ਅਸਾਮ ਦੇ ਰਵਾਇਤੀ ਹੈਂਡਲੂਮ ਬੁਣਾਈ ਭਾਈਚਾਰੇ ਦੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਯਤਨਾਂ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਇੱਕ ਸੋਗਮਈ ਪਿਤਾ ਦੀ ਮਨੋਵਿਗਿਆਨਕ ਯਾਤਰਾ ਤੱਕ, ਉੱਤਰ-ਪੂਰਬੀ ਭਾਰਤ ਦੀਆਂ ਦੋ ਫ਼ਿਲਮਾਂ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਵਿੱਚ ਪਛਾਣ, ਸੰਘਰਸ਼ਸ਼ੀਲਤਾ ਅਤੇ ਮਨੁੱਖੀ ਭਾਵਨਾਵਾਂ ਦੀਆਂ ਵੱਖ-ਵੱਖ ਕਹਾਣੀਆਂ ਲੈ ਕੇ ਪਹੁੰਚੀਆਂ ਹਨ।
ਅਸਾਮੀ ਦਸਤਾਵੇਜ਼ੀ ਫ਼ਿਲਮ (ਡੌਕਿਊਮੈਂਟਰੀ) 'ਰੈੱਡ ਕਾਰਪੈੱਟ' ਨੂੰ ਭਾਰਤੀ ਪੈਨੋਰਮਾ ਦੇ ਨੌਨ-ਫ਼ੀਚਰ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਜਦੋਂ ਕਿ ਉਰੁਮ (Urum) ਭਾਰਤੀ ਪੈਨੋਰਮਾ ਫ਼ੀਚਰ ਫ਼ਿਲਮ ਸ਼੍ਰੇਣੀ ਦਾ ਹਿੱਸਾ ਹੈ।
_20261122163256_e28b23.jpeg)
'ਰੈੱਡ ਕਾਰਪੈੱਟ' (ਅਸਾਮੀ), ਜਿਸ ਦਾ ਨਿਰਦੇਸ਼ਨ ਐਮੀ ਬਰੂਆ (Aimee Baruah) ਨੇ ਕੀਤਾ ਹੈ ਅਤੇ 'ਉਰੁਮ', ਜਿਸ ਦਾ ਨਿਰਦੇਸ਼ਨ ਦੁਯੂ ਤਬਯੋ (Duyu Tabyo) ਨੇ ਕੀਤਾ ਹੈ, ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਲੈ ਕੇ ਅੱਜ ਗੋਆ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਚਰਚਾ ਕੀਤੀ ਗਈ। ਇਸ ਦੌਰਾਨ ਦੋਵਾਂ ਡਾਇਰੈਕਟਰਾਂ ਨੇ ਆਪਣੀਆਂ ਫ਼ਿਲਮਾਂ ਅਤੇ ਫ਼ਿਲਮ ਨਿਰਮਾਣ ਦੀ ਯਾਤਰਾ ਬਾਰੇ ਜਾਣਕਾਰੀ ਸਾਂਝੀ ਕੀਤੀ।
'ਰੈੱਡ ਕਾਰਪੈੱਟ' ਅਸਾਮ ਦੇ ਕਾਰਬੀ ਆਂਗਲੌਂਗ (Karbi Anglong ) ਵਿੱਚ ਕਾਰਬੀ ਭਾਈਚਾਰੇ ਦੀ ਰਵਾਇਤੀ ਹੈਂਡਲੂਮ ਬੁਣਾਈ ਦੀ ਵਿਰਾਸਤ ਨੂੰ ਦਰਸਾਉਂਦੀ ਹੈ, ਜਿੱਥੇ ਸਦੀਆਂ ਪੁਰਾਣੀ ਕਲਾ ਆਧੁਨਿਕਤਾ ਅਤੇ ਬਦਲਦੀ ਜੀਵਨਸ਼ੈਲੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਹ ਦਸਤਾਵੇਜ਼ੀ ਫ਼ਿਲਮ ਡੋਂਕਾਮੋਕਾਮ ਪਿੰਡ ਦੇ ਇੱਕ ਰਵਾਇਤੀ ਬੁਣਕਰ ਦੀ ਯਾਤਰਾ ਨੂੰ ਪਿੰਡ ਤੋਂ ਕਾਨ ਫ਼ਿਲਮ ਮਹੋਤਸਵ ਦੇ ਰੈੱਡ ਕਾਰਪੈੱਟ ਤੱਕ ਦਿਖਾਉਂਦੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਹੱਥ ਨਾਲ ਬੁਣਿਆ ਕੱਪੜਾ ਸੱਭਿਆਚਾਰਕ ਪਛਾਣ, ਮਾਣ ਅਤੇ ਉਮੀਦ ਦਾ ਪ੍ਰਤੀਕ ਬਣ ਗਿਆ।
