ਆਪਣੇ ਤਟਵਰਤੀ ਆਕਰਸ਼ਣ, ਅਮੀਰ ਵਿਰਾਸਤ ਅਤੇ ਬੇਮਿਸਾਲ ਪ੍ਰਾਹੁਣਚਾਰੀ-ਸਤਿਕਾਰ ਲਈ ਦੁਨੀਆ ਭਰ ਵਿੱਚ ਪ੍ਰਸਿੱਧ ਗੋਆ ਦਾ ਇੱਕ ਹੋਰ ਪਹਿਲੂ ਵੀ ਹੈ ਜੋ ਸਮਾਨ ਰੂਪ ਨਾਲ ਧਿਆਨ ਖਿੱਚਣ ਯੋਗ ਹੈ। ਇੱਥੋਂ ਦੀਆਂ ਕਹਾਣੀਆਂ ਅਤੇ ਉਨ੍ਹਾਂ ਨੂੰ ਜੀਵੰਤ ਕਰਨ ਵਾਲੇ ਲੋਕ। ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਦੇ 57ਵੇਂ ਐਡੀਸ਼ਨ ਵਿੱਚ ਖਾਸ ਤੌਰ ‘ਤੇ ਤਿਆਰ ਕੀਤਾ ਗਿਆ ਫਿਲਮ ਪੈਕੇਜ ਗੋਆ ਦੇ ਇਸੇ ਪਹਿਲੂ ਨੂੰ ਪਰਦੇ ‘ਤੇ ਪੇਸ਼ ਕਰਦਾ ਹੈ। ਇਸ ਵਿੱਚ ਅਜਿਹੇ ਜੀਵਨ, ਰਿਸ਼ਤਿਆਂ, ਯਾਦਾਂ ਅਤੇ ਤਜ਼ਰਬਿਆਂ ਨੂੰ ਦਰਸਾਇਆ ਗਿਆ ਹੈ, ਜਿਨ੍ਹਾਂ ਦੀਆਂ ਜੜ੍ਹਾਂ ਸਥਾਨਕ ਦ੍ਰਿਸ਼ ਵਿੱਚ ਡੂੰਘਾਈ ਨਾਲ ਜੁੜੀਆਂ ਹਨ, ਪਰ ਉਨ੍ਹਾਂ ਦੀ ਪ੍ਰਾਸੰਗਿਕਤਾ ਵਿਸ਼ਵਵਿਆਪੀ ਹੈ।
21 ਤੋਂ 28 ਨਵੰਬਰ ਤੱਕ ਆਈਨੌਕਸ ਪਣਜੀ ਵਿਖੇ ਪ੍ਰਦਰਸ਼ਨ ਲਈ ਨਿਰਧਾਰਿਤ ਫਿਲਮਾਂ ਦਾ ਇਹ ਕਲੈਕਸ਼ਨ ਭਾਵਨਾਵਾਂ ਦੇ ਵਿਭਿੰਨ ਆਯਾਮਾਂ ਨੂੰ ਪੇਸ਼ ਕਰਦਾ ਹੈ। ਇਨ੍ਹਾਂ ਫਿਲਮਾਂ ਵਿੱਚ ਆਪਣੇ ਜ਼ਮੀਰ ਦੇ ਟਕਰਾਅ ਨਾਲ ਜੂਝਦੀ ਇੱਕ ਬਜ਼ੁਰਗ ਮਹਿਲਾ, ਅਤੀਤ ਦੀਆਂ ਯਾਦਾਂ ਨੂੰ ਮੁੜ ਤੋਂ ਤਾਜ਼ਾ ਹੋਣ ‘ਤੇ ਚਰਚਾ ਵਿੱਚ ਆਇਆ ਇੱਕ ਭੁੱਲਿਆ ਹੋਇਆ ਸਥਾਨਕ ਨਾਇਕ, ਆਪਣੇ ਪਰਿਵਾਰ ਨਾਲ ਰਿਸ਼ਤਿਆਂ ਵਿੱਚ ਸੁਲ੍ਹਾ-ਸਫਾਈ ਦੀ ਰਾਹ ਭਾਲਦੀ ਇੱਕ ਬੇਟੀ ਅਤੇ ਆਪਣੇ ਪੁਸ਼ਤੈਨੀ ਘਰ ਦੀ ਰਾਖੀ ਲਈ ਸੰਘਰਸ਼ ਕਰਦੀ ਇੱਕ ਬਜ਼ੁਰਗ ਗ੍ਰਾਮੀਣ ਦੀਆਂ ਕਹਾਣੀਆਂ ਸ਼ਾਮਲ ਹਨ। ਇਹ ਕਹਾਣੀਆਂ ਮਨੁੱਖੀ ਤਜ਼ਰਬਿਆਂ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਹਨ।
ਕੋਂਕਣੀ ਅਤੇ ਮਰਾਠੀ ਭਾਸ਼ਾਵਾਂ ਦੀਆਂ ਇਹ ਫਿਲਮਾਂ ਫੀਚਰ ਅਤੇ ਸ਼ੌਰਟ ਫਿਲਮਾਂ ਦਾ ਕਲੈਕਸ਼ਨ ਹਨ, ਜੋ ਪਰਿਵਾਰਕ ਰਿਸ਼ਤਿਆਂ, ਸਮਾਜਿਕ ਹਕੀਕਤ, ਨਿਜੀ ਸੰਘਰਸ਼ਾਂ, ਪਛਾਣ, ਬਚਪਨ, ਇਕਲਾਪਾ ਅਤੇ ਆਤਮ-ਖੋਜ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸਮੇਟਦੀਆਂ ਹਨ। ਨਿਜੀ ਅਨੁਭਵਾਂ ‘ਤੇ ਅਧਾਰਿਤ ਸੰਵੇਦਨਸ਼ੀਲ ਕਹਾਣੀਆਂ ਤੋਂ ਲੈ ਕੇ ਅਨੋਖੀਆਂ ਹਾਸ ਫਿਲਮਾਂ ਅਤੇ ਵਿਚਾਰ-ਭਰਪੂਰ ਨਾਟਕਾਂ ਤੱਕ, ਇਹ ਫਿਲਮਾਂ ਦਰਸ਼ਕਾਂ ਨੂੰ ਗੋਆ ਵਿੱਚ ਵਿਕਸਿਤ ਹੋ ਰਹੇ ਫਿਲਮ ਨਿਰਮਾਣ ਦੇ ਦ੍ਰਿਸ਼ ਦੀ ਇੱਕ ਦਿਲਚਸਪ ਝਲਕ ਪੇਸ਼ ਕਰਦੀਆਂ ਹਨ।
ਪਿੰਡ ਦੀਆਂ ਚੁਣੀਆਂ ਹੋਈਆਂ ਫਿਲਮਾਂ ਦੀ ਇੱਕ ਝਲਕ:
