂ ਅਤੇ ਉਮਰ ਦੇ ਨਾਲ ਆਪਣੀ ਆਵਾਜ਼ ਦੀਆਂ ਹੱਦਾਂ ਨੂੰ ਸਮਝਣ ਦੀ ਮਹੱਤਤਾ ‘ਤੇ ਵੀ ਚਰਚਾ ਹੋਈ।
ਗੱਲਬਾਤ ਦਾ ਸਭ ਤੋਂ ਯਾਦਗਾਰੀ ਪਲ ਉਦੋਂ ਆਇਆ, ਜਦੋਂ ਚਿਤਰਾ ਨੇ ਫ਼ਿਲਮ 'ਸਿੰਧੂ ਭੈਰਵੀ' ਦਾ ਗੀਤ 'ਪਾਡਾਰੀਏਨ' ਗਾਉਣਾ ਸ਼ੁਰੂ ਕੀਤਾ। ਸੁਹਾਸਿਨੀ ਵੀ ਉਨ੍ਹਾਂ ਦੇ ਨਾਲ ਜੁੜ ਗਈ ਅਤੇ ਗੀਤ 'ਤੇ ਬੁੱਲ੍ਹ ਹਿਲਾਉਣ (ਲਿੱਪ-ਸਿੰਕ) ਲੱਗ ਪਈ। ਇਹ ਇੱਕ ਅਜਿਹਾ ਪਲ ਸੀ ਜਿਸ ਨੇ ਉਨ੍ਹਾਂ ਦੀ ਗੱਲਬਾਤ ਨੂੰ ਸੰਪੂਰਨਤਾ ਦਿੱਤੀ। ਇਹ ਸੰਗੀਤ ਅਤੇ ਯਾਦਾਂ ਦਾ ਇੱਕ ਬਹੁਤ ਹੀ ਸੁੰਦਰ ਮੇਲ ਸੀ, ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਗੀਤ ਸਿਰਫ਼ ਸੰਗੀਤਕ ਧੁਨਾਂ ਨਹੀਂ ਹੁੰਦੇ, ਸਗੋਂ ਉਹ ਸਾਡੀ ਜ਼ਿੰਦਗੀ, ਦੋਸਤੀ ਅਤੇ ਉਨ੍ਹਾਂ ਸਫ਼ਰਾਂ ਦਾ ਹਿੱਸਾ ਹੁੰਦੇ ਹਨ, ਜੋ ਪੀੜ੍ਹੀਆਂ ਤੱਕ ਗੂੰਜਦੇ ਰਹਿੰਦੇ ਹਨ।
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਲਕਸ਼ਮੀ ਪ੍ਰਿਆ/ ਨਿਕਿਤਾ/ ਦਰਸ਼ਨਾ/ ਸ਼ੀਨਮ| IFFI 57 – 095