ਫ਼ਿਲਮ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੁਰਸਕਾਰ ਜੇਤੂ ਭਾਰਤੀ ਅਦਾਕਾਰਾ, ਨਿਰਮਾਤਾ ਅਤੇ ਫ਼ਿਲਮਕਾਰ ਅਤੇ ਪੀਐੱਚਡੀ. ਕਰ ਰਹੇ ਐਮੀ ਬਰੂਆ ਨੇ ਅਸਾਮ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਤਿਆਰ ਰਵਾਇਤੀ ਹੱਥ ਨਾਲ ਬੁਣੇ ਕੱਪੜੇ ਨੂੰ ਕਾਨ ਦੇ ਪ੍ਰਤਿਸ਼ਠਿਤ ਰੈੱਡ ਕਾਰਪੈੱਟ ਤੱਕ ਪਹੁੰਚਾਉਣ ਦੇ ਸਫ਼ਰ ਬਾਰੇ ਦੱਸਿਆ।

ਉਨ੍ਹਾਂ ਨੇ ਸਥਾਨਕ ਬੁਣਕਰਾਂ ਦੀ ਕਾਰੀਗਰੀ ਅਤੇ ਉਨ੍ਹਾਂ ਦੇ ਰਵਾਇਤੀ ਪਹਿਰਾਵੇ ਵਿੱਚ ਸ਼ਾਮਲ ਸੱਭਿਆਚਾਰਕ ਪਛਾਣ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਪਹਿਰਾਵੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਿਲੀ ਪਛਾਣ ਨੇ ਖੇਤਰ ਦੀ ਮੂਲ ਸੱਭਿਆਚਾਰਕ ਵਿਰਾਸਤ ਨੂੰ ਵਿਆਪਕ ਪਛਾਣ ਦਿਵਾਉਣ ਵਿੱਚ ਮਦਦ ਕੀਤੀ।
ਰਵਾਇਤੀ ਬੁਣਾਈ ਦੇ ਤਰੀਕਿਆਂ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਪਰੰਪਰਾਵਾਂ 'ਤੇ ਮਾਣ ਕਰਨ ਅਤੇ ਇਸ ਵਿਰਾਸਤ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਦੂਜੀ ਫ਼ਿਲਮ 'ਉਰੁਮ', ਜਿਸ ਦਾ ਨਿਰਦੇਸ਼ਨ ਦਯੂ ਤਬਯੋ (Duyu Tabyo) ਨੇ ਕੀਤਾ ਹੈ, ਅਰੁਣਾਚਲ ਪ੍ਰਦੇਸ਼ ਦੇ ਇੱਕ ਦੂਰ-ਦੁਰਾਡੇ ਪਹਾੜੀ ਭਾਈਚਾਰੇ ਵਿੱਚ ਆਪਣੀ ਛੋਟੀ ਬੇਟੀ ਦੀ ਦੁਖਦਾਈ ਮੌਤ ਨੂੰ ਸਵੀਕਾਰ ਕਰਨ ਲਈ ਸੰਘਰਸ਼ ਕਰ ਰਹੇ ਪਿਤਾ ਦੀ ਕਹਾਣੀ ਰਾਹੀਂ ਸੋਗ, ਯਾਦਾਂ ਅਤੇ ਮੂਲ ਭਾਈਚਾਰੇ ਦੀਆਂ ਮਾਨਤਾਵਾਂ ਨੂੰ ਖੋਜਦੀ ਹੈ। ਅਪਰਾਧ-ਬੋਧ ਅਤੇ ਡਰਾਉਣੇ ਦ੍ਰਿਸ਼ਾਂ ਨਾਲ ਜੂਝਦੇ ਪਿਤਾ ਦੇ ਸਫ਼ਰ ਰਾਹੀਂ ਫ਼ਿਲਮ ਦੱਬੇ ਹੋਏ ਸੱਚ, ਸਦਮੇ ਅਤੇ ਉਨ੍ਹਾਂ ਅਦਿੱਖ ਸ਼ਕਤੀਆਂ ਦਰਮਿਆਨ ਮਾਨਸਿਕ ਸ਼ਾਂਤੀ ਲੱਭਣ ਦੀ ਕਹਾਣੀ ਸਾਹਮਣੇ ਲਿਆਉਂਦੀ ਹੈ, ਜੋ ਉਸ ਦੇ ਭਾਈਚਾਰੇ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ।

