ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਵਿਕਸਿਤ ਭਾਰਤ-ਜੀ ਰਾਮ ਜੀ ਦੇ ਅਧੀਨ ਚਾਰਾ ਉਤਪਾਦਨ ਵਧਾਉਣ, ਪਸ਼ੂ ਪਾਲਣ ਨਾਲ ਸਬੰਧਿਤ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਪੇਂਡੂ ਵਿਕਾਸ ਵਿਭਾਗ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਦੀ ਸਾਂਝੀ ਪਹਿਲਕਦਮੀ


ਕੇਂਦਰ ਨੇ ਪੇਂਡੂ ਖੇਤਰਾਂ ਵਿੱਚ ਚਾਰੇ ਦੀ ਉਪਲਬਧਤਾ ਵਧਾਉਣ ਅਤੇ ਪਸ਼ੂ ਧਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੀ ਸਾਂਝੀ ਐਡਵਾਇਜ਼ਰੀ

ਚਾਰਾ ਦੇ ਉਤਪਾਦਨ, ਚਰਾਗਾਹ ਵਿਕਾਸ, ਡੇਅਰੀ ਨਾਲ ਸਬੰਧਿਤ ਬੁਨਿਆਦੀ ਢਾਂਚੇ ਅਤੇ ਪਸ਼ੂ ਦੇ ਇਲਾਜ ਦੀਆਂ ਸਹੂਲਤਾਂ ਲਈ 22 ਮਨਜ਼ੂਰਸ਼ੁਦਾ ਕੰਮਾਂ ਦੀ ਪਛਾਣ ਕੀਤੀ ਗਈ

ਰਾਜਾਂ ਨੂੰ ਚਾਰੇ ਅਤੇ ਪਸ਼ੂ ਧਨ ਨਾਲ ਸਬੰਧਿਤ ਕੰਮਾਂ ’ਤੇ ਕੁੱਲ ਪ੍ਰੋਗਰਾਮ ਖ਼ਰਚੇ ਦਾ ਘੱਟੋ-ਘੱਟ 5 ਫ਼ੀਸਦੀ ਖ਼ਰਚ ਕਰਨ ਲਈ ਉਤਸ਼ਾਹਿਤ ਕੀਤਾ ਗਿਆ

Posted On: 05 NOV 2026 10:22AM by PIB Chandigarh

ਪੇਂਡੂ ਵਿਕਾਸ ਮੰਤਰਾਲੇ ਦੇ ਪੇਂਡੂ ਵਿਕਾਸ ਵਿਭਾਗ (ਡੀਓਆਰਡੀ) ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਨੇ ਵਿਕਸਿਤ ਭਾਰਤ-ਗਾਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗ੍ਰਾਮੀਣ): ਵੀਬੀ-ਜੀ-ਰਾਮ ਜੀ (VB-G RAM G) ਐਕਟ, 2025 ਦੇ ਤਹਿਤ ਤਾਲਮੇਲ ਰਾਹੀਂ ਚਾਰਾ ਸੁਰੱਖਿਆ, ਚਰਾਗਾਹ ਵਿਕਾਸ ਅਤੇ ਪਸ਼ੂ ਪਾਲਣ ਨੂੰ ਸਹਿਯੋਗ ਦੇਣ ਵਾਲੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਾਂਝੇ ਤੌਰ ’ਤੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਇਹ ਪਹਿਲਕਦਮੀ ਚਾਰੇ ਦੀ ਘਾਟ ਨੂੰ ਦੂਰ ਕਰਨ, ਪਸ਼ੂ ਪਾਲਣ ਨਾਲ ਜੁੜੇ ਬੁਨਿਆਦੀ ਢਾਂਚਿਆਂ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਪਰਿਵਾਰਾਂ, ਵਿਸ਼ੇਸ਼ ਤੌਰ ’ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਅਤੇ ਪਸ਼ੂ ਧਨ ਤੇ ਡੇਅਰੀ ਗਤੀਵਿਧੀਆਂ 'ਤੇ ਨਿਰਭਰ ਭੂਮੀਹੀਣ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਸਮੁੱਚੇ ਦ੍ਰਿਸ਼ਟੀਕੋਣ (ਹੋਲ-ਆਫ-ਗਵਰਨਮੈਂਟ ਅਪ੍ਰੋਚ) ਨੂੰ ਅਪਣਾਇਆ ਗਿਆ ਹੈ। ਇਸ ਦੇ ਤਹਿਤ ਪੇਂਡੂ ਰੋਜ਼ਗਾਰ ਅਤੇ ਪਿੰਡਾਂ ਵਿੱਚ ਸੰਪਤੀਆਂ ਦੇ ਨਿਰਮਾਣ ਨੂੰ ਪਸ਼ੂ ਧਨ ਖੇਤਰ ਦੀਆਂ ਲੋੜਾਂ ਨਾਲ ਜੋੜਿਆ ਜਾਵੇਗਾ। ਨਾਲ ਹੀ, ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਕੰਮ ਐਕਟ ਦੇ ਉਪਬੰਧਾਂ ਅਤੇ ਨਿਰਧਾਰਿਤ ਯੋਜਨਾ ਦੇ ਅਨੁਸਾਰ ਹੋਣ।

