Posted On:
03 NOV 2026 4:31PM by PIB Chandigarh
ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ, ਸਿੱਖਿਆ ਅਤੇ ਖਪਤਕਾਰ ਮਾਮਲੇ ਅਤੇ ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਨਵਿਆਉਣਯੋਗ ਊਰਜਾ ਸਿਖਰ ਸੰਮੇਲਨ ਅਤੇ ਐਕਸਪੋ 2026 ਦੌਰਾਨ ਆਯੋਜਿਤ ਪ੍ਰੈੱਸ ਕਾਨਫ਼ਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਅੰਤਰਰਾਸ਼ਟਰੀ ਸੂਰਜੀ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਇਹ ਯਕੀਨੀ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਦੁਹਰਾਈ ਕਿ ਤਰੱਕੀ ਦੇ ਲਾਭਾਂ ਦੀ ਬਰਾਬਰ ਵੰਡ ਹੋਵੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ, ਲੋਕਾਂ ਨੂੰ ਸਸ਼ਕਤ ਬਣਾਉਣ ਲਈ ਊਰਜਾ ਦੀ ਪਰਿਕਲਪਨਾ ਅਤੇ ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਅੰਤਰਰਾਸ਼ਟਰੀ ਸੂਰਜੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਲਗਾਤਾਰ ਵਚਨਬੱਧ ਰਿਹਾ ਹੈ। ਭਾਰਤ ਲਗਾਤਾਰ ਤੀਜੀ ਵਾਰ ਅੰਤਰਰਾਸ਼ਟਰੀ ਸੂਰਜੀ ਗੱਠਜੋੜ (ਆਈਐੱਸਏ) ਦਾ ਪ੍ਰਧਾਨ ਚੁਣਿਆ ਗਿਆ ਹੈ।
ਉਨ੍ਹਾਂ ਨੇ ਯਾਦ ਦਿਵਾਇਆ ਕਿ ਇਸੇ ਵਿਸ਼ਵਾਸ ਨੇ ਸਾਲ 2015 ਵਿੱਚ ਭਾਰਤ ਅਤੇ ਫਰਾਂਸ ਨੂੰ ਮਿਲ ਕੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੀ ਸਥਾਪਨਾ ਲਈ ਪ੍ਰੇਰਿਤ ਕੀਤਾ ਸੀ। ਅੱਜ ਆਈਐੱਸਏ ਦੇ 130 ਦਸਤਖ਼ਤਕਰਤਾ ਅਤੇ ਮੈਂਬਰ ਦੇਸ਼ਾਂ ਦੇ ਨਾਲ ਇਹ ਪਰਿਕਲਪਨਾ ਅੰਤਰਰਾਸ਼ਟਰੀ ਸਹਿਯੋਗ ਦੇ ਇੱਕ ਮਜ਼ਬੂਤ ਮੰਚ ਵਜੋਂ ਵਿਕਸਤ ਹੋ ਚੁੱਕੀ ਹੈ, ਖ਼ਾਸ ਤੌਰ ’ਤੇ ਗਲੋਬਲ ਸਾਊਥ ਦੇ ਦੇਸ਼ਾਂ ਲਈ।
ਬੀਆਰਈ ਸਿਖਰ ਸੰਮੇਲਨ ਅਤੇ ਐਕਸਪੋ 2026 ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2 ਨਵੰਬਰ, 2026 ਨੂੰ ਕੀਤਾ ਸੀ। ਇਹ ਆਯੋਜਨ 5 ਨਵੰਬਰ, 2026 ਨੂੰ ਸੰਪੰਨ ਹੋਵੇਗਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਹੋਈਆਂ ਚਰਚਾਵਾਂ ਅਤੇ ਆਉਣ ਵਾਲੇ ਦੋ ਦਿਨਾਂ ਦੀਆਂ ਚਰਚਾਵਾਂ ਨਾਲ ਇੱਕ ਸਪੱਸ਼ਟ ਤਰਜੀਹ ਨੂੰ ਹੁਲਾਰਾ ਮਿਲੇਗਾ। ਇਹ ਤਰਜੀਹ ਸੂਰਜੀ ਊਰਜਾ ਨਾਲ ਸਬੰਧਤ ਵਚਨਬੱਧਤਾਵਾਂ ਨੂੰ ਨਿਵੇਸ਼ ਵਿੱਚ, ਭਾਈਵਾਲੀ ਨੂੰ ਪ੍ਰੋਜੈਕਟਾਂ ਵਿੱਚ ਅਤੇ ਅਭਿਲਾਸ਼ਾਵਾਂ ਨੂੰ ਠੋਸ ਪ੍ਰਭਾਵ ਵਿੱਚ ਬਦਲਣ ਦੀ ਹੈ।