ਐੱਨਸੇਸਾਓ

ਡਾਇਰੈਕਟਰ: ਮੰਗੁਇਰਿਸ਼ ਜੇ. ਬੰਦੋਡਕਰ | ਭਾਸ਼ਾ: ਕੋਂਕਣੀ| ਮਿਆਦ: 30 ਮਿੰਟ
ਗੋਆ ਦੇ ਇੱਕ ਸ਼ਾਂਤ ਪਿੰਡ ਦੇ ਪਿਛੋਕੜ ‘ਤੇ ਅਧਾਰਿਤ ਐੱਨਸੇਸਾਓ ਇੱਕ ਬਜ਼ੁਰਗ ਮਹਿਲਾ ਦੀ ਕਹਾਣੀ ਹੈ, ਜੋ ਕਿ ਇਕੱਲੀ ਰਹਿੰਦੀ ਹੈ ਅਤੇ ਦੂਜਿਆਂ ਬਾਰੇ ਗੱਲਬਾਤ ਕਰਕੇ ਆਪਣੇ ਜੀਵਨ ਦੀ ਚੁੱਪੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਪਣੇ ਹੀ ਦੁੱਖ ਦਾ ਸਾਹਮਣਾ ਕਰਨ ਵਿੱਚ ਅਸਮਰਥ ਉਹ ਅੰਤ ਵਿੱਚ ਮਹਿਸੂਸ ਕਰਦੀ ਹੈ ਕਿ ਦੂਜਿਆਂ ਦੀਆਂ ਚੁਗਲੀਆਂ ਕਰਨਾ ਉਸ ਦੇ ਉਸ ਦਰਦ ਤੋਂ ਬਚਣ ਦਾ ਇੱਕ ਢੰਗ ਹੈ, ਜੋ ਹੁਣ ਤੱਕ ਉਸ ਅੰਦਰ ਅਣਸੁਲਝਿਆ ਹੈ। ਜਦੋਂ ਉਸ ਦਾ ਜ਼ਮੀਰ ਉਸ ਨੂੰ ਆਪਣਾ ਵਿਵਹਾਰ ਬਦਲਣ ਲਈ ਪ੍ਰੇਰਿਤ ਕਰਦਾ ਹੈ, ਤਾਂ ਉਹ ਆਪਣੀਆਂ ਆਦਤਾਂ ਨੂੰ ਸੁਧਾਰਨ ਦਾ ਪ੍ਰਣ ਲੈਂਦੀ ਹੈ, ਪਰ ਉਸ ਦੀ ਇਹ ਤਬਦੀਲੀ ਜ਼ਿਆਦਾ ਸਮੇਂ ਤੱਕ ਕਾਇਮ ਨਹੀਂ ਰਹਿ ਸਕਦੀ।
ਉਮੇਸ਼

ਡਾਇਰੈਕਟਰ: ਵਰਧਨ ਵਿਜੈ ਕੁਮਾਰ ਕਾਮਤ | ਭਾਸ਼ਾ : ਕੋਂਕਣੀ| ਮਿਆਦ: 1 ਘੰਟਾ 39 ਮਿੰਟ
ਕਦੇ ਸਥਾਨਕ ਪੱਧਰ ‘ਤੇ ਇੱਕ ਪ੍ਰਸਿੱਧ ਨਾਇਕ ਰਹੇ ਉਮੇਸ਼ ਹੁਣ ਗੋਆ ਦੇ ਇੱਕ ਗ੍ਰਮੀਣ ਪਿੰਡ ਵਿੱਚ ਇਕੱਲੇ ਜੀਵਨ ਬਤੀਤ ਕਰ ਰਹੇ ਹਨ। ਉਹ ਛੋਟੇ-ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਅਤੇ ਅਤੀਤ ਦੀਆਂ ਅਣਸੁਲਝੀਆਂ ਘਟਨਾਵਾਂ ਦੀਆੰ ਯਾਦਾਂ ਨਾਲ ਘਿਰੇ ਰਹਿੰਦੇ ਹਨ। ਉਨ੍ਹਾਂ ਦੇ ਜੀਵਨ ਵਿੱਚ ਅਣਕਿਆਸਾ ਮੋੜ ਉਦੋਂ ਆਉਂਦਾ ਹੈ, ਜਦੋਂ ਉਭਰ ਰਹੇ ਫਿਲਮ ਨਿਰਮਾਤਾ ਐਂਟੋਨ ਅਤੇ ਰੋਹਨ ਉਨ੍ਹਾਂ ਦੇ ਜੀਵਨ ਉੱਪਰ ਦਸਤਾਵੇਜ਼ੀ ਬਣਾਉਣ ਲਈ ਉੱਥੇ ਪਹੁੰਚਦੇ ਹਨ। ਸਥਾਨਕ ਅਫਵਾਹਾਂ ਅਤੇ ਅਧੂਰੀਆਂ ਸੱਚਾਈਆਂ ਦੇ ਵਿਚਕਾਰ ਉਹ ਆਪਣੀ ਭੁੱਲੀ ਹੋਈ ਪ੍ਰਤਿਭਾ ਅਤੇ ਉਨ੍ਹਾਂ ਦੇ ਇਕਲਾਪੇ ਜੀਵਨ ਪਿੱਛੇ ਲੁਕੀ ਹੋਈ ਦਰਦਨਾਕ ਸਥਿਤੀ ਦਾ ਪਤਾ ਲਗਾਉਂਦੇ ਹਨ। ਜਿਵੇਂ-ਜਿਵੇਂ ਉਨ੍ਹਾਂ ਦੇ ਵਿਚਕਾਰ ਵਿਸ਼ਵਾਸ ਦਾ ਰਿਸ਼ਤਾ ਵਿਕਸਿਤ ਹੁੰਦਾ ਹੈ, ਉਮੇਸ਼ ਕੈਮਰੇ ਨੂੰ ਲੈ ਕੇ ਹੋਰ ਜ਼ਿਆਦਾ ਚੌਕਸ ਹੋਣ ਲੱਗਦੇ ਹਨ। ਉਮੇਸ਼ ਪਛਾਣ, ਭਰੋਸਾ ਅਤੇ ਭੁਲਾ ਦਿੱਤੀ ਗਈ ਵਿਰਾਸਤ ਦੀ ਕੀਮਤ ਵਰਗੇ ਵਿਸ਼ਿਆਂ ਨੂੰ ਉਜਾਗਰ ਕਰਦੀ ਹੈ।
ਸ਼ਕੁੰਤਲਾ

ਡਾਇਰੈਕਟਰ: ਪ੍ਰਸਾਦ ਐੱਮ. ਨਾਇਕ | ਭਾਸ਼ਾ: ਕੋਂਕਣੀ| ਮਿਆਦ: 11 ਮਿੰਟ
