ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਪੱਤਰਕਾਰੀ ਨੂੰ ਪ੍ਰਗਟਾਵੇ ਦੀ ਸੁਤੰਤਰਤਾ ਅਤੇ ਜ਼ਿੰਮੇਵਾਰੀ ਦੇ ਵਿਚਕਾਰ ਸੰਤੁਲਨ ਬਣਾਉਣਾ ਹੋਵੇਗਾ: ਮੀਡੀਆ ਨੂੰ ਤੇਜ਼ੀ ਨਾਲ ਹੋ ਰਹੀਆਂ ਤਕਨੀਕੀ ਤਬਦੀਲੀਆਂ ਦੇ ਮੁਤਾਬਕ ਖੁਦ ਨੂੰ ਢਾਲਣਾ ਹੋਵੇਗਾ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ


‘ਘੱਟ ਸ਼ੋਰ, ਵਧੇਰੇ ਸਮਾਚਾਰ; ਘੱਟ ਸਨਸਨੀ, ਵਧੇਰੇ ਜ਼ਿੰਮੇਵਾਰੀ:’ ਸ਼੍ਰੀ ਰਜਤ ਸ਼ਰਮਾ

ਪੀਸੀਆਈ ਚੇਅਰਪਰਸਨ ਜਸਟਿਸ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਨੇ ਨੈਤਿਕ, ਸਟੀਕ ਅਤੇ ਜ਼ਿੰਮੇਵਾਰ ਪੱਤਰਕਾਰੀ ‘ਤੇ ਜ਼ੋਰ ਦਿੱਤਾ

ਆਰਟੀਫਿਸ਼ੀਅਲ ਇੰਟੈਲੀਜੈਂਸ ਪੱਤਰਕਾਰੀ ਵਿੱਚ ਸਹਾਇਕ ਹੋ ਸਕਦੀ ਹੈ, ਪਰ ਸੰਪਾਦਕੀ ਸਮਝਦਾਰੀ ਅਤੇ ਜਵਾਬਦੇਹੀ ਦੀ ਜ਼ਿੰਮੇਵਾਰੀ ਮਨੁੱਖ ਕੋਲ ਹੀ ਰਹਿਣੀ ਚਾਹੀਦੀ ਹੈ: ਸੂਚਨਾ ਅਤੇ ਪ੍ਰਸਾਰਣ ਸਕੱਤਰ

ਪ੍ਰੈੱਸ ਕੌਂਸਲ ਆਫ ਇੰਡੀਆ ਨੇ ‘ਪੱਤਰਕਾਰੀ ਆਚਰਣ ਦੇ ਮਾਪਦੰਡਾਂ’ ਦਾ ਵਰ੍ਹੇ 2026 ਦਾ ਸੰਸਕਰਣ ਜਾਰੀ ਕੀਤਾ

Posted On: 16 NOV 2026 5:00PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨਵੀਂ ਦਿੱਲੀ ਵਿਖੇ ਸਥਿਤ ਆਕਾਸ਼ਵਾਣੀ ਭਵਨ ਦੇ ਰੰਗਭਵਨ ਆਡੀਟੋਰੀਅਮ ਵਿੱਚ ਪ੍ਰੈੱਸ ਕੌਂਸਲ ਆਫ ਇੰਡੀਆ (ਪੀਸੀਆਈ) ਦੁਆਰਾ ਆਯੋਜਿਤ ਨੈਸ਼ਨਲ ਪ੍ਰੈੱਸ ਡੇਅ ਸਮਾਰੋਹ ਨੂੰ ਸੰਬੋਧਨ ਕੀਤਾ।

 

ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਨੇ ਮੀਡੀਆ ਜਗਤ ਨਾਲ ਜੁੜੇ ਪੇਸ਼ੇਵਰਾਂ ਨੂੰ ਅਪੀਲ ਕੀਤੀ ਕਿ ਉਹ ਤੇਜ਼ੀ ਨਾਲ ਬਦਲਦੇ ਮੀਡੀਆ ਲੈਂਡਸਕੇਪ ਅਤੇ ਤਕਨੀਕੀ ਤਰੱਕੀ ਦੇ ਅਨੁਸਾਰ ਖੁਦ ਨੂੰ ਢਾਲਣ। ਉਨ੍ਹਾਂ ਨੇ ਜ਼ਿੰਮੇਵਾਰ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਸਮਾਜ ਪ੍ਰਤੀ ਮੀਡੀਆਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਇਸ ਮੌਕੇ ਪ੍ਰੈੱਸ ਕੌਸ਼ਲ ਆਫ ਇੰਡੀਆ ਦੇ ਚੇਅਰਪਰਸਨ ਜਸਟਿਸ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ, ਮੁੱਖ ਭਾਸ਼ਣ ਦੇਣ ਵਾਲੇ ਪ੍ਰਸਿੱਧ ਪੱਤਰਕਾਰ ਸ਼੍ਰੀ ਰਜਤ ਸ਼ਰਮਾ ਅਤੇ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੈਂਬਰ ਡਾ. ਸੁਧਾਂਸ਼ੁ ਤ੍ਰਿਵੇਦੀ ਮੌਜੂਦ ਸਨ।

ਇਸ ਵਰ੍ਹੇ ਦੀ ਥੀਮ ‘ਪੱਤਰਕਾਰੀ: ਲੋਕਪ੍ਰਿਯ ਜਾਂ ਜ਼ਿੰਮੇਵਾਰ’ ਨੇ ਸੂਚਨਾ ਦੇ ਤੇਜ਼ੀ ਨਾਲ ਪ੍ਰਸਾਰ ਅਤੇ ਡਿਜੀਟਲ ਮਾਧਿਅਮਾਂ ਨਾਲ ਵਧ ਰਹੇ ਪ੍ਰਭਾਵ ਦੇ ਦੌਰ ਵਿੱਚ ਪੱਤਰਕਾਰੀ ਦੀ ਬਦਲਦੀ ਭੂਮਿਕਾ ਨੂੰ ਉਜਾਗਰ ਕੀਤਾ।

ਨਾਗਰਿਕਾਂ ਨੂੰ ਸਸ਼ਕਤ ਬਣਾਉਣ ਅਤੇ ਸਮਾਜ ਨੂੰ ਮਜ਼ਬੂਤ ਕਰਨ ਲਈ ਸਮੂਹਿਕ ਯਤਨਾਂ ਦਾ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦਿੱਤਾ ਸੱਦਾ

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਤਕਨੀਕੀ ਤਬਦੀਲੀ ਦੀ ਬੇਮਿਸਾਲ ਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਪੰਜ ਵਰ੍ਹਿਆਂ ਵਿੱਚ ਇੰਨੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ, ਜਿੰਨੀਆਂ ਪਿਛਲੇ ਦੋ ਦਹਾਕਿਆਂ ਵਿੱਚ ਹੋਈਆਂ ਹਨ। ਉਨ੍ਹਾਂ ਨੇ ਨੌਜਵਾਨ ਪੱਤਰਕਾਰਾਂ ਨੂੰ ਤਬਦੀਲੀਆਂ ਨੂੰ ਅਪਣਾਉਣ ਅਤੇ ਨਿਰੰਤਰ ਆਪਣੇ ਕੌਸ਼ਲ ਨੂੰ ਉੱਨਤ ਕਰਨ ਲਈ ਉਤਸ਼ਾਹਿਤ ਕੀਤਾ।

 