ਗੱਠਜੋੜ ਦੀਆਂ ਪ੍ਰਮੁੱਖ ਤਰਜੀਹਾਂ ’ਤੇ ਚਾਨਣਾ ਪਾਉਂਦਿਆਂ ਮੰਤਰੀ ਜੀ ਨੇ ਉਨ੍ਹਾਂ ਖੇਤਰਾਂ ਵਿੱਚ ਸੂਰਜੀ ਊਰਜਾ ਦੇ ਵਿਸਤਾਰ ਲਈ ਵਿੱਤ ਪੋਸ਼ਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਿੱਥੇ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ 200 ਮਿਲੀਅਨ ਅਮਰੀਕੀ ਡਾਲਰ ਵਾਲੀ ਅਫ਼ਰੀਕਾ ਸੂਰਜੀ ਸਹੂਲਤ ਅਫ਼ਰੀਕਾ ਦੇ ਵਿਕੇਂਦਰੀਕ੍ਰਿਤ ਨਵਿਆਉਣਯੋਗ ਊਰਜਾ ਖੇਤਰ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਭਾਰਤ ਦੀ ਲਗਭਗ 225 ਕਰੋੜ ਰੁਪਏ ਦੀ ਵਚਨਬੱਧਤਾ ਵਾਂਝੇ ਭਾਈਚਾਰਿਆਂ ਤੱਕ ਕਿਫ਼ਾਇਤੀ ਸੂਰਜੀ ਊਰਜਾ ਦੀ ਪਹੁੰਚ ਯਕੀਨੀ ਬਣਾਉਣ ਦੇ ਉਸ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 300 ਮਿਲੀਅਨ ਅਮਰੀਕੀ ਡਾਲਰ ਦਾ ਨਾਈਜੀਰੀਆ ਵਿਕੇਂਦਰੀਕ੍ਰਿਤ ਨਵਿਆਉਣਯੋਗ ਊਰਜਾ ਫੰਡ ਪੂਰੇ ਮਹਾਂਦੀਪ ਵਿੱਚ ਇਸ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਨ ਲਈ ਇੱਕ ਆਦਰਸ਼ ਮਾਡਲ ਪੇਸ਼ ਕਰਦਾ ਹੈ।
ਜਨਜੀਵਨ ਵਿੱਚ ਤਬਦੀਲੀ ਲਿਆਉਣ ਵਿੱਚ ਸੂਰਜੀ ਊਰਜਾ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਸ਼੍ਰੀ ਜੋਸ਼ੀ ਨੇ ਵੱਡੇ ਪੱਧਰ ’ਤੇ ਹੱਲ ਉਪਲਬਧ ਕਰਵਾਉਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਫਿਜੀ, ਮੇਡਾਗਾਸਕਰ, ਕੋਮੋਰੋਸ ਅਤੇ ਸੇਸ਼ੇਲਸ ਵਿੱਚ ਆਈਐੱਸਏ ਦੇ ਸਹਿਯੋਗ ਨਾਲ ਸੰਚਾਲਿਤ ਪਹਿਲਕਦਮੀਆਂ ਦਰਸਾਉਂਦੀਆਂ ਹਨ ਕਿ ਸੂਰਜੀ ਊਰਜਾ ਰਾਹੀਂ ਸਿਹਤ ਸਹੂਲਤਾਂ ਅਤੇ ਸਕੂਲਾਂ ਨੂੰ ਬਿਜਲੀ ਉਪਲਬਧ ਕਰਵਾ ਕੇ, ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾ ਕੇ ਅਤੇ ਖੇਤੀਬਾੜੀ ਉਤਪਾਦਾਂ ਦੇ ਕੋਲਡ ਸਟੋਰੇਜ ਨੂੰ ਸਹਾਇਤਾ ਪ੍ਰਦਾਨ ਕਰਕੇ ਆਜੀਵਿਕਾ ਨੂੰ ਮਜ਼ਬੂਤ ਕਰਨ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਪ੍ਰਤੀ ਸਮਰੱਥਾ ਵਧਾਉਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗੱਠਜੋੜ ਮੌਰੀਸ਼ਿਸ ਤੋਂ ਸ਼ੁਰੂਆਤ ਕਰਦਿਆਂ ਸੂਰਜੀ ਊਰਜਾ ਅਤੇ ਊਰਜਾ ਭੰਡਾਰਨ ਲਈ ਏਕੀਕ੍ਰਿਤ ਮੌਕਿਆਂ ਨੂੰ ਅੱਗੇ ਵਧਾ ਰਿਹਾ ਹੈ, ਤਾਂ ਜੋ ਛੋਟੇ ਦੀਪੀ ਵਿਕਾਸਸ਼ੀਲ ਦੇਸ਼ਾਂ ਲਈ ਵਿਸਤਾਰ ਯੋਗ ਮਾਡਲ ਤਿਆਰ ਕੀਤੇ ਜਾ ਸਕਣ।