ਪ੍ਰੇਮ, ਪਛਾਣ ਅਤੇ ਪਰੰਪਰਾ ‘ਤੇ ਅਧਾਰਿਤ ਇੱਕ ਭਾਵਨਾਤਮਕ ਪਰਿਵਾਰਕ ਨਾਟਕ ਸ਼ਕੁੰਤਲਾ ਇੱਕ ਅਜਿਹੀ ਮਹਿਲਾ ਦੀ ਕਹਾਣੀ ਹੈ, ਜੋ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਈਸਾਈ ਨੌਜਵਾਨ ਨਾਲ ਵਿਆਹ ਕਰਨ ਮਗਰੋਂ ਆਪਣੇ ਰੂੜੀਵਾਦੀ ਪਰਿਵਾਰ ਤੋਂ ਵੱਖ ਹੋ ਜਾਂਦੀ ਹੈ। ਵਰ੍ਹਿਆਂ ਬਾਅਦ, ਪਿਤਾ ਦੇ ਦੇਹਾਂਤ ‘ਤੇ ਉਸ ਨੂੰ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਤੱਕ ਦਾ ਮੌਕਾ ਨਹੀਂ ਦਿੱਤਾ ਜਾਂਦਾ। ਮੌਤ ਦੇ 12ਵੇਂ ਦਿਨ ਹੋਣ ਵਾਲੇ ਸਸਕਾਰ ਦਾ ਸਮਾਂ ਨੇੜੇ ਆਉਣ ‘ਤੇ ਸ਼ਕੁੰਤਲਾ ਹਿੰਮਤ ਕਰਕੇ ਆਪਣੇ ਬਚਪਨ ਦੇ ਘਰ ਵਾਪਸ ਆਉਂਦੀ ਹੈ, ਜਿੱਥੇ ਉਸ ਨੂੰ ਪੁਰਾਣੇ ਪਰਿਵਾਰਕ ਵਿਵਾਦਾਂ ਤੇ ਸਮਾਜਿਕ ਮਾਨਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਦੀ ਇਹ ਯਾਤਰਾ ਸਿਰਫ਼ ਇੱਕ ਰਸਮ ਪੂਰੀ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇ4ਕ ਬੇਟੀ ਵਜੋਂ ਆਪਣੇ ਅਧਿਕਾਰ ਅਤੇ ਪਰਿਵਾਰ ਵਿੱਚ ਆਪਣਾ ਸਥਾਨ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ਵੀ ਹੈ। ਨਾਲ ਹੀ, ਇਹ ਸਵਾਲ ਵੀ ਚੁੱਕਦੀ ਹੈ ਕਿ ਕੀ ਪ੍ਰੇਮ ਪਰੰਪਰਾਵਾਂ ਦੀਆਂ ਸੀਮਾਵਾਂ ਤੋਂ ਪਰੇ ਜਾ ਸਕਦਾ ਹੈ।
ਪੂਰਣਤਾ

ਡਾਇਰੈਕਟਰ: ਸ਼ਰਵਣ ਕੰਕੋਣਕਰ | ਭਾਸ਼ਾ: ਕੋਂਕਣੀ| ਮਿਆਦ: 25 ਮਿੰਟ
ਚਮੇਲੀ ਦੇ ਫੁੱਲਾਂ ਦੀ ਇੱਕ ਮਾਲਾ ‘ਜਾਯੋ’ ਦੀ ਯਾਤਰਾ ਰਾਹੀਂ ਪੂਰਣਤਾ ਉਨ੍ਹਾਂ ਕਈ ਜੀਵਨਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਉਹ ਛੋਂਹਦੀ ਹੈ। ਇਹ ਮਾਲਾ ਸੁੱਖ-ਦੁੱਖ ਦੇ ਵੱਖ-ਵੱਖ ਪਲਾਂ ਵਿੱਚ ਲੋਕਾਂ ਨੂੰ ਸਕੂਨ, ਉਮੀਦ ਅਤੇ ਖੁਸ਼ੀ ਪ੍ਰਦਾਨ ਕਰਦੀ ਹੈ। ਫੁੱਲ ਹੌਲੀ-ਹੌਲੀ ਮੁਰਝਾਉਣ ਲੱਗਦੇ ਹਨ, ਫਿਰ ਵੀ ਉਹ ਲੋਕਾਂ ਦੇ ਜੀਵਨ ਵਿੱਚ ਸੁੰਦਰਤਾ ਭਰਦੇ ਰਹਿੰਦੇ ਹਨ। ਇਹ ਫਿਲਮ ਜੀਵਨ ਦੀ ਨਿਰੰਤਰਤਾ ਅਤੇ ਉਸ ਦੇ ਉਦੇਸ਼ ‘ਤੇ ਚਿੰਤਨ ਕਰਦੀ ਹੈ ਅਤੇ ਇਹ ਸੁਨੇਹਾ ਦਿੰਦੀ ਹੈ ਕਿ ਇੱਕ ਜੀਵਨ ਦੇ ਖਤਮ ਹੋਣ ‘ਤੇ ਵੀ ਜੀਵਨ ਦੀ ਯਾਤਰਾ ਕਿਸੇ ਹੋਰ ਰੂਪ ਵਿੱਚ ਅੱਗੇ ਵਧਦੀ ਰਹਿੰਦੀ ਹੈ।
ਨੌਇਜ਼

ਡਾਇਰੈਕਟਰ: ਸੁਵਿਧਾ ਤੋਰਗਲ ਬਾਖਲੇ |ਭਾਸ਼ਾ : ਕੋਂਕਣੀ| ਮਿਆਦ: 16 ਮਿੰਟ
