Posted On:
02 NOV 2026 11:16AM by PIB Chandigarh
ਪੇਂਡੂ ਵਿਕਾਸ ਮੰਤਰਾਲਾ ਭਾਰਤ ਸਰਕਾਰ ਨੇ ਵਿਕਸਿਤ ਭਾਰਤ-ਰੋਜ਼ਗਾਰ ਅਤੇ ਆਜੀਵਿਕਾ ਮਿਸ਼ਨ (ਗ੍ਰਾਮੀਣ) ਯਾਨੀ ਵੀਬੀ-ਜੀ ਰਾਮ ਜੀ ਐਕਟ ਦੇ ਤਹਿਤ ਵੀਬੀ-ਜੀ ਰਾਮ ਜੀ ਸ਼ਿਕਾਇਤ ਨਿਵਾਰਨ ਨਿਯਮ, 2026 ਅਧਿਸੂਚਿਤ ਕੀਤੇ ਹਨ। ਇਹਨਾਂ ਨਿਯਮਾਂ ਦੇ ਮਾਧਿਅਮ ਨਾਲ ਯੋਜਨਾ ਦੇ ਅਮਲ ਨਾਲ ਜੁੜੀਆਂ ਸ਼ਿਕਾਇਤਾਂ ਦੇ ਹੱਲ ਲਈ ਇੱਕ ਸੁਚੱਜੀ, ਬਹੁ-ਪੱਧਰੀ ਅਤੇ ਸਮਾਂਬੱਧ ਵਿਵਸਥਾ ਸਥਾਪਿਤ ਕੀਤੀ ਗਈ ਹੈ। ਇਹਨਾਂ ਦਾ ਮੰਤਵ ਸ਼ਿਕਾਇਤ ਨਿਵਾਰਨ ਪ੍ਰਕਿਰਿਆ ਨੂੰ ਹੋਰ ਸੁਖਾਲਾ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣਾ ਹੈ, ਤਾਂ ਜੋ ਨਾਗਰਿਕਾਂ ਦੀਆਂ ਸਮੱਸਿਆਵਾਂ 'ਤੇ ਸਮੇਂ ਸਿਰ ਧਿਆਨ ਦਿੱਤਾ ਜਾ ਸਕੇ ਅਤੇ ਯੋਗ ਕਾਰਵਾਈ ਯਕੀਨੀ ਹੋਵੇ।
ਬਹੁ-ਪੱਧਰੀ ਸ਼ਿਕਾਇਤ ਨਿਵਾਰਨ ਵਿਵਸਥਾ
ਇਹਨਾਂ ਨਿਯਮਾਂ ਦੇ ਤਹਿਤ ਰਾਜ ਸਰਕਾਰਾਂ ਵੱਲੋਂ ਗ੍ਰਾਮ ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ 'ਤੇ ਸਮਾਂਬੱਧ, ਬਹੁ-ਪੱਧਰੀ ਸ਼ਿਕਾਇਤ ਨਿਵਾਰਨ ਵਿਵਸਥਾ ਸਥਾਪਿਤ ਕੀਤੀ ਜਾਵੇਗੀ। ਸੰਬੰਧਿਤ ਪੱਧਰਾਂ 'ਤੇ ਨਾਮਜ਼ਦ ਸ਼ਿਕਾਇਤ ਨਿਵਾਰਨ ਅਧਿਕਾਰੀ ਸ਼ਿਕਾਇਤਾਂ ਪ੍ਰਾਪਤ ਕਰਨ, ਉਹਨਾਂ ਦੀ ਰਜਿਸਟ੍ਰੇਸ਼ਨ ਕਰਨ, ਜਾਂਚ ਕਰਨ ਅਤੇ ਉਹਨਾਂ ਦਾ ਨਿਪਟਾਰਾ ਕਰਨ ਲਈ ਜ਼ਿੰਮੇਵਾਰ ਹੋਣਗੇ।
ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਜ਼ਿਲ੍ਹਾ ਪੱਧਰ 'ਤੇ ਸ਼ਿਕਾਇਤ ਨਿਵਾਰਨ ਵਿਵਸਥਾ ਦੀ ਨਿਗਰਾਨੀ ਕਰਨਗੇ। ਉਹ ਇਹ ਯਕੀਨੀ ਬਣਾਉਣਗੇ ਕਿ ਸ਼ਿਕਾਇਤਾਂ ਦਾ ਹੱਲ ਨਿਰਧਾਰਿਤ ਵਿਵਸਥਾ ਅਤੇ ਸ਼ਿਕਾਇਤ ਨਿਵਾਰਨ ਲਈ ਵਿਕਸਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਕੀਤਾ ਜਾਵੇ।