ਵੀਬੀ-ਜੀ ਰਾਮ ਜੀ ਐਕਟ, ਜੋ ਕਿ 1 ਜੁਲਾਈ, 2026 ਨੂੰ ਲਾਗੂ ਹੋਇਆ , ਹਰੇਕ ਪੇਂਡੂ ਪਰਿਵਾਰ ਨੂੰ ਪ੍ਰਤੀ ਸਾਲ 125 ਦਿਨਾਂ ਦੀ ਮਜ਼ਦੂਰੀ ਰੁਜ਼ਗਾਰ ਦੀ ਕਾਨੂੰਨੀ ਗਰੰਟੀ ਪ੍ਰਦਾਨ ਕਰਦਾ ਹੈ ਅਤੇ ਚਾਰ ਥੀਮੈਟਿਕ ਖੇਤਰਾਂ ਵਿੱਚ ਟਿਕਾਊ ਸੰਪਤੀਆਂ ਦੇ ਨਿਰਮਾਣ ’ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਵਿੱਚ ਆਜੀਵਿਕਾ ਨਾਲ ਸਬੰਧਿਤ ਬੁਨਿਆਦੀ ਢਾਂਚਾ ਅਤੇ ਪ੍ਰਤੀਕੂਲ ਮੌਸਮੀ ਘਟਨਾਵਾਂ ਦੇ ਪ੍ਰਭਾਵਾਂ ਨੂੰ ਘਟਾਉਣਾ ਵੀ ਸ਼ਾਮਲ ਹੈ। ਸਾਂਝੀ ਐਡਵਾਇਜ਼ਰੀ ਦਾ ਉਦੇਸ਼ ਇਸ ਢਾਂਚੇ ਦੀ ਵਰਤੋਂ ਕਰਕੇ ਚਾਰੇ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ, ਭਾਈਚਾਰਕ ਚਰਾਗਾਹਾਂ ਨੂੰ ਵਿਕਸਤ ਕਰਨ ਅਤੇ ਪਸ਼ੂ-ਧਨ-ਸਹਾਇਤਾ ਨੂੰ ਸਹਿਯੋਗ ਦੇਣ ਵਾਲੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਾ ਹੈ।

