ਸਹਿਕਾਰਤਾ ਮੰਤਰਾਲਾ
ਸਹਿਕਾਰਤਾ ਮੰਤਰਾਲੇ ਨੇ ਬਹੁ-ਰਾਜ ਸਹਿਕਾਰੀ ਸਭਾਵਾਂ ਵਿੱਚ ਪਾਰਦਰਿਸ਼ਤਾ, ਜਵਾਬਦੇਹੀ ਅਤੇ ਸੁਸ਼ਾਸਨ ਨੂੰ ਮਜ਼ਬੂਤ ਕਰਨ ਲਈ ਨਵੀਂ ਔਡਿਟ ਰਿਪੋਰਟਿੰਗ ਵਿਵਸਥਾ ਨੂੰ ਲਾਜ਼ਮੀ ਬਣਾਇਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਵਿਜ਼ਨ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰਤਾ ਮੰਤਰਾਲੇ ਦੁਆਰਾ ਬਹੁ-ਰਾਜ ਸਹਿਕਾਰੀ ਸਭਾਵਾਂ ਵਿੱਚ ਪਾਰਦਰਸ਼ਿਤਾ, ਵਿੱਤੀ ਅਨੁਸ਼ਾਸਨ, ਜਵਾਬਦੇਹੀ ਅਤੇ ਸੁਸ਼ਾਸਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲਕਦਮੀ
ਬਹੁ-ਰਾਜ ਸਹਿਕਾਰੀ ਸਭਾਵਾਂ (ਔਡਿਟ ਰਿਪੋਰਟਿੰਗ) ਆਦੇਸ਼, 2026 (ਐੱਮਐੱਸਸੀਏਆਰਓ, 2026) ਰਾਹੀਂ ਕਾਨੂੰਨੀ ਔਡਿਟ ਰਿਪੋਰਟਿੰਗ ਲਈ ਇੱਕ ਸਮਾਨ, ਸੁਚਾਰੂ ਅਤੇ ਜੋਖ਼ਮ-ਅਧਾਰਿਤ ਵਿਵਸਥਾ ਸਥਾਪਿਤ ਕੀਤੀ ਜਾਵੇਗੀ
ਨਵੀਂ ਵਿਵਸਥਾ ਨਾਲ ਵਿੱਤੀ ਦਬਾਅ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ, ਮੈਂਬਰਾਂ ਦੇ ਫੰਡ ਦੀ ਸੁਰੱਖਿਆ ਅਤੇ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਾਵਧਾਨਾਂ ਦੀ ਪਾਲਣਾ ਨੂੰ ਮਜ਼ਬੂਤੀ ਮਿਲੇਗੀ
ਮਿਆਰੀ ਔਡਿਟ ਰਿਪੋਰਟਿੰਗ ਨਾਲ CRCS ਪੋਰਟਲ ਰਾਹੀਂ ਤਕਨਾਲੋਜੀ-ਅਧਾਰਿਤ ਰੈਗੂਲੇਟਰੀ ਨਿਗਰਾਨੀ, ਸਵੈ-ਚਾਲਿਤ ਜਾਂਚ ਅਤੇ ਜੋਖ਼ਮ-ਅਧਾਰਿਤ ਨਿਗਰਾਨੀ ਨੂੰ ਹੁਲਾਰਾ ਮਿਲੇਗਾ
ਬਹੁ-ਰਾਜ ਸਹਿਕਾਰੀ ਸਭਾਵਾਂ ਨੂੰ ਆਪਣੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਲੋੜੀਂਦਾ ਸਮਾਂ ਦੇਣ ਦੇ ਉਦੇਸ਼ ਨਾਲ ਪੜਾਅਵਾਰ ਲਾਗੂ ਕਰਨ ਦਾ ਪ੍ਰਾਵਧਾਨ
Posted On:
14 OCT 2026 4:47PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਸਹਿਕਾਰਤਾ ਮੰਤਰਾਲਾ ਪਾਰਦਰਸ਼ੀ, ਜਵਾਬਦੇਹੀ, ਵਿੱਤੀ ਤੌਰ 'ਤੇ ਮਜ਼ਬੂਤ ਅਤੇ ਪੇਸ਼ੇਵਰ ਢੰਗ ਨਾਲ ਸੰਚਾਲਿਤ ਸਹਿਕਾਰੀ ਖੇਤਰ ਨੂੰ ਨਿਰੰਤਰ ਹੁਲਾਰਾ ਦੇ ਰਿਹਾ ਹੈ। ਇਸ ਹੀ ਦਿਸ਼ਾ ਵਿੱਚ ਸਹਿਕਾਰਤਾ ਮੰਤਰਾਲੇ ਨੇ ਬਹੁ-ਰਾਜ ਸਹਿਕਾਰੀ ਸਭਾਵਾਂ (MSCS) ਵਿੱਚ ਪਾਰਦਰਸ਼ਿਤਾ, ਜਵਾਬਦੇਹੀ, ਵਿੱਤੀ ਅਨੁਸ਼ਾਸਨ ਅਤੇ ਸੁਸ਼ਾਸਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਹੁ-ਰਾਜ ਸਹਿਕਾਰੀ ਸਭਾਵਾਂ (ਔਡਿਟਰ ਰਿਪੋਰਟ) ਆਦੇਸ਼, 2026 (MSCARO, 2026) ਨੂੰ ਲਾਜ਼ਮੀ ਕੀਤਾ ਹੈ। ਇਹ ਲਾਜ਼ਮੀ ਵਿਵਸਥਾ ਸਹਿਕਾਰੀ ਮੈਂਬਰਾਂ ਦੇ ਹਿਤਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਹੋਏ ਵਧੇਰੇ ਪਾਰਦਰਸ਼ੀ, ਪੇਸ਼ੇਵਰ ਪ੍ਰਬੰਧਨ ਅਤੇ ਜਵਾਹਦੇਹੀ ‘ਤੇ ਅਧਾਰਿਤ ਸਹਿਕਾਰੀ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਬਹੁ-ਰਾਜ ਸਹਿਕਾਰੀ ਸਭਾਵਾਂ (ਸੋਧ ਕੀਤੇ) ਐਕਟ, 2023 ਰਾਹੀਂ ਕੇਂਦਰ ਸਰਕਾਰ ਨੂੰ ਸੈਕਸ਼ਨ 73 (6) ਦੇ ਅਧੀਨ ਬਹੁ-ਰਾਜ ਸਹਿਕਾਰੀ ਸਭਾਵਾਂ ਲਈ ਔਡਿਟਿੰਗ ਅਤੇ ਅਕਾਊਂਟਿੰਗ ਮਿਆਰ ਨਿਰਧਾਰਿਤ ਕਰਨ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ। ਇਸੇ ਪ੍ਰਾਵਧਾਨ ਤਹਿਤ ਸਹਿਕਾਰਤਾ ਮੰਤਰਾਲੇ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ), ਇੰਸਟੀਟਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ (ਆਈਸੀਏਆਈ), ਕੰਪਟਰੋਲਰ ਐਂਡ ਔਡਿਟਰ ਜਨਰਲ ਆਫ ਇੰਡੀਆ (ਸੀਏਜੀ) ਅਤੇ ਬਹੁ-ਰਾਜ ਸਹਿਕਾਰੀ ਸਭਾਵਾਂ ਤੋਂ ਪ੍ਰਾਪਤ ਸੁਝਾਵਾਂ ਦੇ ਅਧਾਰ ‘ਤੇ MSCARO, 2026 ਨੂੰ ਤਿਆਰ ਕਰਕੇ ਲਾਜ਼ਮੀ ਕੀਤਾ ਹੈ।
