ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਪੱਛਮ ਬੰਗਾਲ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਰਾਜਾਂ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੀਆਂ 3 ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ ਭਾਰਤੀ ਰੇਵਲੇ ਦੇ ਵਰਤਮਾਨ ਨੈੱਟਵਰਕ ਵਿੱਚ ਲਗਭਗ 656 ਕਿਲੋਮੀਟਰ ਦਾ ਵਾਧਾ ਹੋਵੇਗਾ


ਇਨ੍ਹਾਂ ਪ੍ਰੋਜੈਕਟਾਂ ਦੀ ਕੁਲ ਅਨੁਮਾਨਤ ਲਾਗਤ 10,783 ਕਰੋੜ ਰੁਪਏ ਹੈ ਅਤੇ ਇਨ੍ਹਾਂ ਨੂੰ 2029-30 ਤੱਕ ਪੂਰੀ ਕਰਨ ਦੀ ਯੋਜਨਾ ਹੈ

Posted On: 09 SEP 2026 3:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਰੇਲ ਮੰਤਰਾਲੇ ਦੇ ਕੁੱਲ 10,783 ਕਰੋੜ ਰੁਪਏ ਦੇ ਲਾਗਤ ਵਾਲੇ 3 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ:

  1. ਖੜਗਪੁਰ-ਝਾਰਸੁਗੁੜਾ (ਬਾਗਦੇਹੀ) ਚੌਥੀ ਲਾਈਨ

  2. ਕਟਨੀ-ਪੇਂਡ੍ਰਾ ਰੋਡ ਚੌਥੀ ਲਾਈਨ

  3. ਬਿਲਾਸਪੁਰ (ਉਸਲਾਪੁਰ) – ਪੇਂਡ੍ਰਾ ਰੋਡ ਤੀਜੀ ਲਾਈਨ

ਵਧੀ ਹੋਈ ਲਾਈਨ ਸਮਰਥਾ ਨਾਲ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ, ਜਿਸ ਦੇ ਨਤੀਜੇ ਵਜੋਂ ਭਾਰਤੀ ਰੇਲ ਦੀ ਕਾਰਜਸ਼ੀਲ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਇਨ੍ਹਾਂ ਮਲਟੀ-ਟ੍ਰੈਕਿੰਗ ਪ੍ਰਸਤਾਵਾਂ ਨਾਲ ਸੰਚਾਲਨ ਸੁਚਾਰੂ ਹੋਵੇਗਾ ਅਤੇ ਭੀੜ-ਭੜੱਕੇ ਵਿੱਚ ਕਮੀ ਆਵੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਸਾਰ ਹੈ। ਇਨ੍ਹਾਂ ਦਾ ਉਦੇਸ਼ ਖੇਤਰ ਦੇ ਵਿਆਪਕ ਵਿਕਾਸ ਰਾਹੀਂ ਇਸ ਖੇਤਰ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਹੈ, ਜਿਸ ਨਾਲ ਉਨ੍ਹਾਂ ਦੇ ਰੁਜ਼ਗਾਰ/ਸਵੈਰੁਜ਼ਗਾਰ ਦੇ ਮੌਕੇ ਵਧਣਗੇ। 

ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਅਧੀਨ ਬਣਾਈ ਗਈ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਏਕੀਕ੍ਰਿਤ ਯੋਜਨਾ ਅਤੇ ਹਿਤਧਾਰਕਾਂ ਦੇ ਸਲਾਹ-ਮਸ਼ਵਰੇ ਰਾਹੀਂ ਮਲਟੀ ਮਾਡਲ-ਕਨੈਕਟੀਵਿਟੀ ਅਤੇ ਲੌਜਿਸਟਿਕ ਕੁਸ਼ਲਤਾ ਨੂੰ ਵਧਾਉਣਾ ਹੈ। ਇਨ੍ਹਾਂ ਪ੍ਰੋਜੈਕਟਾਂ ਨਾਲ ਲੋਕਾਂ, ਵਸਤੁਆਂ ਅਤੇ ਸੇਵਾਵਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਹੋਵੇਗੀ। 

ਪੱਛਮ ਬੰਗਾਲ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਰਾਜਾਂ ਦੇ 14 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਇਨ੍ਹਾਂ 3 ਪ੍ਰੋਜੈਕਟਾਂ ਨਾਲ ਭਾਰਤੀ ਰੇਲਵੇ ਦੇ ਵਰਤਮਾਨ ਨੈੱਟਵਰਕ ਵਿੱਚ ਲਗਭਗ 656 ਕਿਲੋਮੀਟਰ ਦਾ ਵਾਧਾ ਹੋਵੇਗਾ। ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨਾਲ ਲਗਭਗ 4,790 ਪਿੰਡਾਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ, ਜਿਨ੍ਹਾਂ ਦੀ ਆਬਾਦੀ ਲਗਭਗ 56 ਲੱਖ ਹੈ। 

