Posted On:
11 NOV 2026 3:05PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਨਵੀਂ ਦਿੱਲੀ ਸਥਿਤ ਨੌਰਥ ਅਤੇ ਸਾਊਥ ਬਲੌਕ ਕੰਪਲੈਕਸ ਵਿੱਚ ‘ਯੁਗੇ ਯੁਗੀਨ ਭਾਰਤ ਮਿਊਜ਼ੀਅਮ’ (ਵਾਈਵਾਈਬੀਐੱਮ) ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ। ਇਸ ਪ੍ਰੋਜੈਕਟ ਦੀ ਅਨੁਮਾਨਿਤ ਕੁੱਲ ਲਾਗਤ 3230 ਕਰੋੜ ਰੁਪਏ ਹੈ, ਜਿਸ ਦਾ ਮੁਲਾਂਕਣ ਜਨਤਕ ਨਿਵੇਸ਼ ਬੋਰਡ (ਪੀਆਈਬੀ) ਦੁਆਰਾ ਕੀਤਾ ਗਿਆ ਹੈ।
ਪੁਆਇੰਟ-ਵਾਈਜ਼ ਵੇਰਵੇ
-
ਯੁਗੇ ਯੁਗੀਨ ਭਾਰਤ ਮਿਊਜ਼ੀਅਮ ਦੀ ਕਲਪਨਾ ਇੱਕ ਇਤਿਹਾਸਕ ਸੱਭਿਅਤਾਗਤ ਮਿਊਜ਼ੀਅਮ ਵਜੋਂ ਕੀਤੀ ਗਈ ਹੈ, ਜੋ ਭਾਰਤ ਦੀ ਸੱਭਿਅਤਾਗਤ ਵਿਰਾਸਤ ਦੀ ਨਿਰੰਤਰਤਾ, ਵਿਭਿੰਨਤਾ ਅਤੇ ਸਮ੍ਰਿੱਧੀ ਨੂੰ ਉਸਦੀ ਠੋਸ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਦੇ ਵਿਆਪਕ ਚਿੱਤਰਣ ਰਾਹੀਂ ਇਸ ਨੂੰ ਪ੍ਰਦਰਸ਼ਿਤ ਕਰੇਗਾ।
-
ਇਸ ਮਿਊਜ਼ੀਅਮ ਦਾ ਵਿਕਾਸ ਇਤਿਹਾਸਕ 'ਨੌਰਥ ਅਤੇ ਸਾਊਥ ਬਲੌਕ' ਕੰਪਲੈਕਸ ਦੀ ਢੁਕਵੀਂ ਮੁੜ-ਵਰਤੋਂ ਰਾਹੀਂ ਕੀਤਾ ਜਾਵੇਗਾ। ਇਸ ਪ੍ਰਕਿਰਿਆ ਵਿੱਚ, ਇਨ੍ਹਾਂ ਇਮਾਰਤਾਂ ਦੀਆਂ ਵਾਸਤੂਕਲਾ ਸਬੰਧੀ ਵਿਸ਼ੇਸ਼ਤਾਵਾਂ ਅਤੇ ਇਤਿਹਾਸਕ ਵਿਰਾਸਤ ਦੇ ਮਹੱਤਵ ਨੂੰ ਸੁਰੱਖਿਅਤ ਰੱਖਦੇ ਹੋਏ ਇਨ੍ਹਾਂ ਨੂੰ ਇੱਕ ਜਨਤਕ ਸੱਭਿਆਚਾਰਕ ਸੰਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ।
-
ਲਗਭਗ 178,509 ਵਰਗ ਮੀਟਰ ਦੇ ਪ੍ਰਸਤਾਵਿਤ ਨਿਰਮਾਣ ਖੇਤਰ ਵਿੱਚ ਫੈਲੇ ਇਸ ਮਿਊਜ਼ੀਅਮ ਵਿੱਚ, ਆਧੁਨਿਕ ਮਿਊਜ਼ੀਅਮ ਸਬੰਧੀ ਅਭਿਆਸਾਂ, ਇਮਰਸਿਵ ਤਕਨੀਕਾਂ ਅਤੇ ਦਰਸ਼ਕ-ਕੇਂਦ੍ਰਿਤ ਪੇਸ਼ਕਾਰੀਆਂ ਨੂੰ ਆਪਸ ਵਿੱਚ ਜੋੜਿਆ ਜਾਵੇਗਾ। ਦੁਨੀਆ ਦੇ ਮੋਹਰੀ ਅੰਤਰਰਾਸ਼ਟਰੀ ਮਿਊਜ਼ੀਅਮਾਂ ਦੇ ਮਿਆਰਾਂ ਅਨੁਸਾਰ ਵਿਕਸਿਤ ਹੋਣ ਵਾਲਾ 'ਯੁਗੇ ਯੁਗੀਨ ਭਾਰਤ ਮਿਊਜ਼ੀਅਮ, ਵਿਸ਼ਵ ਵਿੱਚ ਸਭ ਤੋਂ ਵੱਡੇ ਪ੍ਰਦਰਸ਼ਨੀ ਖੇਤਰ ਵਾਲ ਮਿਊਜ਼ੀਅਮ ਹੋਵੇਗਾ।