ਅਰੁਣਾਚਲ ਪ੍ਰਦੇਸ਼ ਦੇ ਸੁਤੰਤਰ ਲੇਖਕ-ਡਾਇਰੈਕਟਰ ਅਤੇ ਸੱਭਿਆਚਾਰਕ ਕਾਰਜਕਰਤਾ ਦੁਯੂ ਤਬਯੋ ((Duyu Tabyo), ਜਿਨ੍ਹਾਂ ਦਾ ਕੰਮ ਮੂਲ ਭਾਈਚਾਰੇ ਦੀ ਪਛਾਣ, ਯਾਦਾਂ ਅਤੇ ਸਮਾਜਿਕ ਹਕੀਕਤਾਂ ਨੂੰ ਲੱਭਣਾ ਹੈ, ਨੇ ਆਪਣੇ ਬਚਪਨ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਜ਼ੀਰੋ ਵਿੱਚ ਵੇਖੀ ਇੱਕ ਘਟਨਾ ਨੂੰ ਯਾਦ ਕੀਤਾ। ਇਸ ਵਿੱਚ ਇੱਕ ਪਿਤਾ ਆਪਣੀ ਬੇਟੀ ਨੂੰ ਗੁਆਉਣ ਦੇ ਦੁੱਖ ਨਾਲ ਜੂਝ ਰਿਹਾ ਸੀ। ਇਹ ਯਾਦ ਵਰ੍ਹਿਆਂ ਤੱਕ ਉਨ੍ਹਾਂ ਦੇ ਮਨ ਵਿੱਚ ਬਣੀ ਰਹੀ ਅਤੇ ਅੰਤ ਵਿੱਚ ਫ਼ਿਲਮ ਦਾ ਅਧਾਰ ਬਣੀ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਉਹ ਕਿਸੇ ਖ਼ਾਸ ਨੈਤਿਕ ਸੁਨੇਹੇ ਨੂੰ ਦੇਣ ਦੀ ਬਜਾਏ ਸੋਗਮਈ ਪਿਤਾ ਦੀ ਮਨੋਵਿਗਿਆਨਕ ਅਤੇ ਭਾਵਨਾਤਮਕ ਸਥਿਤੀ ਨੂੰ ਲੱਭਣਾ ਚਾਹੁੰਦੇ ਸਨ।
ਤਬਯੋ ਨੇ ਇੱਫੀ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਇੱਫੀ ਵਿੱਚ ਉਨ੍ਹਾਂ ਦੀ ਫ਼ਿਲਮ ਦੀ ਚੋਣ ਅਰੁਣਾਚਲ ਪ੍ਰਦੇਸ਼ ਦੇ ਉਭਰ ਰਹੇ ਫ਼ਿਲਮ ਉਦਯੋਗ ਲਈ ਇੱਕ ਮਹੱਤਵਪੂਰਨ ਪਛਾਣ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਨਾਲ ਰਾਜ ਦੇ ਹੋਰ ਨੌਜਵਾਨ ਫ਼ਿਲਮਕਾਰਾਂ ਨੂੰ ਆਪਣੀਆਂ ਕਹਾਣੀਆਂ ਕਹਿਣ ਲਈ ਪ੍ਰੋਤਸਾਹਨ ਮਿਲੇਗਾ।
ਭਾਸ਼ਾਈ ਅਤੇ ਸੱਭਿਆਚਾਰਕ ਸੁਰੱਖਿਆ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਤਬਯੋ ਨੇ ਕਿਹਾ ਕਿ ਫ਼ਿਲਮ ਨੂੰ ਮੂਲ ਨੀਸ਼ੀ ਭਾਸ਼ਾ ਵਿੱਚ ਬਣਾਉਣਾ ਉਸ ਦੀ ਪ੍ਰਮਾਣਿਕਤਾ ਬਣਾਈ ਰੱਖਣ ਅਤੇ ਭਾਸ਼ਾ ਨੂੰ ਵਧੇਰੇ ਪਛਾਣ ਦਿਵਾਉਣ ਲਈ ਸੋਚ-ਸਮਝ ਕੇ ਲਿਆ ਗਿਆ ਫ਼ੈਸਲਾ ਸੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਹੌਲੀ-ਹੌਲੀ ਆਪਣੀਆਂ ਮੂਲ ਭਾਸ਼ਾਵਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਇਹ ਫ਼ਿਲਮ ਨੀਸ਼ੀ ਭਾਈਚਾਰੇ ਦੀ ਭਾਸ਼ਾਈ ਵਿਰਾਸਤ ਨੂੰ ਸੁਰੱਖਿਅਤ ਰੱਖਣ ਦਾ ਇੱਕ ਯਤਨ ਹੈ।
