ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਪਾਣੀ ਦੀਆਂ ਟੈਂਕੀਆਂ ਅਤੇ ਫ਼ਿਲਟਰਾਂ ਨੂੰ ਸਾਫ਼ ਅਤੇ ਕੀਟਾਣੂ ਰਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ


ਜ਼ੋਨਲ ਰੇਲਵੇ ਨੂੰ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਦਾ ਵਿਆਪਕ ਨਿਰੀਖਣ ਅਤੇ ਸੁਧਾਰ ਕਰਨ ਦੀ ਸਲਾਹ ਸਟੇਸ਼ਨ-ਵਾਰ ਕਮੀਆਂ ਨੂੰ ਦੂਰ ਕਰਨ ਲਈ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕੀਤੀ ਜਾਵੇਗੀ

प्रविष्टि तिथि: 24 AUG 2026 11:37AM by PIB Chandigarh

ਭਾਰਤੀ ਰੇਲਵੇ ਨੇ ਸਟੇਸ਼ਨਾਂ ’ਤੇ ਯਾਤਰੀਆਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਨਿਰੰਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੀਆਂ ਟੈਂਕੀਆਂ ਅਤੇ ਫ਼ਿਲਟਰਾਂ ਨੂੰ ਸਾਫ਼ ਅਤੇ ਉਨ੍ਹਾਂ ਨੂੰ ਕੀਟਾਣੂ ਰਹਿਤ ਕਰਨ ਲਈ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ।

ਇਹ ਪਹਿਲਕਦਮੀ ਭਾਰਤੀ ਰੇਲਵੇ ਵਿੱਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਪ੍ਰਬੰਧਨ ਨੂੰ ਮਜ਼ਬੂਤ ​​ਕਰਨ ਲਈ ਬਣਾਈ ਗਈ ਵਿਆਪਕ ਕਾਰਜ ਯੋਜਨਾ ਦਾ ਹਿੱਸਾ ਹੈ। ਇਸ ਕਾਰਜ ਯੋਜਨਾ ਵਿੱਚ ਸੰਪੂਰਨ ਪੀਣ ਵਾਲੇ ਪਾਣੀ ਦੀ ਪ੍ਰਣਾਲੀ ਦੇ ਨਿਯਮਿਤ ਨਿਰੀਖਣ ਅਤੇ ਰੱਖ-ਰਖਾਅ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿੱਚ ਪਾਈਪਲਾਈਨ ਦੇ ਆਖ਼ਰੀ ਹਿੱਸੇ (ਐਂਡ-ਪੁਆਇੰਟ) ਵਿੱਚ ਪਾਣੀ ਦੇ ਪਰੀਖਣ ਦੇ ਨਾਲ-ਨਾਲ ਸਰੋਤ  ਅਤੇ ਵਰਤੋਂ ਵਾਲੀ ਥਾਂ  ਦੋਵਾਂ ’ਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ।

ਜ਼ੋਨਲ ਰੇਲਵੇ ਇਸ ਮੁਹਿੰਮ ਦੌਰਾਨ ਜਲ ਸਰੋਤਾਂ, ਇਲਾਜ ਅਤੇ ਫਿਲਟ੍ਰੇਸ਼ਨ ਪਲਾਂਟਾਂ, ਅੰਡਰਗ੍ਰਾਊਂਡ ਅਤੇ ਓਵਰਹੈੱਡ ਟੈਂਕ, ਪੀਵੀਸੀ ਟੈਂਕਾਂ, ਪਾਣੀ ਦੇ ਬੂਥਾਂ, ਟੂਟੀਆਂ ਅਤੇ ਪਾਣੀ ਵੰਡ ਬਿੰਦੂਆਂ ਦਾ ਵਿਆਪਕ ਨਿਰੀਖਣ ਕਰੇਗੀ। ਪਾਣੀ ਦੀਆਂ ਸਾਰੀਆਂ ਟੈਂਕੀਆਂ ਨੂੰ ਖ਼ਾਲੀ ਕਰਕੇ ਉਹਨਾਂ ਦੀ ਸਫ਼ਾਈ ਤੋਂ ਬਾਅਦ ਕੀਟਾਣੂ-ਮੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਵੈਂਟ ਅਤੇ ਓਵਰਫਲੋਅ ਪੁਆਇੰਟਾਂ ਨੂੰ ਪੰਛੀਆਂ, ਜਾਨਵਰਾਂ ਅਤੇ ਕਾਈ ਤੋਂ ਬਚਾਉਣ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣਗੇ।

