Posted On:
26 OCT 2026 1:37PM by PIB Chandigarh
ਆਕਾਸ਼ਵਾਣੀ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਰਾਸ਼ਟਰੀ ਏਕਤਾ ਦੇ ਸਿਰਜਣਹਾਰ ਦੀ ਯਾਦ ਵਿੱਚ 1955 ਤੋਂ ਸਲਾਨਾ ਸਰਦਾਰ ਵਲੱਭਭਾਈ ਪਟੇਲ ਲੈਕਚਰ ਸੀਰੀਜ਼ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਨੂੰ 'ਭਾਰਤ ਦੇ ਲੋਹ ਪੁਰਸ਼' ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇਸ ਲੈਕਚਰ ਸੀਰੀਜ਼ ਦਾ ਉਦੇਸ਼ ਉਨ੍ਹਾਂ ਦੀ ਸਥਾਈ ਵਿਰਾਸਤ ਨੂੰ ਯਾਦ ਕਰਨਾ ਹੈ।

67ਵੀਂ ਪ੍ਰਤਿਸ਼ਠਿਤ ਲੈਕਚਰ ਸੀਰੀਜ਼ 27 ਅਕਤੂਬਰ 2026 ਨੂੰ ਦੁਪਹਿਰ 3 ਵਜੇ ਸੰਸਦ ਮਾਰਗ, ਨਵੀਂ ਦਿੱਲੀ ਸਥਿਤ ਆਕਾਸ਼ਵਾਣੀ ਦੇ ਰੰਗ ਭਵਨ ਆਡੀਟੋਰੀਅਮ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਲੈਕਚਰ ਦੇਣਗੇ। ਲੈਕਚਰ ਦੀ ਰਿਕਾਰਡਿੰਗ ਸਰਦਾਰ ਪਟੇਲ ਦੀ ਜਯੰਤੀ 'ਤੇ 31 ਅਕਤੂਬਰ ਨੂੰ ਪੂਰੇ ਆਕਾਸ਼ਵਾਣੀ ਨੈੱਟਵਰਕ 'ਤੇ ਰਾਤ 9:30 ਵਜੇ ਪ੍ਰਸਾਰਿਤ ਕੀਤੀ ਜਾਂਦੀ ਹੈ।
ਇਸ ਲੈਕਚਰ ਸੀਰੀਜ਼ ਦਾ ਸ਼ੁਰੂਆਤੀ ਲੈਕਚਰ ਸੁਤੰਤਰ ਭਾਰਤ ਦੇ ਪਹਿਲੇ ਗਵਰਨਰ ਜਨਰਲ ਭਾਰਤ ਰਤਨ ਸ਼੍ਰੀ ਸੀ. ਰਾਜਗੋਪਾਲਾਚਾਰੀ ਵੱਲੋਂ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ, ਪ੍ਰਮੁੱਖ ਨੇਤਾਵਾਂ, ਵਿਗਿਆਨੀਆਂ ਅਤੇ ਇਤਿਹਾਸਕਾਰਾਂ ਦੇ ਇੱਕ ਵਿਆਪਕ ਸਮੂਹ ਨੇ ਇਸ ਮੰਚ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਵਿੱਚੋਂ ਡਾ. ਜ਼ਾਕਿਰ ਹੁਸੈਨ, ਡਾ. ਏ.ਪੀ.ਜੇ ਅਬਦੁਲ ਕਲਾਮ, ਸ਼੍ਰੀ ਮੋਰਾਰਜੀ ਦੇਸਾਈ, ਡਾ. ਕਰਨ ਸਿੰਘ, ਡਾ. ਐੱਮ.ਐੱਸ. ਸਵਾਮੀਨਾਥਨ, ਜਸਟਿਸ (ਸ਼੍ਰੀਮਤੀ) ਲੀਲਾ ਸੇਠ, ਸ਼੍ਰੀ ਰਾਮ ਨਾਥ ਕੋਵਿੰਦ, ਸ਼੍ਰੀ ਅਰੁਣ ਜੇਟਲੀ, ਸ਼੍ਰੀ ਅਜੀਤ ਡੋਭਾਲ, ਡਾ. ਐੱਸ. ਜੈਸ਼ੰਕਰ, ਜਨਰਲ ਬਿਪਿਨ ਰਾਵਤ, ਡਾ. ਐੱਸ. ਸੋਮਨਾਥ ਕੁਝ ਪ੍ਰਮੁੱਖ ਨਾਂ ਹਨ। ਪਿਛਲੇ ਸਾਲ 66ਵਾਂ ਲੈਕਚਰ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਵੱਲੋਂ ਦਿੱਤਾ ਗਿਆ ਸੀ।