-
ਇਸ ਮਿਊਜ਼ੀਅਮ ਵਿੱਚ ਸੁਚੱਜੇ ਢੰਗ ਨਾਲ ਵਿਸ਼ਾ-ਅਧਾਰਿਤ ਗੈਲਰੀਆਂ, ਪ੍ਰਦਰਸ਼ਨੀਆਂ ਅਤੇ ਵਿਆਖਿਆਤਮਕ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਸੱਭਿਅਤਾ ਦੇ ਸਫ਼ਰ ਨੂੰ ਦਰਸਾਇਆ ਜਾਵੇਗਾ। ਇਸ ਵਿੱਚ ਦੇਸ਼ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ, ਗਿਆਨ ਪ੍ਰਣਾਲੀਆਂ, ਕਲਾਤਮਕ ਪਰੰਪਰਾਵਾਂ ਅਤੇ ਵਿਰਸੇ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
-
ਇਸ ਪ੍ਰੋਜੈਕਟ ਵਿੱਚ ਪ੍ਰਦਰਸ਼ਨੀ ਗੈਲਰੀਆਂ ਦਾ ਵਿਕਾਸ, ਸੰਗ੍ਰਹਿ ਦੇ ਭੰਡਾਰਣ ਅਤੇ ਸੁਰੱਖਿਅਤ ਰੱਖਣ ਲਈ ਸਹੂਲਤਾਂ, ਦਰਸ਼ਕਾਂ ਲਈ ਸੁਵਿਧਾਵਾਂ, ਆਧੁਨਿਕ ਤਕਨਾਲੋਜੀਆਂ ਅਤੇ ਡੂੰਘੇ ਅਨੁਭਵਾਂ ਨੂੰ ਸ਼ਾਮਲ ਕਰਨਾ, ਲੈਂਡਸਕੇਪ ਵਿਕਾਸ, ਸਮਾਰਟ ਬਿਲਡਿੰਗ ਪ੍ਰਣਾਲੀਆਂ ਅਤੇ ਸੰਬੰਧਿਤ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੈ।
-
ਮਿਊਜ਼ੀਅਮ ਦਾ ਵਿਕਾਸ ਮਿਊਜ਼ੀਅਮ ਦੀ ਯੋਜਨਾਬੰਦੀ, ਵਿਰਾਸਤੀ ਸੰਭਾਲ, ਪ੍ਰਦਰਸ਼ਨੀ ਡਿਜ਼ਾਈਨ ਅਤੇ ਟਿਕਾਊ ਸੱਭਿਆਚਾਰਕ ਪ੍ਰਬੰਧਨ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਵਧੀਆ ਅਭਿਆਸਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ। ਇਹਨਾਂ ਅਭਿਆਸਾਂ ਨੂੰ ਭਾਰਤ ਦੇ ਵਿਭਿੰਨ ਸੱਭਿਆਚਾਰਕ ਸੰਦਰਭਾਂ ਦੇ ਅਨੁਕੂਲ ਢਾਲਿਆ ਜਾਵੇਗਾ।
ਪਿਛੋਕੜ
ਪ੍ਰਧਾਨ ਮੰਤਰੀ ਨੇ 18 ਮਈ, 2023 ਨੂੰ ਯੁਗੇ ਯੁਗੀਨ ਭਾਰਤ ਮਿਊਜ਼ੀਅਮ ਦੀ ਸਥਾਪਨਾ ਦਾ ਐਲਾਨ ਕੀਤਾ ਸੀ।
