ਭਾਰਤੀ ਪੈਨੋਰਮਾ 2026 ਦਾ ਅੱਜ ਗੋਆ ਦੇ ਪਣਜੀ ਵਿੱਚ ਆਯੋਜਿਤ 57ਵੇਂ ਭਾਰਤੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ (ਇੱਫੀ) ਵਿੱਚ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਫੀਚਰ ਅਤੇ ਨੌਨ-ਫੀਚਰ ਫ਼ਿਲਮ ਜਿਊਰੀ ਦੇ ਪ੍ਰਤਿਸ਼ਠਿਤ ਮੈਂਬਰਾਂ ਨੂੰ ਇਸ ਸਾਲ ਦੀ ਅਧਿਕਾਰਤ ਫ਼ਿਲਮ ਚੋਣ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਜਿਊਰੀ ਮੈਂਬਰਾਂ ਨੂੰ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਚੰਚਲ ਕੁਮਾਰ, ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨਕੁਮਾਰ ਅਤੇ ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਸਨਮਾਨਿਤ ਕੀਤਾ।
ਭਾਰਤੀ ਪੈਨੋਰਮਾ 2026 ਦੀ ਸ਼ੁਰੂਆਤ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਭਾਰਤੀ ਸਿਨੇਮਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੀ ਸ਼ਾਨਦਾਰ ਵਿਭਿੰਨਤਾ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਸਿਨੇਮਾ ਦਾ ਇਹ ਉਤਸਵ ਇੱਕ ਸਾਰਥਕ ਮੌਕਾ ਪ੍ਰਦਾਨ ਕਰਦਾ ਹੈ ਕਿ ਦੇਸ਼ ਦਾ ਹਰੇਕ ਖੇਤਰ ਆਪਣੀਆਂ ਵਿਸ਼ੇਸ਼ ਭਾਸ਼ਾਵਾਂ, ਸੱਭਿਆਚਾਰਾਂ ਅਤੇ ਕਹਾਣੀਆਂ ਰਾਹੀਂ ਕਿਸ ਤਰ੍ਹਾਂ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਜਿਊਰੀ ਮੈਂਬਰਾਂ ਨੂੰ ਉਨ੍ਹਾਂ ਦੀ ਸੋਚ-ਸਮਝ ਕੇ ਕੀਤੀ ਗਈ ਫ਼ਿਲਮ ਚੋਣ ਲਈ ਅਤੇ ਆਯੋਜਨ ਦੇ ਸਫ਼ਲ ਸੰਚਾਲਨ ਲਈ ਗੋਆ ਸਰਕਾਰ ਅਤੇ ਫੈਸਟੀਵਲ ਦੀ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਲਗਾਤਾਰ ਪਛਾਣ ਅਤੇ ਸਨਮਾਨ ਮਿਲਣ ਦੀ ਕਾਮਨਾ ਕੀਤੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨਕੁਮਾਰ ਨੇ ਵਰ੍ਹੇ 1978 ਵਿੱਚ ਭਾਰਤੀ ਪੈਨੋਰਮਾ ਦੀ ਸਥਾਪਨਾ ਦੇ ਬਾਅਦ ਤੋਂ ਉਸ ਦੀ ਸ਼ਾਨਦਾਰ ਵਿਰਾਸਤ ਅਤੇ ਵੱਖ-ਵੱਖ ਭਾਸ਼ਾਵਾਂ ਅਤੇ ਖੇਤਰਾਂ ਵਿੱਚ ਭਾਰਤੀ ਸਿਨੇਮਾ ਦੀ ਵਿਭਿੰਨਤਾ ਦਾ ਜਸ਼ਨ ਮਨਾਉਣ ਵਿੱਚ ਇਸ ਦੀ ਭੂਮਿਕਾ 'ਤੇ ਚਾਨਣਾ ਪਾਇਆ। ਇੱਫੀ ਦੀ ਇਸ ਵਰ੍ਹੇ ਦੀ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸਿਨੇਮਾ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਲਗਾਤਾਰ ਸਹਿਯੋਗ ਲਈ ਗੋਆ ਸਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਫ਼ਿਲਮ ਨਿਰਮਾਤਾਵਾਂ ਅਤੇ ਸਿਨੇਮਾ ਪ੍ਰੇਮੀਆਂ ਦਾ ਵੀ ਹਾਰਦਿਕ ਸੁਆਗਤ ਕੀਤਾ।

ਆਪਣੇ ਸੁਆਗਤੀ ਭਾਸ਼ਣ ਵਿੱਚ ਫੈਸਟੀਵਲ ਦੇ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਇੱਫੀ ਨਾਲ ਜੁੜੀਆਂ ਆਪਣੀਆਂ ਸ਼ੁਰੂਆਤੀ ਯਾਦਾਂ ਸਾਂਝੀਆਂ ਕੀਤੀਆਂ ਅਤੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਭਾਰਤੀ ਪੈਨੋਰਮਾ ਪਿਛਲੇ ਕਈ ਦਹਾਕਿਆਂ ਵਿੱਚ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਅਤੇ ਸਿਨੇਮਾਈ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਮਹੱਤਵਪੂਰਨ ਮੰਚ ਬਣ ਕੇ ਉਭਰਿਆ ਹੈ। ਇਸ ਵਰ੍ਹੇ ਦੀ ਫ਼ਿਲਮ ਚੋਣ ਪ੍ਰਕਿਰਿਆ ਨੂੰ ਮਿਲੇ ਫੀਡਬੈਕ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਫੈਸਟੀਵਲ ਨੂੰ ਫੀਚਰ ਫ਼ਿਲਮਾਂ ਦੀਆਂ 762 ਅਤੇ ਨੌਨ-ਫੀਚਰ ਫ਼ਿਲਮਾਂ ਦੀਆਂ 358 ਐਂਟਰੀਆਂ ਪ੍ਰਾਪਤ ਹੋਈਆਂ। ਇਸ ਤਰ੍ਹਾਂ 18 ਭਾਸ਼ਾਵਾਂ ਵਿੱਚ ਕੁੱਲ 1,120 ਐਂਟਰੀਆਂ ਪ੍ਰਾਪਤ ਹੋਈਆਂ। ਅੰਤਿਮ ਚੋਣ ਵਿੱਚ ਵੈੱਬ ਸੀਰੀਜ਼ ਦੇ ਨਾਲ ਹਿੰਦੀ, ਮਰਾਠੀ, ਕੰਨੜ, ਤੁਲੂ, ਲੱਦਾਖੀ, ਕਸ਼ਮੀਰੀ ਅਤੇ ਅੰਗਰੇਜ਼ੀ ਸਮੇਤ 14 ਭਾਸ਼ਾਵਾਂ ਦੀਆਂ ਫ਼ਿਲਮਾਂ ਸ਼ਾਮਲ ਹਨ।
_20261121153830_e1c7aa.jpeg)
