Posted On:
19 NOV 2026 1:47PM by PIB Chandigarh
14ਵੀਂ ਭਾਰਤੀ ਮੱਛੀ ਪਾਲਣ ਅਤੇ ਐਕੁਆਕਲਚਰ ਫੋਰਮ (14ਵੀਂ ਆਈਐੱਫਏਐੱਫ) ਭੁਵਨੇਸ਼ਵਰ, ਓਡੀਸ਼ਾ ਵਿੱਚ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ-ਸੈਂਟਰਲ ਇੰਸਟੀਟਿਊਟ ਆਫ਼ ਫਰੈਸ਼ਵਾਟਰ ਐਕੁਆਕਲਚਰ (ਆਈਸੀਏਆਰ-ਸੀਆਈਐੱਫਏ) ਵਿਖੇ ਸ਼ੁਰੂ ਹੋਈ। 18-20 ਨਵੰਬਰ, 2026 ਤੱਕ ਚੱਲਣ ਵਾਲੀ ਇਹ ਤਿੰਨ-ਦਿਨਾਂ ਕਾਨਫਰੰਸ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਵਿਗਿਆਨਕ ਕਾਨਫਰੰਸ ਹੈ। ਇਹ ਏਸ਼ੀਅਨ ਫਿਸ਼ਰੀਜ਼ ਸੋਸਾਇਟੀ, ਇੰਡੀਅਨ ਬ੍ਰਾਂਚ (ਏਐੱਫਐਸਆਈਬੀ), ਆਈਸੀਏਆਰ-ਸੀਆਈਐੱਫਏ, ਕੇਂਦਰੀ ਮੱਛੀ ਪਾਲਣ ਵਿਭਾਗ, ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ (ਐਨਐੱਫਡੀਬੀ), ਮੱਛੀ ਪਾਲਣ ਅਤੇ ਪਸ਼ੂ ਸਰੋਤ ਵਿਕਾਸ ਵਿਭਾਗ, ਓਡੀਸ਼ਾ ਸਰਕਾਰ ਅਤੇ ਐਕੁਆਕਲਚਰ ਮਾਹਿਰਾਂ ਦੀ ਐਸੋਸੀਏਸ਼ਨ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤੀ ਜਾ ਰਹੀ ਹੈ।

“ ਐਕੁਆਕਲਚਰ ਅਤੇ ਮੱਛੀ ਪਾਲਣ ਨੂੰ ਬਦਲਣਾ: ਵਿਗਿਆਨ ਅਤੇ ਸਮਾਜ ਵਿੱਚ ਪੁਲ ਦਾ ਨਿਰਮਾਣ” ਵਿਸ਼ੇ ‘ਤੇ ਆਯੋਜਿਤ ਇਸ ਕਾਨਫਰੰਸ ਦਾ ਉਦੇਸ਼ ਵਿਗਿਆਨਕ ਗਿਆਨ ਨੂੰ ਅੱਗੇ ਵਧਾਉਣਾ, ਤਕਨੀਕੀ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਖੋਜਕਰਤਾਵਾਂ, ਨੀਤੀ ਨਿਰਮਾਤਾਵਾਂ, ਉਦਯੋਗਿਕ ਹਿੱਤਧਾਰਕਾਂ ਅਤੇ ਮੱਛੀ ਪਾਲਣ ਨਾਲ ਜੁੜੇ ਭਾਈਚਾਰੇ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।
ਬੈਂਕਾਕ ਸਥਿਤ ਨੈੱਟਵਰਕ ਆਫ਼ ਏਸ਼ੀਆ-ਪੈਸੀਫਿਕ ਐਕੁਆਕਲਚਰ ਸੈਂਟਰਜ਼ (ਐੱਨਏਸੀਏ) ਦੇ ਡਾਇਰੈਕਟਰ ਜਨਰਲ ਡਾ. ਐਡੁਆਰਡੋ ਲਿਆਨੋ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਐਕੁਆਕਲਚਰ ਸੈਕਟਰ ਨੂੰ ਬਦਲਣ ਲਈ ਨਵੀਨਤਾ ਅਤੇ ਤਕਨਾਲੋਜੀ ਅਪਣਾਉਣ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਮੱਛੀ ਪਾਲਣ ਵਿਗਿਆਨ) ਡਾ. ਜੇ.ਕੇ. ਜੇਨਾ ਨੇ ਉੱਨਤ ਖੋਜ 'ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਅਤੇ ਮਜ਼ਬੂਤ ਮੁੱਲ ਲੜੀ ਵਿਕਸਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਰਾਸ਼ਟਰੀ ਮੱਛੀ ਪਾਲਣ ਵਿਕਾਸ ਬੋਰਡ ਦੇ ਮੁੱਖ ਕਾਰਜਕਾਰੀ ਡਾ. ਬੀ.