ਸ਼ਿਕਾਇਤਾਂ ਦਰਜ ਕਰਨ ਲਈ ਕਈ ਜ਼ਰੀਏ
ਸ਼ਿਕਾਇਤ ਦਰਜ ਕਰਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੋਈ ਵੀ ਵਿਅਕਤੀ ਯੋਜਨਾ ਦੇ ਅਮਲ ਨਾਲ ਜੁੜੇ ਕਿਸੇ ਵੀ ਮਾਮਲੇ ਵਿੱਚ ਸ਼ਿਕਾਇਤ ਕਰ ਸਕਦਾ ਹੈ। ਨਿਯਮਾਂ ਦੇ ਤਹਿਤ ਸ਼ਿਕਾਇਤ ਦਰਜ ਕਰਵਾਉਣ ਲਈ ਕਈ ਜ਼ਰੀਏ ਉਪਲਬਧ ਕਰਵਾਏ ਗਏ ਹਨ:
∙ ਨਾਮਜ਼ਦ ਸ਼ਿਕਾਇਤ ਨਿਵਾਰਨ ਅਧਿਕਾਰੀ ਦੇ ਸਾਹਮਣੇ ਵਿਅਕਤੀਗਤ ਤੌਰ 'ਤੇ ਸ਼ਿਕਾਇਤ ਦਰਜ ਕਰਵਾਉਣਾ।
∙ ਡਿਲੀਵਰੀ ਦੇ ਸਬੂਤ ਦੇ ਨਾਲ ਸਪੀਡ ਪੋਸਟ ਦੇ ਮਾਧਿਅਮ ਨਾਲ ਸ਼ਿਕਾਇਤ ਭੇਜਣਾ।
∙ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਸ਼ਿਕਾਇਤ ਨਿਵਾਰਨ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਸ਼ਿਕਾਇਤ ਦਰਜ ਕਰਵਾਉਣਾ।
∙ ਟੈਲੀਫ਼ੋਨ, ਨਿਰਧਾਰਿਤ ਹੈਲਪਲਾਈਨ ਜਾਂ ਰਾਜ ਸਰਕਾਰ ਵੱਲੋਂ ਤੈਅ ਕਿਸੇ ਹੋਰ ਮਾਧਿਅਮ ਨਾਲ ਸ਼ਿਕਾਇਤ ਕਰਨਾ।
ਗ੍ਰਾਮ ਪੰਚਾਇਤ, ਬਲਾਕ ਜਾਂ ਜ਼ਿਲ੍ਹਾ ਪੱਧਰ 'ਤੇ ਭੌਤਿਕ ਰੂਪ ਵਿੱਚ ਪ੍ਰਾਪਤ ਸ਼ਿਕਾਇਤਾਂ ਨੂੰ ਉਸੇ ਦਿਨ ਨਿਰਧਾਰਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ 'ਤੇ ਦਰਜ ਅਤੇ ਰਜਿਸਟਰ ਕਰਨਾ ਹੋਵੇਗਾ। ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ, ਤਾਂ ਅਗਲੇ ਕੰਮਕਾਜੀ ਦਿਨ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ ਹੋਵੇਗੀ।
ਸ਼ਿਕਾਇਤ ਦੀ ਰਜਿਸਟ੍ਰੇਸ਼ਨ ਹੋਣ 'ਤੇ ਸ਼ਿਕਾਇਤਕਰਤਾ ਨੂੰ ਇੱਕ ਪਹੁੰਚ ਰਸੀਦ ਦਿੱਤੀ ਜਾਵੇਗੀ। ਇਸ ਵਿੱਚ ਰਜਿਸਟ੍ਰੇਸ਼ਨ ਨੰਬਰ, ਸ਼ਿਕਾਇਤ ਪ੍ਰਾਪਤ ਹੋਣ ਦੀ ਮਿਤੀ ਅਤੇ ਸ਼ਿਕਾਇਤ ਪ੍ਰਾਪਤ ਕਰਨ ਵਾਲੇ ਅਧਿਕਾਰੀ ਦਾ ਅਹੁਦਾ ਦਰਜ ਹੋਵੇਗਾ। ਡਿਜੀਟਲ ਮਾਧਿਅਮ ਨਾਲ ਪ੍ਰਾਪਤ ਸ਼ਿਕਾਇਤਾਂ ਲਈ ਪਹੁੰਚ ਰਸੀਦ ਇਲੈਕਟ੍ਰੋਨਿਕ ਰੂਪ ਵਿੱਚ ਅਤੇ ਭੌਤਿਕ ਰੂਪ ਵਿੱਚ ਪ੍ਰਾਪਤ ਸ਼ਿਕਾਇਤਾਂ ਲਈ ਪਹੁੰਚ ਰਸੀਦ ਭੌਤਿਕ ਰੂਪ ਵਿੱਚ ਦਿੱਤੀ ਜਾਵੇਗੀ।
