ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ ਖੇਤਰ ਵਿੱਚ ਹੁਨਰ ਵਿਕਾਸ, ਖੋਜ ਅਤੇ ਨਵੀਨਤਾ ਲਈ ਮੁੰਬਈ ਵਿੱਚ ਸਥਾਪਿਤ - ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (IICT) ਨੇ ਰਚਨਾਤਮਕ ਤਕਨਾਲੋਜੀ ਅਤੇ ਹੁਨਰ ਵਿਕਾਸ ਦੇ ਖੇਤਰ ਵਿੱਚ ਭਾਰਤ-ਜਾਪਾਨ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ (ਇੱਫੀ-2026) ਦੌਰਾਨ ਵਾਕੌਮ ਇੰਡੀਆ (Wacom India) ਨਾਲ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ।
ਇਸ ਸਾਂਝੇਦਾਰੀ ਦਾ ਉਦੇਸ਼ ਭਾਰਤੀ ਵਿਦਿਆਰਥੀਆਂ ਨੂੰ ਪੇਸ਼ੇਵਰ ਉਪਕਰਣਾਂ ਅਤੇ ਉਦਯੋਗ-ਅਧਾਰਿਤ ਸਿਖਲਾਈ ਸਹੂਲਤ ਉਪਲਬਧ ਕਰਵਾਉਣਾ ਹੈ। ਸਮਝੌਤੇ ਦੇ ਤਹਿਤ, ਆਈਆਈਸੀਟੀ ਦੇ ਦੋ ਵਰ੍ਹਿਆਂ ਦੇ ਤਿੰਨ ਡਿਪਲੋਮਾ ਪ੍ਰੋਗਰਾਮਾਂ- ਐਨੀਮੇਸ਼ਨ ਫ਼ਿਲਮ ਡਿਜ਼ਾਈਨ, ਇੰਟਰਐਕਟਿਵ ਵੀਡੀਓ ਗੇਮ ਡਿਜ਼ਾਈਨ ਅਤੇ ਵਿਕਾਸ ਅਤੇ ਪੋਸਟ-ਪ੍ਰੋਡਕਸ਼ਨ ਤੇ ਵਿਜ਼ੂਅਲ ਇਫੈਕਟਸ ਵਿੱਚ ਪੜ੍ਹ ਰਹੇ 18 ਵਿਦਿਆਰਥੀਆਂ ਨੂੰ 50 ਫੀਸਦੀ ਟਿਊਸ਼ਨ ਫੀਸ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਬਾਹਰਲੇ ਖੇਤਰਾਂ ਤੋਂ ਆਉਣ ਵਾਲੇ ਯੋਗ ਵਿਦਿਆਰਥੀਆਂ ਨੂੰ ਰਿਹਾਇਸ਼ੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਆਈਆਈਸੀਟੀ (IICT) ਅਤੇ ਵਾਕੌਮ ਇੰਡੀਆ (Wacom India) ਸਹਿਯੋਗ ਦੇ ਤਹਿਤ ਦਸੰਬਰ 2027 ਤੱਕ ਜਾਪਾਨੀ ਅਤੇ ਭਾਰਤੀ ਕਲਾਕਾਰਾਂ ਅਤੇ ਮਾਹਿਰਾਂ ਦੀ ਅਗਵਾਈ ਵਿੱਚ ਮੰਗਾ (Manga), ਐਨੀਮੇ (Anime) ਅਤੇ ਹੋਰ ਰਚਨਾਤਮਕ ਵਿਧਾਵਾਂ ‘ਤੇ 10 ਵਾਕੌਮ-ਬ੍ਰਾਂਡਿਡ ਰਚਨਾਤਮਕ ਮੁਕਾਬਲਿਆਂ ਅਤੇ ਹਰ ਤਿੰਨ ਮਹੀਨੇ ਆਯੋਜਿਤ ਹੋਣ ਵਾਲੀਆਂ ਮਾਸਟਰਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਯੋਜਨਾਬੱਧ ਮਾਰਗਦਰਸ਼ਨ ਅਤੇ ਵਿਸ਼ਵ ਪੱਧਰੀ ਅਨੁਭਵ ਉਪਲਬਧ ਕਰਵਾਏ ਜਾਣਗੇ। ਮੰਗਾ ਜਾਪਾਨੀ ਸ਼ੈਲੀ ਦੀਆਂ ਕੌਮਿਕਸ ਜਾਂ ਗ੍ਰਾਫਿਕ ਨਾਵਲ ਹੁੰਦੇ ਹਨ, ਜਦੋਂ ਕਿ ਐਨੀਮੇ ਜਾਪਾਨ ਵਿੱਚ ਬਣੀਆਂ ਐਨੀਮੇਟਿਡ ਟੀਵੀ ਸੀਰੀਜ਼ ਜਾਂ ਫ਼ਿਲਮਾਂ ਹੁੰਦੀਆਂ ਹਨ। ਦੋਵੇਂ ਸੰਸਥਾਨ ਮਿਲ ਕੇ ਡਿਜੀਟਲ ਚਿੱਤਰਕਾਰੀ (Digital Illustration), ਕੌਂਸੈਪਟ ਆਰਟ (Concept Art), ਕੈਰੇਕਟਰ ਡਿਜ਼ਾਈਨ, ਐਨੀਮੇਸ਼ਨ ਅਤੇ ਗੇਮ ਆਰਟ (Game Art) ਵਿੱਚ ਵਿਦਿਆਰਥੀਆਂ ਦੀਆਂ ਰਚਨਾਤਮਕ ਕਲਾਕ੍ਰਿਤੀਆਂ ਲਈ ਵਿਸ਼ਵ ਪੱਧਰੀ ਪ੍ਰਦਰਸ਼ਨ ਮੰਚ ਵਿਕਸਿਤ ਕਰਨਗੇ, ਜਿਸ ਨਾਲ ਵਿਦਿਆਰਥੀਆਂ ਨੂੰ ਉਦਯੋਗ ਦੇ ਅਨੁਕੂਲ ਪੋਰਟਫੋਲੀਓ ਤਿਆਰ ਕਰਨ ਵਿੱਚ ਮਦਦ ਮਿਲੇਗੀ। ਸਮਝੌਤੇ ਵਿੱਚ ਆਪਸੀ ਸਹਿਮਤੀ ਵਾਲੀ ਯੋਜਨਾ ਤਹਿਤ ਆਈਆਈਸੀਟੀ (IICT) ਨੂੰ ਵਾਕੌਮ ਟੈਬਲੇਟ ਦੀ ਪੈਕੇਜਿੰਗ ਅਤੇ ਉਸ ਦੇ ਪਿਕਸਲ ਪਰਚ ਕ੍ਰਿਏਟਰ ਪਲੈਟਫਾਰਮ ਵਿੱਚ ਸ਼ਾਮਲ ਕਰਨ ਦੀ ਵਿਵਸਥਾ ਵੀ ਹੈ।
ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਦੇ ਮੌਕੇ 'ਤੇ ਆਈਆਈਸੀਟੀ (IICT) ਦੇ ਸੰਸਥਾਪਕ ਨਿਰਦੇਸ਼ਕ ਡਾ. ਆਸ਼ੀਸ਼ ਕੁਲਕਰਨੀ ਨੇ ਕਿਹਾ ਕਿ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਵਿਕਸਿਤ ਕਰਨ ਵਿੱਚ ਨੌਜਵਾਨ ਰਚਨਾਕਾਰਾਂ ਨੂੰ ਵਿਸ਼ਵਵਿਆਪੀ ਰਚਨਾਤਮਕ ਢਾਂਚੇ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਂਝੇਦਾਰੀ ਐਨੀਮੇਸ਼ਨ, ਮੰਗਾ (Manga) ਅਤੇ ਗੇਮਿੰਗ ਦੇ ਖੇਤਰ ਵਿੱਚ ਜਾਪਾਨ ਦੀ ਮੁਹਾਰਤ ਨੂੰ ਭਾਰਤ ਦੀ ਵਿਭਿੰਨ ਕਹਾਣੀ-ਕਲਾ ਦੀ ਸਮ੍ਰਿੱਧ ਪਰੰਪਰਾ ਨਾਲ ਜੋੜਦੀ ਹੈ। ਇਸ ਨਾਲ ਵਿਦਿਆਰਥੀ ਵਿਸ਼ਵਵਿਆਪੀ ਦਰਸ਼ਕਾਂ ਲਈ ਮੌਲਿਕ ਬੌਧਿਕ ਸੰਪਦਾ ਤਿਆਰ ਕਰ ਸਕਣਗੇ।
ਆਈਆਈਸੀਟੀ (IICT) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਵਿਸ਼ਵਾਸ ਦੇਵਸਕਰ ਨੇ ਏਵੀਜੀਸੀ-ਐਕਸਆਰ (AVGC-XR) ਖੇਤਰ ਵਿੱਚ ਰੁਜ਼ਗਾਰ ਸਮਰੱਥਾ ਵਧਾਉਣ ਲਈ ਵਿਵਹਾਰਕ ਅਨੁਭਵ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁਕਾਬਲਿਆਂ, ਮਾਸਟਰਕਲਾਸਾਂ, ਪੇਸ਼ੇਵਰ ਉਪਕਰਣਾਂ ਅਤੇ ਪੋਰਟਫੋਲੀਓ ਨਾਲ ਵਿਦਿਆਰਥੀਆਂ ਨੂੰ ਅਸਲ ਵਿੱਚ ਕੰਮ ਕਰਨ ਅਤੇ ਉਦਯੋਗ ਵਿੱਚ ਕੰਮ ਕਰਨ ਦੀ ਤਿਆਰੀ ਦਿਖਾਉਣ ਵਿੱਚ ਮਦਦ ਮਿਲੇਗੀ।