ਕੇ. ਬੇਹਰਾ ਨੇ ਮਛੇਰਿਆਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਡਾ. ਸੀ. ਵਾਸੂਦੇਵੱਪਾ, ਸਾਬਕਾ ਵਾਈਸ ਚਾਂਸਲਰ, ਨੈਸ਼ਨਲ ਇੰਸਟੀਚਿਊਟ ਆਫ਼ ਫੂਡ ਟੈਕਨਾਲੋਜੀ ਐਂਟਰਪ੍ਰਨਿਓਰਸ਼ਿਪ ਐਂਡ ਮੈਨੇਜਮੈਂਟ (ਐੱਨਆਈਐੱਫਟੀਈਐਮ), ਕੁੰਡਲੀ, ਹਰਿਆਣਾ ਨੇ ਮੱਛੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਅਤੇ ਖਪਤਕਾਰਾਂ ਵਿੱਚ ਇਸਦੀ ਮੰਗ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਹੋਰ ਪ੍ਰਮੁੱਖ ਬੁਲਾਰਿਆਂ ਵਿੱਚ, ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਟਿਕਾਊ ਮੱਛੀ ਪਾਲਣ ਅਤੇ ਜਲ ਸਰੋਤ ਪ੍ਰਬੰਧਨ ਨਾਲ ਜੁੜੇ ਇੱਕ ਅੰਤਰ-ਸਰਕਾਰੀ ਸੰਗਠਨ-ਐੱਨਏਸੀਏ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਏ. ਈ. ਏਕਨਾਥ ; ਡਾ. ਕੇ. ਐੱਮ. ਰਾਜੇਸ਼, ਏਸ਼ੀਅਨ ਫਿਸ਼ਰੀਜ਼ ਸੋਸਾਇਟੀ ਇੰਡੀਅਨ ਬ੍ਰਾਂਚ ਦੇ ਸਕੱਤਰ; ਡਾ. ਦਿਲੀਪ ਕੁਮਾਰ, ਆਈਸੀਏਆਰ-ਸੀਆਈਐੱਫਈ, ਮੁੰਬਈ ਦੇ ਸਾਬਕਾ ਡਾਇਰੈਕਟਰ; ਅਤੇ ਡਾ. ਆਈ. ਕਰੁਣਾਸਾਗਰ, ਸਲਾਹਕਾਰ, ਸੰਯੁਕਤ ਰਾਸ਼ਟਰ ਖੁਰਾਕ ਅਤੇ ਖੇਤੀਬਾੜੀ ਸੰਗਠਨ ਸੰਦਰਭ ਕੇਂਦਰ, ਐੱਨਆਈਟੀਟੀਈ ਯੂਨੀਵਰਸਿਟੀ, ਮੰਗਲੁਰੂ ਸ਼ਾਮਲ ਸਨ। ਉਨ੍ਹਾਂ ਨੇ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਵਿੱਚ ਉਭਰ ਰਹੀਆਂ ਤਰਜੀਹਾਂ, ਖੋਜ ਪ੍ਰਗਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ।
ਆਈਸੀਏਆਰ-ਸੀਆਈਐੱਫਏ ਦੇ ਡਾਇਰੈਕਟਰ ਅਤੇ ਕਾਨਫਰੰਸ ਦੇ ਕਨਵੀਨਰ ਡਾ. ਪੀ.ਕੇ. ਸਾਹੂ ਨੇ ਪਤਵੰਤਿਆਂ ਅਤੇ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਵਿਗਿਆਨ, ਉਦਯੋਗ ਅਤੇ ਕਿਸਾਨਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ, ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਖੋਜ ਨਤੀਜਿਆਂ ਨੂੰ ਫਾਰਮਿੰਗ ਕਮਿਊਨਿਟੀ ਲਈ ਵਿਵਹਾਰਕ ਹੱਲਾਂ ਵਿੱਚ ਬਦਲਣ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿੱਚ ਭਾਰਤ ਅਤੇ ਛੇ ਹੋਰ ਦੇਸ਼ਾਂ ਦੇ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਦੇ ਇੱਕ ਹਜ਼ਾਰ ਤੋਂ ਵੱਧ ਭਾਗੀਦਾਰ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚ ਵਿਗਿਆਨੀ, ਖੋਜਕਰਤਾ, ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ਉੱਦਮੀ, ਉਦਯੋਗ ਪ੍ਰਤੀਨਿਧੀ ਅਤੇ ਮੱਛੀ ਪਾਲਕ ਸ਼ਾਮਲ ਹਨ।