ਇਸ ਮੁਹਿੰਮ ਦੌਰਾਨ ਸੁਧਾਰਾਤਮਕ ਕਾਰਵਾਈ ਦੀ ਲੋੜ ਵਾਲੀਆਂ ਘਾਟਾਂ ਦੀ ਪਛਾਣ ਵੀ ਕੀਤੀ ਜਾਵੇਗੀ। ਖ਼ਰਾਬ ਹੋਏ ਟੈਂਕਾਂ, ਪਾਈਪਲਾਈਨਾਂ ਅਤੇ ਫ਼ਿਲਟਰਾਂ ਦੀ ਮੁਰੰਮਤ ਕੀਤੀ ਜਾਵੇਗੀ ਜਾਂ ਲੋੜ ਅਨੁਸਾਰ ਉਹਨਾਂ ਨੂੰ ਬਦਲਿਆ ਜਾਵੇਗਾ, ਨਾਲ ਹੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਪੀਣ ਵਾਲੇ ਅਤੇ ਗੈਰ-ਪੀਣ ਵਾਲੇ ਪਾਣੀ ਦੀਆਂ ਪ੍ਰਣਾਲੀਆਂ ਵਿਚਕਾਰ ਕੋਈ ਕਰਾਸ-ਕੁਨੈਕਸ਼ਨ ਨਾ ਹੋਵੇ। ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸ਼ਾਮਲ ਸਾਰੀਆਂ ਪਾਈਪਾਂ ਦੀ ਲੀਕ ਦੀ ਜਾਂਚ ਕੀਤੀ ਜਾਵੇਗੀ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਜ਼ਰੂਰੀ ਸੁਧਾਰਾਤਮਕ ਪ੍ਰਬੰਧ ਕੀਤੇ ਜਾਣਗੇ।

ਉਨ੍ਹਾਂ ਥਾਵਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜਿੱਥੇ ਪੀਣ ਵਾਲੇ ਪਾਣੀ ਲਈ ਹੈਂਡ ਪੰਪ ਅਤੇ ਬੋਰਵੈੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ੋਨਲ ਰੇਲਵੇ ਇਹ ਯਕੀਨੀ ਬਣਾਏਗੀ ਕਿ ਇਨ੍ਹਾਂ ਤੋਂ ਮਿਲਣ ਵਾਲਾ ਪਾਣੀ ਪੀਣ ਲਈ ਸੁਰੱਖਿਅਤ ਹੋਵੇ ।

ਪਾਣੀ ਦੀ ਗੁਣਵੱਤਾ ਪ੍ਰਬੰਧਨ ਨੂੰ ਮਜ਼ਬੂਤ ​​ਕਰਨਾ

ਰੇਲਵੇ ਬੋਰਡ ਨੇ ਵਿਆਪਕ ਕਾਰਜ ਯੋਜਨਾ ਦੇ ਤਹਿਤ, ਜ਼ੋਨਲ ਰੇਲਵੇ ਨੂੰ ਵਾਟਰ ਕੂਲਰਾਂ ਅਤੇ ਪਾਣੀ ਸ਼ੁਧੀਕਰਨ ਪ੍ਰਣਾਲੀਆਂ (ਵਾਟਰ ਪਿਊਰੀਫਿਕੇਸ਼ਨ ਸਿਸਟਮਾਂ) ਦਾ ਵਿਆਪਕ ਨਿਰੀਖਣ ਕਰਨ ਦੀ ਸਲਾਹ ਦਿੱਤੀ ਹੈ। ਕੂਲਰਾਂ ਵਿੱਚ ਲੱਗੇ ਪਾਣੀ ਦੇ ਟੈਂਕਾਂ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਵੇਗੀ, ਕੂਲਰਾਂ, ਪਾਈਪਲਾਈਨਾਂ ਅਤੇ ਟੂਟੀਆਂ ਵਿੱਚ ਹੋਣ ਵਾਲੀ ਲੀਕੇਜ ਨੂੰ ਤੁਰੰਤ ਠੀਕ ਕੀਤਾ ਜਾਵੇਗਾ ਅਤੇ ਵਾਟਰ ਕੂਲਰ ਵੰਡ ਖੇਤਰਾਂ ਦੇ ਆਲੇ-ਦੁਆਲੇ 100% ਸਫ਼ਾਈ ਯਕੀਨੀ ਬਣਾਈ ਜਾਵੇਗੀ।

