ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ 'ਵੰਦੇ ਮਾਤਰਮ' ਰਾਸ਼ਟਰੀ ਗੀਤ ਦੀ 150ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸੰਸਦ ਮੈਂਬਰਾਂ ਦੀ 'ਹਰ ਘਰ ਤਿਰੰਗਾ' ਬਾਈਕ ਰੈਲੀ ਨੂੰ ਰਵਾਨਾ ਕੀਤਾ


ਹਰ ਘਰ ਤਿਰੰਗਾ ਮੁਹਿੰਮ ਹੁਣ ਲੋਕ ਅੰਦੋਲਨ ਬਣ ਗਈ ਹੈ, ਇਹ 'ਵੰਦੇ ਮਾਤਰਮ' ਦੀ ਭਾਵਨਾ ਨੂੰ ਦਰਸਾਉਂਦੀ ਹੈ: ਉਪ-ਰਾਸ਼ਟਰਪਤੀ

'ਵੰਦੇ ਮਾਤਰਮ' ਨੇ ਮਾਤ-ਭੂਮੀ ਪ੍ਰਤੀ ਪ੍ਰੇਮ ਨੂੰ ਰਾਸ਼ਟਰੀ ਕਰਤੱਵ ਵਿੱਚ ਬਦਲ ਦਿੱਤਾ: ਉਪ-ਰਾਸ਼ਟਰਪਤੀ

Posted On: 12 AUG 2026 11:03AM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਸੰਸਦ ਮੈਂਬਰਾਂ ਅਤੇ ਹੋਰ ਲੋਕ ਨੁਮਾਇੰਦਿਆਂ ਨਾਲ ਮਿਲ ਕੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ 'ਹਰ ਘਰ ਤਿਰੰਗਾ' ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

 

ਇਹ ਰੈਲੀ ਭਾਰਤ ਮੰਡਪਮ ਤੋਂ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਤੱਕ ਗਈ, ਜਿਸ ਨੇ ਰਾਸ਼ਟਰੀ ਗੌਰਵ, ਏਕਤਾ ਅਤੇ ਨਾਗਰਿਕ ਭਾਈਵਾਲੀ ਦਾ ਸੰਦੇਸ਼ ਦਿੱਤਾ।

ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨੇ ਮਾਤ-ਭੂਮੀ ਪ੍ਰਤੀ ਪ੍ਰੇਮ ਨੂੰ ਰਾਸ਼ਟਰੀ ਕਰਤੱਵ ਵਿੱਚ ਬਦਲ ਦਿੱਤਾ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਭਾਵਨਾ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਬਣ ਗਿਆ। ਉਨ੍ਹਾਂ ਯਾਦ ਕਰਵਾਇਆ ਕਿ ਕਿਵੇਂ ਇਸ ਦੇ ਅਮਰ ਸ਼ਬਦਾਂ ਨੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੂੰ ਹੌਸਲਾ, ਕੁਰਬਾਨੀ ਅਤੇ ਆਸ ਨਾਲ ਪ੍ਰੇਰਿਤ ਕੀਤਾ।

 

ਉਪ-ਰਾਸ਼ਟਰਪਤੀ ਨੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਆਪਣੀ ਹਾਲੀਆ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਅਤੇ ਇਤਿਹਾਸਕ ਸੈਲੂਲਰ ਜੇਲ੍ਹ ਦਾ ਉਨ੍ਹਾਂ ਦਾ ਦੌਰਾ ਬਹੁਤ ਹੀ ਭਾਵੁਕ ਰਿਹਾ। ਉਨ੍ਹਾਂ 1943 ਵਿੱਚ ਨੇਤਾਜੀ ਵੱਲੋਂ ਤਿਰੰਗਾ ਫਹਿਰਾਉਣ ਅਤੇ ਸੈਲੂਲਰ ਜੇਲ੍ਹ ਵਿੱਚ ਕੈਦ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਵਿੱਚੋਂ ਕਈਆਂ ਨੇ 'ਵੰਦੇ ਮਾਤਰਮ' ਦੇ ਨਾਅਰੇ ਨਾਲ ਫਾਂਸੀ ਦੇ ਰੱਸੇ ਨੂੰ ਗਲੇ ਲਾਇਆ।

ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ ਦੇਸ਼-ਵਿਆਪੀ ਪ੍ਰਭਾਵ ਨੂੰ ਉਜਾਗਰ ਕਰਦਿਆਂ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਰਾਸ਼ਟਰੀ ਕਵੀ ਸੁਬ੍ਰਮਣਿਅਮ ਭਾਰਤੀ ਸਮੇਤ ਵੀ.ਓ. ਚਿਦੰਬਰਮ ਪਿਲਈ, ਸੁਬ੍ਰਮਣਿਅਮ ਸ਼ਿਵ, ਤਿਰੁੱਪੁਰ ਕੁਮਾਰਨ ਅਤੇ ਵੰਚੀਨਾਥਨ ਵਰਗੇ ਤਾਮਿਲਨਾਡੂ ਦੇ ਆਜ਼ਾਦੀ ਘੁਲਾਟੀਆਂ ਅਤੇ ਆਗੂਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ 'ਵੰਦੇ ਮਾਤਰਮ' ਦੀ ਭਾਵਨਾ ਅਤੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਇਆ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ 2022 ਵਿੱਚ ਸ਼ੁਰੂ ਕੀਤੀ ਗਈ 'ਹਰ ਘਰ ਤਿਰੰਗਾ ਮੁਹਿੰਮ' ਇੱਕ ਲੋਕ ਅੰਦੋਲਨ ਵਿੱਚ ਤਬਦੀਲ ਹੋ ਚੁੱਕੀ ਹੈ, ਜਿਸ ਵਿੱਚ ਨਾਗਰਿਕ ਤਿਰੰਗਾ ਯਾਤਰਾਵਾਂ, ਬਾਈਕ ਅਤੇ ਸਾਈਕਲ ਰੈਲੀਆਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਤਿਰੰਗਾ ਸਾਡੀ ਮਾਤ-ਭੂਮੀ ਦੀ ਭਾਵਨਾ ਨੂੰ ਸਾਕਾਰ ਰੂਪ ਦਿੰਦਾ ਹੈ। ਉਨ੍ਹਾਂ ਸੰਸਦ ਮੈਂਬਰਾਂ ਅਤੇ ਲੋਕ ਨੁਮਾਇੰਦਿਆਂ ਨੂੰ ਆਪਣੇ-ਆਪਣੇ ਚੋਣ ਹਲਕਿਆਂ ਵਿੱਚ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕਾਂ ਨੂੰ ਮਾਣ ਨਾਲ ਰਾਸ਼ਟਰੀ ਝੰਡਾ ਫਹਿਰਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਇਸ ਰੈਲੀ ਵਿੱਚ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਸ਼੍ਰੀ ਰਾਜੀਵ ਰੰਜਨ ਸਿੰਘ, ਸ਼੍ਰੀ ਵੀਰੇਂਦਰ ਕੁਮਾਰ, ਸ਼੍ਰੀ ਜੀ. ਕਿਸ਼ਨ ਰੈੱਡੀ, ਸ਼੍ਰੀ ਕਿਰਨ ਰਿਜੀਜੂ ਅਤੇ ਸ਼੍ਰੀ ਜਿਤੇਂਦਰ ਸਿੰਘ ਦੇ ਨਾਲ-ਨਾਲ ਸੰਸਦ ਮੈਂਬਰਾਂ ਅਤੇ ਹੋਰ ਲੋਕ ਨੁਮਾਇੰਦਿਆਂ ਨੇ ਹਿੱਸਾ ਲਿਆ।

************

 

ਪੀਆਰ/ਏਐਸਐਮ/ਵੀਐਮਜੇ


(Release ID: 2298351) ਵਿਜ਼ੀਟਰ ਕਾਊਂਟਰ : 59