ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਅਭਿਨੇਤਾ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਸ਼ਾਨਦਾਰ ਸਿਨੇਮਾਈ ਯਾਤਰਾ ਲਈ ਵਰ੍ਹੇ 2024 ਦਾ ਦਾਦਾਸਾਹੇਬ ਫਾਲਕੇ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ
ਪੁਰਸਕਾਰ ਗੁਜਰਾਤ ਦੇ ਕੇਵੜੀਆ ਵਿੱਚ 22 ਸਤੰਬਰ 2026 ਨੂੰ ਆਯੋਜਿਤ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਪ੍ਰਦਾਨ ਕੀਤਾ ਜਾਵੇਗਾ
Posted On:
16 SEP 2026 6:18PM by PIB Chandigarh
ਦਾਦਾਸਾਹੇਬ ਫਾਲਕੇ ਪੁਰਸਕਾਰ ਚੋਣ ਕਮੇਟੀ ਦੀ ਸਿਫਾਰਿਸ਼ ‘ਤੇ ਭਾਰਤ ਸਰਕਾਰ ਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੀਨੀਅਰ ਅਭਿਨੇਤਾ ਸ਼੍ਰੀ ਅਨੰਤ ਨਾਗ ਨੂੰ ਭਾਰਤੀ ਸਿਨੇਮਾ ਦੇ ਵਿਕਾਸ ਅਤੇ ਪ੍ਰਮੋਸ਼ਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਅਤੇ ਅਨਮੋਲ ਯੋਗਦਾਨ ਲਈ ਪ੍ਰਤਿਸ਼ਠਿਤ ਦਾਦਾਸਾਹੇਬ ਫਾਲਕੇ ਪੁਰਸਕਾਰ 2024 ਪ੍ਰਦਾਨ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਦੀਆਂ ਪੰਜ ਦਹਾਕਿਆਂ ਤੋਂ ਵੱਧ ਲੰਬੀ ਸ਼ਾਨਦਾਰ ਸਿਨੇਮਾਈ ਯਾਤਰਾ ਦੇ ਸਨਮਾਨ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਹੈ, ਜਿਸ ਨੇ ਕਲਾਕਾਰਾਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਤਿ ਕੀਤਾ ਹੈ ਅਤੇ ਰਾਸ਼ਟਰ ਦੇ ਸੱਭਿਆਚਾਰਕ ਲੈਂਡਸਕੇਪ ਨੂੰ ਸਮ੍ਰਿੱਧ ਕੀਤਾ ਹੈ। ਸ਼੍ਰੀ ਅਨੰਤ ਨਾਗ ਨੂੰ ਇਹ ਪੁਰਸਕਾਰ 22 ਸਤੰਬਰ, 2026 ਨੂੰ ਗੁਜਰਾਤ ਦੇ ਕੇਵੜੀਆ ਵਿੱਚ ਆਯੋਜਿਤ ਹੋਣ ਵਾਲੇ 72ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਵਿੱਚ ਪ੍ਰਦਾਨ ਕੀਤਾ ਜਾਵੇਗਾ।
ਸ਼੍ਰੀ ਅਨੰਤ ਨਾਗ ਬਾਰੇ
ਸ਼੍ਰੀ ਅਨੰਤ ਨਾਗ (ਜਨਮ 4 ਸਤੰਬਰ 1948, ਕਰਨਾਟਕ) ਇੱਕ ਸੀਨੀਅਰ ਭਾਰਤੀ ਅਭਿਨੇਤਾ ਹਨ, ਜੋ ਆਪਣੀ ਬਹਪੱਖੀ ਪ੍ਰਤਿਭਾ ਅਤੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਸਿਨੇਮਾ ਵਿੱਚ ਆਪਣੇ ਯੋਗਦਾਨ ਦੇ ਲਈ ਪ੍ਰਸਿੱਧ ਹਨ ਉਨ੍ਹਾਂ ਨੇ ਕੰਨੜ ਫੀਚਰ ਫਿਲਮ ਸੰਕਲਪ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਅੰਕੂਰ ਤੋਂ ਹਿੰਦੀ ਸਿਨੇਮਾ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕੰਨੜ, ਹਿੰਦੀ, ਤੇਲੁਗੂ, ਮਲਿਆਲਮ, ਤਮਿਲ ਅਤੇ ਮਰਾਠੀ ਸਿਨੇਮਾ ਦੀਆਂ 300 ਤੋਂ ਵੱਧ ਫਿਲਮਾਂ ਵਿੱਚ ਵਿਭਿੰਨ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਵਿੱਚ ਮਾਲਗੁੜੀ ਡੇਜ਼ ਜਿਹੇ ਜ਼ਿਕਰਯੋਗ ਕੰਮ ਵੀ ਸ਼ਾਮਲ ਹਨ।