ਸਰਕਾਰੀ ਦਫਤਰਾਂ ਦੇ ਤਬਾਦਲੇ ਤੋਂ ਬਾਅਦ ਇਤਿਹਾਸਕ ਨੌਰਥ ਅਤੇ ਸਾਊਥ ਬਲੌਕ ਬਿਲਡਿੰਗਾਂ ਦੀ ਕਿਸੇ ਮਹੱਤਵਪੂਰਨ ਜਨਤਕ ਸੱਭਿਆਚਾਰਕ ਉਦੇਸ਼ ਲਈ ਅਨੁਕੂਲ ਮੁੜ ਵਰਤੋਂ ਕਰਨ ਦਾ ਇੱਕ ਅਨੋਖਾ ਮੌਕਾ ਉਪਲਬਧ ਹੋਇਆ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਇਨ੍ਹਾਂ ਪ੍ਰਤਿਸ਼ਠਿਤ ਬਿਲਡਿੰਗਾਂ ਦੀ ਵਾਸਤੂਕਲਾ ਦੀਆਂ ਵਿਸ਼ੇਸ਼ਤਾਵਾਂ ਅਤੇ ਇਤਿਹਾਸਕ ਵਿਰਾਸਤ ਨੂੰ ਸੰਭਾਲਦੇ ਹੋਏ ਉਨ੍ਹਾਂ ਨੂੰ ਇੱਕ ਨਵੀਂ ਸੰਸਥਾਗਤ ਭੂਮਿਕਾ ਪ੍ਰਦਾਨ ਕਰਨਾ ਹੈ।
ਇਸ ਪ੍ਰਸਤਾਵ ਦਾ ਮੁਲਾਂਕਣ 27 ਜੁਲਾਈ, 2026 ਨੂੰ ਜਨਤਕ ਨਿਵੇਸ਼ ਬੋਰਡ (ਪੀਆਈਬੀ) ਦੁਆਰਾ ਕੀਤਾ ਗਿਆ ਸੀ ਅਤੇ ਸੱਭਿਆਚਾਰ ਮੰਤਰਾਲੇ ਨੇ ਇਸ ਦੀਆਂ ਸਿਫਾਰਸ਼ਾਂ ਬਾਰੇ ਸਹਿਮਤੀ ਪ੍ਰਗਟ ਕੀਤੀ ਹੈ।
ਲਾਗੂਕਰਨ ਰਣਨੀਤੀ ਅਤੇ ਟੀਚੇ
ਇਸ ਪ੍ਰੋਜੈਕਟ ਨੂੰ ਵਿੱਤੀ ਵਰ੍ਹੇ 2026-27 ਤੋਂ ਵਿੱਤੀ ਵਰ੍ਹੇ 2030-31 ਤੱਕ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ। ਨੌਰਥ ਬਲੌਕ ਵਿੱਚ ਸਜਾਵਟ ਦੇ ਵਿਸ਼ੇ ‘ਤੇ ਅਧਾਰਿਤ ਪਹਿਲੀ ਉਦਘਾਟਨ ਗੈਲਰੀ ਦੇ ਵਰ੍ਹੇ 2027 ਦੇ ਅਖੀਰ ਵਿੱਚ ਆਮ ਜਨਤਾ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਵਧੇਰੇ ਗੈਲਰੀਆਂ ਨੂੰ ਸ਼ਾਮਲ ਕਰਨ ਲਈ ਇੱਕ ਮੌਡਿਊਲਰ ਦ੍ਰਿਸ਼ਟੀਕੋਣ ਤਿਆਰ ਕੀਤਾ ਜਾ ਰਿਹਾ ਹੈ। ਮਿਊਜ਼ੀਅਮ ਵਿੱਚ ਪ੍ਰਦਰਸ਼ਿਤ ਕੀਤੀ ਜਾਣ ਵਾਲੀ ਸਮੱਗਰੀ ਅਤੇ ਸੰਗ੍ਰਹਿ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਰਾਸ਼ਟਰੀ ਮਿਊਜ਼ੀਅਮ ਅਤੇ ਸੱਭਿਆਚਾਰ ਮੰਤਰਾਲੇ ਦੇ ਹੋਰ ਮਿਊਜ਼ੀਅਮਾਂ, ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੇ 52 ਸਾਈਟ ਮਿਊਜ਼ੀਅਮ ਅਤੇ ਵੱਖ-ਵੱਖ ਰਾਜ ਮਿਊਜ਼ੀਅਮਾਂ ਅਤੇ ਪ੍ਰਾਈਵੇਟ ਕਲੈਕਸ਼ਨਾਂ ਰਾਹੀਂ ਲਗਭਗ 18 ਲੱਖ ਕਲਾਕ੍ਰਿਤੀਆਂ ਦੀ ਪਛਾਣ ਕੀਤੀ ਗਈ ਹੈ।
ਹੋਰ ਗੈਲਰੀਆਂ ਦਾ ਵਿਕਾਸ ਵਾਸਤੂਕਲਾ ਅਤੇ ਨਗਰ ਦ੍ਰਿਸ਼, ਗਣਿਤ ਅਤੇ ਖਗੋਲ-ਵਿਗਿਆਨ, ਭਾਸ਼ਾਵਾਂ ਅਤੇ ਲਿਪੀਆਂ, ਆਸਥਾ ਅਤੇ ਅਧਿਆਤਮਿਕਤਾ ਅਤੇ ਭਾਰਤ ਦਾ ਜੁੜਾਅ— ਵਪਾਰ ਅਤੇ ਵਿਚਾਰ ਜਿਹੇ ਵਿਸ਼ਿਆਂ ‘ਤੇ ਕੀਤਾ ਜਾ ਰਿਹਾ ਹੈ।