ਕਾਰਪੋਰੇਟ ਖੇਤਰ ਵਿੱਚ ਲਾਗੂ ਕੰਪਨੀ (ਔਡਿਟਰ ਰਿਪੋਰਟ) ਆਦੇਸ਼ (ਸੀਏਆਰਓ) ਦੀ ਤਰਜ ‘ਤੇ MSCARO ਦਾ ਉਦੇਸ਼ ਬਹੁ-ਰਾਜ ਸਹਿਕਾਰੀ ਸਭਾਵਾਂ ਵਿੱਚ ਕਾਨੂੰਨੀ ਔਡਿਟ ਰਿਪੋਰਟਿੰਗ ਲਈ ਇੱਕ ਸਮਾਨ, ਸੁਚਾਰੂ ਅਤੇ ਜੋਖ਼ਮ-ਅਧਾਰਿਤ ਵਿਵਸਥਾ ਸਥਾਪਿਤ ਕਰਨਾ ਹੈ। ਲਾਜ਼ਮੀ ਵਿਵਸਥਾ ਦੇ ਅਧੀਨ ਔਡਿਟਰਸ ਨੂੰ ਵਿੱਤੀ, ਪ੍ਰਸ਼ਾਸਨਿਕ, ਸੁਸ਼ਾਸਨ ਅਤੇ ਕਾਨੂੰਨ ਦੀ ਪਾਲਣਾ ਨਾਲ ਜੁੜੇ ਮਹੱਤਵਪੂਰਨ ਮਾਪਢੰਡਾਂ ‘ਤੇ ਇੱਕ ਨਿਰਧਾਰਿਤ ਫਾਰਮੈਟ ਵਿੱਚ ਸਪੱਸ਼ਟ ਤੌਰ ‘ਤੇ ‘ਹਾਂ/ਨਹੀਂ’ ਦੇ ਜਵਾਬ ਅਤੇ ਜ਼ਰੂਰੀ ਟਿੱਪਣੀਆਂ ਸਮੇਤ ਰਿਪੋਰਟ ਪੇਸ਼ ਕਰਨੀ ਹੋਵੇਗੀ। ਇਸ ਨਾਲ ਔਡਿਟਰ ਰਿਪੋਰਟਿੰਗ ਵਿੱਚ ਇਕਸਾਰਤਾ ਆਵੇਗੀ, ਬੇਨਿਯਮੀਆਂ ਦੀ ਪਛਾਣ ਅਸਾਨ ਹੋਵੇਗੀ ਅਤੇ ਰੈਗੂਲੇਟਰੀ ਨਿਗਰਾਨੀ ਵਧੇਰੇ ਪ੍ਰਭਾਵੀ ਬਣ ਸਕੇਗੀ।
ਨਵੀਂ ਵਿਵਸਥਾ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਜੋਖ਼ਮ-ਅਧਾਰਿਤ ਰੈਗੂਲੇਟਰੀ ਨਿਗਰਾਨੀ ਹੈ, ਜਿਸ ਰਾਹੀਂ ਕੇਂਦਰੀ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ (CRCS) ਔਡਿਟ ਨਿਰੀਖਣਾਂ ਦੇ ਅਧਾਰ ‘ਤੇ ਉੱਚ ਵਿੱਤੀ ਜਾਂ ਪ੍ਰਸ਼ਾਸਕੀ ਜੋਖਮਾਂ ਵਾਲੀਆਂ ਸਹਿਕਾਰੀ ਸਭਾਵਾਂ ਦੀ ਪਛਾਣ ਕਰ ਸਕਣਗੇ। ਇਸ ਨਾਲ ਅਜਿਹੀਆਂ ਸਭਾਵਾਂ ਦੇ ਨਿਰੀਖਣ, ਜਾਂਚ ਅਤੇ ਜ਼ਰੂਰੀ ਰੈਗੂਲੇਟਰੀ ਕਾਰਵਾਈ ਨੂੰ ਤਰਜੀਹ ਦਿੱਤੀ ਜਾ ਸਕੇਗੀ। ਨਤੀਜੇ ਵਜੋਂ ਨਿਗਰਾਨੀ ਪ੍ਰਣਾਲੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ ਅਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਮਿਲੇਗੀ।
ਲਾਜ਼ਮੀ ਵਿਵਸਥਾ ਤੋਂ ਵਿੱਤੀ ਦਬਾਅ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਵੀ ਸੰਭਵ ਹੋ ਸਕੇਗੀ। ਇਸ ਅਧੀਨ ਨੋਨ-ਪਰਫੌਰਮਿੰਗ ਅਸੈੱਸਟ (ਐੱਨਪੀਏ), ਬਕਾਇਆ ਕਰਜ਼ਿਆਂ, ਤਰਲਤਾ ਦੀਆਂ ਸਥਿਤੀਆਂ, ਜਮ੍ਹਾਂ ਰਕਮਾਂ, ਪੇਸ਼ਗੀਆਂ, ਕਰਜ਼ਾ ਅਤੇ ਜਮ੍ਹਾਂ ਰਕਮਾਂ ਦੇ ਡਿਫਾਲਟ ਅਤੇ ਉਧਾਰਾਂ ਦੀ ਯੋਜਨਾਬੱਧ ਰਿਪੋਰਟਿੰਗ ਕੀਤੀ ਜਾਵੇਗੀ। ਇਸ ਨਾਲ ਉਭਰਦੇ ਵਿੱਤੀ ਜੋਖਮਾਂ ਦਾ ਸਮੇਂ ਰਹਿੰਦੇ ਪਤਾ ਲਗਾਇਆ ਜਾ ਸਕੇਗਾ ਅਤੇ ਉਨ੍ਹਾਂ ਦੇ ਗੰਭੀਰ ਵਿੱਤੀ ਜਾਂ ਸੰਚਾਲਨ ਸਬੰਧੀ ਸਮੱਸਿਆਵਾਂ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਜ਼ਰੂਰੀ ਸੁਧਾਰਾਤਮਕ ਕਦਮ ਚੁੱਕੇ ਜਾ ਸਕਣਗੇ।
MSCARO, 2026 ਦਾ ਇੱਕ ਹੋਰ ਮਹੱਤਵਪੂਰਨ ਉਦੇਸ਼ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਫੰਡ ਅਤੇ ਵਿੱਤੀ ਹਿਤਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਨਿਰਧਾਰਿਤ ਔਡਿਟ ਪ੍ਰਾਵਧਾਨਾਂ ਰਾਹੀਂ ਨਿਵੇਸ਼, ਫੰਡ ਦੀ ਵਰਤੋਂ, ਸ਼ੇਅਰ ਕੈਪੀਟਲ, ਮੈਂਬਰਸ਼ਿਪ ਰਿਕਾਰਡਸ ਅਤੇ ਸਬੰਧਿਤ ਕਾਨੂੰਨੀ ਮਨਜ਼ੂਰੀਆਂ ਦੀ ਸੁਤੰਤਰ ਤਸਦੀਕ ਸੰਭਵ ਹੋਵੇਗੀ। ਵਿੱਤੀ ਲੈਣ-ਦੇਣ ਅਤੇ ਸਹਿਕਾਰੀ ਸੰਸਥਾਵਾਂ ਦੀ ਵਰਤੋਂ ਦੀ ਵਧੇਰੇ ਪ੍ਰਭਾਵਸ਼ਾਲੀ ਜਾਂਚ ਨਾਲ ਵਿੱਤੀ ਇਕਸਾਰਤਾ ਨੂੰ ਹੁਲਾਰਾ ਮਿਲੇਗਾ ਅਤੇ ਸਹਿਕਾਰੀ ਸੰਸਥਾਵਾਂ ਪ੍ਰਤੀ ਮੈਂਬਰਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇਗਾ।
ਸੁਸ਼ਾਸਨ ਅਤੇ ਸੰਸਥਾਗਤ ਜਵਾਬਦੇਹੀ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਆਦੇਸ਼ ਵਿੱਚ ਨਿਦੇਸ਼ਕ ਮੰਡਲ ਦੀ ਸੰਰਚਨਾ, ਨਿਦੇਸ਼ਕਾਂ ਦੀ ਯੋਗਤਾ ਅਤੇ ਆਯੋਗਤਾ, ਸਲਾਨਾ ਆਮ ਸਭਾਵਾਂ ਅਤੇ ਨਿਦੇਸ਼ਕ ਮੰਡਲ ਦੀਆਂ ਮੀਟਿੰਗਾਂ ਦੇ ਆਯੋਜਨ, ਕਾਨੂੰਨੀ ਸਭਾਵਾਂ ਦੇ ਗਠਨ ਅਤੇ ਕਾਰਜ ਪ੍ਰਣਾਲੀ ਅਤੇ ਸਬੰਧਿਤ ਧਿਰਾਂ ਨਾਲ ਲੈਣ-ਦੇਣ ਨਾਲ ਜੁੜੇ ਪ੍ਰਾਵਧਾਨਾਂ ਦੀ ਪਾਲਣਾ ਦੀ ਨਿਯਮਿਤ ਜਾਂਚ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਨ੍ਹਾਂ ਉਪਾਵਾਂ ਨਾਲ ਬਹੁ-ਰਾਜ ਸਹਿਕਾਰੀ ਸਭਾਵਾਂ ਵਿੱਚ ਪਾਰਦਰਸ਼ੀ ਫੈਸਲਾ ਪ੍ਰਕਿਰਿਆ, ਲੋਕਤੰਤਰੀ ਕਾਰਜ ਪ੍ਰਣਾਲੀ ਅਤੇ ਕਾਨੂੰਨੀ ਪ੍ਰਾਵਧਾਨਾਂ ਦੀ ਪਾਲਣਾ ਨੂੰ ਹੁਲਾਰਾ ਮਿਲੇਗਾ।