ਸ਼੍ਰੀ ਗੋਵਾਰਿਕਰ ਨੇ 57ਵੇਂ ਐਡੀਸ਼ਨ ਦੀ ਥੀਮ ‘ਸਟੋਰੀਜ਼ ਵਿਦਾਊਟ ਬਾਰਡਰਜ਼’ ਦੇ ਅਨੁਸਾਰ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਫ਼ਿਲਮ ਨਿਰਮਾਤਾਵਾਂ, ਤਕਨੀਸ਼ੀਅਨਾਂ ਅਤੇ ਉਭਰਦੇ ਕਹਾਣੀਕਾਰਾਂ ਨੂੰ ਆਪਣੀਆਂ ਕਹਾਣੀਆਂ ਸੁਣਾਉਣ ਦਾ ਸਿਲਸਿਲਾ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਫ਼ਿਲਮਾਂ ਦੇਖਣ ਅਤੇ ਵਿਵੇਕਪੂਰਨ ਢੰਗ ਨਾਲ ਉਨ੍ਹਾਂ ਦਾ ਮੁਲਾਂਕਣ ਕਰਨ ਲਈ ਉਤਸ਼ਾਹਿਤ ਕੀਤਾ।
ਭਾਰਤੀ ਪੈਨੋਰਮਾ 2026 ਦੇ ਜਿਊਰੀ ਮੈਂਬਰ
ਨੌਨ-ਫੀਚਰ ਫ਼ਿਲਮ ਜਿਊਰੀ ਵਿੱਚ ਸੱਤ ਮੈਂਬਰ ਸ਼ਾਮਲ ਹਨ:
ਸ਼੍ਰੀ ਹਿਮਾਂਸ਼ੂ ਸ਼ੇਖਰ ਖਟੂਆ (ਡੌਕੂਮੈਂਟਰੀ ਫ਼ਿਲਮ ਨਿਰਮਾਤਾ ਅਤੇ ਨੌਨ-ਫੀਚਰ ਫ਼ਿਲਮ ਜਿਊਰੀ ਦੇ ਚੇਅਰਪਰਸਨ), ਸ਼੍ਰੀ ਸ਼ੰਖਜੀਤ ਡੇ (ਡੌਕੂਮੈਂਟਰੀ ਫ਼ਿਲਮ ਨਿਰਮਾਤਾ), ਸੁਸ਼੍ਰੀ ਰਾਗਿਨੀ ਸੋਨਾ (ਫ਼ਿਲਮ ਨਿਰਮਾਤਾ), ਸ਼੍ਰੀ ਸ਼ਿਵ ਸਨੀ (ਫ਼ਿਲਮ ਪੱਤਰਕਾਰ), ਸ਼੍ਰੀ ਧਨੇਸ਼ ਯਾਦਵ ਟੀ. ਆਰ. (ਫ਼ਿਲਮ ਸੰਪਾਦਕ), ਸ਼੍ਰੀ ਅਭਿਜੀਤ ਦਾਲਵੀ (ਫ਼ਿਲਮ ਨਿਰਮਾਤਾ) ਅਤੇ ਸੁਸ਼੍ਰੀ ਆਰਤੀ ਪਟੇਲ (ਨਿਰਮਾਤਾ ਅਤੇ ਮੀਡੀਆ ਪੇਸ਼ੇਵਰ)।
ਫੀਚਰ ਫ਼ਿਲਮ ਜਿਊਰੀ ਵਿੱਚ ਤੇਰਾਂ (13) ਮੈਂਬਰ ਸ਼ਾਮਲ ਹਨ:
ਸ਼੍ਰੀ ਮਧੁਰ ਭੰਡਾਰਕਰ (ਫੀਚਰ ਫ਼ਿਲਮ ਜਿਊਰੀ ਦੇ ਚੇਅਰਪਰਸਨ), ਸ਼੍ਰੀ ਯੂ. ਰਵਿੰਦਰ (ਸਿਨੇਮੈਟੋਗ੍ਰਾਫਰ), ਸ਼੍ਰੀ ਸੋਹਮ ਪੀ. ਸ਼ਾਹ (ਫ਼ਿਲਮ ਨਿਰਮਾਤਾ), ਸ਼੍ਰੀ ਰਾਹੁਲ ਭੋਲੇ (ਡਾਇਰੈਕਟਰ, ਲੇਖਕ ਅਤੇ ਸੰਪਾਦਕ), ਸ਼੍ਰੀ ਓਇਨਮ ਗੌਤਮ ਸਿੰਘ (ਫ਼ਿਲਮ ਨਿਰਮਾਤਾ), ਸ਼੍ਰੀ ਨੀਲਾਦ੍ਰੀ ਰਾਏ (ਫ਼ਿਲਮ ਸੰਪਾਦਕ), ਸ਼੍ਰੀ ਐੱਮ. ਐੱਸ. ਪ੍ਰਭੂ (ਸਿਨੇਮੈਟੋਗ੍ਰਾਫਰ), ਸ਼੍ਰੀ ਕੇ. ਐੱਸ. ਸਿਵਾਰਮਨ (ਸਿਨੇਮੈਟੋਗ੍ਰਾਫਰ), ਸ਼੍ਰੀ ਜਯੰਤ ਗੋਸਵਾਮੀ (ਡਾਇਰੈਕਟਰ), ਸੁਸ਼੍ਰੀ ਬਿੰਦੂ ਚੰਦਰਮੌਲੀ (ਅਦਾਕਾਰਾ), ਸੁਸ਼੍ਰੀ ਭਾਰਤੀ ਪ੍ਰਧਾਨ (ਫ਼ਿਲਮ ਆਲੋਚਕ), ਡਾ. ਅਯਾਸ਼ ਆਰਿਫ਼ (ਨਾਮਵਰ ਅਦਾਕਾਰ ਅਤੇ ਲੇਖਕ) ਅਤੇ ਸ਼੍ਰੀ ਅਰੁਣ ਗੋਂਗੜੇ (ਐਨੀਮੇਟਰ)।
_20261121153911_c13037.jpeg)
ਭਾਰਤੀ ਪੈਨੋਰਮਾ 2026 ਦੀਆਂ ਸ਼ੁਰੂਆਤੀ ਫਿਲਮਾਂ