ਇਸ ਪ੍ਰੋਜੈਕਟ ਨੂੰ ਲਾਗੂ ਕਰਨ ਤਾਲਮੇਲ-ਯੁਕਤ ਪ੍ਰੋਜੈਕਟ ਪ੍ਰਬੰਧਨ, ਡਿਜ਼ਾਈਨ ਅਤੇ ਤਕਨੀਕੀ ਨਿਗਰਾਨੀ, ਗੁਣਵੱਤਾ ਭਰੋਸੇ ਅਤੇ ਸਮੇਂ-ਸਮੇਂ 'ਤੇ ਕੀਤੀ ਜਾਣ ਵਾਲੀ ਸਮੀਖਿਆ ਰਾਹੀਂ ਕੀਤਾ ਜਾਵੇਗਾ।
ਰੁਜ਼ਗਾਰ ਸਿਰਜਣਾ ਦੀਆਂ ਸੰਭਾਵਨਾਵਾਂ ਸਮੇਤ ਮੁੱਖ ਪ੍ਰਭਾਵ
ਯੁਗੇ ਯੁਗੀਨ ਭਾਰਤ ਮਿਊਜ਼ੀਅਮ ਨਾਲ ਸੱਭਿਆਚਾਰ, ਸਿੱਖਿਆ, ਅਰਥਵਿਵਸਥਾ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਮਹੱਤਵਪੂਰਨ ਨਤੀਜੇ ਪ੍ਰਾਪਤ ਹੋਣ ਦੀ ਉਮੀਦ ਹੈ।
-
ਸੱਭਿਅਤਾਗਤ ਵਿਰਾਸਤ ਦੀ ਸੰਭਾਲ: ਇਹ ਮਿਊਜ਼ੀਅਮ ਭਾਰਤ ਦੇ ਸੱਭਿਅਤਾਗਤ ਵਿਕਾਸ, ਨਿਰੰਤਰਤਾ ਅਤੇ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਏਕੀਕ੍ਰਿਤ ਸੰਸਥਾਗਤ ਮੰਚ ਪ੍ਰਦਾਨ ਕਰੇਗਾ। ਇਸ ਨਾਲ ਦੇਸ਼ ਦੀ ਠੋਸ ਅਤੇ ਅਮੂਰਤ ਵਿਰਾਸਤ ਦੀ ਸੰਭਾਲ ਅਤੇ ਪ੍ਰਸਾਰ ਨੂੰ ਮਜ਼ਬੂਤੀ ਮਿਲੇਗੀ।
-
ਵਿਰਾਸਤੀ ਇਮਾਰਤਾਂ ਦੀ ਅਨੁਕੂਲਿਤ ਮੁੜ-ਵਰਤੋਂ: ਇਸ ਪ੍ਰੋਜੈਕਟ ਰਾਹੀਂ, ਇਤਿਹਾਸਕ 'ਨੌਰਥ ਬਲੌਕ' ਅਤੇ 'ਸਾਊਥ ਬਲੌਕ' ਇਮਾਰਤਾਂ ਦੀ ਵਾਸਤੂਕਲਾ ਵਿਸ਼ੇਸ਼ਤਾਵਾਂ ਅਤੇ ਇਤਿਹਾਸਕ ਮਹੱਤਵ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਨੂੰ ਇੱਕ ਮਹੱਤਵਪੂਰਨ ਜਨਤਕ ਸੱਭਿਆਚਾਰਕ ਕਾਰਜ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ।
-
ਸੱਭਿਆਚਾਰਕ ਸੈਰ-ਸਪਾਟਾ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ: ਇਸ ਮਿਊਜ਼ੀਅਮ ਦੇ ਇੱਕ ਪ੍ਰਮੁੱਖ ਸੱਭਿਆਚਾਰਕ ਸੈਰ-ਸਪਾਟਾ ਸਥਾਨ ਵਜੋਂ ਉਭਰਨ ਦੀ ਉਮੀਦ ਹੈ। ਇਹ ਦੇਸੀ ਅਤੇ ਅੰਤਰਰਾਸ਼ਟਰੀ, ਦੋਵਾਂ ਤਰ੍ਹਾਂ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਸੱਭਿਆਚਾਰਕ ਮੌਜੂਦਗੀ ਅਤੇ 'ਸੌਫਟ ਪਾਵਰ' ਨੂੰ ਮਜ਼ਬੂਤ ਕਰੇਗਾ।