ਚਾਰੇ ਅਤੇ ਪਸ਼ੂ ਧਨ ਨਾਲ ਸਬੰਧਿਤ ਬੁਨਿਆਦੀ ਢਾਂਚੇ ਲਈ 22 ਪ੍ਰਵਾਨਿਤ ਕੰਮਾਂ ਦੀ ਪਛਾਣ

ਜਾਰੀ ਐਡਵਾਇਜ਼ਰੀ ਵਿੱਚ ਵੀਬੀ-ਜੀ ਰਾਮ ਜੀ ਢਾਂਚੇ ਦੇ ਅਧੀਨ 375 ਪ੍ਰਵਾਨਿਤ ਕੰਮਾਂ ਦੀ ਸੂਚੀ ਵਿੱਚੋਂ 22 ਢੁਕਵੇਂ ਕੰਮਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਚਾਰਾ ਉਤਪਾਦਨ ਅਤੇ ਭੰਡਾਰਨ, ਚਰਾਗਾਹ ਵਿਕਾਸ, ਪਸ਼ੂ ਸ਼ੈੱਡਾਂ/ਆਸਰਾ ਸਥਾਨਾਂ, ਡੇਅਰੀ ਨਾਲ ਸਬੰਧਿਤ ਬੁਨਿਆਦੀ ਢਾਂਚੇ ਅਤੇ ਪਸ਼ੂ ਦੇ ਇਲਾਜ ਸਿਹਤ ਸਹੂਲਤਾਂ ਨਾਲ ਸਬੰਧਿਤ ਗਤੀਵਿਧੀਆਂ ਸ਼ਾਮਲ ਹਨ।

ਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਹਨ:

. ਵਿਅਕਤੀਗਤ ਪਰਿਵਾਰਾਂ ਅਤੇ ਸਮੂਹਾਂ ਲਈ ਚਾਰੇ ਦੀ ਕਾਸ਼ਤ।

. ਭਾਈਚਾਰਕ ਚਾਰਾ ਸਰੋਤਾਂ, ਚਰਾਗਾਹਾਂ, ਚਰਾਗਾਹਾਂ ਅਤੇ ਸਿਲਵੀਪਾਸਚਰ (ਰੁੱਖ ਅਤੇ ਚਰਾਗਾਹ ਅਧਾਰਿਤ ਪ੍ਰਣਾਲੀ) ਦਾ ਵਿਕਾਸ।

. ਚਾਰਾ ਭੰਡਾਰਨ ਸਹੂਲਤਾਂ, ਚਾਰਾ ਬੈਂਕਾਂ, ਅਚਾਰ/ਤੂੜੀ (ਸਾਈਲੇਜ ਯੂਨਿਟ) ਇਕਾਈਆਂ ਅਤੇ ਚਾਰੇ ਨਾਲ ਸਬੰਧਿਤ ਹੋਰ ਯੋਗ ਸੰਪਤੀਆਂ ਦਾ ਨਿਰਮਾਣ।

. ਮਨਜ਼ੂਰਸ਼ੁਦਾ ਸੂਚੀ ਵਿੱਚ ਦਰਸਾਏ ਗਏ ਯੋਗ ਲਾਭਪਾਤਰੀਆਂ ਅਤੇ ਭਾਈਚਾਰਿਆਂ ਲਈ ਪਸ਼ੂਆਂ ਦੇ ਆਸਰਾ- ਸ਼ੈੱਡਾਂ ਦੀ ਉਸਾਰੀ, ਉਨ੍ਹਾਂ ਦੀ ਮੁਰੰਮਤ ਅਤੇ ਰੱਖ-ਰਖਾਅ, ਜਿਸ ਵਿੱਚ ਡੰਗਰਾਂ, ਬੱਕਰੀਆਂ, ਸੂਰਾਂ ਅਤੇ ਪੋਲਟਰੀ (ਮੁਰਗੀ ਪਾਲਣ)  ਲਈ ਆਸਰਾ- ਸ਼ੈੱਡਾਂ ਸ਼ਾਮਲ ਹਨ।