ਵਾਟਰ ਕੂਲਰਾਂ ਲਈ ਯੂਵੀ/ਆਰਓ ਪ੍ਰਣਾਲੀਆਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਨਿਰਧਾਰਿਤ ਰੱਖ-ਰਖਾਅ, ਸਰਵਿਸਿੰਗ, ਮੁਰੰਮਤ ਅਤੇ ਫ਼ਿਲਟਰ ਕੈਂਡਲਾਂ ਤੇ ਹੋਰ ਪੁਰਜ਼ਿਆਂ ਨੂੰ ਸਮੇਂ ਸਿਰ ਬਦਲਿਆ ਜਾਵੇਗਾ। ਨਵੇਂ ਜਾਂ ਬਦਲਵੇਂ ਯੂਵੀ/ਆਰਓ ਪ੍ਰਣਾਲੀਆਂ, ਉਨ੍ਹਾਂ ਦੀ ਸਥਿਤੀ ਅਤੇ ਲੋੜ ਅਨੁਸਾਰ ਮਿਸ਼ਨ ਮੋਡ ਵਿੱਚ ਲਗਾਈਆਂ ਜਾਣਗੀਆਂ ।

ਸਫ਼ਾਈ ਅਤੇ ਗੁਣਵੱਤਾ ਨਿਗਰਾਨੀ ਲਈ ਨਿਰਧਾਰਿਤ ਉਪਾਅ ਪਾਣੀ ਦੀਆਂ ਵੈਂਡਿੰਗ ਮਸ਼ੀਨਾਂ ’ਤੇ ਵੀ ਲਾਗੂ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਸਹੂਲਤਾਂ ਰਾਹੀਂ ਵੰਡਿਆ ਜਾਣ ਵਾਲਾ ਪੀਣ ਵਾਲਾ ਪਾਣੀ ਲੋੜੀਂਦੇ ਸੁਰੱਖਿਆ ਅਤੇ ਸਫ਼ਾਈ ਮਾਪਦੰਡਾਂ ਨੂੰ ਪੂਰਾ ਕਰਦਾ ਹੈ।

ਅਧਿਕਾਰੀ ਪਛਾਣੇ ਗਏ ਸਥਾਨਾਂ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਦੀ ਭੌਤਿਕ, ਰਸਾਇਣਕ ਅਤੇ ਬੈਕਟੀਰੀਆ ਸੰਬੰਧੀ ਜਾਂਚ ਕਰਨਗੇ, ਜਿਸ ਵਿੱਚ ਸਰੋਤ, ਪੋਸਟ-ਟਰੀਟਮੈਂਟ ਆਊਟਲੈੱਟ, ਟੈਂਕ, ਕੂਲਰ, ਵੈਂਡਿੰਗ ਮਸ਼ੀਨਾਂ ਅਤੇ ਟੂਟੀਆਂ ਜਾਂ ਬੂਥ ਸ਼ਾਮਲ ਹਨ। ਰੋਜ਼ਾਨਾ ਆਧਾਰ ’ਤੇ ਬਾਕੀ ਬਚੀ ਹੋਈ ਕਲੋਰੀਨ ਦੀ ਵੀ ਨਿਗਰਾਨੀ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਤੁਰੰਤ ਮੁੜ-ਕਲੋਰੀਨੀਕਰਨ (ਰੀ-ਕਲੋਰੀਨੇਸ਼ਨ) ਜਾਂ ਹੋਰ ਸੁਧਾਰਾਤਮਕ ਕਾਰਵਾਈ ਕੀਤੀ ਜਾਵੇਗੀ।