ਪ੍ਰਸਤਾਵਿਤ ਸਮਰੱਥਾ ਵਾਧੇ ਨਾਲ ਦੇਸ਼ ਭਰ ਦੇ ਕਈ ਪ੍ਰਮੁੱਖ ਟੂਰਿਸਟ ਸਥਾਨਾਂ ਤੱਕ ਰੇਲ ਸੰਪਰਕ ਵਿੱਚ ਸੁਧਾਰ ਹੋਵੇਗਾ, ਜਿਨ੍ਹਾਂ ਵਿੱਚ ਤਾਰਾਤਾਰਿਣੀ ਮੰਦਿਰ, ਸ਼੍ਰੀ ਖੇਤਰਾ ਜਗਨਨਾਥ ਮੰਦਿਰ (ਝਾਰਸੁਗੁੜਾ ਕੋਲ ਸਥਿਤ ਪ੍ਰਾਚੀਨ ਮੰਦਿਰ), ਬਾਂਧਵਗੜ੍ਹ ਟਾਈਗਰ ਰਿਜਰਵ, ਵਿਰਾਟੇਸ਼ਵਰ ਮੰਦਿਰ, ਅਮਰਕੰਟਕ ਮੰਦਿਰ, ਜਵਾਲੇਸ਼ਵਰ ਧਾਮ, ਅਚਾਨਕਮਾਰ ਟਾਈਗਰ ਰਿਜਰਵ, ਖੁਟਾਘਾਟ ਡੈਮ, ਮਲਹਾਰ ਪੁਰਾਤੱਤਵ ਸਥਾਨ, ਰਤਨਪੁਰ ਮਹਾਮਾਯਾ ਮੰਦਿਰ ਆਦਿ ਸ਼ਾਮਲ ਹਨ। 

ਪ੍ਰਸਤਾਵਿਤ ਪ੍ਰੋਜੈਕਟਾਂ ਵਿੱਚ ਕੋਲਾ, ਸੀਮੇਂਟ, ਲੋਹਾ ਅਤੇ ਸਟੀਲ ਆਦਿ ਵਰਗੀਆਂ ਵਸਤੁਆਂ ਦੀ ਆਵਾਜਾਈ ਲਈ ਜ਼ਰੂਰੀ ਰੂਟ ਹੈ। ਸਮਰੱਥਾ ਵਧਾਉਣ ਦੇ ਕੰਮ ਨਾਲ ਹਰ ਸਾਲ 27 ਮਿਲੀਅਨ ਟਨ (MTPA) ਮਾਲ ਢੋਆ-ਢੁਆਈ ਦੀ ਵਾਧੂ ਸਮਰੱਥਾ ਪ੍ਰਾਪਤ ਹੋਵੇਗੀ। ਵਾਤਾਵਰਣ-ਅਨੁਕੂਲ ਅਤੇ ਊਰਜਾ-ਕੁਸ਼ਲ ਆਵਾਜਾਈ ਮਾਧਿਅਮ ਹੋਣ ਕਾਰਨ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਵਿੱਚ ਰੇਲਵੇ ਸਹਾਇਕ ਹੋਵੇਗਾ। ਨਾਲ ਹੀ, ਇਸ ਨਾਲ ਤੇਲ ਆਯਾਤ (ਲਗਭਗ 12 ਕਰੋੜ ਲੀਟਰ) ਵਿੱਚ ਕਮੀ ਆਵੇਗੀ ਅਤੇ ਕਾਰਬਨ ਡਾਈਆਕਸਾਈਡ ਦੇ ਨਿਕਾਸ (ਲਗਭਗ 62 ਕਰੋੜ ਕਿਲੋਗ੍ਰਾਮ) ਘੱਟ ਹੋਵੇਗਾ, ਜੋ ਕਿ 2.48 ਕਰੋੜ ਪੌਦਾ ਲਗਾਉਣ ਦੇ ਬਰਾਬਰ ਹੈ।

****

ਐੱਮਜੇਪੀਐੱਸ/ ਏਕੇ


(Release ID: 2308359) ਵਿਜ਼ੀਟਰ ਕਾਊਂਟਰ : 7