ਕੇਂਦਰੀ ਮੰਤਰੀ ਨੇ ਸੂਰਜੀ ਊਰਜਾ ਰਾਹੀਂ 30 ਲੱਖ ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਐਗ੍ਰੀ-ਪੀਵੀ ਦੇ ਵਿਸਤਾਰ ਦੀ ਮਹੱਤਤਾ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪੀਐੱਮ-ਕੁਸੁਮ ਪਹਿਲਕਦਮੀ ਇਹ ਦਰਸਾਉਂਦੀ ਹੈ ਕਿ ਸੂਰਜੀ ਊਰਜਾ ਅਧਾਰਿਤ ਖੇਤੀ ਨਾਲ ਸਿੰਚਾਈ ਦੀ ਲਾਗਤ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਆਮਦਨ ਦੇ ਵਾਧੂ ਮੌਕੇ ਸਿਰਜੇ ਜਾ ਸਕਦੇ ਹਨ। ਆਈਐੱਸਏ ਰਾਹੀਂ ਮੈਂਬਰ ਦੇਸ਼ਾਂ, ਖ਼ਾਸ ਕਰਕੇ ਅਫ਼ਰੀਕੀ ਦੇਸ਼ਾਂ ਵਿੱਚ ਇਸ ਮਾਡਲ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਅਪਣਾਉਣ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਊਰਜਾ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਕਿਸਾਨਾਂ ਨੂੰ ਕੇਂਦਰ ਵਿੱਚ ਰੱਖਿਆ ਜਾ ਸਕੇ।
ਰਾਸ਼ਟਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਸਬੰਧ ਵਿੱਚ ਸ਼੍ਰੀ ਜੋਸ਼ੀ ਨੇ 17 ਸੂਰਜੀ ਤਕਨਾਲੋਜੀ ਐਪਲੀਕੇਸ਼ਨ ਰਿਸੋਰਸ ਸੈਂਟਰਾਂ, ਗਲੋਬਲ ਕੈਪੇਸਿਟੀ ਸੈਂਟਰ-ਸ਼ਾਈਨ (ਨਵੀਨਤਾ ਅਤੇ ਨਿਸ਼ਪਾਦਨ ਸਬੰਧੀ ਰਣਨੀਤਕ ਕੇਂਦਰ) ਅਤੇ ਏਆਈ ਸਮਰੱਥ ਆਈਐੱਸਏ ਅਕਾਦਮੀ ਦੀ ਸਥਾਪਨਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ, ਹੁਨਰ ਵਿਕਸਤ ਕਰਨ ਅਤੇ ਉੱਭਰਦੀਆਂ ਤਕਨਾਲੋਜੀਆਂ ਦਾ ਲਾਭ ਉਠਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਸੂਰਜੀ ਊਰਜਾ ਦੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾ ਸਕੇ।
ਤਕਨਾਲੋਜੀ ਦੇ ਖੇਤਰ ਵਿੱਚ ਹੋ ਰਹੀ ਤਰੱਕੀ ਦੇ ਸੰਦਰਭ ਵਿੱਚ ਸਾਫ਼ ਊਰਜਾ ਦੇ ਵਧਦੇ ਮਹੱਤਵ ਦਾ ਜ਼ਿਕਰ ਕਰਦਿਆਂ ਮੰਤਰੀ ਜੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਾਰਨ ਅਰਥਵਿਵਸਥਾਵਾਂ ਵਿੱਚ ਵਿਆਪਕ ਬਦਲਾਅ ਆ ਰਿਹਾ ਹੈ। ਅਜਿਹੇ ਵਿੱਚ ਕਿਫ਼ਾਇਤੀ, ਭਰੋਸੇਮੰਦ ਅਤੇ ਸਾਫ਼ ਬਿਜਲੀ ਤੱਕ ਪਹੁੰਚ ਯਕੀਨੀ ਬਣਾਉਣਾ ਰਣਨੀਤਕ ਦ੍ਰਿਸ਼ਟੀਕੋਣ ਤੋਂ ਹੋਰ ਵੀ ਵੱਧ ਮਹੱਤਵਪੂਰਨ ਹੋ ਜਾਵੇਗਾ।