ਸਨਮਾਨ ਸਮਾਰੋਹ ਤੋਂ ਬਾਅਦ ਭਾਰਤੀ ਪੈਨੋਰਮਾ 2026 ਦੀਆਂ ਸ਼ੁਰੂਆਤੀ ਫ਼ਿਲਮਾਂ ਦੀ ਜਾਣ-ਪਛਾਣ ਕਰਵਾਈ ਗਈ ਅਤੇ ਉਨ੍ਹਾਂ ਦੇ ਪਹਿਲੀ ਵਾਰ ਪ੍ਰਦਰਸ਼ਨ ਤੋਂ ਪਹਿਲਾਂ ਫ਼ਿਲਮ ਨਿਰਮਾਤਾਵਾਂ ਅਤੇ ਪ੍ਰਤੀਨਿਧੀਆਂ ਨੂੰ ਸਨਮਾਨਿਤ ਕੀਤਾ ਗਿਆ।
ਨੌਨ-ਫੀਚਰ ਸ਼੍ਰੇਣੀ ਵਿੱਚ ਸੁਸ਼੍ਰੀ ਲੀਨਾ ਯਾਦਵ ਵੱਲੋਂ ਨਿਰਦੇਸ਼ਿਤ ਲੱਦਾਖੀ ਫ਼ਿਲਮ ‘ਬਿਕਮਿੰਗ’ ਨੂੰ ਸ਼੍ਰੀ ਜੀ. ਕ੍ਰਿਸ਼ਨਕੁਮਾਰ, ਸੁਸ਼੍ਰੀ ਡੇਲੀਲਾ ਲੋਬੋ ਅਤੇ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਸਨਮਾਨਿਤ ਕੀਤਾ। ਇਹ ਫ਼ਿਲਮ ਲੱਦਾਖ ਦੇ ਇੱਕ ਨੌਜਵਾਨ ਮੁੰਡੇ ਦੀ ਅਧਿਆਤਮਿਕ ਯਾਤਰਾ ਨੂੰ ਦਰਸਾਉਂਦੀ ਹੈ, ਜੋ ਸਮੇਂ, ਯਾਦਾਂ ਅਤੇ ਕਈ ਜਨਮਾਂ ਦੀਆਂ ਹੱਦਾਂ ਤੋਂ ਪਰੇ ਜਾਂਦੀ ਹੈ। ਫ਼ਿਲਮ ਦੀ ਜਾਣ-ਪਛਾਣ ਕਰਵਾਉਂਦਿਆਂ ਇਸ ਦੀ ਡਾਇਰੈਕਟਰ ਸੁਸ਼੍ਰੀ ਲੀਨਾ ਯਾਦਵ ਨੇ ਜ਼ਿੰਦਗੀ ਦੀਆਂ ਹੱਦਾਂ ਤੋਂ ਪਰੇ ਹੋਣ ਦੀ ਧਾਰਨਾ 'ਤੇ ਅਧਾਰਿਤ ਇਸ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਫੀਚਰ ਫ਼ਿਲਮ ਸ਼੍ਰੇਣੀ ਵਿੱਚ ਸ਼੍ਰੀ ਆਦਿੱਤਿਆ ਧਰ ਵੱਲੋਂ ਨਿਰਦੇਸ਼ਿਤ ਫ਼ਿਲਮ ‘ਧੁਰੰਧਰ’ ਦੀ ਇਸ ਫ਼ਿਲਮ ਸਮਾਰੋਹ ਵਿੱਚ ਪ੍ਰਤੀਨਿਧਤਾ ਸੀਨੀਅਰ ਅਦਾਕਾਰ ਸ਼੍ਰੀ ਰਾਕੇਸ਼ ਬੇਦੀ ਨੇ ਕੀਤੀ, ਜਿਨ੍ਹਾਂ ਨੂੰ ਸ਼੍ਰੀ ਚੰਚਲ ਕੁਮਾਰ ਅਤੇ ਸ਼੍ਰੀ ਆਸ਼ੂਤੋਸ਼ ਗੋਵਾਰਿਕਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਬੇਦੀ ਨੇ ਡਾਇਰੈਕਟਰ ਆਦਿੱਤਿਆ ਧਰ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਅਤੇ ਫ਼ਿਲਮ ਵਿੱਚ ਇੱਕ ਵੱਖਰੇ ਜਾਸੂਸ ਦੀ ਭੂਮਿਕਾ ਨਿਭਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਸਮਾਰੋਹ ਦੀ ਸਮਾਪਤੀ ਦੋਵੇਂ ਉਦਘਾਟਨੀ ਫ਼ਿਲਮਾਂ ਦੇ ਪਹਿਲੇ ਪ੍ਰਦਰਸ਼ਨ ਨਾਲ ਹੋਈ। ਇਸ ਦੇ ਨਾਲ ਹੀ ਇੱਫੀ 2026 ਵਿੱਚ ਭਾਰਤੀ ਪੈਨੋਰਮਾ ਦੀ ਫ਼ਿਲਮ ਪ੍ਰਦਰਸ਼ਨ ਲੜੀ ਦੀ ਸ਼ੁਰੂਆਤ ਹੋਈ।
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਜਿਤ ਚੰਦਰਾਨ/ਸੁਪ੍ਰਿਆ ਘਾਤਦਕ/ ਸਮਿਤਾ ਸੈਕੀਆ/ ਦਰਸ਼ਨਾ ਰਾਣੇ/ਏਕੇ | IFFI 57 – 047