. ਕਮਿਊਨਿਟੀ ਦੁੱਧ ਇਕੱਠਾ ਕਰਨ ਵਾਲੇ ਕੇਂਦਰਾਂ ਦੀ ਉਸਾਰੀ ਅਤੇ ਮੁਰੰਮਤ।

. ਕਮਿਊਨਿਟੀ ਪਸ਼ੂ ਦੇ ਇਲਾਜ)ਸਿਹਤ ਕੇਂਦਰਾਂ ਦੀ ਉਸਾਰੀ ਅਤੇ ਮੁਰੰਮਤ।

. ਭਾਈਚਾਰਕ ਪਸ਼ੂ ਅਤੇ ਡੰਗਰਾਂ ਦੇ ਪਾਣੀ ਵਾਲੀਆਂ ਖੁਰਲੀਆਂ ਦੀ ਉਸਾਰੀ।

. ਮਨਜ਼ੂਰਸ਼ੁਦਾ ਸੂਚੀ ਵਿੱਚ ਸ਼ਾਮਲ ਵਿਅਕਤੀਗਤ ਲਾਭਪਾਤਰੀਆਂ ਲਈ ਅਜ਼ੋਲਾ ਟੈਂਕਾਂ ਦਾ ਨਿਰਮਾਣ।

ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਚਾਰੇ ਦੀ ਉਪਲਬਧਤਾ ਵਿੱਚ ਸੁਧਾਰ ਕਰਨਾ, ਪਸ਼ੂਆਂ ਲਈ ਸਹਾਇਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨਾ ਅਤੇ ਪਸ਼ੂ-ਅਧਾਰਿਤ ਰੋਜ਼ੀ-ਰੋਟੀ ਨੂੰ ਵਧੇਰੇ ਟਿਕਾਊ ਬਣਾਉਣ ਵਿੱਚ ਯੋਗਦਾਨ ਪਾਉਣਾ ਹੈ। ਸਾਰੇ  ਕੰਮ ਮਨਜ਼ੂਰਸ਼ੁਦਾ ਗਤੀਵਿਧੀਆਂ ਦੀ ਪ੍ਰਵਾਨਿਤ ਸੂਚੀ ਅਤੇ ਐਕਟ, ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਉਪਬੰਧਾਂ ਦੇ ਅਨੁਸਾਰ ਕੀਤੇ ਜਾਣਗੇ ।

ਸਥਾਨਕ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਵਿਕਸਤ ਗ੍ਰਾਮ ਪੰਚਾਇਤ ਯੋਜਨਾਵਾਂ ਦੀ ਭੂਮਿਕਾ

ਇਹ ਐਡਵਾਇਜ਼ਰੀ ਵਿਕੇਂਦਰੀਕ੍ਰਿਤ, ਬੌਟਮ-ਅੱਪ (ਹੇਠਲੇ ਪੱਧਰ ਤੋਂ ਉੱਪਰ ਵੱਲ ), ਅਤੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੀ ਅਗਵਾਈ ਵਾਲੀ ਯੋਜਨਾਬੰਦੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਚਾਰਾ ਵਿਕਾਸ ਅਤੇ ਪਸ਼ੂ ਧਨ ਨੂੰ ਸਹਿਯੋਗ ਦੇਣ ਵਾਲੇ ਬੁਨਿਆਦੀ ਢਾਂਚੇ ਨੂੰ ਵਿਕਸਤ ਗ੍ਰਾਮ ਪੰਚਾਇਤ ਯੋਜਨਾਵਾਂ (ਵੀਜੀਪੀਪੀ) ਵਿੱਚ ਸ਼ਾਮਲ ਕਰਨ ਅਤੇ ਗ੍ਰਾਮ ਸਭਾ ਜ਼ਰੀਏ ਮਨਜ਼ੂਰਸ਼ੁਦਾ ਸਥਾਨਕ ਵਿਕਾਸ ਪਹਿਲਕਦਮੀਆਂ ਦੇ ਅਨੁਕੂਲ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਸਥਾਨਕ ਲੋੜਾਂ, ਮਨਜ਼ੂਰਸ਼ੁਦਾ ਯੋਜਨਾਵਾਂ ਅਤੇ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜਿੱਥੇ ਵੀ ਸੰਭਵ ਹੋਵੇ, ਪ੍ਰੋਗਰਾਮ ਦੇ ਕੁੱਲ ਖ਼ਰਚੇ ਵਿੱਚ ਚਾਰਾ ਅਤੇ ਪਸ਼ੂ ਧਨ ਨੂੰ ਸਹਿਯੋਗ ਦੇਣ ਵਾਲੇ ਕੰਮਾਂ ’ਤੇ ਖ਼ਰਚੇ ਨੂੰ ਹੌਲੀ-ਹੌਲੀ ਵਧਾ ਕੇ ਘੱਟੋ-ਘੱਟ 5 ਫ਼ੀਸਦੀ ਤੱਕ ਲੈ ਜਾਣ ਦਾ ਯਤਨ ਕਰਨ ।