ਉੱਤਰ-ਪੂਰਬੀ ਭਾਰਤ ਦੇ ਸਿਨੇਮਾ ਦੀਆਂ ਵਧਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦੇ ਹੋਏ ਤਬਯੋ ਨੇ ਕਿਹਾ ਕਿ ਇਹ ਖੇਤਰ ਸਿਨੇਮਾਈ ਦ੍ਰਿਸ਼ਟੀ ਤੋਂ ਅਜੇ ਵੀ ਕਾਫ਼ੀ ਹੱਦ ਤੱਕ ਅਣਛੂਹਿਆ ਹੈ ਅਤੇ ਦੁਨੀਆ ਸਾਹਮਣੇ ਪੇਸ਼ ਕਰਨ ਲਈ ਇੱਥੇ ਬਹੁਤ ਕੁਝ ਹੈ। ਉਨ੍ਹਾਂ ਨੇ ਇਸ ਖੇਤਰ ਵਿੱਚ ਮੁੱਖ ਧਾਰਾ ਦੇ ਫ਼ਿਲਮਕਾਰਾਂ ਅਤੇ ਨਿਰਮਾਣ ਕੰਪਨੀਆਂ ਦੀ ਵਧਦੀ ਦਿਲਚਸਪੀ ਦਾ ਜ਼ਿਕਰ ਕੀਤਾ ਅਤੇ ਜ਼ੋਰ ਦਿੱਤਾ ਕਿ ਸਿਨੇਮਾ ਮਨੋਰੰਜਨ ਤੋਂ ਅੱਗੇ ਵਧ ਕੇ ਸਮਾਜਿਕ ਜਾਗਰੂਕਤਾ ਅਤੇ ਬਦਲਾਅ ਦਾ ਇੱਕ ਸਸ਼ਕਤ ਮਾਧਿਅਮ ਬਣ ਸਕਦਾ ਹੈ।

ਉਨ੍ਹਾਂ ਨੇ ਮੂਲ ਭਾਈਚਾਰਿਆਂ ਦੀਆਂ ਕਹਾਣੀਆਂ, ਭਾਸ਼ਾਵਾਂ ਅਤੇ ਜੀਵਨਸ਼ੈਲੀ ਨੂੰ ਦਸਤਾਵੇਜ਼ੀ ਰੂਪ ਵਿੱਚ ਸੁਰੱਖਿਅਤ ਰੱਖਣ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਯਤਨ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਅਤੇ ਆਪਣੀ ਸੱਭਿਆਚਾਰਕ ਪਛਾਣ ਦੀ ਸਮ੍ਰਿੱਧੀ ਨੂੰ ਸਮਝਣ ਵਿੱਚ ਮਦਦ ਕਰ ਸਕਦੇ ਹਨ।
ਇਹ ਦੋਵੇਂ ਫ਼ਿਲਮਾਂ ਉੱਤਰ-ਪੂਰਬੀ ਭਾਰਤ ਦੀਆਂ ਵੱਖ-ਵੱਖ ਕਹਾਣੀਆਂ ਨੂੰ ਰਾਸ਼ਟਰੀ ਸਿਨੇਮਾਈ ਮੰਚ 'ਤੇ ਲੈ ਕੇ ਆਈਆਂ ਹਨ, ਜੋ ਖੇਤਰ ਦੇ ਵਿਭਿੰਨ ਸੱਭਿਆਚਾਰਕ ਅਨੁਭਵਾਂ, ਮੂਲ ਪਰੰਪਰਾਵਾਂ ਅਤੇ ਸਮਕਾਲੀ ਹਕੀਕਤਾਂ ਨੂੰ ਦਰਸਾਉਂਦੀਆਂ ਹਨ। 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ ਵਿੱਚ ਇਨ੍ਹਾਂ ਫ਼ਿਲਮਾਂ ਦੀ ਭਾਗੀਦਾਰੀ ਇਸ ਸਾਲ ਦੇ ਮਹੋਤਸਵ ਦੀ ਸਿਨੇਮਾਈ ਵਿਭਿੰਨਤਾ ਨੂੰ ਹੋਰ ਸਮ੍ਰਿੱਧ ਬਣਾਉਂਦੀ ਹੈ।
ਪ੍ਰੈੱਸ ਕਾਨਫਰੰਸ ਦਾ ਸੰਚਾਲਨ ਸ਼੍ਰੀਮਤੀ ਸਮਿਤਾ ਸੈਕੀਆ ਨੇ ਕੀਤਾ।
ਪੂਰੀ ਪ੍ਰੈੱਸ ਕਾਨਫਰੰਸ ਇੱਥੇ ਦੇਖੋ: https://www।youtube।com/watch?v=Y8O-iwdQTwY&time_continue=0&source_ve_path=MjM4NTE&embeds_referring_euri=https%3A%2F%2Fwww।pib।gov।in%2F
IFFILOID ਇੱਥੇ ਪੜ੍ਹੋ:
https://www।pib।gov।in/iffi/57/iffiLoid।aspx?yr=2026&lang=1®=48
****
ਪੀਆਈਬੀ ਇੱਫੀ ਟੀਮ/ਰਜਿਤ/ ਸੁਪ੍ਰਿਆ/ ਐਂਡਰਿਓ/ ਦਰਸ਼ਨਾ/ਏਕੇ | IFFI 57 - 062