ਮਨੁੱਖੀ ਵਿਵਹਾਰ ਅਤੇ ਰਿਸ਼ਤਿਆਂ ਦੀ ਡੂੰਘੀ ਜਾਂਚ ਕਰਦੀ ਫਿਲਮ ਨੌਇਜ਼ ਤਾਰਾ ਦੀ ਕਹਾਣੀ ਹੈ, ਜੋ ਇੱਕ ਤਣਾਅਪੂਰਨ ਰਿਸ਼ਤੇ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਉਨ੍ਹਾਂ ਵਿਵਹਾਰਾਂ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਦੀ ਹੈ, ਜੋ ਉਸ ਨੂੰ ਦਿਮਾਗੀ ਦੁਖ ਪਹੁੰਚਾਉਂਦੇ ਹਨ। ਖੁਦ ਨੂੰ ਸੰਭਾਲਣ ਅਤੇ ਜੀਵਨ ਵਿੱਚ ਅੱਗੇ ਵਧਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਵਾਰ-ਵਾਰ ਉਨ੍ਹਾਂ ਜਾਣੇ-ਪਛਾਣੇ ਹਾਲਤਾਂ ਵੱਲ ਖਿੱਚਦੀ ਜਾਂਦੀ ਹੈ। ਫਿਲਮ ਵਿੱਚ ਵਾਰ-ਵਾਰ ਦਿਖਾਈ ਦੇਣ ਵਾਲਾ ਇੱਕ ਪੁਰਾਣਾ ਪੱਖਾ ਇਨ੍ਹਾਂ ਵਿਵਹਾਰਗਤ ਚੱਕਰਾਂ ਦਾ ਪ੍ਰਤੀਕ ਬਣ ਕੇ ਉਭਰਦਾ ਹੈ। ਇਸ ਰਾਹੀਂ ਫਿਲਮ ਇਸ ਗੱਲ ‘ਤੇ ਵਿਚਾਰ ਕਰਦੀ ਹੈ ਕਿ ਤਬਦੀਲੀ ਦੀ ਲੋੜ ਨੂੰ ਸਮਝਣ ਦੇ ਬਾਵਜੂਦ ਆਪਣੀਆਂ ਆਦਤਾਂ ਅਤੇ ਵਿਵਹਾਰ ਦੇ ਚੱਕਰ ਤੋਂ ਬਾਹਰ ਨਿਕਲਣਾ ਕਿੰਨਾ ਔਖਾ ਹੁੰਦਾ ਹੈ।
ਦਰਯਾ (DARYAA)

ਡਾਇਰੈਕਟਰ: ਕਿਸ਼ੋਰ ਅਰਜੁਨ| ਭਾਸ਼ਾ: ਮਰਾਠੀ | ਮਿਆਦ: 25 ਮਿੰਟ
ਦਰਯਾ ਆਕਾਸ਼ ਦੀ ਕਹਾਣੀ ਹੈ, ਜੋ ਸੇਰੇਬ੍ਰਲ ਪਾਲਸੀ ਤੋਂ ਪ੍ਰਭਾਵਿਤ ਦ੍ਰਿਸ਼ਟੀਹੀਣ ਬਾਲਕ ਹੈ। ਉਸ ਨੇ ਕਦੇ ਸਮੁੰਦਰ ਨਹੀਂ ਦੇਖਿਆ ਅਤੇ ਹੁਣ ਤੱਕ ਉਸ ਨੂੰ ਸਿਰਫ਼ ਕਹਾਣੀਆਂ, ਆਵਾਜ਼ਾਂ ਅਤੇ ਆਪਣੀਆਂ ਕਲਪਨਾਵਾਂ ਰਾਹੀਂ ਹੀ ਜਾਣਿਆ ਜਾਂਦਾ ਹੈ। ਜਦੋਂ ਉਸ ਦੇ ਦਾਦਾ ਜੀ ਉਸ ਨੂੰ ਅਚਾਨਕ ਸਮੁੰਦਰ ਕਿਨਾਰੇ ਦੀ ਯਾਤਰਾ ‘ਤੇ ਲੈ ਜਾਂਦੇ ਹਨ, ਤਾਂ ਆਕਾਸ਼ ਉਸ ਦੁਨੀਆ ਨਾਲ ਰੂ-ਬ-ਰੂ ਹੁੰਦਾ ਹੈ, ਜਿਸ ਸੁਪਨੇ ਨੂੰ ਉਹ ਲੰਬੇ ਸਮੇਂ ਤੋਂ ਦੇਖਦਾ ਆਇਆ ਹੈ। ਇਹ ਫਿਲਮ ਸਮੁੰਦਰ ਨੂੰ ਪਹਿਲੀ ਵਾਰ ਅਨੁਭਵ ਕਰਨ ਦੇ ਉਸ ਦੇ ਡੂੰਘੇ ਭਾਵਨਾਤਮਕ ਅਨੁਭਵ ਨੂੰ ਦਰਸਾਉਂਦੀ ਹੈ ਅਤੇ ਇਹ ਸੁਨੇਹਾ ਦਿੰਦੀ ਹੈ ਕਿ ਕਿਸੇ ਚੀਜ਼ ਨੂੰ ਮਹਿਸੂਸ ਕਰਨ ਅਤੇ ਸਮਝਣ ਦਾ ਸਬੰਧ ਸਿਰਫ ਅੱਖਾਂ ਨਾਲ ਦੇਖਣ ਤੱਕ ਸੀਮਤ ਨਹੀਂ ਹੈ।
ਪਰਫੈਕਟ ਸ਼ੌਰਟ
_20261120200134_bece81.jpeg)
ਡਾਇਰੈਕਟਰ: ਸੰਕਲਪ ਸਾਈਨਾਥ ਪਰਬ | ਭਾਸ਼ਾ: ਕੋਂਕਣੀ| ਮਿਆਦ : 14 ਮਿੰਟ
ਵਸੁਧਾ, ਜੋ ਇੱਕ ਯੁਵਾ ਫਿਲਮ ਸਕੂਲ ਦੀ ਸਟੂਡੈਂਟ ਹੈ, ਦੇ ਲਈ ਪਰਪੈਕਟ ਸਿਨੇਮੈਟਿਕ ਫ੍ਰੇਮ ਦੀ ਤਲਾਸ਼ ਇੱਕ ਜਨੂੰਨ ਬਣ ਜਾਂਦੀ ਹੈ। ਉਸ ਦਾ ਇਹ ਜਨੂੰਨ ਗੋਲਡਨ ਰੇਸ਼ੀਓ, ਸਿਮਿਟ੍ਰੀ ਅਤੇ ਰੂਲ ਆਫ ਥਰਡਸ ਤੋਂ ਪ੍ਰਭਾਵਿਤ ਹੈ। ਇਸੇ ਦੌਰਾਨ ਉਹ ਆਪਣੇ ਸਵਰਗੀ ਪਿਤਾ ਨੂੰ ਲੈ ਕੇ ਮਨ ਵਿੱਚ ਦੱਬੀਆਂ ਅਣਸੁਲਝੀਆਂ ਭਾਵਾਨਾਵਾਂ ਨਾਲ ਵੀ ਜੂਝ ਰਹੀ ਹੈ। ਉਸ ਨੂੰ ਜਾਪਦਾ ਹੈ ਕਿ ਉਸ ਦੇ ਪਿਤਾ ਉਸ ਲਈ ਕੋਈ ਕੀਮਤੀ ਵਿਰਾਸਤ ਛੱਡ ਕੇ ਨਹੀਂ ਗਏ। ਜਿਵੇਂ-ਜਿਵੇਂ ਪੁਰਾਣੀਆਂ ਯਾਦਾਂ ਮੁੜ ਤੋਂ ਉਭਰਦੀਆਂ ਹਨ, ਦ੍ਰਿਸ਼ ਪੂਰਣਤਾ ਦੀ ਉਸ ਦੀ ਭਾਲ ਆਤਮ-ਖੋਜ ਦੀ ਨਿਜੀ ਯਾਤਰਾ ਵਿੱਚ ਬਦਲ ਜਾਂਦੀ ਹੈ। ਇਹ ਫਿਲਮ ਦਰਸਾਉਂਦੀ ਹੈ ਕਿ ਰਿਸ਼ਤੇ ਕਿਸ ਤਰ੍ਹਾਂ ਸਾਡੀ ਦ੍ਰਿਸ਼ਟੀ ਅਤੇ ਰਚਨਾਤਮਕਤਾ ਨੂੰ ਆਕਾਰ ਦਿੰਦੇ ਹਨ। ਨਾਲ ਹੀ, ਇਹ ਉਜਾਗਰ ਕਰਦੀ ਹੈ ਕਿ ਸਾਰਥਕ ਕਹਾਣੀ ਕਹਿਣ ਦੀ ਕਲਾ ਸਿਨੇਮਾ ਦੇ ਤਕਨੀਕੀ ਨਿਯਮਾਂ ਤੋਂ ਕਿਤੇ ਅੱਗੇ ਤੱਕ ਜਾਂਦੀ ਹੈ।
ਬਾਪੋ ਕਾਲੇ
_20261120200155_e3a99f.jpg)
ਡਾਇਰੈਕਟਰ: ਕ੍ਰਿਸ਼ਾ ਰਾਉਲ| ਭਾਸ਼ਾ: ਕੋਂਕਣੀ| ਮਿਆਦ: 24 ਮਿੰਟ
ਮੌਕਸੀ ਪਿੰਡ ਦੇ ਪਿਛੋਕੜ ‘ਤੇ ਅਧਾਰਿਤ ਬਾਪੋ ਕਾਲੇ ਇੱਕ ਬਜ਼ੁਰਗ ਵਿਅਕਤੀ ਦੀ ਕਹਾਣੀ ਹੈ, ਜੋ ਐਮਰਜੈਂਸੀ ਨਿਕਾਸੀ ਅਭਿਆਸ ਦੌਰਾਨ ਆਪਣੇ ਦਰਵਾਜੇ ਤੱਕ ਪ੍ਰਸ਼ਾਸਨਿਕ ਟੀਮ ਦੇ ਪਹੁੰਚਣ ਦੇ ਬਾਵਜੂਦ ਆਪਣਾ ਪੁਸ਼ਤੈਨੀ ਮਿੱਟੀ ਦਾ ਘਰ ਛੱਡਣ ਤੋਂ ਮਨ੍ਹਾਂ ਕਰ ਦਿੰਦਾ ਹੈ। ਜੋ ਸ਼ੁਰੂ ਵਿੱਚ ਇੱਕ ਸਧਾਰਣ ਅਭਿਆਸ ਲੱਗਦਾ ਹੈ, ਉਹ ਹੌਲੀ-ਹੌਲੀ ਵਿਸਥਾਪਨ, ਉਜੜੇ ਹੋਏ ਘਰਾਂ ਤੇ ਬਦਲਦੇ ਪਿੰਡ ਦੀਆਂ ਯਾਦਾਂ ਤਾਜ਼ਾ ਕਰ ਦਿੰਦਾ ਹੈ। ਇੱਕ ਤਣਾਅਪੂਰਨ ਰਾਤ ਦੇ ਦੌਰਾਨ ਬਾਪੋ ਅਤੇ ਉਸ ਦੀ ਪਤਨੀ ਭੱਜੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਾਹਮਣਾ ਕਰਦੇ ਹਨ, ਤਾਂ ਉਨ੍ਹਾਂ ਦਾ ਘਰ ਪਛਾਣ, ਮਾਣ, ਯਾਦਾਂ ਅਤੇ ਆਪਣੀ ਮਿੱਟੋ ਨਾਲ ਅਟੁੱਟ ਜੁੜਾਅ ਦਾ ਇੱਕ ਮਜ਼ਬੂਤ ਪ੍ਰਤੀਕ ਬਣ ਕੇ ਉਭਰਦਾ ਹੈ।
ਵੁਡਵਰਮ (ਰੋਟੋ)

ਡਾਇਰੈਕਟਰ: ਅਖਿਲ ਲੋਟਲੀਕਰ| ਭਾਸ਼ਾ : ਕੋਂਕਣੀ| ਮਿਆਦ: 22 ਮਿੰਟ
ਬੁਡਵਰਮ (ਰੋਟੋ) ਇੱਕ ਦ੍ਰਿੜ੍ਹ ਇਰਾਦੇ ਵਾਲੀ ਕਲੀਨਿਕ ਰਿਸੈਪਸ਼ਨਿਸਟ ਦੀ ਕਹਾਣੀ ਹੈ, ਜੋ ਆਪਣੀ ਭੈਣ ਨੂੰ ਸਕੂਲ ਦਾ ਇੱਕ ਮੁਕਾਬਲਾ ਜਿੱਤਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਦੌਰਾਨ ਪਰਿਵਾਰਕ ਉਥਲ-ਪੁਥਲ ਨਾਲ ਜੂਝਦੀ ਹੈ। ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਭੈਣ ਦੀਆਂ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣ ਦੇ ਉਸ ਦੇ ਟਕਰਾਅ ਦੌਰਾਨ ਇੱਕ ਅਣਕਿਆਸਾ ਖ਼ਤਰਾ ਉਸ ਨੇੜੇ ਆਉਣ ਲੱਗਦਾ ਹੈ।
ਚੀਅਰਸ!