ਵਾਕੌਮ (Wacom) ਦੀ ਕ੍ਰਿਏਟਿਵ ਐਕਸਪੀਰੀਐਂਸ ਯੂਨਿਟ ਦੇ ਵਿਸ਼ਵਵਿਆਪੀ ਮੁਖੀ ਕੋਜੀ ਯਾਨੋ ਨੇ ਐਨੀਮੇਸ਼ਨ, ਮੰਗਾ (Manga), ਗੇਮਿੰਗ ਅਤੇ ਡਿਜੀਟਲ ਸਮੱਗਰੀ ਦੇ ਖੇਤਰ ਵਿੱਚ ਭਾਰਤ ਅਤੇ ਜਾਪਾਨ ਦਰਮਿਆਨ ਰਚਨਾਤਮਕ ਸਹਿਯੋਗ ਅਤੇ ਗਿਆਨ ਦੇ ਅਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਕ ਸਮੇਤ ਵਾਕੌਮ ਦੀ ਤਕਨਾਲੋਜੀ ਨੌਜਵਾਨ ਭਾਰਤੀ ਰਚਨਾਕਾਰਾਂ ਨੂੰ ਵਿਸ਼ਵਵਿਆਪੀ ਰਚਨਾਤਮਕ ਸਾਂਝੇਦਾਰੀਆਂ ਵਿੱਚ ਸਹਿਯੋਗ ਕਰਨ ਅਤੇ ਹਿੱਸਾ ਲੈਣ ਦੇ ਯੋਗ ਬਣਾਵੇਗੀ।

ਆਈਆਈਸੀਟੀ ਬਾਰੇ:
ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ - ਆਈਆਈਸੀਟੀ (IICT), ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਐਕਸਟੈਂਡਿਡ ਰਿਐਲਿਟੀ (AVGC-XR) ਲਈ ਭਾਰਤ ਦਾ ਰਾਸ਼ਟਰੀ ਉੱਤਮਤਾ ਕੇਂਦਰ ਹੈ। ਇਸ ਦੀ ਸਥਾਪਨਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਮਹਾਰਾਸ਼ਟਰ ਸਰਕਾਰ, ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ - ਫਿੱਕੀ (FICCI) ਅਤੇ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ – ਸੀਆਈਆਈ (CII) ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਦਾ ਪਹਿਲਾ ਕੈਂਪਸ ਜੁਲਾਈ 2025 ਵਿੱਚ ਮੁੰਬਈ ਸਥਿਤ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ – ਐੱਨਐੱਫਡੀਸੀ (NFDC) ਕੈਂਪਸ ਵਿੱਚ ਸ਼ੁਰੂ ਹੋਇਆ, ਜਦੋਂ ਕਿ ਇਸ ਦਾ ਸਥਾਈ ਕੈਂਪਸ ਫ਼ਿਲਮ ਸਿਟੀ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਆਈਆਈਸੀਟੀ (IICT) ਅਜੇ 18 ਕੋਰਸ ਸੰਚਾਲਿਤ ਕਰਦਾ ਹੈ ਅਤੇ ਇਸ ਦੀ ਵਿਸ਼ਵ ਦੀਆਂ ਮੋਹਰੀ ਤਕਨਾਲੋਜੀ ਅਤੇ ਮੀਡੀਆ ਕੰਪਨੀਆਂ ਨਾਲ ਸਾਂਝੇਦਾਰੀ ਹੈ।
ਇੱਫੀਲੌਇਡ ਬਾਰੇ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਸੁਪ੍ਰਿਆ/ ਸਸਮਿਤਾ/ਦਰਸ਼ਨਾ | IFFI 57 – 071