ਚਾਰਾ ਅਤੇ ਪਸ਼ੂ ਧਨ ਨਾਲ ਸਬੰਧਿਤ ਸੰਪਤੀਆਂ ਦੀ ਲੋੜ ਵਾਲੇ ਯੋਗ ਪਰਿਵਾਰਾਂ ਅਤੇ ਭਾਈਚਾਰਿਆਂ ਦੀ ਪਛਾਣ ਕਰਨ ਲਈ ਲੋੜ-ਆਧਾਰਿਤ ਸੰਤ੍ਰਿਪਤ ਪਹੁੰਚ (ਸੈਚੁਰੇਸ਼ਨ ਅਪ੍ਰੋਚ) ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ ਗਿਆ ਹੈ। ਗ੍ਰਾਮ ਪੰਚਾਇਤਾਂ ਉਨ੍ਹਾਂ ਖੇਤਰਾਂ ’ਤੇ ਵਿਸ਼ੇਸ਼ ਧਿਆਨ ਦੇ ਸਕਦੀਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਸ਼ੂ ਧਨ 'ਤੇ ਨਿਰਭਰ ਹਨ। ਇਸ ਵਿੱਚ ਸਥਾਨਕ ਲੋੜਾਂ ਅਤੇ ਤਰਜੀਹਾਂ ਦੇ ਆਧਾਰ ’ਤੇ ਅਜਿਹੀਆਂ ਗ੍ਰਾਮ ਪੰਚਾਇਤਾਂ ਵੀ ਸ਼ਾਮਲ ਹਨ, ਜਿੱਥੇ 30 ਫ਼ੀਸਦੀ ਤੋਂ ਵੱਧ ਆਬਾਦੀ ਪਸ਼ੂ ਧਨ ’ਤੇ ਨਿਰਭਰ ਹੈ

ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਗ੍ਰਾਸਲੈਂਡ ਐਂਡ ਚਾਰਾ ਰਿਸਰਚ ਵੱਲੋਂ ਤਿਆਰ ਕੀਤੀਆਂ ਗਈਆਂ ਰਾਜ-ਵਿਸ਼ੇਸ਼ ਚਾਰਾ ਸਰੋਤ ਵਿਕਾਸ ਯੋਜਨਾਵਾਂ ਨੂੰ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਯੋਜਨਾਬੰਦੀ ਲਈ ਮਾਰਗਦਰਸ਼ਕ ਦਸਤਾਵੇਜ਼ਾਂ ਦੇ ਰੂਪ ਵਿੱਚ  ਵਰਤੀਆਂ ਜਾ ਸਕਦੀਆਂ ਹਨ। ਇਹ ਐਡਵਾਇਜ਼ਰੀ  ਜਲਵਾਯੂ- ਅਨੁਕੂਲ ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਵੀ ਉਤਸ਼ਾਹਿਤ ਕਰਦੀ ਹੈ, ਜਿਸ ਵਿੱਚ ਢੁਕਵੀਆਂ ਚਾਰੇ ਦੀਆਂ ਕਿਸਮਾਂ, ਬਾਰਾਂਮਾਹੀ ਘਾਹ ਅਤੇ ਇਕੱਠੀਆਂ (ਏਕੀਕ੍ਰਿਤ) ਫ਼ਸਲ-ਪਸ਼ੂ ਧਨ ਪ੍ਰਣਾਲੀਆਂ ਸ਼ਾਮਲ ਹਨ, ਜਿੱਥੇ ਵੀ ਇਹ ਢੁਕਵੀਆਂ ਹੋਣ ਅਤੇ ਪ੍ਰਵਾਨਿਤ ਕੰਮਾਂ ਦੇ ਅਧੀਨ ਆਉਂਦੀਆਂ ਹੋਣ।

ਅੰਤਰ-ਵਿਭਾਗੀ ਤਾਲਮੇਲ ਅਤੇ ਨਿਗਰਾਨੀ

ਇਹ ਐਡਵਾਇਜ਼ਰੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੇਂਡੂ ਵਿਕਾਸ, ਪਸ਼ੂ ਪਾਲਣ, ਖੇਤੀਬਾੜੀ ਅਤੇ ਹੋਰ ਸਬੰਧਿਤ ਖੇਤਰਾਂ ਦੇ ਵਿਭਾਗਾਂ ਵਿਚਕਾਰ ਤਾਲਮੇਲ ਰਾਹੀਂ ਚਾਰਾ ਸੁਰੱਖਿਆ ਅਤੇ ਪਸ਼ੂ ਧਨ ਬੁਨਿਆਦੀ ਢਾਂਚੇ ਲਈ ਵਿਆਪਕ ਰਾਜ ਕਾਰਜ-ਯੋਜਨਾਵਾਂ ਤਿਆਰ ਕਰਨ ਦਾ ਸੱਦਾ ਦਿੰਦੀ ਹੈ।