_20261120200245_76b793.jpg)
ਡਾਇਰੈਕਟਰ: ਅਨੁਰਾਗ ਵਰਦੇਕਰ| ਭਾਸ਼ਾ : ਕੋਂਕਣੀ| ਮਿਆਦ: 19 ਮਿੰਟ
ਆਪਣੀ ਰੋਜ਼ਾਨਾ ਦੀ ਰੂਟੀਨ ਤੋਂ ਅੱਕੇ ਦੋ ਛੋਟੇ ਮੁੰਡੇ ਇੱਕ ਅਨਜਾਣ ਬੱਸ ਵਿੱਚ ਸਵਾਰ ਹੋ ਕੇ ਬਾਲਗਾਂ ਦੀ ਅਣਪਛਾਤੀ ਦੁਨੀਆ ਵੱਲ ਇੱਕ ਅਨਿਸ਼ਚਿਤ ਯਾਤਰਾ ‘ਤੇ ਨਿਕਲ ਪੈਂਦੇ ਹਨ। ਉਨ੍ਹਾਂ ਦੀ ਇਹ ਖੁਸ਼ੀ ਉਨ੍ਹਾਂ ਨੂੰ ਇੱਕ ਪੁਰਾਣੇ ਕਿਲ੍ਹੇ, ਨਦੀ ਪਾਰ ਕਰਨ ਵਾਲੀ ਕਿਸ਼ਤੀ ਅਤੇ ਅੰਤ ਵਿੱਚ ਇੱਕ ਏਕਾਂਤ ਵਿੱਚ ਝਰਨੇ ਤੱਕ ਲੈ ਜਾਂਦੀ ਹੈ, ਜਿੱਥੇ ਉਹ ਜੋਸ਼ ਵਿੱਚ ਆ ਕੇ ਪਹਿਲੀ ਵਾਰ ਸ਼ਰਾਬ ਖਰੀਦਣ ਦਾ ਫੈਸਲਾ ਕਰਦੇ ਹਨ। ਆਪਣੀ ਉਮਰ ਲੁਕਾਉਣ ਦੀ ਉਨ੍ਹਾਂ ਦੀ ਅਸਫਲ ਕੋਸ਼ਿਸ਼ ਉਨ੍ਹਾਂ ਦੀ ਮਾਸੂਮੀ ਅਤੇ ਅਸੁਰੱਖਿਆ ਨੂੰ ਉਜਾਗਰ ਕਰਦੀ ਹੈ। ਨਾਲ ਹੀ, ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਬਾਲਗਾਂ ਦੀ ਦੁਨੀਆ ਉਨ੍ਹਾਂ ਦੀ ਕਲਪਨਾ ਤੋਂ ਕਿਤੇ ਵੱਧ ਔਖੀ ਹੈ। ਚੀਅਰਸ! ਵੱਡੇ ਹੋਣ ਦੀ ਪ੍ਰਕਿਰਿਆ ਨਾਲ ਜੁੜੀ ਜਗਿਆਸਾ, ਮਾਸੂਮੀ, ਅਤੇ ਅਨਿਸ਼ਚਿਤਤਾਵਾਂ ਨੂੰ ਬਾਖੂਬੀ ਦਰਸਾਉਂਦੀ ਹੈ। ਅੰਤ ਵਿੱਚ ਦੋਵੇਂ ਮੁੰਡੇ ਆਪਣੀ ਦੁਨੀਆ ਪ੍ਰਤੀ ਬਦਲੇ ਹੋਏ ਨਜ਼ਰੀਏ ਨਾਲ ਘਰ ਵਾਪਸ ਆਉਂਦੇ ਹਨ।
ਮੀਡੀਅਮ ਪੀਸ

ਡਾਇਰੈਕਟਰ: ਜੈ ਅਮੋਨਕਰ| ਭਾਸ਼ਾ : ਮਰਾਠੀ| ਮਿਆਦ: 23 ਮਿੰਟ
ਗ੍ਰਾਮੀਣ ਪਿੰਡ ਦੇ ਪਿਛੋਕੜ ‘ਤੇ ਅਧਾਰਿਤ ਇਸ ਹਾਸ-ਵਿਅੰਗ ਅਤੇ ਭਾਵੁਕ ਫਿਲਮ ਦੀ ਕਹਾਣੀ ਇੱਕ ਕਸਾਈ ਦੀ ਦੁਕਾਨ ਤੋਂ ਮੁਰਗੀ ਦੇ ਭੱਜਣ ਦੀ ਘਟਨਾ ਨਾਲ ਸ਼ੁਰੂ ਹੁੰਦੀ ਹੈ, ਜੋ ਅਣਕਿਸੀਆਂ ਘਟਨਾਵਾਂ ਦੀ ਇੱਕ ਕੜੀ ਨੂੰ ਜਨਮ ਦਿੰਦੀ ਹੈ। ਮੁਰਗੀਆਂ ਦੇ ਵਾਰ-ਵਾਰ ਭੱਜਣ ਲਈ ਦੋਸ਼ੀ ਠਹਿਰਾਏ ਜਾਣ ‘ਤੇ ਕਸਾਈ ਇੱਕ ਅਨੋਖਾ ਉਪਰਾਲਾ ਕਰਦਾ ਹੈ। ਉਹ ਮੁਰਗੀਆਂ ਦੇ ਮਨੋਰੰਜਲ ਲਈ ਦੁਕਾਨ ਵਿੱਚ ਇੱਕ ਟੈਲੀਵਿਜ਼ਨ ਲਗਵਾ ਦਿੰਦਾ ਹੈ। ਹਾਲਾਂਕਿ, ਜਲਦੀ ਹੀ ਉਹ ਖੁਦ ਟੈਲੀਵਿਜ਼ਨ ਦੇਖਣ ਦਾ ਆਦੀ ਹੋ ਜਾਂਦਾ ਹੈ, ਜਿਸ ਦਾ ਅਸਰ ਉਸ ਦੇ ਵਿਵਹਾਰ, ਜ਼ਿੰਮੇਵਾਰੀਆਂ ਅਤੇ ਪਤਨੀ ਨਾਲ ਉਸ ਦੇ ਰਿਸ਼ਤੇ ਉਪਰ ਪੈਂਦਾ ਹੈ। ਜਦੋਂ ਟੈਲੀਵਿਜ਼ਨ ਖਰਾਬ ਹੋ ਜਾਂਦਾ ਹੈ ਅਤੇ ਸਾਰੀਆਂ ਮੁਰਗੀਆਂ ਭੱਜ ਜਾਂਦੀਆਂ ਹਨ ਤਾਂ ਕਸਾਈ ਨੂੰ ਆਪਣੇ ਮਾਲਕ ਦੀ ਸਜ਼ਾ ਅਤੇ ਘਰ ਵਿੱਚ ਪਤਨੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਦ ਅਤੇ ਆਜ਼ਾਦੀ ਦੀ ਚਾਹਤ ਵਿਚਕਾਰ ਫਸੇ ਇੱਕ ਵਿਅਕਤੀ ਦੀ ਇੱਕ ਅਨੋਖੀ ਕਹਾਣੀ ਰਾਹੀਂ ਮੀਡੀਅਮ ਪੀਸ ਇਕਲਾਪੇ, ਆਧੁਨਿਕ ਜੀਵਨ ਦੀ ਭਟਕਣਾ ਅਤੇ ਰੋਜ਼ਾਨਾ ਦੀ ਜ਼ਿੰਦਗੀ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਅਣਕਿਆਸੇ ਨਤੀਜਿਆਂ ਨੂੰ ਉਜਾਗਰ ਕਰਦੀ ਹੈ।