MSCARO ਵਿੱਚ ਤਕਨਾਲੋਜੀ-ਸਮਰੱਥ ਰੈਗੂਲੇਟਰੀ ਨਿਗਰਾਨੀ ਦੀ ਵੀ ਕਲਪਨਾ ਕੀਤੀ ਗਈ ਹੈ। ਇਸ ਅਧੀਨ ਮਿਆਰੀ ਔਡਿਟ ਸਬੰਧੀ ਸੂਚਨਾਵਾਂ ਨੂੰ CRCS ਪੋਰਟਲ ਨਾਲ ਏਕੀਕ੍ਰਿਤ ਕੀਤਾ ਜਾ ਸਕੇਗਾ। ਇਸ ਏਕੀਕਰਣ ਨਾਲ ਸਵੈਚਾਲਿਤ ਜਾਂਚ, ਰੈਗੂਲੇਟਰੀ ਡੈਸ਼ਬੋਰਡ, ਰਿਕਸ ਸਕੋਰਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (AI)-ਅਧਾਰਿਤ ਵਿਸ਼ਲੇਸ਼ਣ ਵਰਗੀਆਂ ਸੁਵਿਧਾਵਾਂ ਵਿਕਸਿਤ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਸਹਿਕਾਰੀ ਸਭਾਵਾਂ ਦੀ ਨਿਗਰਾਨੀ ਵਧੇਰੇ ਪ੍ਰਭਾਵਸ਼ਾਲੀ ਹੋਵੇਗੀ, ਪਾਲਣਾ ਸਬੰਧੀ ਕਮੀਆਂ ਦੀ ਪਛਾਣ ਅਸਾਨ ਹੋਵੇਗੀ ਅਤੇ ਤੱਥਾਂ ਅਤੇ ਅੰਕੜਿਆਂ ‘ਤੇ ਅਧਾਰਿਤ ਰੈਗੂਲੇਟਰੀ ਕਾਰਵਾਈ ਨੂੰ ਹੁਲਾਰਾ ਮਿਲੇਗਾ।
ਲਾਜ਼ਮੀ ਢਾਂਚੇ ਵਿੱਚ, ਜਿੱਥੇ ਲਾਗੂ ਹੋਵੇ, ਸਾਈਬਰ ਸੁਰੱਖਿਆ ਅਤੇ ਮਨੀ ਲਾਂਡਰਿੰਗ ਸਬੰਧੀ ਪ੍ਰਾਵਧਾਨਾਂ ਦੀ ਪਾਲਣਾ ਔਡਿਟ ਪੱਧਰ ‘ਤੇ ਤਸਦੀਕ ਵੀ ਸ਼ਾਮਲ ਹੈ। ਇਸ ਅਧੀਨ ਸਾਈਬਰ ਸੁਰੱਖਿਆ ਉਪਾਵਾਂ, ਸ਼ੱਕੀ ਲੈਣ-ਦੇਣ ਦੀ ਰਿਪੋਰਟਿੰਗ, ਗ੍ਰਾਹਕ ਪਛਾਣ ਸਬੰਧੀ ਜ਼ਰੂਰਤਾਂ, ਅਤੇ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਮਨੋਨੀਤ ਨਿਦੇਸ਼ਕ ਅਤੇ ਪ੍ਰਿੰਸੀਪਲ ਔਫਿਸਰ ਦੀ ਨਿਯੁਕਤੀ ਨਾਲ ਜੁੜੇ ਪ੍ਰਾਵਧਾਨਾਂ ਦੀ ਪਾਲਣਾ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਉਪਾਵਾਂ ਨਾਲ ਵਿੱਤੀ ਬੇਨਿਯਮੀਆਂ, ਸਾਈਬਰ ਜੋਖਮਾਂ ਅਤੇ ਹੋਰ ਪਾਲਣਾ ਸਬੰਧੀ ਕਮਜ਼ੋਰੀਆਂ ਦੇ ਵਿਰੁੱਧ ਸੰਸਥਾਗਤ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ।