ਇਸ ਤਾਲਮੇਲ ਵਾਲੇ ਦ੍ਰਿਸ਼ਟੀਕੋਣ ਦਾ ਉਦੇਸ਼ ਯੋਜਨਾਬੰਦੀ ਵਿੱਚ ਸੁਧਾਰ ਕਰਨਾ, ਉਪਲਬਧ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਸੁਚਾਰੂ ਬਣਾਉਣਾ, ਅਤੇ ਇਹ ਯਕੀਨੀ ਬਣਾਉਣਾ ਹੈ ਕਿ ਨਿਵੇਸ਼ ਸਥਾਨਕ ਲੋੜਾਂ ਦੇ ਅਨੁਕੂਲ ਹੋਵੇ ਅਤੇ ਟਿਕਾਊ ਪਸ਼ੂ-ਅਧਾਰਿਤ ਰੋਜ਼ੀ-ਰੋਟੀ ਦਾ ਸਹਿਯੋਗ ਕਰੇ ।

ਕਾਨੂੰਨੀ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ

ਇਹ ਐਡਵਾਇਜ਼ਰੀ ਇਸ ਗੱਲ ਨੂੰ ਦੁਹਰਾਉਂਦੀ ਹੈ ਕਿ ਚਾਰਾ ਵਿਕਾਸ ਅਤੇ ਪਸ਼ੂ ਧਨ ਨੂੰ ਸਹਿਯੋਗ ਦੇਣ ਵਾਲੇ ਸਾਰੇ ਕੰਮ ਵੀ.ਬੀ.-ਜੀ ਰਾਮ ਜੀ ਐਕਟ, 2025 ਦੇ ਲਾਗੂ ਉਪਬੰਧਾਂ ਦੀ ਪਾਲਣਾ ਕਰਦੇ ਹੋਏ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਵਿੱਚ ਵਿਕੇਂਦਰੀਕ੍ਰਿਤ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਅਗਵਾਈ ਹੇਠ ਯੋਜਨਾਬੰਦੀ ਬਣਾਉਣ , ਲਾਜ਼ਮੀ ਸਮਾਜਿਕ ਆਡਿਟ (ਸੋਸ਼ਲ ਆਡਿਟ), ਸਮਗਰੀ ਦੇ ਹਿੱਸੇ ’ਤੇ ਜ਼ਿਲ੍ਹਾ ਪੱਧਰ ’ਤੇ 40 ਫ਼ੀਸਦੀ ਦੀ ਸੀਮਾ, ਅਨੁਸੂਚੀ-I ਦੇ ਉਪਬੰਧਾਂ ਦੇ ਅਨੁਸਾਰ ਵਿਅਕਤੀਗਤ ਲਾਭਪਾਤਰੀਆਂ ਦੀ ਚੋਣ, ਹਫ਼ਤਾਵਾਰੀ ਜਨਤਕ ਪ੍ਰਗਟਾਵਾ (ਡਿਸਕਲੋਜ਼ਰ) ਅਤੇ ਸ਼ਿਕਾਇਤ ਨਿਵਾਰਨ ਸ਼ਾਮਲ ਹਨ।

ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਭਾਵਸ਼ਾਲੀ ਯੋਜਨਾਬੰਦੀ ਕਰਨ ਅਤੇ ਅਮਲ ਨੂੰ ਸੁਖਾਲਾ ਬਣਾਉਣ ਲਈ ਮਨਜ਼ੂਰਸ਼ੁਦਾ ਐਡਵਾਇਜ਼ਰੀ ਦਾ ਸਬੰਧਿਤ ਵਿਭਾਗਾਂ, ਪੰਚਾਇਤੀ ਰਾਜ ਸੰਸਥਾਵਾਂ ਅਤੇ ਖੇਤਰੀ ਵਰਕਰਾਂ/ਫ਼ੀਲਡ ਸਟਾਫ਼ ਵਿਚਕਾਰ ਵਿਆਪਕ ਪ੍ਰਚਾਰ-ਪ੍ਰਸਾਰ ਯਕੀਨੀ ਬਣਾਉਣ।