ਹੈਲਥ ਸੈਂਟਰ
_20261120200335_fa2050.jpeg)
ਡਾਇਰੈਕਟਰ: ਅਨੂਪ ਸਰਦੇਸਾਈ| ਭਾਸ਼ਾ : ਕੋਂਕਣੀ| ਮਿਆਦ: 2 ਘੰਟੇ 7 ਮਿੰਟ
ਅਵਿਵਸਥਾਵਾਂ ਨਾਲ ਘਿਰੇ ਇੱਕ ਸਰਕਾਰੀ ਸਿਹਤ ਕੇਂਦਰ ਦੇ ਪਿਛੋਕੜ ‘ਤੇ ਅਧਾਰਿਤ ਹੈਲਥ ਸੈਂਟਰ ਇਸ ਦੇ ਮੁੱਖ ਚਿਕਿਤਸਾ ਅਧਿਕਾਰੀ ਡਾ. ਸ਼੍ਰੀਧਰ ਕਾਮਤ ਦੀ ਕਹਾਣੀ ਹੈ, ਜੋ ਇੱਕ ਗੰਭੀਰ ਨੈਤਿਕ ਸੰਕਟ ਦਾ ਸਾਹਮਣਾ ਕਰਦੇ ਹਨ। ਇਹ ਸੰਕਟ ਉਦੋਂ ਪੈਦਾ ਹੁੰਦਾ ਹੈ, ਜਦੋਂ ਇੱਕ ਨੌਜਵਾਨ ਦੁਰਵਿਹਾਰ ਪੀੜ੍ਹਤਾ ਸੁਰਭੀ ‘ਤੇ ਭ੍ਰਿਸ਼ਟ ਨੇਤਾਵਾਂ ਅਤੇ ਪੁਲਿਸ ਦੁਆਰਾ ਇੱਕ ਪ੍ਰਭਾਵਸ਼ਾਲੀ ਦੋਸ਼ੀ ਅਜੈ ਦੇ ਵਿਰੁੱਧ ਦਰਜ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ ਜਾਂਦਾ ਹੈ। ਇਸੇ ਦੌਰਾਨ, ਸਿਹਤ ਕੇਂਦਰ ਦੇ ਕਰਮਚਾਰੀਆਂ ਦੀ ਹੜਤਾਲ ਦੇ ਵਿਚਕਾਰ ਡਾ. ਕਾਮਤ ਇੱਕ ਕੋਮਾ ਵਿੱਚ ਪਏ ਮਰੀਜ਼ ਦਾ ਇਲਾਜ ਜਾਰੀ ਰੱਖਣ ਲਈ ਵੀ ਸੰਘਰਸ਼ ਕਰਦੇ ਹਨ, ਜਿਸ ਦੀ ਬੇਟੀ ਮਨੀਸ਼ਾ ਹਸਪਤਾਲ ਦੇ ਸੀਮਤ ਸੰਸਾਥਨਾ ਉਪਰ ਨਿਰਭਰ ਹੈ। ਜਦੋਂ ਸੁਰਭਿ ਅੰਤ ਵਿੱਚ ਧਮਕੀਆਂ ਅੱਗੇ ਹਾਰ ਮੰਨਦੀ ਹੈ, ਤਾਂ ਡਾ. ਕਾਮਤ ਖੁਦ ਨਿਆਂ ਕਰਨ ਦਾ ਫੈਸਲਾ ਲੈਂਦੇ ਹਨ। ਉਹ ਗੁਪਤ ਢੰਗ ਨਾਲ ਅਜੈ ਨੂੰ ਜਾਨਲੇਵਾ ਇੰਜੈਕਸ਼ਨ ਦੇ ਦਿੰਦੇ ਹਨ ਅਤੇ ਵਿਰੋਧ ਸਰੂਪ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਹਨ। ਹਾਲਾਂਕਿ, ਉਹ ਕੋਮਾ ਵਿੱਚ ਪਏ ਮੀਰਜ਼ ਨੂੰ ਜੀਵਨ ਰੱਖਿਅਕ ਪ੍ਰਣਾਲੀ ‘ਤੇ ਬਣਾਈ ਰੱਖਣ ਦੀ ਵਿਵਸਥਾ ਨੂੰ ਯਕੀਨੀ ਕਰਦੇ ਹਨ। ਦਸ ਸਾਲ ਬਾਅਦ, ਉਨ੍ਹਾਂ ਦੀ ਵਿਰਾਸਤ ਮੁੜ ਤੋਂ ਸਾਹਮਣੇ ਆਉਂਦੀ ਹੈ, ਜਦੋਂ ਉਨ੍ਹਾਂ ਦਾ ਬੇਟਾ ਰਾਜ ਇੱਕ ਨਵੇਂ ਸਿਹਤ ਕੇਂਦਰ ਵਿੱਚ ਨੌਕਰੀ ਸ਼ੁਰੂ ਕਰਦਾ ਹੈ ਅਤੇ ਉੱਥੇ ਇੱਕ ਸੀਨੀਅਰ ਡਾਕਟਰ ਨਾਲ ਮਿਲਦਾ ਹੈ, ਜਿਸ ਦੀ ਪਛਾਣ ਅੰਤ ਵਿੱਚ ਸੁਰਭਿ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ।
ਸਾਲ 2004 ਤੋਂ ਗੋਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆਂ (ਇੱਫੀ) ਦਾ ਇੱਕ ਸਥਾਈ ਆਯੋਜਨ ਸਥਾਨ ਰਿਹਾ ਹੈ। ਹਰ ਸਾਲ ਨਵੰਬਰ ਵਿੱਚ ਇਹ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਸਿਨੇਮਾ ਪ੍ਰੇਮੀਆਂ ਅਤੇ ਰਚਨਾਤਮਕ ਪ੍ਰਤਿਭਾਵਾਂ ਦਾ ਸਵਾਗਤ ਕਰਦਾ ਹੈ। 20 ਤੋਂ 28 ਨਵੰਬਰ, 2026 ਤੱਕ ਆਯੋਜਿਤ ਹੋ ਰਹੇ ਫੈਸਟੀਵਲ ਦਾ 57ਵਾਂ ਐਡੀਸ਼ਨ 'ਸਟੋਰੀਜ਼ ਵਿਦਾਉਟ ਬੌਰਡਰਸ' ਥੀਮ ‘ਤੇ ਅਧਾਰਿਤ ਹੈ। ਇਹ ਫੈਸਟੀਵਲ ਭੂਗੌਲਿਕ, ਭਾਸ਼ਾਈ ਅਤੇ ਸੱਭਿਆਚਾਰਕ ਸੀਮਾਵਾਂ ਤੋਂ ਪਰੇ ਜਾਣ ਅਤੇ ਸਾਂਝੇ ਮਨੁੱਖੀ ਅਨੁਭਵਾਂ ਰਾਹੀਂ ਦਰਸ਼ਕਾਂ ਨੂੰ ਜੋੜਨ ਦੀ ਸਿਨੇਮਾ ਦੀ ਸਮਰੱਥਾ ਦਾ ਉਤਸਵ ਮਨਾਉਂਦਾ ਹੈ।