ਮਹੱਤਵਪੂਰਨ ਗੱਲ ਇਹ ਹੈ ਕਿ ਸ਼ਿਕਾਇਤ ਦੇ ਫਾਰਮੈਟ, ਭਾਸ਼ਾ, ਉਸ ਨੂੰ ਪੇਸ਼ ਕਰਨ ਦੇ ਤਰੀਕੇ ਜਾਂ ਕਿਸੇ ਪ੍ਰਕਿਰਿਆ ਦੀ ਘਾਟ ਦੇ ਆਧਾਰ 'ਤੇ ਉਸ ਦੀ ਰਜਿਸਟ੍ਰੇਸ਼ਨ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ। ਇਸ ਵਿਵਸਥਾ ਨਾਲ ਇਹ ਯਕੀਨੀ ਹੋਵੇਗਾ ਕਿ ਪ੍ਰਕਿਰਿਆਗਤ ਰਸਮੀ ਕਾਰਵਾਈਆਂ ਦੇ ਕਾਰਨ ਕਿਸੇ ਵੀ ਨਾਗਰਿਕ ਨੂੰ ਸ਼ਿਕਾਇਤ ਨਿਵਾਰਨ ਵਿਵਸਥਾ ਦਾ ਲਾਭ ਲੈਣ ਤੋਂ ਵਾਂਝਾ ਨਾ ਹੋਣਾ ਪਵੇ।
ਜਾਂਚ ਅਤੇ ਸ਼ਿਕਾਇਤ ਨਿਵਾਰਨ ਲਈ ਨਿਰਧਾਰਿਤ ਸਮਾਂ-ਸੀਮਾ
ਨਿਯਮਾਂ ਵਿੱਚ ਸ਼ਿਕਾਇਤਾਂ ਦੀ ਤੁਰੰਤ ਜਾਂਚ ਅਤੇ ਹੱਲ ਯਕੀਨੀ ਬਣਾਉਣ ਲਈ ਸਪੱਸ਼ਟ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਨਾਮਜ਼ਦ ਸ਼ਿਕਾਇਤ ਨਿਵਾਰਨ ਅਧਿਕਾਰੀ ਹਰੇਕ ਰਜਿਸਟਰਡ ਸ਼ਿਕਾਇਤ ਦੀ ਜਾਂਚ ਕਰਨਗੇ ਅਤੇ ਲੋੜੀਂਦੀ ਕਾਰਵਾਈ ਕਰਨਗੇ। ਇਸ ਲਈ ਅਧਿਕਾਰੀ ਸੰਬੰਧਿਤ ਅਥਾਰਟੀਆਂ ਜਾਂ ਕਰਮਚਾਰੀਆਂ ਤੋਂ ਰਿਕਾਰਡ, ਰਜਿਸਟਰ, ਦਸਤਾਵੇਜ਼, ਰਿਪੋਰਟਾਂ, ਇਲੈਕਟ੍ਰੋਨਿਕ ਡੇਟਾ ਜਾਂ ਹੋਰ ਲੋੜੀਂਦੀ ਜਾਣਕਾਰੀ ਮੰਗ ਸਕਦੇ ਹਨ।
ਲੋੜ ਪੈਣ 'ਤੇ ਸ਼ਿਕਾਇਤ ਦਾ ਨਿਪਟਾਰਾ ਕਰਨ ਤੋਂ ਪਹਿਲਾਂ ਸ਼ਿਕਾਇਤਕਰਤਾ ਨੂੰ ਵਿਅਕਤੀਗਤ ਤੌਰ 'ਤੇ ਜਾਂ ਇਲੈਕਟ੍ਰੋਨਿਕ ਮਾਧਿਅਮ ਨਾਲ ਆਪਣਾ ਪੱਖ ਰੱਖਣ ਦਾ ਯੋਗ ਮੌਕਾ ਵੀ ਦਿੱਤਾ ਜਾਵੇਗਾ।
ਸ਼ਿਕਾਇਤ ਪ੍ਰਾਪਤ ਹੋਣ ਦੀ ਮਿਤੀ ਤੋਂ 7 ਕੰਮਕਾਜੀ ਦਿਨਾਂ ਦੇ ਅੰਦਰ ਉਸ ਦੀ ਜਾਂਚ ਪੂਰੀ ਕਰਨਾ ਲਾਜ਼ਮੀ ਹੋਵੇਗਾ। ਜਾਂਚ ਪੂਰੀ ਹੋਣ ਤੋਂ ਬਾਅਦ ਸ਼ਿਕਾਇਤ ਨਿਵਾਰਨ ਅਧਿਕਾਰੀ ਸਿੱਟੇ ਦਰਜ ਕਰਨਗੇ ਅਤੇ ਐਕਟ ਅਤੇ ਨਿਯਮਾਂ ਦੇ ਅਨੁਸਾਰ ਲੋੜੀਂਦੀ ਸੁਧਾਰਾਤਮਕ ਜਾਂ ਉਪਚਾਰਕ ਕਾਰਵਾਈ ਕਰਨਗੇ ਜਾਂ ਕਰਵਾਉਣਗੇ। ਹਰੇਕ ਸ਼ਿਕਾਇਤ ਦਾ ਨਿਪਟਾਰਾ ਉਸ ਦੀ ਪ੍ਰਾਪਤੀ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਕਰਨਾ ਹੋਵੇਗਾ।