ਇਹ ਐਡਵਾਇਜ਼ਰੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਪੇਂਡੂ ਵਿਕਾਸ ਯੋਜਨਾਬੰਦੀ ਵਿੱਚ ਚਾਰਾ ਸੁਰੱਖਿਆ ਅਤੇ ਪਸ਼ੂ ਧਨ-ਸਹਾਇਕ ਬੁਨਿਆਦੀ ਢਾਂਚੇ ਨੂੰ ਢੁਕਵੀਂ ਤਰਜੀਹ ਦੇਣ ਲਈ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਮਿਲ ਕੇ ਤਾਲਮੇਲ ਵਾਲੀ ਕਾਰਵਾਈ ਕਰਨਾ ਬੇਹੱਦ ਅਹਿਮ ਹੈ।

ਵਿਕਸਤ ਭਾਰਤ @2047 ਦੀ ਦਿਸ਼ਾ ਵਿੱਚ ਪੇਂਡੂ ਆਜੀਵਿਕਾ ਨੂੰ ਮਜ਼ਬੂਤ ਕਰਨਾ

ਇਹ ਸਾਂਝੀ ਐਡਵਾਇਜ਼ਰੀ ਪੇਂਡੂ ਰੋਜ਼ਗਾਰ, ਕੁਦਰਤੀ ਸਰੋਤ ਪ੍ਰਬੰਧਨ ਅਤੇ ਪਸ਼ੂ ਧਨ ਵਿਕਾਸ ਨੂੰ ਜੋੜਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ। ਵੀ.ਬੀ.-ਜੀ ਰਾਮ ਜੀ  ਦੇ ਅਧੀਨ ਪ੍ਰਵਾਨਿਤ ਕੰਮਾਂ ਨੂੰ ਸਥਾਨਕ ਚਾਰਾ ਅਤੇ ਪਸ਼ੂ ਧਨ ਬੁਨਿਆਦੀ ਢਾਂਚੇ ਸਬੰਧੀ ਲੋੜਾਂ ਨਾਲ ਜੋੜ ਕੇ, ਇਹ ਪਹਿਲਕਦਮੀ ਚਾਰੇ ਦੀ ਉਪਲਬਧਤਾ ਵਿੱਚ ਸੁਧਾਰ ਕਰਨ, ਡੇਅਰੀ ਅਤੇ ਪਸ਼ੂ ਪਾਲਣ ਗਤੀਵਿਧੀਆਂ ਨੂੰ ਸਹਿਯੋਗ ਦੇਣ ਅਤੇ ਪੇਂਡੂ ਪਰਿਵਾਰਾਂ ਲਈ ਆਜੀਵਿਕਾ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਦਾ ਯਤਨ ਕਰਦੀ ਹੈ।

ਤਾਲਮੇਲ, ਵਿਕੇਂਦਰੀਕ੍ਰਿਤ ਯੋਜਨਾ ਬਣਾਉਣ ਅਤੇ ਸੁਚੱਜੇ ਅਮਲ ਰਾਹੀਂ, ਇਸ ਪਹਿਲਕਦਮੀ ਦਾ ਉਦੇਸ਼ ਰਾਜਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਅਜਿਹੀਆਂ ਟਿਕਾਊ ਸੰਪਤੀਆਂ ਦੇ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ, ਜੋ ਸਥਾਨਕ ਲੋੜਾਂ ਦੇ ਅਨੁਕੂਲ ਹੋਣ, ਜਲਵਾਯੂ-ਅਨੁਕੂਲ ਪੇਂਡੂ ਵਿਕਾਸ ਵਿੱਚ ਮਦਦ ਕਰਦੀਆਂ ਹੋਣ ਅਤੇ ਵਿਕਸਤ ਭਾਰਤ@2047 ਦੇ ਵਿਆਪਕ ਦ੍ਰਿਸ਼ਟੀਕੋਣ  ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ।

*****

ਪੀਯੂ


(Release ID: 2333163) ਵਿਜ਼ੀਟਰ ਕਾਊਂਟਰ : 9