ਸ਼੍ਰੀ ਜੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭਾ ਤੋਂ ਸਪੱਸ਼ਟ ਸੁਨੇਹਾ ਮਿਲਿਆ ਹੈ ਕਿ ਸੂਰਜੀ ਊਰਜਾ ਦਾ ਭਵਿੱਖ ਸਾਂਝੀ ਜ਼ਿੰਮੇਵਾਰੀ, ਨਿਰੰਤਰ ਨਿਵੇਸ਼ ਅਤੇ ਸਮੂਹਿਕ ਕਾਰਵਾਈ ਰਾਹੀਂ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਦੀ ਪ੍ਰਧਾਨਗੀ ਲਈ ਲਗਾਤਾਰ ਤੀਜੀ ਵਾਰ ਭਾਰਤ ’ਤੇ ਵਿਸ਼ਵਾਸ ਜਤਾਉਣ ਅਤੇ ਉਸ ਨੂੰ ਚੁਣਨ ਲਈ ਸਾਰੇ ਮੈਂਬਰ ਦੇਸ਼ਾਂ ਪ੍ਰਤੀ ਦਿਲੋਂ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਆਈਐੱਸਏ ਦੇ ਸਹਿ-ਪ੍ਰਧਾਨ ਵਜੋਂ ਫਿਰ ਤੋਂ ਚੁਣੇ ਜਾਣ ’ਤੇ ਫਰਾਂਸ ਅਤੇ ਉੱਥੋਂ ਦੇ ਮੰਤਰੀ ਨੂੰ ਵੀ ਵਧਾਈ ਦਿੱਤੀ।
ਆਪਣੇ ਸੰਬੋਧਨ ਦੇ ਅੰਤ ਵਿੱਚ ਸ਼੍ਰੀ ਜੋਸ਼ੀ ਨੇ ਕਿਹਾ ਕਿ ਭਾਰਤ ਦੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਦੇ ਨਾਲ ਹੀ ਨਿਵੇਸ਼ ਜੁਟਾਉਣ, ਸੂਰਜੀ ਊਰਜਾ ਦੇ ਵਿਸਤਾਰ ਵਿੱਚ ਤੇਜ਼ੀ ਲਿਆਉਣ ਅਤੇ ਸਮੂਹਿਕ ਅਭਿਲਾਸ਼ਾਵਾਂ ਨੂੰ ਭਾਈਚਾਰਿਆਂ ਅਤੇ ਦੇਸ਼ਾਂ ਲਈ ਠੋਸ ਨਤੀਜਿਆਂ ਵਿੱਚ ਬਦਲਣ ’ਤੇ ਧਿਆਨ ਕੇਂਦ੍ਰਿਤ ਰਹੇਗਾ। ਉਨ੍ਹਾਂ ਨੇ ਮੈਂਬਰ ਦੇਸ਼ਾਂ ਦੇ ਨਿਰੰਤਰ ਵਿਸ਼ਵਾਸ ਅਤੇ ਸਹਿਯੋਗ ਲਈ ਉਨ੍ਹਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ।
ਇਸ ਕਾਨਫ਼ਰੰਸ ਦੌਰਾਨ ਐੱਮਐੱਨਆਰਈ ਦੇ ਸਕੱਤਰ ਸ਼੍ਰੀ ਸੰਤੋਸ਼ ਕੁਮਾਰ ਸਾਰੰਗੀ, ਆਈਐੱਸਏ ਦੇ ਮਹਾਨਿਰਦੇਸ਼ਕ ਆਸ਼ੀਸ਼ ਖੰਨਾ, ਫਰਾਂਸ ਦੇ ਈਕੋਲਾਜੀਕਲ ਟ੍ਰਾਂਜ਼ਿਸ਼ਨ ਮੰਤਰੀ ਅਤੇ ਪ੍ਰਤੀਨਿਧੀ ਮੈਥਿਊ ਲੇਫੇਵਰ, ਡੈਨਮਾਰਕ ਦੇ ਵਪਾਰ ਅਤੇ ਮੁਕਾਬਲੇਬਾਜ਼ੀ ਮੰਤਰੀ ਮਾਰਟਿਨ ਲਿਡੇਗਾਰਡ, ਸੂਰੀਨਾਮ ਦੇ ਕੁਦਰਤੀ ਸੰਸਧਾਨ ਮੰਤਰੀ ਸ਼੍ਰੀ ਡੇਵਿਡ ਅਬਿਆਮੋਫੋ, ਸੇਸ਼ੇਲਸ ਦੀ ਉਦਯੋਗ ਅਤੇ ਉੱਦਮ ਮੰਤਰੀ ਸੁਸ਼੍ਰੀ ਗੇਰਾਲਡਾ ਡੇਸੌਬਿਨ ਅਤੇ ਸ੍ਰੀਲੰਕਾ ਦੇ ਊਰਜਾ ਉਪ ਮੰਤਰੀ ਸ਼੍ਰੀ ਮੁਹੰਮਦ ਅਰਕਮ ਇਲਿਆਸ ਹਾਜ਼ਰ ਸਨ।



************
ਐੱਨਐੱਸ/ਆਰਐੱਸ/ਐੱਲਐੱਲ