Posted On:
19 NOV 2026 4:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਨਵੰਬਰ, 2026 ਨੂੰ ਸ਼ਾਮ ਲਗਭਗ 5:30 ਵਜੇ ਨਵੀਂ ਦਿੱਲੀ ਦੇ ਪੁਰਾਣਾ ਕਿਲਾ ਵਿਖੇ ਪਹਿਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੱਭਿਅਤਾ ਸੰਵਾਦ ਫੋਰਮ ਦਾ ਉਦਘਾਟਨ ਕਰਨਗੇ। ਇਸ ਮੌਕੇ ’ਤੇ ਉਹ ਇਕੱਠ ਨੂੰ ਸੰਬੋਧਨ ਵੀ ਕਰਨਗੇ।
20 ਤੋਂ 22 ਨਵੰਬਰ, 2026 ਤੱਕ ਆਯੋਜਿਤ ਹੋਣ ਵਾਲੇ ਇਸ ਫੋਰਮ ਦਾ ਉਦੇਸ਼ ਖੇਤਰ ਦੀ ਖ਼ੁਸ਼ਹਾਲ ਅਤੇ ਆਪਸ ਵਿੱਚ ਜੁੜੀ ਸੱਭਿਅਤਾ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ, ਲੋਕਾਂ ਵਿਚਕਾਰ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਅੰਤਰ-ਸੱਭਿਆਚਾਰਕ ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਪਹਿਲਕਦਮੀ ਸਾਲ 2025 ਵਿੱਚ ਚੀਨ ਦੇ ਤਿਆਨਜਿਨ ਵਿੱਚ ਆਯੋਜਿਤ ਐੱਸਸੀਓ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਐੱਸਸੀਓ ਦੇ ਢਾਂਚੇ ਅਧੀਨ ਸੱਭਿਅਤਾ ਸੰਵਾਦ ਲਈ ਇੱਕ ਸਮਰਪਿਤ ਮੰਚ ਸਥਾਪਤ ਕਰਨ ਦੇ ਪ੍ਰਸਤਾਵ ’ਤੇ ਅਧਾਰਿਤ ਹੈ। ਬਾਅਦ ਵਿੱਚ ਐੱਸਸੀਓ ਦੇ ਬਿਸ਼ਕੇਕ ਐਲਾਨਨਾਮੇ ਵਿੱਚ ਵੀ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਗਿਆ ਸੀ।
ਉਦਘਾਟਨੀ ਸਮਾਰੋਹ ਵਿੱਚ 'ਸੱਭਿਅਤਾਵਾਂ ਦਾ ਸੰਵਾਦ - ਸੱਭਿਆਚਾਰਕ ਪੇਸ਼ਕਾਰੀ' ਸਿਰਲੇਖ ਹੇਠ ਇੱਕ ਖ਼ਾਸ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿੱਚ ਸੰਗੀਤ, ਨਾਚ, ਦ੍ਰਿਸ਼ ਕਥਾਵਾਚਨ ਅਤੇ ਬਿਰਤਾਂਤ ਦਾ ਵਿਲੱਖਣ ਸੁਮੇਲ ਹੋਵੇਗਾ। 'ਵਸੁਧੈਵ ਕੁਟੁੰਬਕਮ - ਵਿਸ਼ਵ ਇੱਕ ਪਰਿਵਾਰ ਹੈ' ਵਿਸ਼ੇ ’ਤੇ ਅਧਾਰਿਤ ਇਹ ਪੇਸ਼ਕਾਰੀ ਭਾਰਤ ਅਤੇ ਯੂਰੇਸ਼ੀਆ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਉਜਾਗਰ ਕਰੇਗੀ।
ਇਸ ਫੋਰਮ ਵਿੱਚ ਭਾਰਤ ਦੀ ਪੁਰਾਤਤਵ, ਕਲਾਤਮਕ ਅਤੇ ਸਾਹਿਤਕ ਵਿਰਾਸਤ ਨੂੰ ਦਰਸਾਉਣ ਵਾਲੀ 'ਅਸਤਿਤਵ – ਸਾਡੀ ਹੋਂਦ ਦਾ ਸਾਰ' ਸਿਰਲੇਖ ਵਾਲੀਆਂ ਪ੍ਰਦਰਸ਼ਨੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ 1200 ਈਸਾ ਪੂਰਵ ਤੋਂ 1200 ਈਸਵੀ ਤੱਕ ਦੇ ਪੁਰਾਤਤਵ ਸਬੂਤਾਂ ਰਾਹੀਂ ਦਿੱਲੀ ਦੇ ਇਤਿਹਾਸ ਦੀ ਵਿਸਥਾਰਤ ਝਲਕ ਪੇਸ਼ ਕੀਤੀ ਜਾਵੇਗੀ। ਇਸ ਵਿੱਚ ਖੁਦਾਈ ਤੋਂ ਪ੍ਰਾਪਤ ਅਵਸ਼ੇਸ਼ਾਂ, ਪੁਰਾਤਤਵ ਵਸਤਾਂ, ਆਰਕੀਟੈਕਚਰਲ ਅਵਸ਼ੇਸ਼ਾਂ ਅਤੇ ਹੋਰ ਮਹੱਤਵਪੂਰਨ ਖੋਜਾਂ ਨੂੰ ਸ਼ਾਮਲ ਕੀਤਾ ਜਾਵੇਗਾ। 'ਮਹਾਭਾਰਤ ਸਕ੍ਰੌਲ ਮੰਡਪ – ਅਨੰਤ: 18ਵੀਂ ਸਦੀ ਦੀ ਇੱਕ ਦੁਰਲਭ ਮਹਾਭਾਰਤ ਹੱਥ-ਲਿਖਤ' ਵਿੱਚ ਤਸਵੀਰਾਂ ਨਾਲ ਸਜੀ ਇੱਕ ਹੱਥ-ਲਿਖਤ ਪੱਟੀ ਪ੍ਰਦਰਸ਼ਿਤ ਕੀਤੀ ਜਾਵੇਗੀ, ਜੋ ਭਾਰਤ ਦੀਆਂ ਖ਼ੁਸ਼ਹਾਲ ਮਹਾਕਾਵਿ ਅਤੇ ਕਲਾਤਮਕ ਪਰੰਪਰਾਵਾਂ ਨੂੰ ਦਰਸਾਵੇਗੀ।
21 ਅਤੇ 22 ਨਵੰਬਰ ਨੂੰ ਚਾਰ ਵਿਸ਼ਾਗਤ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਵਿਦਵਾਨ, ਸਿੱਖਿਆ ਸ਼ਾਸਤਰੀ, ਵਿਸ਼ਾ ਮਾਹਿਰ ਅਤੇ ਸੱਭਿਆਚਾਰਕ ਪ੍ਰਤੀਨਿਧੀ ਹਿੱਸਾ ਲੈਣਗੇ। ਇਨ੍ਹਾਂ ਸੈਸ਼ਨਜ਼ ਵਿੱਚ ਸੰਗੀਤ ਅਤੇ ਪ੍ਰਦਰਸ਼ਨ ਕਲਾਵਾਂ, ਪਹਿਰਾਵੇ, ਖਾਣ-ਪੀਣ ਅਤੇ ਰਵਾਇਤੀ ਖੇਡਾਂ ਵਰਗੇ ਸੱਭਿਆਚਾਰਕ ਪ੍ਰਗਟਾਵਿਆਂ; ਕਲਾ ਅਤੇ ਆਰਕੀਟੈਕਚਰ ਦੀਆਂ ਸਾਂਝੀਆਂ ਪਰੰਪਰਾਵਾਂ; ਲਿਪੀਆਂ ਅਤੇ ਹੱਥ-ਲਿਖਤਾਂ ਸਮੇਤ ਭਾਸ਼ਾ ਅਤੇ ਸਾਹਿਤਕ ਪਰੰਪਰਾਵਾਂ; ਅਤੇ ਮੱਠਵਾਦੀ ਮਾਰਗਾਂ (ਮੋਨਾਸਟਿਕ ਟ੍ਰੇਲਜ਼) ਅਤੇ ਦਾਰਸ਼ਨਿਕ ਪਰੰਪਰਾਵਾਂ ਬਾਰੇ ਚਰਚਾ ਕੀਤੀ ਜਾਵੇਗੀ।
****
ਐੱਮਜੇਪੀਐੱਸ/ਐੱਸਐੱਸ/ਐੱਸਟੀ