ਡਿਜੀਟਲ ਪਲੈਟਫਾਰਮ ਦੀ ਜਵਾਬਦੇਹੀ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਕੀ ਗੁੰਮਰਾਹਕੁੰਨ ਸੂਚਨਾਵਾਂ, ਡੀਪਫੇਕ, ਗੁੰਮਰਾਹ ਕਰਨ ਵਾਲੇ ਇਸ਼ਤਿਹਾਰਾਂ, ਡਿਜੀਟਲ ਗ੍ਰਿਫਤਾਰੀ ਅਤੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀ ਹਾਨੀਕਾਰਕ ਸਮੱਗਰੀ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਰਫ ਭਾਈਚਾਰਕ ਦਿਸ਼ਾ-ਨਿਰਦੇਸ਼ ਉਚਿਤ ਹਨ। ਉਨ੍ਹਾਂ ਨੇ ਇਸ ਬਦਲਦੇ ਮੀਡੀਆ ਲੈਂਡਸਕੇਪ ਦੇ ਨਿਯਮਾਂ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਨਾਗਰਿਕਾਂ ਨੂੰ ਮਜ਼ਬੂਤ ਬਣਾਇਆ ਜਾ ਸਕੇ ਅਤੇ ਉਭਰ ਰਹੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ।

ਸ਼੍ਰੀ ਰਜਤ ਸ਼ਰਮਾ ਨੇ ਸਨਸਨੀਖੇਜ ਪੱਤਰਕਾਰੀ ਅਤੇ ਜਵਾਬਦੇਹ ਪੱਤਰਕਾਰੀ ਦੇ ਵਿਚਕਾਰ ਦੀ ਬਰੀਕ ਰੇਖਾ ਨੂੰ ਉਜਾਗਰ ਕੀਤਾ

ਮੁੱਖ ਭਾਸ਼ਣ ਦਿੰਦੇ ਹੋਏ ਸ਼੍ਰੀ ਰਜਤ ਸ਼ਰਮਾ ਨੇ ਕਿਹਾ ਕਿ ਸਨਸਨੀਖੇਜ ਪੱਤਰਕਾਰੀ ਅਤੇ ਜਵਾਬਦੇਹ ਪੱਤਰਕਾਰੀ ਦੇ ਵਿਚਕਾਰ ਬਹੁਤ ਹੀ ਬਰੀਕ ਰੇਖਾ ਹੁੰਦੀ ਹੈ। ਉਨ੍ਹਾਂ ਨੇ ਸੰਪਾਦਕੀ ਸਮਝਦਾਰੀ ਅਤੇ ਜਵਾਬਦੇਹ ਸਮਾਚਾਰ ਪੇਸ਼ਕਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਐਮਰਜੈਂਸੀ, 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਅਤੇ ਆਪ੍ਰੇਸ਼ਨ ਸਿੰਦੂਰ ਦੇ ਆਪਣੇ ਤਜ਼ਰਬਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਦੀ ਰਿਪੋਰਟਿੰਗ ਦੌਰਾਨ ਸੰਜਮ, ਤੱਥਾਂ ਦੇ ਤਸਦੀਕ ਅਤੇ ਸੰਵੇਦਨਸ਼ੀਲਤਾ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ। ਡਿਜੀਟਲ ਮੀਡੀਆ ਸਿਸਟਮ ਵਿੱਚ ਵਧੇਰੇ ਜਵਾਬਦੇਹੀ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਨਸਨੀਖੇਜ ਪੇਸ਼ਕਾਰੀ ਦੀ ਥਾਂ ਸਟੀਕਤਾ ਨੂੰ ਤਰਜੀਹ ਦੇਣ। ਉਨ੍ਹਾਂ ਆਪਣੇ ਸੰਬੋਧਨ ਦੀ ਸਮਾਪਤੀ ਇਸ ਸੰਦੇਸ਼ ਨਾਲ ਕੀਤੀ : ‘ਘੱਟ ਸ਼ੋਰ, ਵਧੇਰੇ ਸਮਾਚਾਰ, ਘੱਟ ਸਨਸਨੀ, ਵਧੇਰੇ ਜ਼ਿੰਮੇਵਾਰੀ।’

 

ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਚੇਅਰਪਰਸਨ ਨੇ ਪ੍ਰੈੱਸ ਦੀ ਆਜ਼ਾਦੀ ਅਤੇ ਪੱਤਰਕਾਰੀ ਦੇ ਮਿਆਰਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

ਪ੍ਰੈੱਸ ਕੌਂਸਲ ਆਫ ਇੰਡੀਆ ਦੀ ਚੇਅਰਪਰਸਨ ਜਸਟਿਸ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਨੇ ਪ੍ਰੈੱਸ ਦੀ ਸੁਤੰਤਰਤਾ ਦੀ ਰੱਖਿਆ ਕਰਨ ਅਤੇ ਪੱਤਰਕਾਰੀ ਦੇ ਮਾਪਦੰਡਾਂ ਵਿੱਚ ਸਿਧਾਰ ਲਿਆਉਣ ਪ੍ਰਤੀ ਕੌਂਸਲ ਦੀ ਵਚਨਬੱਧਤਾ ਦੁਹਰਾਈ। ਮੀਡੀਆ ਲੈਂਡਸਕੇਪ ਵਿੱਚ ਤੇਜ਼ੀ ਨਾਲ ਹੋ ਰਹੀਆਂ ਤਬਦੀਲੀਆਂ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਤਕਨੀਕੀ ਤਰੱਕੀ ਕਾਰਨ ਹੁਣ ਕੁਝ ਹੀ ਸਕਿੰਟਾਂ ਵਿੱਚ ਲੱਖਾਂ ਲੋਕਾਂ ਤੱਕ ਸੂਚਨਾਵਾਂ ਪਹੁੰਚਾਉਣਾ ਸੰਭਵ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਫੋਨ ਅਤੇ ਇੰਟਰਨੈੱਟ ਕਨੈਕਸ਼ਨ ਰੱਖਣ ਵਾਲਾ ਕੋਈ ਵੀ ਵਿਅਕਤੀ ਸਮਾਚਾਰ ਪ੍ਰਸਾਰਿਤ ਕਰ ਸਕਦਾ ਹੈ, ਪਰ ਸਮਾਚਾਰ ਪੇਸ਼ ਕਰਨ ਵਾਲੇ ਸਾਰੇ ਲੋਕ ਪੱਤਰਕਾਰੀ ਦੇ ਨੈਤਿਕ ਮਾਪਦੰਡਾਂ ਵਿੱਚ ਟ੍ਰੇਂਡ ਨਹੀਂ ਹੁੰਦੇ ਅਤੇ ਨਾ ਹੀ ਉਨ੍ਹਾਂ ਮਾਪਦੰਡਾਂ ਦੀ ਪਾਲਣਾ ਕਰਨ ਲਈ ਬੱਝੇ ਹੁੰਦੇ ਹਨ।

 

ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਸਟੀਕਤਾ, ਸੰਪਾਦਕੀ ਸਮਝਦਾਰੀ ਅਤੇ ਜਵਾਬਦੇਹੀ ਦੀ ਜ਼ਿੰਮੇਵਾਰੀ ਮਨੁੱਖ ਕੋਲ ਹੀ ਰਹਿਣੀ ਚਾਹੀਦੀ ਹੈ, ‘ਤੇ ਸ਼੍ਰੀ ਚੰਚਲ ਕੁਮਾਰ ਨੇ ਦਿੱਤਾ ਜ਼ੋਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਕਿਹਾ ਕਿ ਪੱਤਰਕਾਰੀ ਵਿੱਚ ਜਨਤਕ ਸ਼ਮੂਲੀਅਤ ਅਤੇ ਭਰੋਸੇਯੋਗਤਾ ਦੇ ਵਿਚਕਾਰ ਸੰਤੁਲਨ ਬਣਾਈ ਰੱਖਣਾ ਲਾਜਮੀ ਹੈ। ਉਨ੍ਹਾਂ ਕਿਹਾ ਕਿ ਪ੍ਰਸਿੱਧੀ ਨੂੰ ਸੱਚ ਤੋਂ ਉੱਪਰ ਨਹੀਂ ਰੱਖਿਆ ਜਾਣਾ ਚਾਹੀਦਾ ਅਤੇ ਨਾ ਹੀ ਤੇਜ਼ੀ ਨਾਲ ਪ੍ਰਸਾਰਿਤ ਹੋਣ ਵਾਲੀ ਸਮੱਗਰੀ ਨੂੰ ਤੱਥਾਂ ਦੀ ਤਸਦੀਕ ਤੋਂ ਵੱਧ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ। ਟੀਆਰਪੀ, ਕਲਿੱਕ ਅਤੇ ਡਿਜੀਟਲ ਮਾਧਿਅਮਾਂ ਬਾਰੇ ਦਰਸ਼ਕਾਂ ਦੀ ਸ਼ਮੂਲੀਅਤ ਦੇ ਵਧਦੇ ਪ੍ਰਭਾਵ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਸੰਪਾਦਕੀ ਸਮਝਦਾਰੀ, ਤੱਤਾਂ ਦੀ ਜਾਂਚ ਅਤੇ ਸਮਾਚਾਰ ਅਤੇ ਵਿਚਾਰ ਦੇ ਦਰਮਿਆਨ ਪਾੜੇ ਨੂੰ ਸਪਸ਼ਟ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਪੱਤਰਕਾਰੀ ਵਿੱਚ ਮਦਦ ਕਰ ਸਕਦੀ ਹੈ ਪਰ ਉਹ ਕਿਸੇ ਪੱਤਰਕਾਰ ਦੀ ਜ਼ਿੰਮੇਵਾਰੀ ਨਿਭਾ ਨਹੀਂ ਸਕਦੀ।

 

ਪ੍ਰੈੱਸ ਕੌਂਸਲ ਆਫ ਇੰਡੀਆ ਦੇ ਮੈਂਬਰ ਅਤੇ ਰਾਜ ਸਭਾ ਸਾਂਸਦ ਡਾ. ਸੁਧਾਂਸ਼ੁ ਤ੍ਰਿਵੇਦੀ ਨੇ ਅੰਤਰਰਾਸ਼ਟਰੀ ਸੂਚਕਾਂਕਾਂ ਦੀ ਆਲੋਚਨਾਤਮਕ ਸਮੀਖਿਆ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਵਿਕਾਸ ਦੀ ਇੱਕ ਨਵੀਂ ਦਿਸ਼ਾ 'ਤੇ ਅੱਗੇ ਵਧਣ ਦੇ ਨਾਲ-ਨਾਲ ਇਮਾਨਦਾਰੀ ਅਤੇ ਜਾਣਕਾਰੀ ਦਾ ਜ਼ਿੰਮੇਵਾਰ ਪ੍ਰਸਾਰ ਜ਼ਰੂਰੀ ਹੈ।

ਪ੍ਰੈੱਸ ਕੌਂਸਲ ਆਫ਼ ਇੰਡੀਆ ਨੇ "ਪੱਤਰਕਾਰੀ ਆਚਰਣ ਦੇ ਨਿਯਮਾਂ" ਦਾ ਸਾਲ 2026 ਦਾ ਐਡੀਸ਼ਨ ਜਾਰੀ ਕੀਤਾ

ਇਸ ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਪ੍ਰੈੱਸ ਕੌਂਸਲ ਆਫ਼ ਇੰਡੀਆ ਦੁਆਰਾ "ਪੱਤਰਕਾਰੀ ਆਚਰਣ ਦੇ ਨਿਯਮ" ਦੇ ਸਾਲ 2026 ਦੇ ਐਡੀਸ਼ਨ ਦਾ ਜਾਰੀ ਹੋਣਾ ਸੀ। ਇਸ ਵਿੱਚ ਹੇਠ ਲਿਖੇ ਵਿਸ਼ਿਆਂ 'ਤੇ ਅੱਪਡੇਟ ਕੀਤੇ ਦਿਸ਼ਾ-ਨਿਰਦੇਸ਼ ਸ਼ਾਮਲ ਕੀਤੇ ਗਏ ਹਨ:

• ਕੁਦਰਤੀ ਆਫ਼ਤਾਂ ਅਤੇ ਟਕਰਾਅ ਦੀਆਂ ਸਥਿਤੀਆਂ ਦੌਰਾਨ ਖ਼ਬਰਾਂ ਦੀ ਰਿਪੋਰਟਿੰਗ।

• ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਦੀ ਖ਼ਬਰਾਂ ਦੀ ਕਵਰੇਜ।

• ਸੈਕਸ ਵਰਕਰਾਂ ਅਤੇ ਦਿਵਯਾਂਗਜਨਾਂ ਨਾਲ ਸਬੰਧਿਤ ਖ਼ਬਰਾਂ ਦੀ ਰਿਪੋਰਟਿੰਗ।

• ਬੱਚਿਆਂ ਦੀ ਨਿਜਤਾ ਦੀ ਸੁਰੱਖਿਆ।

• ਔਨਲਾਈਨ ਗੇਮਿੰਗ ਪ੍ਰਮੋਸ਼ਨ ਅਤੇ ਰੈਗੂਲੇਸ਼ਨ ਐਕਟ, 2025 ਦੇ ਅਨੁਸਾਰ ਔਨਲਾਈਨ ਪੈਸੇ ਸਬੰਧੀ ਗੇਮਸ ਦੇ ਇਸ਼ਤਿਹਾਰ।

ਪ੍ਰੈੱਸ ਕੌਂਸਲ ਆਫ਼ ਇੰਡੀਆ ਬਾਰੇ

ਪ੍ਰੈੱਸ ਕੌਂਸਲ ਆਫ ਇੰਡੀਆ ਦੀ ਸਥਾਪਨਾ 1966 ਵਿੱਚ ਸੰਸਦ ਦੇ ਇੱਕ ਐਕਟ ਰਾਹੀਂ ਇੱਕ ਅਰਧ-ਨਿਆਇਕ ਅਥਾਰਟੀ ਵਜੋਂ ਕੀਤੀ ਗਈ ਸੀ। ਇਸ ਦਾ ਪੁਨਰਗਠਨ 1979 ਵਿੱਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਪ੍ਰਿੰਟ ਮੀਡੀਆ ਲਈ ਇੱਕ ਅੰਦਰੂਨੀ ਸਵੈ-ਨਿਯੰਤ੍ਰਿਤ ਵਿਧੀ ਪ੍ਰਦਾਨ ਕਰਵਾਉਣਆ ਹੈ ਤਾਂ ਜੋ ਸੁਤੰਤਰ ਅਤੇ ਜ਼ਿੰਮੇਵਾਰ ਸਮਾਚਾਰ ਪੇਸ਼ਕਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਆਪਣੀ ਦੇ ਬਾਅਦ ਤੋਂ ਹੀ, ਕੌਂਸਲ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਅਤੇ ਸੰਭਾਲ ਕਰਨ ਅਤੇ ਦੇਸ਼ ਵਿੱਚ ਅਖ਼ਬਾਰਾਂ ਅਤੇ ਨਿਊਜ਼ ਏਜੰਸੀਆਂ ਦੇ ਮਿਆਰਾਂ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਰਹੀ ਹੈ।

*************

ਮਹੇਸ਼ ਕੁਮਾਰ/ ਅਲਿਸ਼ਾ ਮਹਿਰੋਤ੍ਰਾ / ਉਤਕਰਸ਼ ਉਪਾਧਿਆਏ/ਬਲਜੀਤ ਸਿੰਘ


(Release ID: 2337518) ਵਿਜ਼ੀਟਰ ਕਾਊਂਟਰ : 7