ਤਿੰਨ ਦਿਨਾਂ ਕਾਨਫਰੰਸ ਵਿੱਚ ਟਿਕਾਊ ਮੱਛੀ ਪਾਲਣ ਪ੍ਰਬੰਧਨ, ਐਕੁਆਟਿਕ ਈਕੋਸਿਸਟਮ ਦੀ ਸੰਭਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ, ਜੀਨੋਮ ਅਡੀਟਿੰਗ (ਕਿਸੇ ਜੀਵ ਦੇ ਡੀਐੱਨਏ ਵਿੱਚ ਸਟੀਕ ਤਬਦੀਲੀਆਂ ਦੀ ਆਧੁਨਿਕ ਬਾਇਓਟੈਕਨਾਲੋਜੀ), ਸਟੀਕ ਐਕੁਆਕਲਚਰ , ਉੱਨਤ ਪ੍ਰਜਨਨ ਤਕਨਾਲੋਜੀਆਂ, ਫੀਡ ਡਿਵੈਲਪਮੈਂਟ, ਜਲ-ਜੀਵਾਂ ਦੀ ਸਿਹਤ ਅਤੇ ਜੈਨੇਟਿਕ ਸੁਧਾਰ ਨਾਲ ਸਬੰਧਿਤ ਮੁੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ।
ਕਾਨਫਰੰਸ ਦੇ ਨਾਲ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿੱਚ 20 ਏਜੰਸੀਆਂ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਵਿੱਚ ਆਪਣੀਆਂ ਤਕਨਾਲੋਜੀਆਂ, ਨਵੀਨਤਾਵਾਂ, ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕਰ ਰਹੀਆਂ ਸਨ। ਪ੍ਰਦਰਸ਼ਨੀ ਨਾਲ ਉਦਯੋਗ ਦੇ ਹਿੱਤਧਾਰਕਾਂ, ਖੋਜਕਰਤਾਵਾਂ ਅਤੇ ਮੱਛੀ ਪਾਲਕਾਂ ਨੂੰ ਆਪਸ ਵਿੱਚ ਸੰਵਾਦ, ਤਕਨੀਕੀ ਹੱਲਾਂ ਦੀ ਪੜਚੋਲ ਕਰਨ ਅਤੇ ਸਹਿਯੋਗੀ ਭਾਈਵਾਲੀ ਸਥਾਪਿਤ ਕਰਨ ਦਾ ਮੌਕਾ ਪ੍ਰਦਾਨ ਹੋ ਰਿਹਾ ਹੈ। ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਵਿਗਿਆਨਕ ਪ੍ਰਕਾਸ਼ਨ ਵੀ ਜਾਰੀ ਕੀਤੇ ਗਏ। ਪ੍ਰਸਿੱਧ ਮੱਛੀ ਪਾਲਣ ਵਿਗਿਆਨੀਆਂ ਨੂੰ ਐਕੁਆਕਲਚਰ ਅਤੇ ਮੱਛੀ ਪਾਲਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਐਸੋਸੀਏਸ਼ਨ ਆਫ਼ ਐਕੁਆਕਲਚਰਿਸਟਸ ਦੇ ਫੈਲੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਤਿੰਨ ਦਿਨਾਂ ਕਾਨਫਰੰਸ ਦਾ ਉਦੇਸ਼ ਵਿਗਿਆਨਕ ਵਿਚਾਰਾਂ ਅਤੇ ਤਜ਼ਰਬਿਆਂ ਦਾ ਅਦਾਨ-ਪ੍ਰਦਾਨ ਕਰਨਾ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਦੇ ਮੱਛੀ ਪਾਲਣ ਅਤੇ ਐਕੁਆਕਲਚਰ ਸੈਕਟਰ ਦੇ ਟਿਕਾਊ, ਸਮਾਵੇਸ਼ੀ ਅਤੇ ਤਕਨਾਲੋਜੀ-ਅਧਾਰਿਤ ਵਿਕਾਸ ਲਈ ਵਿਵਹਾਰਕ ਕਦਮਾਂ ਦੀ ਪਛਾਣ ਕਰਨਾ ਹੈ।
*****
ਐੱਸਐੱਸ/ਐੱਮਐੱਸ/ਏਕੇ