-
ਸਿੱਖਿਆ ਅਤੇ ਖੋਜ: ਇਹ ਮਿਊਜ਼ੀਅਮ ਜਨਤਕ ਸਿੱਖਿਆ, ਅਕਾਦਮਿਕ ਖੋਜ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਭਾਰਤ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਤੇ ਗਿਆਨ ਪ੍ਰਣਾਲੀਆਂ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰੇਗਾ।
-
ਰੁਜ਼ਗਾਰ ਸਿਰਜਣਾ: ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਦੋਵੇਂ ਪੜਾਵਾਂ ਵਿੱਚ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਸ ਨਾਲ ਕਾਰੀਗਰਾਂ, ਸ਼ਿਲਪਕਾਰਾਂ, ਖੋਜਕਰਤਾਵਾਂ, ਮਿਊਜ਼ੀਅਮ ਮਾਹਰਾਂ, ਡਿਜ਼ਾਈਨਰਾਂ, ਕਲਾਕਾਰਾਂ ਅਤੇ ਹੋਰ ਰਚਨਾਤਮਕ ਪੇਸ਼ੇਵਰਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ, ਇਹ ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ ਖੇਤਰਾਂ ਅੰਦਰ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਵੀ ਹੁਲਾਰਾ ਮਿਲੇਗਾ।
-
'ਮੇਕ ਇਨ ਇੰਡੀਆ' ਨੂੰ ਉਤਸ਼ਾਹਿਤ ਕਰਨਾ: ਯੋਜਨਾਬੱਧ ਵਿਕ੍ਰੇਤਾ ਵਿਕਾਸ ਪਹਿਲਕਦਮੀਆਂ ਰਾਹੀਂ, ਇਹ ਪ੍ਰੋਜੈਕਟ ਵਿਸ਼ਵ ਪੱਧਰੀ ਮਿਊਜ਼ੀਅਮ ਪ੍ਰਦਰਸ਼ਨੀਆਂ ਅਤੇ ਉਤਪਾਦਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰੇਗਾ। ਇਸ ਨਾਲ ਭਾਰਤੀ ਕਾਰੀਗਰਾਂ, ਨਿਰਮਾਤਾਵਾਂ, ਸੰਭਾਲ ਮਾਹਰਾਂ ਅਤੇ ਤਕਨਾਲੋਜੀ ਸੇਵਾ ਪ੍ਰਦਾਤਾਵਾਂ ਲਈ ਨਵੇਂ ਮੌਕੇ ਪੈਦਾ ਹੋਣਗੇ।
-
ਸੈਲਾਨੀ-ਕੇਂਦ੍ਰਿਤ ਅਤੇ ਸਮਾਵੇਸ਼ੀ ਬੁਨਿਆਦੀ ਢਾਂਚਾ: ਆਧੁਨਿਕ ਮਿਊਜ਼ੀਅਮ ਤਕਨੀਕਾਂ ਅਤੇ ਸੈਲਾਨੀਆਂ ਲਈ ਉਪਲਬਧ ਸਹੂਲਤਾਂ ਨਾਲ ਜਨਤਕ ਭਾਗੀਦਾਰੀ ਵਧੇਗੀ ਅਤੇ ਮਿਊਜ਼ੀਅਮ ਆਉਣ ਵਾਲੇ ਲੋਕਾਂ ਦਾ ਸਮੁੱਚਾ ਅਨੁਭਵ ਬਿਹਤਰ ਹੋਵੇਗਾ।
*****
ਐੱਮਜੇਪੀਐੱਸ/ਬਲਜੀਤ ਸਿੰਘ