ਸਹਿਕਾਰੀ ਸਭਾਵਾਂ ਨੂੰ ਆਪਣੀ ਅੰਦਰੂਨੀ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਨੂੰ ਅਪਗ੍ਰੇਡ ਕਰਨ ਲਈ ਲੋਂੜੀਦਾ ਸਮਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੰਤਰਾਲੇ ਨੇ MSCARO, 2026 ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕਰਨ ਨੂੰ ਲਾਜ਼ਮੀ ਬਣਾਇਆ ਹੈ। ਲੰਬੇ ਸਮੇਂ ਤੋਂ ਇਸ ਵਿਵਸਥਾ ਨੂੰ ਉਨ੍ਹਾਂ ਬਹੁ-ਰਾਜ ਸਹਿਕਾਰੀ ਸਭਾਵਾਂ ਤੱਕ ਵਿਸਤਾਰਿਤ ਕਰਨ ਦਾ ਉਦੇਸ਼ ਹੈ, ਜਿਨ੍ਹਾਂ ਦੇ ਸਬੰਧਿਤ ਵਿੱਤੀ ਮਿਆਰ ਨਿਰਧਾਰਿਤ 50 ਕਰੋੜ ਰੁਪਏ ਦੀ ਸੀਮਾ ਤੋਂ ਵੱਧ ਹਨ। ਸ਼ੁਰੂਆਤੀ ਪੜਾਅ ਵਿੱਚ 1,000 ਕਰੋੜ ਰੁਪਏ ਦੀ ਨਿਰਧਾਰਿਤ ਸੀਮਾ ਤੋਂ ਵੱਧ ਵਿੱਤੀ ਆਕਾਰ ਵਾਲੀਆਂ ਵੱਡੀਆਂ ਸਹਿਕਾਰੀ ਸਭਾਵਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਣ ਦਾ ਪ੍ਰਾਵਧਾਨ ਹੈ, ਤਾਂ ਜੋ ਤੁਲਨਾਤਮਕ ਤੌਰ 'ਤੇ ਛੋਟੀਆਂ ਸਭਾਵਾਂ ਨੂੰ ਨਵੀਆਂ ਔਡਿਟ ਰਿਪੋਰਟਿੰਗ ਜ਼ਰੂਰਤਾਂ ਅਨੁਸਾਰ ਅਪਣੀਆਂ ਤਿਆਰੀਆਂ ਪੂਰੀ ਕਰਨ ਲਈ ਵਾਧੂ ਸਮਾਂ ਮਿਲ ਸਕੇ।
MSCARO 2026 ਮਿਆਰੀ ਕਾਨੂੰਨੀ ਔਡਿਟ ਰਿਪੋਰਟਿੰਗ, ਜੋਖ਼ਮ-ਅਧਾਰਿਤ ਨਿਗਰਾਨੀ ਅਤੇ ਤਕਨਾਲੋਜੀ-ਸੰਚਾਲਿਤ ਨਿਗਰਾਨੀ ਨੂੰ ਏਕੀਕ੍ਰਿਤ ਕਰਕੇ ਵਧੇਰੇ ਪਾਰਦਰਸ਼ੀ, ਪੇਸ਼ੇਵਰ ਪ੍ਰਬੰਧਨ ਅਤੇ ਜਵਾਬਦੇਹ ਅਧਾਰਿਤ ਸਹਿਕਾਰੀ ਈਕੋਸਿਸਟਮ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹੈ। ਇਸ ਨਾਲ ਸਹਿਕਾਰੀ ਸਭਾਵਾਂ ਦੀ ਭਰੋਸੇਯੋਗਤਾ ਮਜ਼ਬੂਤ ਹੋਵੇਗੀ, ਮੈਂਬਰਾਂ ਦੇ ਹਿਤਾਂ ਦੀ ਸੁਰੱਖਿਆ ਨੂੰ ਹੁਲਾਰਾ ਮਿਲੇਗਾ ਅਤੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਹੋਵੇਗੀ।
************
ਏਕੇ/ ਅਹਿਮਦ ਖ਼ਾਨ
(Release ID: 2323963)
ਵਿਜ਼ੀਟਰ ਕਾਊਂਟਰ : 8