ਜਾਂਚ ਦੇ ਸਿੱਟੇ ਅਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਨਿਰਧਾਰਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ 'ਤੇ ਦਰਜ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਭੌਤਿਕ ਰੂਪ ਵਿੱਚ ਪ੍ਰਾਪਤ ਸ਼ਿਕਾਇਤਾਂ ਦੇ ਮਾਮਲੇ ਵਿੱਚ ਉਹਨਾਂ ਦੇ ਨਤੀਜੇ ਅਤੇ ਕੀਤੀ ਗਈ ਕਾਰਵਾਈ ਦੀ ਸੂਚਨਾ ਸ਼ਿਕਾਇਤਕਰਤਾ ਨੂੰ ਭੌਤਿਕ ਰੂਪ ਵਿੱਚ ਵੀ ਦਿੱਤੀ ਜਾਵੇਗੀ।
ਡਿਜੀਟਲ ਟਰੈਕਿੰਗ ਅਤੇ ਅਣਸੁਲਝੀਆਂ ਸ਼ਿਕਾਇਤਾਂ ਨੂੰ ਉੱਚ ਪੱਧਰ 'ਤੇ ਭੇਜਣ ਦੀ ਵਿਵਸਥਾ
ਨਿਰਧਾਰਿਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਦੇ ਮਾਧਿਅਮ ਨਾਲ ਸ਼ਿਕਾਇਤਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਉਹਨਾਂ ਦੇ ਅੰਤਿਮ ਨਿਪਟਾਰੇ ਤੱਕ ਪੂਰੀ ਪ੍ਰਕਿਰਿਆ ਦੀ ਡਿਜੀਟਲ ਟਰੈਕਿੰਗ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਜਾਂਚ, ਸਿੱਟੇ ਅਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਵੀ ਇਲੈਕਟ੍ਰੋਨਿਕ ਰੂਪ ਵਿੱਚ ਦਰਜ ਕੀਤਾ ਜਾਵੇਗਾ। ਇਸ ਨਾਲ ਸ਼ਿਕਾਇਤ ਨਿਵਾਰਨ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਮਜ਼ਬੂਤ ਹੋਵੇਗੀ।