ਸ਼੍ਰੀ ਅਨੰਤ ਨੂੰ ਪੰਜ ਫਿਲਮਫੇਅਰ ਪੁਰਸਕਾਰ ਅਤੇ ਪੰਜ ਕਰਨਾਟਕ ਰਾਜ ਸਰਬਸ੍ਰੇਸ਼ਠ ਅਭਿਨੇਤਾ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਕਰਨਾਟਕ ਰਾਜਯੋਤਸਵ ਪੁਰਸਕਾਰ, ਕਰਨਾਟਕ ਸਾਹਿਤ ਅਕਾਦਮੀ ਪੁਰਸਕਾਰ ਅਤੇ ਕਰਨਾਟਕ ਰਾਜ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਬੰਗਲੁਰੂ ਯੂਨੀਵਰਸਿਟੀ (ਉੱਤਰ) ਤੋਂ ਆਨਰੇਰੀ ਡਾਕਟਰੇਟ ਦੀ ਉਪਾਧੀ ਵੀ ਪ੍ਰਾਪਤ ਕੀਤੀ। ਵਰ੍ਹੇ 2023 ਵਿੱਚ ਉਨ੍ਹਾਂ ਨੇ ਸਿਨੇਮਾ ਵਿੱਚ ਆਪਣੇ 50 ਵਰ੍ਹਿਆਂ ਦੇ ਕਰੀਅਰ ਦੀ ਗੋਲਡਨ ਜੁਬਲੀ ਮਨਾਈ।
ਸਿਨੇਮਾ ਤੋਂ ਪਰ੍ਹੇ, ਸ਼੍ਰੀ ਅਨੰਤ ਨੇ ਵਰ੍ਹੇ 1988 ਤੋਂ 1994 ਤੱਕ ਕਰਨਾਟਕ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਵਰ੍ਹੇ 1994 ਤੋਂ 1999 ਤੱਕ ਵਿਧਾਨ ਸਭਾ ਦੇ ਮੈਂਬਰ ਦੇ ਰੂਪ ਵਿੱਚ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਬੰਗਲੁਰੂ ਸ਼ਹਿਰ ਵਿਕਾਸ ਰਾਜ ਮੰਤਰੀ ਦੇ ਰੂਪ ਵਿੱਚ ਅਹੁਦਾ ਸੰਭਾਲਿਆ। ਵਰ੍ਹੇ 2025 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਅੱਜ ਸ਼੍ਰੀ ਅਨੰਤ ਨਾਗ ਭਾਰਤ ਦੇ ਸਭ ਤੋਂ ਸਨਮਾਨਿਤ ਸੱਭਿਆਚਾਰਕ ਸ਼ਖਸੀਅਤਾਂ ਵਿੱਚੋਂ ਇੱਕ ਹਨ ਅਤੇ ਆਪਣੀ ਬਹੁਮੁਖੀ ਪ੍ਰਤਿਭਾ, ਨਿਮਰਤਾ ਅਤੇ ਭਾਰਤੀ ਸਿਨੇਮਾ ਵਿੱਚ ਆਪਣੇ ਸਥਾਈ ਯੋਗਦਾਨ ਦੇ ਲਈ ਪ੍ਰਸ਼ੰਸਾਯੋਗ ਹਨ।
ਦਾਦਾਸਾਹੇਬ ਫਾਲਕੇ ਪੁਰਸਕਾਰ ਬਾਰੇ
ਵਰ੍ਹੇ 1969 ਵਿੱਚ ਦੇਵਿਕਾ ਰਾਣੀ ਨੂੰ ਪ੍ਰਦਾਨ ਕੀਤੇ ਜਾਣ ਦੇ ਨਾਲ ਸ਼ੁਰੂ ਕੀਤਾ ਗਿਆ ਦਾਦਾਸਾਹੇਬ ਫਾਲਕੇ ਪੁਰਸਕਾਰ ਭਾਰਤ ਸਰਕਾਰ ਦੁਆਰਾ ਭਾਰਤੀ ਸਿਨੇਮਾ ਵਿੱਚ ਦਾਦਾਸਾਹੇਬ ਫਾਲਕੇ ਦੇ ਯੋਗਦਾਨ ਦੇ ਸਨਮਾਨ ਵਿੱਚ ਸਥਾਪਿਤ ਕੀਤਾ ਗਿਆ ਸੀ। ਦਾਦਾਸਾਹੇਬ ਫਾਲਕੇ ਨੇ ਵਰ੍ਹੇ 1913 ਵਿੱਚ ਭਾਰਤ ਦੀ ਪਹਿਲੀ ਪੂਰਨ ਲੰਬਾਈ ਦੀ ਫੀਚਰ ਫਿਲਮ, ਰਾਜਾ ਹਰਿਸ਼ਚੰਦਰ ਦਾ ਨਿਰਦੇਸ਼ਨ ਕੀਤਾ ਸੀ। ਸਿਨੇਮਾ ਦੇ ਖੇਤਰ ਵਿੱਚ ਇਸ ਸਰਬਉੱਚ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਪੁਰਸਕਾਰ ਪ੍ਰਾਪਤਕਰਤਾਵਾਂ ਨੂੰ ‘ਭਾਰਤੀ ਸਿਨੇਮਾ ਦੇ ਵਿਕਾਸ ਅਤੇ ਪ੍ਰਮੋਸ਼ਨ ਵਿੱਚ ਸ਼ਾਨਦਾਰ ਯੋਗਦਾਨ’ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਪੁਰਸਕਾਰ ਵਿੱਚ ਸਵਰਨ ਕਮਲ (ਗੋਲਡਨ ਲੋਟਸ) ਇੱਕ ਸ਼ੌਲ ਅਤੇ 10 ਲੱਖ ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਸ਼ਾਮਲ ਹੈ।
*****
ਮਹੇਸ਼ ਕੁਮਾਰ/ਅਪਰਾਜਿਤਾ ਪ੍ਰਿਯਦਰਸ਼ਨੀ
(Release ID: 2311390)
ਵਿਜ਼ੀਟਰ ਕਾਊਂਟਰ : 2