ਪਿੰਡ ਦੀਆਂ ਚੁਣੀਆਂ ਹੋਈਆਂ ਫਿਲਮਾਂ ਦਾ ਇਹ ਸੰਗ੍ਰਹਿ ਇਸੇ ਭਾਵਨਾ ਦਾ ਸਟੀਕ ਪ੍ਰਤੀਬਿੰਬ ਹੈ। ਪਿੰਡ ਦੇ ਰੋਜ਼ਾਨਾ ਦੇ ਜੀਵਨ, ਸੱਭਿਆਚਾਰਕ ਪਰੰਪਰਾਵਾਂ ਅਤੇ ਸਮਾਜਿਕ ਹਕੀਕਤ ਵਿੱਚ ਡੂੰਘਾਈ ਨਾਲ ਰਚੀਆਂ-ਬਸੀਆਂ ਇਹ 12 ਫਿਲਮਾਂ ਦਰਸਾਉਂਦੀਆਂ ਹਨ ਕਿ ਕਿਸੇ ਵਿਸ਼ੇਸ਼ ਸਥਾਨ ਤੋਂ ਪੈਦਾ ਹੋਈਆਂ ਕਹਾਣੀਆਂ ਕਿਸ ਤਰ੍ਹਾਂ ਉਸ ਥਾਂ ਦੀਆਂ ਸੀਮਾਵਾਂ ਤੋਂ ਪਰੇ ਜਾ ਕੇ ਦੁਨੀਆ ਭਰ ਦੇ ਦਰਸ਼ਕਾਂ ਨਾਲ ਜੁੜ ਸਕਦੀਆਂ ਹਨ।
ਪਰਿਵਾਰਕ ਰਿਸ਼ਤਿਆਂ, ਪਛਾਣ ਨਾਲ ਜੁੜੇ ਸਵਾਲਾਂ, ਬਚਪਨ, ਇਕਲਾਪੇ ਜਾਂ ਸਮਾਜਿਕ ਜੀਵਨ ਦੀਆਂ ਮੁਸ਼ਕਲਾਂ ਨੂੰ ਉਜਾਗਰ ਕਰਨ ਵਾਲੀਆਂ ਇਹ ਫਿਲਮਾਂ ਸਥਾਨਕ ਅਨੁਭਵਾਂ ਤੋਂ ਪੈਦਾ ਹੋਏ ਅਜਿਹੇ ਦ੍ਰਿਸ਼ਟੀਕੋਣ ਪੇਸ਼ ਕਰਦੀਆਂ ਹਨ ਜੋ ਵਿਸ਼ਵਵਿਆਪੀ ਮਨੁੱਖੀ ਭਾਵਨਾਵਾਂ ਨਾਲ ਜੁੜੇ ਹਨ।
ਕੋਂਕਣੀ ਅਤੇ ਮਰਾਠੀ ਸਿਨੇਮਾ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪੇਸ਼ ਕਰਕੇ ਇੱਫੀ ਦਾ 57ਵਾਂ ਐਡੀਸ਼ਨ ਇਨ੍ਹਾਂ ਰਚਨਾਤਮਕ ਆਵਾਜ਼ਾਂ ਨੂੰ ਉਨ੍ਹਾਂ ਦੇ ਸਥਾਨਕ ਸੱਭਿਆਚਾਰਕ ਅਤੇ ਭਾਸ਼ਾਈ ਦਾਇਰੇ ਤੋਂ ਬਾਹਰ ਨਿਕਲਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਗੋਆ ਨੂੰ ਸਿਰਫ਼ ਇੱਕ ਟੂਰਿਜ਼ਮ ਸਾਈਟ ਵਜੋਂ ਹੀ ਨਹੀਂ, ਸਗੋਂ ਇੱਥੇ ਦੇ ਲੋਕਾਂ ਦੇ ਜੀਵਨ, ਯਾਦਾਂ ਅਤੇ ਕਹਾਣੀਆਂ ਰਾਹੀਂ ਜਾਣਨ ਦਾ ਮੌਕਾ ਮਿਲਦਾ ਹੈ। ਇਸ ਸਾਲ ਦੇ ਮਹੋਤਸਵ ਦੀ ਥੀਮ ‘ਸਟੋਰੀਜ਼ ਵਿਦਾਉਟ ਬੌਰਡਰਸ’ ਦੀ ਭਾਵਨਾ ਦੇ ਅਨੁਸਾਰ, ਫਿਲਮਾਂ ਦੀ ਇਹ ਚੋਣ ਸਾਨੂੰ ਯਾਦ ਦਿਵਾਉਂਦੀ ਹੈ ਕਿ ਕਹਾਣੀਆਂ ਦੀ ਸ਼ੁਰੂਆਤ ਭਾਵੇਂ ਹੀ ਸਥਾਨਕ ਪੱਧਰ ‘ਤੇ ਹੁੰਦੀ ਹੋਵੇ, ਪਰ ਲੋਕਾਂ ਨੂੰ ਭਾਵਨਾਤਮਕ ਤੌਰ ‘ਤੇ ਜੋੜਨ, ਪ੍ਰਭਾਵਿਤ ਕਰਨ ਅਤੇ ਉਨ੍ਹਾਂ ਦੇ ਦਿਲਾਂ ਅੰਦਰ ਥਾਂ ਬਣਾਉਣ ਦੀ ਉਨ੍ਹਾਂ ਦੀ ਸਮਰੱਥਾ ਦੀ ਕੋਈ ਸੀਮਾ ਨਹੀਂ ਹੁੰਦੀ।
Read IFFILOID here: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ | ਰਜਿਤ ਚੰਦ੍ਰਨ / ਰਬੀ ਹਾਸ਼ਮੀ/ ਲਕਸ਼ਮੀ ਪ੍ਰਿਆ ਐੱਸ.ਐੱਸ/ ਬੀਬਿਨ ਐੱਸ ਨਾਥ ਦਰਸ਼ਨਾ ਰਾਣੇ/ਏਕੇ | ਇੱਫੀ 57 - 041