ਬੁਨਿਆਦੀ ਢਾਂਚੇ ਦੀ ਨਿਗਰਾਨੀ ਅਤੇ ਸੁਧਾਰਾਤਮਕ ਕਾਰਵਾਈ

ਰੇਲਵੇ ਬੋਰਡ ਨੇ ਜ਼ੋਨਲ ਰੇਲਵੇ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੌਜੂਦਾ ਓਵਰਹੈੱਡ ਅਤੇ ਅੰਡਰਗ੍ਰਾਊਂਡ ਟੈਂਕਾਂ ਨੂੰ ਬਦਲਣ ਅਤੇ ਨਵੇਂ ਟੈਂਕਾਂ ਦੇ ਨਿਰਮਾਣ ਲਈ ਮਨਜ਼ੂਰਸ਼ੁਦਾ ਕੰਮਾਂ ਦੀ ਨਿਗਰਾਨੀ ਕਰਨ ਅਤੇ ਉਹਨਾਂ ਵਿੱਚ ਤੇਜ਼ੀ ਲਿਆਉਣ। ਇਹਨਾਂ ਮਨਜ਼ੂਰਸ਼ੁਦਾ ਕੰਮਾਂ ਦਾ ਸੰਖੇਪ ਵੀ ਤਿਆਰ ਕੀਤਾ ਜਾਵੇਗਾ ਅਤੇ ਜਿੱਥੇ ਵੀ ਲੋੜ ਹੋਵੇਗੀ, ਨਵੀਂਆਂ ਪ੍ਰਵਾਨਗੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਪੀਣ ਵਾਲੇ ਪਾਣੀ ਦੀ ਸਪਲਾਈ ਲੜੀ ਦੇ ਵੱਖ-ਵੱਖ ਪੜਾਵਾਂ ਵਿੱਚ ਪ੍ਰਦੂਸ਼ਣ  'ਤੇ ਗੰਦਗੀ ਦੀ ਪਛਾਣ ਕਰਨ ਅਤੇ ਉਸ ਨੂੰ ਰੋਕਣ ਲਈ, ਸਰੋਤ ਅਤੇ ਨਲ਼ ਦੋਵਾਂ ਥਾਵਾਂ 'ਤੇ ਵੱਖ-ਵੱਖ ਸਥਿਤੀਆਂ ਲਈ ਢੁਕਵੀਆਂ ਪ੍ਰਣਾਲੀਆਂ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ ।

ਜ਼ੋਨਲ ਰੇਲਵੇ ਵੱਲੋਂ ਪਛਾਣੀਆਂ ਗਈਆਂ ਕਮੀਆਂ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਕੀਤੀਆਂ ਗਈਆਂ ਕਾਰਵਾਈਆਂ ਦਾ ਵੇਰਵਾ  ਸਟੇਸ਼ਨ-ਵਾਰ ਵੇਰਵਾ ਪੇਸ਼ ਕੀਤਾ ਜਾਵੇਗਾ। ਇਹ ਪ੍ਰਣਾਲੀ ਕਮੀਆਂ ਦੀ ਯੋਜਨਾਬੱਧ ਨਿਗਰਾਨੀ ਵਿੱਚ ਸਹਾਈ ਹੋਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਵਿਸ਼ੇਸ਼ ਮੁਹਿੰਮ ਦੌਰਾਨ ਪਛਾਣੀਆਂ ਗਈਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾਵੇ।

ਇਸ ਕਾਰਜ ਯੋਜਨਾ ਵਿੱਚ ਰੇਲਵੇ ਕਾਲੋਨੀਆਂ ਅਤੇ ਕਾਰਜ-ਸਥਾਨਾਂ ਵਿੱਚ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਲਈ ਵੀ ਇਸੇ ਤਰ੍ਹਾਂ ਦੇ ਉਪਾਵਾਂ ਦੀ ਕਲਪਨਾ ਕੀਤੀ ਗਈ ਹੈ, ਜਿਸ ਨਾਲ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ’ਤੇ ਧਿਆਨ ਕੇਂਦਰਿਤ ਹੋ ਸਕੇ । 

ਭਾਰਤੀ ਰੇਲਵੇ ਇਨ੍ਹਾਂ ਤਾਲਮੇਲ ਵਾਲੇ ਉਪਾਵਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ਵਿੱਚ ਰੋਕਥਾਮ ਨਿਰੀਖਣ, ਬੁਨਿਆਦੀ ਢਾਂਚੇ ਦੇ ਰੱਖ-ਰਖਾਅ, ਸਫ਼ਾਈ, ਪਾਣੀ ਦੀ ਗੁਣਵੱਤਾ ਜਾਂਚ ਅਤੇ ਸੁਧਾਰਾਤਮਕ ਕਾਰਵਾਈ ਵਿਧੀਆਂ ਨੂੰ ਮਜ਼ਬੂਤ ਕਰ ਰਿਹਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਯਾਤਰੀਆਂ ਅਤੇ ਰੇਲਵੇ ਕਰਮਚਾਰੀਆਂ ਦੋਵਾਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣਾ ਹੈ।

************

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ/ਵੰਸ਼ਿਤਾ ਜੈਸਵਾਲ


(रिलीज़ आईडी: 2302743) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Marathi , Assamese , Bengali , Bengali-TR , Gujarati , Tamil , Telugu , Kannada