ਨਿਰਧਾਰਿਤ 15 ਦਿਨਾਂ ਦੀ ਮਿਆਦ ਵਿੱਚ ਜਿਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਸਕੇਗਾ, ਉਹਨਾਂ ਨੂੰ ਰਾਜ ਸਰਕਾਰ ਵੱਲੋਂ ਸਥਾਪਿਤ ਸ਼ਿਕਾਇਤ ਨਿਵਾਰਨ ਵਿਵਸਥਾ ਦੇ ਤਹਿਤ ਅਗਲੇ ਉੱਚ ਪੱਧਰ 'ਤੇ ਭੇਜਿਆ ਜਾਵੇਗਾ। ਉੱਚ ਪੱਧਰ 'ਤੇ ਸ਼ਿਕਾਇਤ ਪ੍ਰਾਪਤ ਕਰਨ ਵਾਲੀ ਅਥਾਰਟੀ ਮਾਮਲੇ ਦੀ ਜਾਂਚ ਕਰੇਗੀ ਅਤੇ ਉਸ ਦੇ ਨਿਪਟਾਰੇ ਲਈ ਯੋਗ ਕਾਰਵਾਈ ਕਰੇਗੀ। ਅਜਿਹੀਆਂ ਸ਼ਿਕਾਇਤਾਂ ਦਾ ਹੱਲ ਹੋਣ ਤੱਕ ਉਹਨਾਂ ਦੀ ਇਲੈਕਟ੍ਰੋਨਿਕ ਮਾਧਿਅਮ ਨਾਲ ਨਿਗਰਾਨੀ ਜਾਰੀ ਰਹੇਗੀ।
ਅਪੀਲ ਦਾ ਵੀ ਵਿਵਸਥਾ
ਨਿਯਮਾਂ ਵਿੱਚ ਸ਼ਿਕਾਇਤ ਨਿਵਾਰਨ ਵਿਵਸਥਾ ਦੇ ਤਹਿਤ ਪਾਸ ਕੀਤੇ ਗਏ ਹੁਕਮਾਂ ਦੇ ਵਿਰੁੱਧ ਅਪੀਲ ਦੀ ਵੀ ਵਿਵਸਥਾ ਕੀਤੀ ਗਈ ਹੈ। ਅਜਿਹੀ ਅਪੀਲ ਵੀਬੀ-ਜੀ ਰਾਮ ਜੀ ਐਕਟ, 2025 ਦੀ ਅਨੁਸੂਚੀ-I ਦੇ ਅਨੁਸਾਰ ਦਰਜ ਅਤੇ ਨਿਪਟਾਈ ਜਾਵੇਗੀ।
ਇਹਨਾਂ ਨਿਯਮਾਂ ਦੇ ਮਾਧਿਅਮ ਨਾਲ ਸਰਕਾਰ ਦਾ ਮੰਤਵ ਵੀਬੀ-ਜੀ ਰਾਮ ਜੀ ਦੇ ਤਹਿਤ ਨਾਗਰਿਕ-ਕੇਂਦਰਿਤ, ਪਹੁੰਚਯੋਗ ਅਤੇ ਸਮਾਂਬੱਧ ਸ਼ਿਕਾਇਤ ਨਿਵਾਰਨ ਵਿਵਸਥਾ ਨੂੰ ਸੰਸਥਾਗਤ ਰੂਪ ਦੇਣਾ ਹੈ। ਬਹੁ-ਪੱਧਰੀ ਸੰਸਥਾਗਤ ਵਿਵਸਥਾ, ਸ਼ਿਕਾਇਤ ਦਰਜ ਕਰਵਾਉਣ ਦੇ ਕਈ ਮਾਧਿਅਮ, ਲਾਜ਼ਮੀ ਰਜਿਸਟ੍ਰੇਸ਼ਨ, ਨਿਰਧਾਰਿਤ ਸਮਾਂ-ਸੀਮਾ, ਡਿਜੀਟਲ ਟਰੈਕਿੰਗ ਅਤੇ ਅਣਸੁਲਝੀਆਂ ਸ਼ਿਕਾਇਤਾਂ ਨੂੰ ਉੱਚ ਪੱਧਰ 'ਤੇ ਭੇਜਣ ਦੀ ਵਿਵਸਥਾ ਨਾਲ ਪ੍ਰਸ਼ਾਸਨਿਕ ਜਵਾਬਦੇਹੀ ਮਜ਼ਬੂਤ ਹੋਣ ਅਤੇ ਯੋਜਨਾ ਦੇ ਅਮਲ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦ ਮਿਲੇਗੀ।
ਇਹ ਅਧਿਸੂਚਨਾ ਵੀਬੀ-ਜੀ ਰਾਮ ਜੀ ਦੇ ਅਮਲ ਨਾਲ ਜੁੜੀਆਂ ਸ਼ਿਕਾਇਤਾਂ ਦਾ ਸੁਚੱਜੇ, ਪਾਰਦਰਸ਼ੀ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਨਿਪਟਾਰਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਯੋਜਨਾ ਦੇ ਤਹਿਤ ਪੇਂਡੂ ਪਰਿਵਾਰਾਂ ਦੇ ਅਧਿਕਾਰਾਂ ਅਤੇ ਯੋਗਤਾ ਦੀ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ।
*********
ਪੀ.ਯੂ.