ਇਸ ਸਲਾਨਾ ਪ੍ਰੋਗਰਾਮ ਨੇ ਵੱਖ-ਵੱਖ ਵਿਸ਼ਿਆਂ 'ਤੇ ਧਾਰਨਾਵਾਂ, ਵਿਚਾਰਾਂ ਅਤੇ ਚਿੰਤਨ ਦੇ ਭੰਡਾਰ ਵਜੋਂ ਕੰਮ ਕੀਤਾ ਹੈ ਅਤੇ ਸਾਡੇ ਵਿਭਿੰਨ ਸੱਭਿਆਚਾਰ ਅਤੇ ਵਿਕਾਸਾਤਮਕ ਮੁੱਦਿਆਂ ਦੇ ਕਈ ਪਹਿਲੂਆਂ ਦੇ ਅਥਾਹ ਵਿਸਥਾਰ ਅਤੇ ਡੂੰਘਾਈ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇੱਕ ਮੰਚ ਵਜੋਂ ਕੰਮ ਕੀਤਾ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ, ਲੈਕਚਰ ਭਾਰਤ ਨੂੰ ਸਮਝਣ ਦੇ ਇੱਛੁਕ ਲੋਕਾਂ ਲਈ ਕੀਮਤੀ ਗਿਆਨ ਦਾ ਖਜ਼ਾਨਾ ਬਣ ਗਏ ਹਨ। ਵੱਖ-ਵੱਖ ਖੇਤਰਾਂ ਦੇ ਪ੍ਰਤਿਸ਼ਠਿਤ ਵਿਅਕਤੀਆਂ ਨੇ ਆਪਣੇ ਬੌਧਿਕ ਯੋਗਦਾਨ ਨਾਲ ਇਸ ਸੀਰੀਜ਼ ਨੂੰ ਇੱਕ ਵਿਲੱਖਣ ਵਿਰਾਸਤ ਬਣਾਉਣ ਵਿੱਚ ਮਦਦ ਕੀਤੀ ਹੈ।
ਇਸ ਪ੍ਰੋਗਰਾਮ ਵਿੱਚ ਪ੍ਰਵੇਸ਼ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਆਡੀਟੋਰੀਅਮ ਵਿੱਚ ਸੀਟਾਂ ਦੀ ਉਪਲਬਧਤਾ ਦੇ ਅਧੀਨ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ ਹੈ।
ਪਿਛਲਾ ਸਰਦਾਰ ਪਟੇਲ ਮੈਮੋਰੀਅਲ ਲੈਕਚਰ
ਪਿਛਲੀ ਪ੍ਰਤਿਸ਼ਠਿਤ ਸਰਦਾਰ ਪਟੇਲ ਮੈਮੋਰੀਅਲ ਲੈਕਚਰ ਸੀਰੀਜ਼ ਪ੍ਰਸਾਰ ਭਾਰਤੀ ਦੇ ਅਧਿਕਾਰਤ ਯੂਟਿਊਬ ਸੰਗ੍ਰਹਿ 'ਤੇ ਦੇਖੋ, ਜਿਸ ਵਿੱਚ ਸਨਮਾਨਿਤ ਨੇਤਾਵਾਂ ਅਤੇ ਸ਼ਖ਼ਸੀਅਤਾਂ ਦੀ ਭਾਗੀਦਾਰੀ ਹੈ।
ਲੈਕਚਰ ਸੀਰੀਜ਼ ਦੇਖੋ: https://youtube.com/playlist?list=PLqtVCj5iilH4WmBlnHhj3XiR_v0E7elJh&si=TxICk_ChZVu5V5Rj
************
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਾਦਰਸ਼ਨੀ/ਏਕੇ